ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

‘ਸੌ ਦੇ ਨੋਟ’ ਨਾਲ ਪ੍ਰਸਿੱਧੀ ਪਾਉਣ ਵਾਲਾ ਬਿੱਕਰ

Posted On December - 24 - 2016

11512cd _bikkarਸੁਰਜੀਤ ਜੱਸਲ

ਬਿੱਕਰ ਮਹਿਰਾਜ ਨੇ ਗੀਤ ਤਾਂ ਬਹੁਤ ਲਿਖੇ ਤੇ ਰਿਕਾਰਡ ਕਰਵਾਏ, ਪਰ ਜੋ ਪਛਾਣ ਉਸ ਨੂੰ ‘ਸੌ ਦੇ ਨੋਟ ’ ਗੀਤ  ਨੇ ਦਿੱਤੀ, ਉਹ ਸਾਰਿਆਂ ਤੋਂ ਉੱਤੇ  ਹੈ। ਮੁਹੰਮਦ ਸਦੀਕ ਦਾ ਹਰੇਕ ਅਖਾੜਾ/ ਸਟੇਜ ਇਸ ਦੋਗਾਣੇ ਬਿਨਾਂ ਅਧੂਰਾ ਰਹਿੰਦਾ ਹੈ। ਸਦੀਕ ਤੋਂ ਇਲਾਵਾ ਆਰਕੈਸਟਰਾਂ ਪਾਰਟੀਆਂ ਵੱਲੋਂ ਵੀ ਇਸ ਗੀਤ ਨੂੰ ਵਾਰ-ਵਾਰ ਫ਼ਰਮਾਇਸ਼ਾਂ ’ਤੇ ਸੁਣਾਇਆ ਜਾਂਦਾ ਹੈ। ਇੱਕ ਦਿਓਰ -ਭਰਜਾਈ ਵਿਚਕਾਰ ਸੌ ਰੁਪਏ ਦੇ ਖ਼ਰਚ ਦਾ ਹਿਸਾਬ-ਕਿਤਾਬ ਭਾਵੇਂ ਬਹੁਤ ਪੁਰਾਣਾ ਹੈ, ਪਰ ਸਦੀਕ ਵੱਲੋਂ ਇਸ ਦੋਗਾਣੇ ਦੀ ਪੇਸ਼ਕਾਰੀ ਦਾ ਤਰੀਕਾ ਬਹੁਤ ਹੀ ਰੌਚਿਕਤਾ ਭਰਪੂਰ ਹੁੰਦਾ ਹੈ ਜਿਸ ਨਾਲ ਸਰੋਤੇ ਹਰ ਵਾਰੀ  ਵੱਖਰਾ ਨਜ਼ਾਰਾ ਲੈਂਦੇ ਹਨ।
ਬਿੱਕਰ ਦੀ ਜ਼ਿੰਦਗੀ ਵਿੱਚ  ਵਾਪਰੇ ਹਾਦਸਿਆਂ ਨੇ ਉਸ ਦੀ ਕਲਮ ਦੀ ਨੋਕ ਅਤੇ ਸੋਚ  ਨੂੰ ਖੁੰਢੀ ਕਰ ਦਿੱਤਾ।  ਜਵਾਨ ਪੁੱਤ ਦੀ ਅਰਥੀ ਦੇ ਭਾਰ ਨੇ ਉਸ ’ਚੋਂ ਸਾਹ-ਸੱਤ ਹੀ ਕੱਢ ਦਿੱਤਾ। ਇਸੇ ਗ਼ਮ ਵਿੱਚ ਉਹ ਕਲਾ ਸਰਗਰਮੀਆਂ ਤੋਂ ਟੁੱਟ ਗਿਆ। ਬਿੱਕਰ ਨੂੰ ਨਿੱਕੇ ਹੁੰਦਿਆਂ ਹੀ ਅਖਾੜੇ ਸੁਣਨ ਦਾ ਬਹੁਤ ਸ਼ੌਕ ਸੀ ਜਿਸ ਦੇ ਪ੍ਰਭਾਵ ਸਦਕਾ ਉਹ ਗੀਤ ਲਿਖਣ ਲੱਗਿਆ। ਉਹ ਨਾਮੀ ਗੀਤਕਾਰ ਕਰਮ ਸਿੰਘ ਭੱਟੀ ਦਾ ਚੇਲਾ ਹੈ। ਉਸ ਦੇ ਗੀਤਾਂ ਦੀ ਪਹਿਲੀ ਰਿਕਾਡਿੰਗ ਬਲਵਿੰਦਰ ਭਗਤਾ ਤੇ ਹਰਮਿੰਦਰ ਕੌਰ ਦੀ  ਆਵਾਜ਼ ਵਿੱਚ ‘ਨਣਦਾਂ ਨੱਢੀਆਂ’ ਨਾਲ ਹੋਈ। ਭਾਵੇਂ ਕਿ ਇਨ੍ਹਾਂ ਗੀਤਾਂ ਨਾਲ ਉਸ ਨੂੰ ਕੋਈ ਬਹੁਤੀ ਪ੍ਰਸਿੱਧੀ ਨਾ ਮਿਲੀ, ਪਰ ਉਸ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਉਸ ਸਮੇਂ ਵਿੱਚ ਕਈ ਹੋਰ ਨਵੇਂ ਕਲਾਕਾਰਾਂ ਨੇ ਵੀ ਬਿੱਕਰ ਦੇ ਗੀਤ ਗਾਏ। ਉਨ੍ਹੀਂ ਦਿਨੀਂ ਮੁਹੰਮਦ ਸਦੀਕ ਆਮ ਗਾਇਕੀ ਤੋਂ ਹਟ ਕੇ ਕੁਝ ਵੱਖਰਾ ਕਰਨਾ ਚਾਹੁੰਦਾ ਸੀ, ਜਦੋਂ ਬਿੱਕਰ ਦਾ ਉਸ ਨਾਲ ਮੇਲ ਹੋਇਆ ਤਾਂ ਇੱਕ ਦਿਲਚਸਪ ਕਹਾਣੀ ਦੀ ਵਾਰਤਾਲਾਪ ਪੇਸ਼ ਕਰਦਾ ਗੀਤ ‘ਸੌ ਦਾ ਨੋਟ’  ਦੀ ਸਿਰਜਣਾ ਹੋਈ। ਜਦੋਂ ਇਹ ਦੋਗਾਣਾ ਰਿਕਾਰਡ ਹੋ ਕੇ ਆਇਆ ਤਾਂ  ‘ਮਲਕੀ -ਕੀਮਾ’, ਸੁੱਚਾ ਸੂਰਮਾ’ ਵਾਂਗ ਇਸ ਨੇ ਇੱਕ ਵੱਖਰੀ ਪਛਾਣ ਬਣਾਈ। ਬਿੱਕਰ ਦੇ ਦੱਸਣ ਮੁਤਾਬਿਕ  ਇਸ ਗੀਤ ਦੀ ਪ੍ਰਸਿੱਧੀ ਮਗਰੋਂ ਉਸ ਨੇ ਸਦੀਕ ਨੂੰ ਹੋਰ ਵੀ ਕਈ ਦੋਗਾਣੇ ਲਿਖ ਕੇ ਦਿੱਤੇ, ਪਰ ਸਦੀਕ ਨੂੰ ਦਿੱਤਾ ਇੱਕ ਗੀਤ ਕਿਸੇ ਹੋਰ ਗਾਇਕ ਦੀ ਆਵਾਜ਼ ਵਿੱਚ ਰਿਕਾਰਡ ਹੋਣ ਕਰਕੇ ਉਨ੍ਹਾਂ ਵਿਚਲੀ ਦੂਰੀ ਵਧ ਗਈ, ਪਰ ਉਹ ਸਦੀਕ ਦੇ ਗਾਏ ਇਸ ਇੱਕ ਗੀਤ ਤੋਂ ਹੀ ਸੰਤੁਸ਼ਟ ਹੈ।
ਸਦੀਕ ਤੋਂ ਬਾਅਦ ਕੁਲਦੀਪ ਮਾਣਕ ਦੀ ਆਵਾਜ਼ ਵਿੱਚ ਉਸ ਦੇ ਗੀਤਾਂ ‘ਸਿੱਖੀ ਦੀਆਂ ਜੜ੍ਹਾਂ ਪਤਾਲੋ ਜ਼ਾਲਮ ਪੁੱਟ ਸਕਦਾ ਨੀ’ ਅਤੇ ‘ਟੁੱਟੀ ਤੋਂ ਹਰੇਕ ਮੰਦੇ ਬੋਲਦਾ ਏ ਬੋਲ’ ਨਾਲ  ਉਸ ਦੀ ਕਲਮ ਮੁੜ ਸਰਗਰਮ ਹੋਈ। ਕੁਲਦੀਪ ਮਾਣਕ ਦੇ ਰਿਕਾਰਡ ‘ਸ਼ਰਾਬ’ ਬਾਰੇ ਬਿੱਕਰ ਦਾ ਲਿਖਿਆ ਗੀਤ-‘ਤੂੰ ਨਾ ਮੁੱਕੇ ਨੀਂ ਸ਼ਰਾਬ ਦੀਏ ਬੋਤਲੇ-ਪੀਣ ਵਾਲੇ ਮੁੱਕੀ ਜਾਂਦੇ ਨੇ…’ ਵੀ ਇੱਕ ਵਧੀਆ ਸੋਚ ਵਾਲਾ ਹੈ।  ਕਰਤਾਰ ਰਮਲੇ ਦੀ ਆਵਾਜ਼ ਵਿੱਚ ਰਿਕਾਰਡ ਹੋ ਕੇ ਬਿੱਕਰ ਨੇ ਆਪਣੀ ਰੀਝ ਵੀ ਪੂਰੀ ਕੀਤੀ। ਰਮਲੇ ਨੇ ਉਸ ਦੇ ਕਈ ਗੀਤ ਗਾਏ।
ਕੈਸੇਟ ਕਲਚਰ ਦੇ ਮਘਦੇ ਦੌਰ ਵਿੱਚ ਗੀਤਕਾਰ ਬਿੱਕਰ ਨੇ ਵੀ ਨਵੇਂ ਗਾਇਕਾਂ ਦਾ ਪੇਸ਼ਕਾਰ ਬਣ ਕੇ ਆਪਣੇ ਦੋਵੇਂ ਹੱਥ ਸੇਕੇ। ਜਿਨ੍ਹਾਂ ਵਿੱਚੋਂ ਕਰਮਜੀਤ ਰੰਧਾਵਾ ਨਾਂ ਦੇ ਅਸਲੋਂ ਨਵੇਂ ਗਾਇਕ ਦੀ ਪਛਾਣ ਨੂੰ ਉਹ ਆਪਣੀ ਵੱਡੀ ਪ੍ਰਾਪਤੀ ਮੰਨਦਾ ਹੈ। ਮਾਲਵੇ ਦੀ ਉਦਾਸ ਗਾਇਕੀ ਵਿੱਚ ਯੋਗਦਾਨ ਪਾਉਣ ਵਾਲੇ ਮਰਹੂਮ ਗਾਇਕ ਮੇਜਰ ਰਾਜਸਥਾਨੀ  ਨੇ ਬਿੱਕਰ ਦੀ ਕਲਮ ਨੂੰ ਗਾ ਕੇ ਆਪਣੀ ਪਛਾਣ ਹੋਰ ਗੂੜ੍ਹੀ ਕੀਤੀ ਸੀ। ਉਸ ਦੀ ਆਵਾਜ਼ ਵਿਚਲੇ ਅਨੇਕ ਚਰਚਿਤ ਗੀਤ ‘ਕਾਰ ਰਿਬਨਾਂ ਵਾਲੀ, ਧੰਨਵਾਦ ਵਿਚੋਲੇ ਦਾ, ਆਤਮਹੱਤਿਆ, ਨੋਟ ਚੰਦਰੇ ਅਸੀਂ ਕੀ ਦੱਸ ਫੂਕਣੇ ਮਾਹੀ ਤਾਂ ਸਾਡੇ ਕੋਲ ਨਾ ਰਹੇ ਆਦਿ ਬਿੱਕਰ ਮਹਿਰਾਜ ਦੀ ਕਲਮ ਵਿੱਚੋਂ  ਹਨ। ਉਸ ਦੇ ਗੀਤਾਂ ਨੂੰ  ਬਲਵਿੰਦਰ ਭਗਤਾ, ਕੁਲਦੀਪ ਮਾਣਕ, ਕਰਤਾਰ ਰਮਲਾ, ਪਰਮਿੰਦਰ ਸੰਧੂ, ਫ਼ਕੀਰ ਚੰਦ ਪਤੰਗਾ-ਸੁਚੇਤ ਬਾਲਾ, ਦਿਲਸ਼ਾਦ ਅਖ਼ਤਰ, ਰਾਜਾ ਸਿੱਧੂ-ਰਾਜਵਿੰਦਰ ਕੌਰ, ਬਲਕਾਰ ਸਿੱੱਧੂੂ, ਕਰਮਜੀਤ ਰੰਧਾਵਾ ਆਦਿ ਗਾਇਕਾਂ ਨੇ ਰਿਕਾਰਡ ਕਰਵਾਇਆ ਹੈ।
ਉਸ ਦਾ ਬੇਟਾ ਮਿੰਟੂ ਮਹਿਰਾਜ ਉੱਭਰਦਾ ਗਾਇਕ ਸੀ, ਜਿਸ ਦਾ ਆਪਣਾ ਸੰਗੀਤਕ ਗਰੁੱਪ ਸੀ। ਬਿੱਕਰ ਨੂੰ ਆਪਣੇ ਬੇਟੇ  ਤੋਂ ਬਹੁਤ ਆਸਾਂ ਸੀ,ਪਰ ਉਸ ਦੀ ਬੇਵਕਤੀ ਮੌਤ ਹੋਣ ਕਰਕੇ ਉਹ ਪੂਰੀਆਂ ਨਾ ਹੋ ਸਕੀਆਂ। ਉਹ ਲੰਮੀ ਚੁੱਪ ਤੋਂ ਬਾਅਦ ਅਜੋਕੇ ਸਮੇਂ ਦੀ ਗਾਇਕੀ ਨੂੰ ਵੇਖਦਿਆਂ ਮੁੜ ਸਰਗਰਮ ਹੋਣ ਜਾ ਰਿਹਾ ਹੈ ਜਿਸ ਨਾਲ ਉਸ ਦੀ ਫਿੱਕੀ ਪਈ ਪਛਾਣ ਮੁੜ ਗੁੜ੍ਹੀ ਹੋ ਸਕੇਗੀ। ਬਠਿੰਡਾ ਜ਼ਿਲ੍ਹੇ ਦੇ ਮਹਿਰਾਜ ਪਿੰਡ ਦਾ ਜੰਮਪਲ ਬਿੱਕਰ ਅੱਜਕੱਲ੍ਹ ਬਰਨਾਲੇ ਰਹਿ ਰਿਹਾ ਹੈ।

ਸੰਪਰਕ- 98146-07737


Comments Off on ‘ਸੌ ਦੇ ਨੋਟ’ ਨਾਲ ਪ੍ਰਸਿੱਧੀ ਪਾਉਣ ਵਾਲਾ ਬਿੱਕਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.