ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਹੰਕਾਰੀ ਰਾਜੇ ਦਾ ਅੰਤ

Posted On December - 17 - 2016

ਬਾਲ ਕਹਾਣੀ
ਬਹਾਦਰ ਸਿੰਘ ਗੋਸਲ
10612cd _animalsਜੰਗਲ ਦਾ ਰਾਜਾ ਸ਼ੇਰ ਕਾਫ਼ੀ ਬੁੱਢਾ ਹੋ ਚੁੱਕਾ ਸੀ। ਬਿਮਾਰ ਵੀ ਰਹਿੰਦਾ ਸੀ, ਪਰ ਉਸ ਦੀ ਔਲਾਦ ਵਿੱਚ ਕੋਈ ਜੰਗਲ ਦਾ ਰਾਜ ਸਾਂਭਣ ਦੇ ਕਾਬਲ ਨਹੀਂ ਸੀ ਤਾਂ ਜੰਗਲ ਦੇ ਸਾਰੇ ਜਾਨਵਰਾਂ ਨੂੰ ਆਪਣਾ ਭਵਿੱਖ ਮੁਸ਼ਕਿਲ ਦਿਖਾਈ ਦੇਣ ਲੱਗਾ। ਇੱਕ ਦਿਨ ਲੂੰਬੜੀ ਨੇ ਸ਼ੇਰ ਤੋਂ ਚੋਰੀ ਜੰਗਲ ਦੇ ਸਾਰੇ ਜਾਨਵਰਾਂ ਦਾ ਇਕੱਠ ਬੁਲਾਇਆ ਅਤੇ ਜੰਗਲ ਦੇ ਹਾਲਾਤਾਂ ਦਾ ਜ਼ਿਕਰ ਕਰਕੇ ਨਵਾਂ ਰਾਜਾ ਚੁਣਨ ਦਾ ਪ੍ਰਸਤਾਵ ਪੇਸ਼ ਕੀਤਾ।
ਸਾਰੇ ਜਾਨਵਰ ਲੂੰਬੜੀ ਦੀ ਸਿਆਣਪ ਤੋਂ ਖੁਸ਼ ਹੋਏ, ਪਰ ਰਾਜਾ ਕਿਸ ਨੂੰ ਬਣਾਇਆ ਜਾਵੇ? ਸਭ ਦੀ ਇੱਕੋ ਚਿੰਤਾ ਸੀ। ਆਖ਼ਿਰਕਾਰ ਲੂੰਬੜੀ ਦੀ ਸਲਾਹ ’ਤੇ ਫੁਰਤੀਲੇ ਅਤੇ ਚੁਸਤ ਚਲਾਕ ਚੀਤੇ ਨੂੰ ਜੰਗਲ ਦਾ ਰਾਜਾ ਬਣਾਇਆ ਗਿਆ। ਚੀਤਾ ਮਨ ਹੀ ਮਨ ਖੁਸ਼ ਹੋ ਕੇ ਲੂੰਬੜੀ ਦਾ ਧੰਨਵਾਦ ਕਰਨ ਲੱਗਾ, ਪਰ ਉਸ ਦੀ ਖੁਸ਼ੀ ਉਸ ਦੇ ਬੁੱਲ੍ਹਾਂ ’ਤੇ ਆ ਗਈ ਅਤੇ ਉਸ ਨੇ ਸਾਰੇ ਜਾਨਵਰਾਂ ਨੂੰ ਭਾਸ਼ਣ ਦੇਣਾ ਸ਼ੁਰੂ ਕੀਤਾ, ‘‘ਦੋਸਤੋ! ਤੁਸੀਂ ਜਾਣਦੇ ਹੀ ਹੋ ਕਿ ਮੈਂ ਕਿੰਨਾ ਚੁਸਤ, ਚਲਾਕ, ਤਾਕਤਵਰ ਹਾਂ। ਮੇਰੀ ਤਾਕਤ ਦੇ ਸਾਹਮਣੇ ਅੰਦਰਲੇ ਅਤੇ ਬਾਹਰਲੇ ਸਭ ਦੁਸ਼ਮਣ ਡਰਨਗੇ ਅਤੇ ਜੰਗਲ ਵਿੱਚ ਸਭ ਸੁਰੱਖਿਅਤ ਮਹਿਸੂਸ ਕਰਨਗੇ।’’ ਸਭ ਜਾਨਵਰਾਂ ਨੇ ਆਪਣੇ-ਆਪਣੇ ਢੰਗ ਨਾਲ ਨਵੇਂ ਰਾਜੇ ਦਾ ਸਵਾਗਤ ਕੀਤਾ।
ਸਮਾਂ ਬੀਤਣਾ ਸ਼ੁਰੂ ਹੋਇਆ ਤਾਂ ਨਵਾਂ ਰਾਜਾ ਆਪਣੇ ਹੰਕਾਰ ਅਤੇ ਘੁਮੰਡ ਵਿੱਚ ਆ ਗਿਆ। ਉਹ ਆਪਣੇ ਆਪ ਨੂੰ ਜ਼ਿਆਦਾ ਤਾਕਤਵਰ ਅਤੇ ਸਿਆਣਾ ਸਮਝਣ ਲੱਗਾ। ਇਸ ਦੇ ਨਾਲ ਹੀ ਉਸ ਨੇ ਆਪਣੇ ਆਪ ਨੂੰ ਐਸ਼ ਅਰਾਮ ਵਿੱਚ ਪਾ ਲਿਆ ਅਤੇ ਜੰਗਲੀ ਜੀਵਾਂ ਦੇ ਕਲਿਆਣ ਨੂੰ ਭੁੱਲ ਕੇ ਆਪਣੇ ਆਪ ਨੂੰ ਚਮਕਾਉਣਾ ਅਤੇ ਵਧੀਆ ਦਿਖਾਉਣਾ ਸ਼ੁਰੂ ਕਰ ਦਿੱਤਾ। ਉਹ ਕਈ-ਕਈ ਘੰਟੇ ਜੰਗਲ ਦੀ ਨਦੀ ਵਾਲੇ ਝਰਨੇ ’ਤੇ ਜਾ ਕੇ ਠੰਢੇ ਪਾਣੀ ਵਿੱਚ ਆਰਾਮ ਕਰਦਾ ਰਹਿੰਦਾ। ਉਧਰ ਜੰਗਲ ਦੇ ਹਾਲਾਤ ਵਿਗੜਨੇ ਸ਼ੁਰੂ ਹੋ ਗਏ, ਛੋਟੇ ਜੀਵਾਂ ਦੀ ਸੁਰੱਖਿਆ ਖ਼ਤਮ ਹੋ ਗਈ। ਚਾਰੋਂ ਤਰਫ਼ ਤੋਂ ਮਨੁੱਖ ਨੇ ਜੰਗਲ ਨੂੰ ਕੱਟਣਾ ਸ਼ੁਰੂ ਕਰ ਦਿੱਤਾ। ਸ਼ਿਕਾਰੀਆਂ ਨੇ ਜੰਗਲ ਵਿੱਚ ਆਪਣੇ ਅੱਡੇ ਬਣਾ ਲਏ। ਲੱਕੜ ਦੇ ਤਸਕਰਾਂ ਨੇ ਮੋਟੇ ਅਤੇ ਕੀਮਤੀ ਰੁੱਖਾਂ ’ਤੇ ਆਰਾ ਧਰ ਲਿਆ। ਜੰਗਲੀ ਜੀਵਾਂ ਦੀ ਸੁਰੱਖਿਆ ਖਤਰੇ ਵਿੱਚ ਪੈ ਗਈ। ਇਹ ਸਭ ਕੁਝ ਦੇਖ ਕੇ ਲੂੰਬੜੀ ਨੂੰ ਚਿੰਤਾ ਹੋਈ ਤਾਂ ਉਸ ਨੇ ਜਾਨਵਰਾਂ ਨੂੰ ਨਾਲ ਲੈ ਕੇ ਰਾਜੇ ਨਾਲ ਮੁਲਾਕਾਤ ਕਰਕੇ ਸਥਿਤੀ ਤੋਂ ਜਾਣੂ ਕਰਾਇਆ, ਪਰ ਰਾਜਾ ਤਾਂ ਹੰਕਾਰੀ ਅਤੇ ਘੁਮੰਡੀ ਸੀ। ਉਹ ਕੜਕਿਆ, ‘‘ਮੈਨੂੰ ਅਜੇ ਰਾਜਾ ਬਣੇ ਨੂੰ ਥੋੜ੍ਹਾ ਸਮਾਂ ਤਾਂ ਹੋਇਆ ਹੈ, ਤੁਸੀਂ ਮੈਨੂੰ ਹੋਰ ਸਮਾਂ ਦਿਓ, ਮੈਂ ਸਭ ਕੁਝ ਠੀਕ ਕਰ ਦਿਆਂਗਾ।’’
ਸਾਰੇ ਜਾਨਵਰ ਸਿਰ ਸੁੱਟ ਕੇ ਪਰਤ ਗਏ। ਸਮਾਂ ਹੋਰ ਬੀਤ ਗਿਆ, ਪਰ ਜੰਗਲ ਦੇ ਹਾਲਾਤ ਹੋਰ ਵਿਗੜਦੇ ਗਏ। ਜੰਗਲੀ ਜੀਵਾਂ ਦੀ ਜਾਨ ਨੂੰ ਖਤਰਾ ਵਧਦਾ ਗਿਆ, ਉਨ੍ਹਾਂ ਦੇ ਬੱਚਿਆਂ ਦੀ ਸੁਰੱਖਿਆ ਖਤਰੇ ਵਿੱਚ ਪੈ ਗਈ। ਉਧਰ ਰਾਜਾ ਉੱਚੀਆਂ-ਉੱਚੀਆਂ ਟਾਹਰਾਂ ਮਾਰਨ ਤੋਂ ਸਿਵਾ ਕੁਝ ਨਾ ਕਰ ਸਕਿਆ ਤਾਂ ਉਸੇ ਲੂੰਬੜੀ ਨੇ ਜਾਨਵਰਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਸੁਰੱਖਿਆ ਦਾ ਆਪ ਵਸੀਲਾ ਕਰਨ।
ਬਾਂਦਰਾਂ ਦੀ ਇੱਕ ਟੋਲੀ, ਇਸ ਗੱਲ ਤੋਂ ਬਹੁਤ ਦੁਖੀ ਹੋਈ, ਪਰ ਉਹ ਰਾਜੇ ਦੇ ਹੰਕਾਰ ਤੋਂ ਜਾਣੂ ਸਨ। ਉਨ੍ਹਾਂ ਨੇ ਸਲਾਹ ਕਰ ਕੇ ਚੀਤੇ ਰਾਜੇ ਨੂੰ ਜੰਗਲ ਦੀ ਨਦੀ ਦੇ ਨੇੜੇ ਡੂੰਘੇ ਟੋਏ ਕੋਲ ਬੁਲਾ ਲਿਆ ਅਤੇ ਦੂਜੇ ਪਾਸੇ ਵੱਡੇ ਜਾਨਵਰਾਂ ਨੂੰ ਆਪਣੀ ਸਕੀਮ ਸਮਝਾ ਕੇ ਆਪਣੇ ਝੁੰਡਾਂ ਸਮੇਤ ਉਥੇ ਬੁਲਾ ਲਿਆ। ਗੁੱਸੇ ਵਿੱਚ ਆਏ ਸਾਰੇ ਜੰਗਲੀ ਜਾਨਵਰਾਂ ਨੇ ਉਸ ਡੂੰਘੇ ਟੋਏ ਦੇ ਚਾਰੋਂ ਤਰਫ਼ ਤੋਂ ਚੀਤੇ ਨੂੰ ਘੇਰ ਲਿਆ। ਹਾਥੀਆਂ ਨੇ ਸੁਰੱਖਿਆ ਚੱਕਰ ਬਣਾ ਕੇ ਚੀਤੇ ਦੇ ਦੌੜਨ ਦੇ ਰਸਤੇ ਬੰਦ ਕਰ ਦਿੱਤੇ। ਹੁਣ ਲੂੰਬੜੀ ਬੋਲੀ, ‘‘ਚੀਤੇ ਰਾਜਾ! ਤੈਨੂੰ ਅਸੀਂ ਚੁਸਤ ਅਤੇ ਤਾਕਤਵਰ ਜਾਣ ਕੇ ਜੰਗਲ ਦਾ ਰਾਜਾ ਬਣਾਇਆ ਸੀ, ਪਰ ਤੂੰ ਹੰਕਾਰੀ ਅਤੇ ਘੁਮੰਡੀ ਨਿਕਲਿਆ, ਜਿਸ ਨੇ ਜੰਗਲੀ ਜੀਵਾਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਹੈ। ਤੇਰੇ ਦੌੜਨ ਦੇ ਸਭ ਰਸਤੇ ਬੰਦ ਹਨ।
ਜਿਸ ਤਰ੍ਹਾਂ ਤੂੰ ਰਾਜਾ ਬਣ ਕੇ ਸਭ ਜਾਨਵਰਾਂ ਦਾ ਕਲਿਆਣ ਭੁੱਲ ਗਿਆ ਸੀ, ਅੱਜ ਸਾਰੇ ਜੀਵ ਤੈਨੂੰ ਸਦਾ ਲਈ ਭੁੱਲਣਾ ਚਾਹੁੰਦੇ ਹਨ।’’ ਇੰਨਾ ਕਹਿਣ ਦੀ ਦੇਰ ਸੀ ਕਿ ਇੱਕ ਗਧਾ ਦੁਲੱਤੇ ਮਾਰਦਾ, ਡਰੇ ਹੋਏ ਚੀਤੇ ਵੱਲ ਵਧਿਆ। ਉਹ ਹੋਰ ਡਰ ਗਿਆ ਅਤੇ ਪਿੱਛੇ ਹਟਦਾ ਗਿਆ ਤਾਂ ਉਹ ਡੂੰਘੇ ਟੋਏ ਵਿੱਚ ਜਾ ਡਿੱਗਿਆ। ਬਾਂਦਰਾਂ ਦੀ ਟੋਲੀ ਵੀ ਤਿਆਰ ਸੀ। ਉਨ੍ਹਾਂ ਨੇ ਫਟਾ ਫਟ ਟਾਹਣੀਆਂ ਤੋੜ ਟੋਏ ਵਿੱਚ ਸੁੱਟ ਦਿੱਤੀਆਂ ਅਤੇ ਜਾਨਵਰਾਂ ਨੇ ਉਪਰੋਂ ਮਿੱਟੀ ਨਾਲ ਟੋਆ ਭਰ ਦਿੱਤਾ। ਚੀਤੇ ਦਾ ਰਾਜ ਖ਼ਤਮ ਕਰਕੇ ਉਨ੍ਹਾਂ ਨੇ ਮੁੜ ਬੁੱਢੇ ਸ਼ੇਰ ਨੂੰ ਆਪਣਾ ਰਾਜਾ ਬਣਾ ਕੇ ਖੁਸ਼ੀਆਂ ਮਨਾਈਆਂ। ਇਸ ਤਰ੍ਹਾਂ ਬੱਚਿਓ! ਘੁਮੰਡੀ ਅਤੇ ਹੰਕਾਰੀ ਲੋਕ ਆਪਣੀ ਮੌਤ ਆਪ ਹੀ ਸਹੇੜ ਲੈਂਦੇ ਹਨ। ਕਦੇ ਵੀ ਵਿਅਕਤੀ ਨੂੰ ਘੁਮੰਡੀ ਅਤੇ ਹੰਕਾਰੀ ਨਹੀਂ ਬਣਨਾ ਚਾਹੀਦਾ।
ਸੰਪਰਕ: 98764-52223


Comments Off on ਹੰਕਾਰੀ ਰਾਜੇ ਦਾ ਅੰਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.