ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਗ਼ਦਰ ਪਾਰਟੀ ਦੇ ਬਾਨੀ ਬਾਬਾ ਸੋਹਣ ਸਿੰਘ ਭਕਨਾ

Posted On December - 20 - 2016

ਹਰਦੀਪ ਸਿੰਘ ਭਨਾਮ
12012cd _baba bhaknaਪ੍ਰਸਿੱਧ ਸੁਤੰਤਰਤਾ ਸੰਗਰਾਮੀ ਬਾਬਾ ਸੋਹਣ ਸਿੰਘ ਭਕਨਾ ਨੂੰ ਗੁਜ਼ਰਿਆਂ 48 ਸਾਲ ਹੋ ਗਏ ਹਨ। ਉਨ੍ਹਾਂ ਨੂੰ ਯਾਦ ਕਰਨਾ, ਉਸ ਗੌਰਵਮਈ ਇਤਿਹਾਸ ਨੂੰ ਯਾਦ ਕਰਨਾ ਹੈ, ਜਿਸ ਵਿੱਚ ਪੰਜਾਬੀ ਸੂਰਬੀਰਾਂ ਨੇ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ। ਸੋਹਣ ਸਿੰਘ ਭਕਨਾ ਦਾ ਜਨਮ ਆਪਣੇ ਨਾਨਕੇ ਪਿੰਡ ਖੁਦਰਾ ਖੁਦਰਾ (ਖੁਤਰਾਏ) ਜ਼ਿਲ੍ਹਾ ਅੰਮ੍ਰਿਤਸਰ ਵਿੱਚ 4 ਜਨਵਰੀ, 1873 ਨੂੰ ਹੋਇਆ। ਉਹ ਆਪਣੇ ਪਿਤਾ ਦੇ ਇਕੱਲੇ ਪੁੱਤਰ ਸਨ। ਉਨ੍ਹਾਂ ਦੀ ਮਾਤਾ ਦਾ ਨਾਂ ਰਾਮ ਕੌਰ ਅਤੇ ਪਿਤਾ ਦਾ ਕਰਮ ਸਿੰਘ ਸੀ। ਸੋਹਣ ਸਿੰਘ ਅਜੇ ਸਾਲ ਦਾ ਵੀ ਨਹੀਂ ਸੀ ਹੋਇਆ, ਜਦੋਂ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ। ਉਨ੍ਹਾਂ ਨੂੰ ਮੁਢਲੀ ਪੜ੍ਹਾਈ ਲਈ ਗੁਰਦੁਆਰੇ ਭੇਜਿਆ ਗਿਆ। ਉਨ੍ਹਾਂ ਪਿੰਡ ਦੇ ਸਕੂਲ ਵਿੱਚ ਪੰਜਵੀਂ ਜਮਾਤ ਤਕ ਦੀ ਵਿੱਦਿਆ ਹਾਸਲ ਕੀਤੀ। ਉਨ੍ਹਾਂ ਆਪਣੇ ਜੀਵਨ ਦੇ 26 ਵਰ੍ਹੇ ਦੇਸ਼-ਵਾਸੀਆਂ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਾਉਣ ਲਈ ਜੇਲ੍ਹਾਂ ਵਿੱਚ ਬਿਤਾਏ।
ਜਵਾਨੀ ਦੀ ਦਹਿਲੀਜ਼ ’ਤੇ ਪੈਰ ਧਰਦਿਆਂ ਹੀ ਸੋਹਣ ਸਿੰਘ ਬੁਰੀ ਸੰਗਤ ਵਿੱਚ ਪੈ ਗਿਆ। ਉਨ੍ਹਾਂ ਨੇ ਘਰ ਦੀ ਨਕਦੀ ਖ਼ਤਮ ਕਰ ਕੇ 32 ਏਕੜ ਜ਼ਮੀਨ ਵੀ ਗਹਿਣੇ ਰੱਖ ਦਿੱਤੀ। 1896 ਦੇ ਸ਼ੁਰੂ ਵਿੱਚ ਉਨ੍ਹਾਂ ਦਾ ਮੇਲ ਬਾਬਾ ਕੇਸਰ ਸਿੰਘ ਮੁਹਾਵੇ ਵਾਲਿਆਂ ਨਾਲ ਹੋਇਆ, ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਸੋਹਣ ਸਿੰਘ ਨੇ ਮਾੜੀਆਂ ਆਦਤਾਂ ਛੱਡ ਦਿੱਤੀਆਂ।
ਸੋਹਣ ਸਿੰਘ ਭਕਨਾ 4 ਅਪਰੈਲ, 1909 ਨੂੰ ਜਪਾਨੀ ਯੋਕੌਹਾਮਾ ਸਮੁੰਦਰੀ ਜਹਾਜ਼ ਦੁਆਰਾ ਅਮਰੀਕਾ ਦੀ ਉੱਤਰੀ ਸਿਆਲਟ ਬੰਦਰਗਾਹ ਉੱਤੇ ਪੁੱਜੇ। ਜਲਦ ਉਨ੍ਹਾਂ ਨੂੰ ਮੋਨਾਰਕ ਨਾਂ ਦੀ ਮਿੱਲ ਵਿੱਚ ਕੰਮ ਮਿਲ ਗਿਆ, ਪਰ ਇੱਥੇ ਭਾਰਤੀਆਂ ਨਾਲ ਬਹੁਤ ਨਫ਼ਰਤ ਕੀਤੀ ਜਾਂਦੀ ਸੀ ਅਤੇ ਉਨ੍ਹਾਂ ਨੂੰ ਗੁਲਾਮ ਜਾਂ ਕਾਲੇ ਗੁਲਾਮ ਕਹਿ ਕੇ ਪੁਕਾਰਿਆ ਜਾਂਦਾ ਸੀ। 1912 ਵਿੱਚ ਪੋਰਟਲੈਂਡ ਵਿੱਚ ਭਾਰਤੀ ਮਜ਼ਦੂਰਾਂ ਦਾ ਇਕੱਠ ਹੋਇਆ। ਇਸ ਵਿੱਚ ਸੇਂਟ ਜਾਹਨ ਤੋਂ ਪੰਡਤ ਕਾਂਸੀ ਰਾਮ, ਬਰਾਈਡਲ ਵਿਲ ਤੋਂ ਹਰਨਾਮ ਸਿੰਘ ਟੁੰਡੀਲਾਟ, ਮੋਨਾਰਕ ਤੋਂ ਸੋਹਣ ਸਿੰਘ ਭਕਨਾ ਅਤੇ ਉਸ ਦੇ ਸਾਥੀ, ਪੋਰਟਲੈਂਡ ਤੋਂ ਊਧਮ ਸਿੰਘ ਕਸੇਲ ਤੇ ਉਸ ਦੇ ਸਾਥੀ ਸ਼ਾਮਲ ਹੋਏ। ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ‘ਹਿੰਦੁਸਤਾਨ ਐਸੋਸੀਏਸ਼ਨ ਆਫ਼ ਪੈਸੀਫਿਕ ਕੋਸਟ’ ਨਾਂ ਦੀ ਜਥੇਬੰਦੀ ਬਣਾਈ ਗਈ। ਸੋਹਣ ਸਿੰਘ ਭਕਨਾ ਨੂੰ ਇਸ ਦਾ ਪ੍ਰਧਾਨ ਬਣਾਇਆ ਗਿਆ। ਇੱਕ ਨਵੰਬਰ 1913 ਤੋਂ ਹਫ਼ਤਾਵਾਰੀ ਪਰਚਾ ‘ਗ਼ਦਰ’ ਉਰਦੂ ਵਿੱਚ ਛਪਣਾ ਸ਼ੁਰੂ ਹੋਇਆ, ਜਿਹੜਾ ਬਾਅਦ ਵਿੱਚ ਪੰਜਾਬੀ, ਗੁਜਰਾਤੀ, ਬੰਗਾਲੀ, ਨੇਪਾਲੀ ਅਤੇ ਪਸਤੋ ਭਾਸ਼ਾ ਵਿੱਚ ਛਪਣ ਲੱਗਿਆ। ਇਸ ਅਖ਼ਬਾਰ ਦਾ ਮੁੱਖ ਉਦੇਸ਼ ਅੰਗਰੇਜ਼ਾਂ ਵਿਰੁੱਧ ਪ੍ਰਚਾਰ ਕਰਨਾ ਸੀ। ਇਸੇ ਅਖ਼ਬਾਰ ਦੇ ਨਾਂ ’ਤੇ ਮਗਰੋਂ ਪਾਰਟੀ ਦਾ ਨਾਂ ਗ਼ਦਰ ਪਾਰਟੀ ਪ੍ਰਸਿੱਧ ਹੋ ਗਿਆ।
13 ਅਕਤੂਬਰ, 1914 ਨੂੰ ਸੋਹਣ ਸਿੰਘ ਹੋਰ ਗ਼ਦਰੀਆਂ ਨਾਲ ਇੱਕ ਸਮੁੰਦਰੀ ਜਹਾਜ਼ ਦੁਆਰਾ ਕਲਕੱਤੇ ਪੁੱਜੇ। ਦੇਸ਼ ਪਰਤਣ ਉੱਤੇ ਉਨ੍ਹਾਂ ਨੂੰ ਮੁਢਲੀ ਪੁੱਛ-ਪੜਤਾਲ ਲਈ ਇੱਕ ਹਫ਼ਤਾ ਲੁਧਿਆਣੇ ਰੱਖਿਆ ਗਿਆ ਅਤੇ ਮਗਰੋਂ ਮੁਲਤਾਨ ਜੇਲ੍ਹ ਭੇਜ ਦਿੱਤਾ ਗਿਆ, ਜਿੱਥੇ ਉਨ੍ਹਾਂ ਨੂੰ ਕਾਲ-ਕੋਠੜੀ ਵਿੱਚ ਰੱਖਿਆ ਗਿਆ। ਫ਼ਰਵਰੀ 1915 ਦੇ ਅੰਤ ਵਿੱਚ ਉਨ੍ਹਾਂ ਨੂੰ ਸੈਂਟਰਲ ਜੇਲ੍ਹ ਲਾਹੌਰ ਭੇਜ ਦਿੱਤਾ ਗਿਆ। 26 ਅਪਰੈਲ 1915 ਨੂੰ ਉਨ੍ਹਾਂ ’ਤੇ ਡੀਫ਼ੈਂਸ ਆਫ਼ ਇੰਡੀਆ ਐਕਟ ਅਧੀਨ ਪਹਿਲਾ ਲਾਹੌਰ ਸਾਜ਼ਿਸ਼ ਕੇਸ ਨਾਂ ਦਾ ਮੁਕੱਦਮਾ ਚਲਾਇਆ ਗਿਆ। ਵਾਇਸਰਾਏ ਲਾਰਡ ਹਾਰਡਿੰਗ (1910-16) ਦੇ ਹੁਕਮਾਂ ਤਹਿਤ ਜਿਨ੍ਹਾਂ 24 ਫਾਂਸੀ ਦੀ ਸਜ਼ਾ ਵਾਲੇ ਕੈਦੀਆਂ ਵਿੱਚੋਂ 17 ਨੂੰ ਫਾਂਸੀ ਤੋੜ ਕੇ ਉਮਰ ਕੈਦ ਦੀ ਸਜ਼ਾ ਦਿੱਤੀ ਗਈ, ਉਨ੍ਹਾਂ ਵਿੱਚ ਸੋਹਣ ਸਿੰਘ ਵੀ ਸਨ। ਦਸੰਬਰ 1915 ਵਿੱਚ ਅੰਡੇਮਾਨ ਸੈਸੂਲਰ ਜੇਲ੍ਹ ਕਾਲੇ ਪਾਣੀ ਭੇਜਿਆ ਗਿਆ। 1927 ਵਿੱਚ ਉਨ੍ਹਾਂ ਨੂੰ ਯਰਵਾਦਾ ਜੇਲ੍ਹ ਵਿੱਚ ਇੱਕ ਮਹੀਨਾ ਭੁੱਖ ਹੜਤਾਲ ਕਰਨ ਉੱਤੇ ਸੈਂਟਰਲ ਜੇਲ੍ਹ ਲਾਹੌਰ ਭੇਜ ਦਿੱਤਾ ਗਿਆ, ਜਿੱਥੇ ਉਨ੍ਹਾਂ 1929 ਵਿੱਚ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੇ ਹੱਕ ਵਿੱਚ ਭੁੱਖ ਹੜਤਾਲ ਕੀਤੀ। ਉਹ ਕਾਂਗਰਸੀ ਲਹਿਰਾਂ ਨਾਲ ਵੀ ਜੁੜੇ ਰਹੇ। ਸਿਕੰਦਰ ਹਿਆਤ ਖ਼ਾਂ ਦੀ ਵਜ਼ਾਰਤ ਸਮੇਂ 1938 ਦੇ ਕਿਸਾਨ ਮੋਰਚੇ ਵਿੱਚ ਉਨ੍ਹਾਂ ਹਰਨਾਮ ਸਿੰਘ ਕਸੇਲ ਤੇ ਜਥੇਦਾਰ ਊਧਮ ਸਿੰਘ ਨਾਗੋਕੇ ਨਾਲ ਮਿਲ ਕੇ ਅੰਦੋਲਨ ਦੀ ਅਗਵਾਈ ਕੀਤੀ। ਇਸ ਮੋਰਚੇ ਵਿੱਚ ਉਨ੍ਹਾਂ ਨੇ ਇੱਕ ਸਾਲ ਕੈਦ ਦੀ ਸਜ਼ਾ ਸ਼ਾਹਪੁਰ ਜੇਲ੍ਹ ਵਿੱਚ ਕੱਟੀ। 1939 ਦੇ ਲਾਹੌਰ ਕਿਸਾਨ ਮੋਰਚੇ ਵਿੱਚ ਉਨ੍ਹਾਂ ਇੱਕ ਸਾਲ ਕੈਦ ਰਾਵਲਪਿੰਡੀ ਜੇਲ੍ਹ ਵਿੱਚ ਕੱਟੀ। ਜਦੋਂ ਦੂਜਾ ਵਿਸ਼ਵ ਯੁੱਧ ਸ਼ੁਰੂ ਹੋਇਆ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਦਿਉਲੀ ਕੈਂਪ (ਜ਼ਿਲ੍ਹਾ ਕੋਟਾ, ਰਾਜਸਥਾਨ) ਵਿੱਚ ਭੇਜਿਆ ਗਿਆ।
ਦੇਸ਼ ਆਜ਼ਾਦ ਹੋਣ ਪਿੱਛੋਂ ਬਾਬਾ ਸੋਹਣ ਸਿੰਘ ਭਕਨਾ ਕਮਿਊਨਿਸਟ ਪਾਰਟੀ ਵਿੱਚ ਸਰਗਰਮ ਹੋ ਗਏ। ਮਾਰਚ 1948 ਵਿੱਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਯੋਲ ਕੈਂਪ (ਜ਼ਿਲ੍ਹਾ ਕਾਂਗੜਾ) ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਬਾਬਾ ਵਿਸਾਖਾ ਸਿੰਘ ਦਦੇਹਰ ਵੱਲੋਂ ਪੰਡਤ ਜਵਾਹਰ ਲਾਲ ਨਹਿਰੂ ਨੂੰ ਕਹਿਣ ’ਤੇ ਬਾਬਾ ਜੀ ਨੂੰ ਰਿਹਾਅ ਕਰ ਦਿੱਤਾ ਗਿਆ। ਸਤੰਬਰ 1955 ਵਿੱਚ ਸੰਤ ਵਿਸਾਖਾ ਸਿੰਘ ਵਰਗੇ ਗ਼ਦਰੀਆਂ ਦੇ ਉਦਮ ਨਾਲ ‘ਦੇਸ਼ ਭਗਤ ਯਾਦਗਾਰ ਕਮੇਟੀ’ ਬਣਾਈ ਗਈ। ਸੋਹਣ ਸਿੰਘ ਭਕਨਾ ਨੂੰ ਇਸ ਦਾ ਪ੍ਰਧਾਨ ਬਣਾਇਆ ਗਿਆ। ਬਾਬਾ ਜੀ ਸਿਆਣੇ ਰਾਜਸੀ ਆਗੂ, ਸਫ਼ਲ ਵਕਤਾ ਤੇ ਲਿਖਾਰੀ ਵੀ ਸਨ। ਰਸਾਲਿਆਂ ਤੇ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੋਣ ਵਾਲੇ ਲੇਖਾਂ ਤੋਂ ਬਿਨਾਂ ਉਨ੍ਹਾਂ ਨੇ ਜੀਵਨ ਸੰਗ੍ਰਾਮ (ਆਤਮ ਕਥਾ), ਦੁੱਖ, ਜੀਵਨ ਕਰਤੱਵ, ਇਨਕਲਾਬੀ ਲਹਿਰ, ਗ਼ਰੀਬੀ, ਭਾਰਤ ਵਿੱਚ ਇਸਤਰੀ ਜਾਤੀ ਆਦਿ ਪੁਸਤਕਾਂ ਲਿਖੀਆਂ।
16 ਨਵੰਬਰ, 1968 ਦੀ ਸਰਦੀ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਬਰਸੀ ਉੱਤੇ ਨਿਗੂਣੀ ਹਾਜ਼ਰੀ ਦੇ ਮਾਨਸਿਕ ਦੁੱਖ ਅਤੇ ਥੋੜੀ ਜਿਹੀ ਠੰਢ ਨਾਲ ਉਨ੍ਹਾਂ ਨੂੰ ਨਮੂਨੀਆ ਹੋ ਗਿਆ। ਇਸ ਕਾਰਨ 99 ਸਾਲ ਦੀ ਉਮਰ ਵਿੱਚ 20 ਦਸੰਬਰ 1968 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਸੰਪਰਕ: 94633-64992


Comments Off on ਗ਼ਦਰ ਪਾਰਟੀ ਦੇ ਬਾਨੀ ਬਾਬਾ ਸੋਹਣ ਸਿੰਘ ਭਕਨਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.