ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਜ਼ਿੰਦਗੀ ਦਾ ਲੁਤਫ਼ ਪਰਤਾਉਣ ਦੀ ਕਲਾ…

Posted On December - 25 - 2016

ਕੌਫ਼ੀ ਤੇ ਗੱਪ-ਸ਼ੱਪ/ ਹਰੀਸ਼ ਖਰੇ

24 dec 2

ਸਾਰੇ ਚਿੱਤਰ: ਸੰਦੀਪ ਜੋਸ਼ੀ

ਦਿੱਲੀ ਦੇ ਉਪ ਰਾਜਪਾਲ ਨਜੀਬ ਜੰਗ ਨੇ ਇੱਕ ਬਹੁਤ ਗ਼ੈਰ-ਹਿੰਦੁਸਤਾਨੀ ਮਾਅਰਕਾ ਮਾਰਿਆ ਹੈ; ਉਨ੍ਹਾਂ ਨੇ ਇੰਨੇ ਮਹੱਤਵਪੂਰਨ ਰੁਤਬੇ ਨੂੰ ਖ਼ੁਦ ਹੀ ਛੱਡ ਦਿੱਤਾ। ਅਸਤੀਫ਼ੇ ਦੇ ਨਾਲ਼ ਰਾਜ ਭਵਨ ਤੋਂ ਕੂਚ ਕਰਨ ਦੀ ਜੋ ਵਜ੍ਹਾ ਉਨ੍ਹਾਂ ਨੇ ਬਿਆਨ ਕੀਤੀ ਹੈ, ਉਹ ਹੋਰ ਵੀ ਗ਼ੈਰ-ਹਿੰਦੁਸਤਾਨੀ ਹੈ। ਉਨ੍ਹਾਂ ਕਿਹਾ ਮੈਂ ਆਪਣੇ ਟੱਬਰ ਨਾਲ਼ ਸਮਾਂ ਬਿਤਾਉਣਾ ਚਾਹੁੰਦਾ ਹਾਂ। ਇੱਕ ਅਜਿਹੇ ਮੁਲਕ ਵਿੱਚ ਜਿੱਥੇ ਹਰ ਕਾਇਦਾ, ਹਰ ਅਸੂਲ ਪਰਿਵਾਰ ਦੇ ਹਿੱਤਾਂ ਦੇ ਹੱਕ ਵਿੱਚ ਮੋੜ ਤੋੜ ਲਿਆ ਜਾਂਦਾ ਹੋਵੇ, ਜੰਗ ਸਾਹਬ ਨੇ ਬਿਲਕੁਲ ਉਲਟੀ ਗੰਗਾ ਵਹਾ ਦਿੱਤੀ ਹੈ।
ਦਿੱਲੀ ਦੇ ਉਪ ਰਾਜਪਾਲ ਵਜੋਂ ਨਜੀਬ ਜੰਗ ਨੇ ਆਪਣੇ ਆਪ ਨੂੰ ਬੜੀ ਕਸੂਤੀ ਹਾਲਤ ਵਿੱਚ ਫਸਾ ਲਿਆ ਸੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਸੱਤਾ ਵਿੱਚ ਆਉਣ ਨਾਲ ਤਾਂ ਇਸ ਜ਼ਿੰਮੇਵਾਰੀ ਨੂੰ ਨਿਭਾਉਣਾ ਸਚਮੁੱਚ ਨਾਮੁਮਕਿਨ ਹੀ ਹੋ ਗਿਆ ਸੀ। ਫਿਰ, ਆਮ ਆਦਮੀ ਪਾਰਟੀ ਵੱਲੋਂ ਭਾਜਪਾ ਅਤੇ ਕਾਂਗਰਸ ਨੂੰ ਬੁਰੀ ਤਰ੍ਹਾਂ ਪਛਾੜ ਕੇ ਦੁਬਾਰਾ ਸੱਤਾ ਵਿੱਚ ਆ ਜਾਣ ਨਾਲ਼ ਤਾਂ ਸਮੱਸਿਆ ਹੋਰ ਵੀ ਦੂਣ ਸਵਾਈ ਹੋ ਗਈ। ਕਿਉਂਕਿ ‘ਆਪ’ ਨੇ ਨਰਿੰਦਰ ਮੋਦੀ ਨੂੰ ਪਲੇਠੀ ਚੁਣਾਵੀ ਹਾਰ ਦਾ ਸਾਹਮਣਾ ਕਰਾਇਆ ਸੀ, ਇਸ ਲਈ ਇੱਕ ਗੱਲ ਤਾਂ ਅਟੱਲ ਸੀ ਕਿ ਕੇਂਦਰ ਸਰਕਾਰ ਕੇਜਰੀਵਾਲ ਸਰਕਾਰ ਨੂੰ ਆਪਣਾ ਕੰਮ ਭਲੀ ਪੱਤ ਨਾਲ ਨਹੀਂ ਕਰਨ ਦੇਵੇਗੀ ਅਤੇ ‘ਆਪ’ ਸਰਕਾਰ ਨੂੰ ਕੇਂਦਰ ਵੱਲੋਂ ਲੋੜੀਂਦੀ ਤਵੱਜੋ ਵੀ ਨਹੀਂ ਮਿਲੇਗੀ। ਇਹ ਸਭ ਸਾਫ਼ ਜਿਹੀ ਗੱਲ ਸੀ। ਅਤੇ ਫਿਰ, ਕਿਉਂਕਿ ਕੇਜਰੀਵਾਲ ਖ਼ੁਦ ਵੀ ਕੌਮੀ ਨੇਤਾ ਹੋਣ ਦਾ ਭਰਮ ਪਾਲ਼ੀ ਬੈਠਾ ਹੈ, ਇਸ ਲਈ  ਉਹ ਆਪਣੀ ਮੁੱਖ-ਮੰਤਰੀ ਦੀ ਪਦਵੀ ਦਾ ਇਸਤੇਮਾਲ ਬੜੇ ਸਿਲਸਿਲੇਵਾਰ ਢੰਗ ਨਾਲ ਮੋਦੀ ਨੂੰ ਚਿੜ੍ਹਾਉਣ ਅਤੇ ਪੂਰੀ ਤਰ੍ਹਾਂ ਨਾਰਾਜ਼ ਕਰਨ ਤੱਕ ਚਲਾ ਗਿਆ। ਲਿਹਾਜ਼ਾ, ਉਹ ਪ੍ਰਧਾਨ ਮੰਤਰੀ ਦੀ ਅੱਖ ਤਿਣ ਰੜਕਣ ਲੱਗਾ।
24 dec 3ਇਸ ਸਭ ਕਾਸੇ ਦਾ ਨਤੀਜਾ ਇਹ ਹੋਇਆ ਕਿ ਬਾਹੈਸੀਅਤ ਉਪ ਰਾਜਪਾਲ ਨਜੀਬ ਜੰਗ ਖੁਦ ਨੂੰ ਹਉਮੈ ਤੇ ਆਪੋ ਆਪਣੇ ਏਜੰਡਿਆਂ ਦੇ ਹੱਕੇ ਸਾਨ੍ਹਾਂ ਦੇ ਭੇੜ ’ਚ ਫਸਿਆ ਮਹਿਸੂਸ ਕਰਨ ਲੱਗਾ। ਕਿਉਂਕਿ ਨਾ ਕੇਂਦਰ ਅਤੇ ਨਾ ਹੀ ਦਿੱਲੀ ਸਰਕਾਰ ਆਪਣੇ ਆਪ ਨੂੰ ‘ਛੋਟੇ ਬਾਬੇ ਦਾ’ ਕਹਾ ਕੇ ਰਾਜ਼ੀ ਸੀ, ਲਿਹਾਜ਼ਾ ਰਾਜ ਨਿਵਾਸ ਵਿੱਚ ਜੰਗ ਲਈ ਟਿਕੇ ਰਹਿਣਾ ਦੁੱਭਰ ਹੋ ਗਿਆ।
ਨਜੀਬ ਜੰਗ ਕੁੱਲ ਮਿਲਾ ਕੇ ਬਹੁਤ ਹੀ ਵਧੀਆ, ਨਫ਼ੀਸ ਅਤੇ ਜ਼ਹੀਨ ਸ਼ਖ਼ਸ ਹੈ। ਹੈ ਵੀ ਅੰਤਾਂ ਦਾ ਸੰਵੇਦਨਸ਼ੀਲ। ਇਸੇ ਲਈ ਉਸ ਨੇ ਦੋ ਕੁਢੱਬੇ ਅਤੇ ਕੁਰੱਖ਼ਤ ਜਿਹੇ ਬੰਦਿਆਂ ਦੀ ਟੱਕਰ ਵਿੱਚ ਖ਼ੁਦ ਨੂੰ ਲਾਚਾਰ ਮਹਿਸੂਸ ਕੀਤਾ। ਇਹ ਲੜਾਈ, ਜੋ ਕਿ ਦਰਅਸਲ ਸਿਆਸੀ ਖਹਿਬਾਜ਼ੀ ਸੀ, ਉਸ ਲਈ ਜੀਅ ਦਾ ਜੰਜਾਲ ਬਣ ਗਈ। ਨਿੱਤ ਦਾ ਕਲ਼ੇਸ਼। ਇਹ ਬਰਦਾਸ਼ਤ ਕਰਨਾ ਉਸ ਦੇ ਵੱਸੋਂ ਬਾਹਰ ਸੀ।
ਇਹੋ ਜਿਹੇ ਸਿਆਸੀ ਕਾਟੋ-ਕਲ਼ੇਸ਼ ਤਾਂ ਸ਼ਰੀਫ਼ ਬੰਦੇ ਨੂੰ ਲੈ ਬਹਿੰਦੇ ਹਨ। ਇਹ ਉਸ ਦੇ ਸਰੀਰ, ਮਨ ਅਤੇ ਰੂਹ ਉੱਤੇ ਮਾੜਾ ਅਸਰ ਪਾਉਂਦੇ ਹਨ। ਤੇ ਫਿਰ ਉਹ ਵੇਲ਼ਾ ਆ ਹੀ ਜਾਂਦਾ ਹੈ ਜਦੋਂ ਅੱਕ ਚੱਬਣਾ ਹੀ ਪੈਂਦਾ ਹੈ। ਆਖਿਰ ਫ਼ੈਸਲਾ ਲੈਣਾ ਹੀ ਪੈਂਦਾ ਹੈ ਕਿ ਸਿਆਸਤਦਾਨਾਂ ਦੇ ਆਬਰੂÎ-ਸ਼ਿਕਨ ਮੁਤਾਲਬਿਆਂ ਅੱਗੇ ਗੋਡੇ ਟੇਕਣੇ ਹਨ ਜਾਂ ਨਹੀਂ। ਭਾਵੇਂ ਉਹ ਇੱਕ ਇਹੋ ਜਿਹੀ ਪਦਵੀ ’ਤੇ ਸੁਸ਼ੋਭਿਤ ਸੀ ਜਿਸ ਦਾ ਸਿਆਸੀ ਦਬਦਬਾ ਬਹੁਤ ਸੀ ਪਰ ਉਸ ਨੂੰ ਇੱਥੇ ਬੇਚੈਨੀ ਹੀ ਲੱਗੀ ਰਹਿੰਦੀ ਸੀ ਕਿਉਂਕਿ ਉਹ ਖ਼ੁਦ ਤਾਂ ਸਿਆਸਤਦਾਨ ਸੀ ਹੀ ਨਹੀਂ। ਉਂਜ ਵੀ, ਸੱਠਾਂ ਸਾਲਾਂ ਦੀ ਉਮਰ ਨੂੰ ਢੁੱਕ ਕੇ ਕੋਈ ਸਿਆਸਤਦਾਨ ਬਣ ਵੀ ਤਾਂ ਨਹੀਂ ਸਕਦਾ!
ਉਸ ਵਾਲਾ ਅਹੁਦਾ ਇੱਕ ਨਾਸ਼ੁਕਰੀ ਜਿਹੀ ਨੌਕਰੀ ਬਣ ਕੇ ਰਹਿ ਗਿਆ ਸੀ। ਉਹ ਕੇਂਦਰ ਸਰਕਾਰ ਦਾ ਮੁੱਖ ਕਟਾਰਬਾਜ਼ ਬਣ ਕੇ ਕੰਮ ਕਰਦਾ ਰਿਹਾ ਜਾਂ ਨਹੀਂ, ਇਹ ਇੱਕ ਵੱਖਰੀ ਬਹਿਸ ਦਾ ਮੁੱਦਾ ਹੈ। ਪਰ ਮੈਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਉਸ ਨੇ ਅਸਤੀਫ਼ਾ ਦੇ ਕੇ ਆਪਣੇ ਮਨ ਦੀ ਸ਼ਾਂਤੀ ਦਾ ਕਬਾੜਾ ਹੋਣੋਂ ਬਚਾ ਲਿਆ। ਉਸ ਨੂੰ ਨੌਕਰੀ ਦੀ ਚੱਕੀ ਵਿੱਚ ਪਿਸ ਪਿਸ ਕੇ ਖ਼ਤਮ ਹੋ ਜਾਣਾ ਗਵਾਰਾ ਨਹੀਂ ਸੀ। ਅਤੇ ਇਸੇ ਗੱਲ ਲਈ ਉਹ ਸ਼ਾਬਾਸ਼ੀ ਤੇ ਥਾਪੜੇ ਦਾ ਹੱਕਦਾਰ ਹੈ।
11107CD _11 JULY Fਚੰਡੀਗੜ੍ ਅਤੇ ਇਸ ਦੇ ਨਾਲ ਲੱਗਦੇ ਉਪਗ੍ਰਹੀ ਸ਼ਹਿਰ – ਮੁਹਾਲੀ ਅਤੇ ਪੰਚਕੂਲਾ ਵਿੱਚ ਬਹੁਤ ਸਾਰੇ ਸਾਬਕਾ ਫ਼ੌਜੀ ਅਫ਼ਸਰਾਨ ਦਾ ਵਾਸਾ ਹੈ। ਇਸ ਵਿੱਚ ਇਹ ਦੇ ਵਿੱਚ ਹੈਰਾਨੀ ਵਾਲੀ ਕੋਈ ਗੱਲ ਵੀ ਨਹੀਂ ਕਿ ਇਸ ਖਿੱਤੇ ਦੇ ਸਾਬਕਾ ਫ਼ੌਜੀ ਭਾਈਚਾਰੇ ਵਿੱਚ ਹਵਾਈ ਫ਼ੌਜ ਦੇ ਸਾਬਕਾ ਮੁਖੀ ਨਾਲ ਹੋਏ ਮਾੜੇ ਵਿਹਾਰ ਨੂੰ ਲੈ ਕੇ ਭਾਰੀ ਰੋਸ ਹੈ। ਇਸੇ ਤਰ੍ਹਾਂ ਥਲ ਸੈਨਾ ਮੁਖੀ ਦੇ ਨਾਂ ਦਾ ਐਲਾਨ ਕਰਨ ਲੱਗਿਆਂ ਸੀਨੀਆਰਤਾ ਵਿੱਚ ਸਭ ਤੋਂ ਉੱਪਰ ਆਉਣ ਵਾਲੇ ਨਾਮ ਨੂੰ ਨਜ਼ਰਅੰਦਾਜ਼ ਕੀਤੇ ਜਾਣ ਤੋਂ ਵੀ ਸਾਬਕਾ ਫ਼ੌਜੀ ਭਾਈਚਾਰੇ ਵਿੱਚ ਤਕੜਾ ਰੋਸ ਹੈ।
ਇਨ੍ਹਾਂ ਦੋਵਾਂ ਹੀ ਮਾਮਲਿਆਂ ਵਿੱਚ ਕਿਸੇ ਅਣਲਿਖਤ ਜ਼ਾਬਤਾ ਨੂੰ ਅਣਗੌਲਿਆ ਕੀਤਾ ਜਾਪਦਾ ਹੈ। ਪੂਰੇ ਫ਼ੌਜੀ ਭਾਈਚਾਰੇ ਵਿੱਚ, ਅਤੇ ਖ਼ਾਸ ਕਰ ਕੇ ਅਫ਼ਸਰਾਂ ਵਿੱਚ ਆਪਣੇ ਸੀਨੀਅਰਾਂ ਪ੍ਰਤੀ ਇੱਕ ਵੱਖਰੀ ਹੀ ਕਿਸਮ ਦਾ ਸਤਿਕਾਰ ਪਾਇਆ ਜਾਂਦਾ ਹੈ ਜੋ ਹੋਰ ਕਿਤੇ ਦੇਖਣ ਨੂੰ ਨਹੀਂ ਮਿਲਦਾ। ਵਰਦੀਧਾਰੀ ਬੰਦੇ ਦਾ ਜ਼ਿੰਦਗੀ ਭਰ ਦਾ ਸਰਮਾਇਆ ਉਸ ਦੀ ਸੈਨਾ ਵਿੱਚ ਕਮਾਈ ਗਈ ਇੱਜ਼ਤ ਹੁੰਦਾ ਹੈ ਅਤੇ ਇਹੋ ਗੱਲ ਫ਼ੌਜੀ ਬਿਰਾਦਰੀ ਨੂੰ ਹੋਰਨਾਂ ਨਾਲੋਂ ਵਖਰਿਆਉਂਦੀ ਹੈ।
ਇੱਜ਼ਤ ਦੇ ਇਸੇ ਸੰਕਲਪ ਨੂੰ ਦੋਵਾਂ ਹੀ ਮਾਮਲਿਆਂ ਵਿੱਚ ਬੜੀ ਬੇਕਿਰਕੀ ਨਾਲ ਅੱਖੋਂ ਪਰੋਖੇ ਕੀਤਾ ਗਿਆ ਹੈ।
ਸਾਬਕਾ ਹਵਾਈ ਸੈਨਾ ਮੁਖੀ ਦੀ ਗ੍ਰਿਫ਼ਤਾਰੀ ਖ਼ਾਸ ਤੌਰ ’ਤੇ ਸ਼ਰਮਨਾਕ ਹੈ। ਪਤਾ ਨਹੀਂ ਇਸ ਏਜੰਸੀ ਦੇ ਪੱਲੇ ਖ਼ੁਦਮੁਖ਼ਤਿਆਰੀ ਤਾਂ ਕਿੰਨੀ ਕੁ ਹੈ, ਪਰ ਸੀ.ਬੀ.ਆਈ. ਆਮ ਤੌਰ ’ਤੇ ਇਹੋ ਜਿਹੇ ਪੁਲੀਸ ਕਰਮੀਆਂ ਨਾਲ ਭਰੀ ਪਈ ਹੈ ਜਿਹੜੇ ਆਪਣੇ ਸ਼ੱਕੀ ਕਿਰਦਾਰ ਵਾਲੇ ‘ਸਰਪ੍ਰਸਤਾਂ’ ਸਦਕਾ ਇਸ ਫ਼ੋਰਸ ਵਿੱਚ ਆ ਜਾਂਦੇ ਹਨ। ਯਕੀਨਨ, ਪੁਲੀਸ ਵਾਲਿਆਂ ਕੋਲੋਂ ਕਿਸੇ ਦੀ ‘ਇੱਜ਼ਤ’ ਪ੍ਰਤੀ ਸਤਿਕਾਰ ਭਰੇ ਰਵੱਈਏ ਦੀ ਤਵੱਕੋ ਹੀ ਨਹੀਂ ਕੀਤੀ ਜਾਂਦੀ।
ਮੈਨੂੰ ਇਹ ਗੱਲ ਕਦੇ ਵੀ ਸਮਝ ਨਹੀਂ ਆਈ ਕਿ ਸਿਵਿਲ ਸਮਾਜ ਅਤੇ ਹੋਰ ਆਪੂੰ ਬਣੇ ਭ੍ਰਿਸ਼ਟਾਚਾਰ ਵਿਰੋਧੀ ਜਹਾਦੀ ‘ਖ਼ੁਦਮੁਖ਼ਤਿਆਰ’ ਸੀਬੀਆਈ ਉੱਤੇ ਐਨਾ ਭਰੋਸਾ ਕਿਵੇਂ ਕਰ ਲੈਂਦੇ ਹਨ ਕਿ ਉਹ ਇਸ ਏਜੰਸੀ ਨੂੰ ਭ੍ਰਿਸ਼ਟਾਚਾਰ ਅਤੇ ਕਾਲਾਧਨ ਵਰਗੀਆਂ ਸਾਰੀਆਂ ਸਮੱਸਿਆਵਾਂ ਦਾ ਰਾਮਬਾਣ ਇਲਾਜ ਸਮਝਦੇ ਹਨ। ਹਕੀਕਤ ਇਹ ਹੈ ਕਿ ਇਹ ਏਜੰਸੀ ਪੁਲੀਸ-ਰਾਜ ਤੋਂ ਬਿਨਾਂ ਹੋਰ ਕੁੱਝ ਵੀ ਨਹੀਂ। ਇੱਕ ਡੀ.ਐੱਸ.ਪੀ. ਪੱਧਰ ਦਾ ਅਫ਼ਸਰ ਆਸਾਨੀ ਨਾਲ ਕੇਸ ਨੂੰ ਇਸ ਕਿਸਮ ਦਾ ਮੋੜਾ ਦੇ ਸਕਦਾ ਹੈ ਕਿ ਇੱਕ ਸਾਬਕਾ ਹਵਾਈ ਸੈਨਾ ਮੁਖੀ ਮਾਮੂਲੀ ਚੋਰਾਂ ਵਾਂਗ ਵਿਚਰਦਾ ਦਿਖੇ ਅਤੇ ਉਸ ਨਾਲ ਸਲੂਕ ਵੀ ਅਜਿਹਾ ਹੀ ਕੀਤਾ ਜਾਵੇ। ‘‘ਇਸ ਦਾ ਫ਼ੈਸਲਾ ਸੀ.ਬੀ.ਆਈ. ਨੂੰ ਹੀ ਕਰਨ ਦਿਉ” ਦੇ ਮੰਤਰ ਵਾਲੇ ਮੋਹ ਦੇ ਪਸਪਰਦਾ ਕੁੱਝ ਨਾ ਕੁੱਝ ਤਾਂ ਅਜਿਹਾ ਹੈ ਜੋ ਗ਼ਲਤ ਹੋ ਰਿਹਾ ਹੈ।
ਕੋਈ ਨਹੀਂ ਜਾਣਦਾ ਕਿ ਲੈਫ਼ਟੀਨੈਂਟ ਜਨਰਲ ਪ੍ਰਵੀਨ ਬਖ਼ਸ਼ੀ ਦੇ ਦਾਅਵਿਆਂ ਨੂੰ ਖ਼ਾਰਜ ਕਰ ਦੇਣ ਪਿੱਛੇ ਸਰਕਾਰ ਦਾ ਮਨਸ਼ਾ ਕੀ ਸੀ। ਸਰਕਾਰ ਦੇ ਫ਼ੈਸਲੇ ਪਿੱਛੇ ਕੋਈ ‘ਮਕਸਦ’ ਛੁਪਿਆ ਹੋਣ ਦੇ ਦੋਸ਼ ਲਾਉਣਾ ਭਾਵੇਂ ਵਾਜਬ ਨਹੀਂ ਜਾਪਦਾ, ਫਿਰ ਵੀ ਇਹ ਦੱਸਣਾ ਗ਼ਲਤ ਨਹੀਂ ਮੌਜੂਦਾ ਸਿਆਸੀ ਹਜੂਮ ਨੇ ਹੀ ਕਦੇ ਸੀਨੀਆਰਤਾ ਦੀ ਪਾਕੀਜ਼ਗੀ ’ਤੇ ਕਾਫ਼ੀ ਜ਼ੋਰ ਦਿੱਤਾ ਸੀ। ਪਤਾ ਨਹੀ ਇਸ ਦੇ ਪਿੱਛੇ ਦੇ ਸਮੀਕਰਣ ਕੀ ਹੋਣਗੇ, ਪਰ ਹਰ ਸ਼ਹਿਰੀ ਨੂੰ ਇਹ ਜਤਾਉਣ ਦਾ ਹੱਕ ਹੈ ਕਿ ਸਰਕਾਰ ਨੇ ਇਹ ਫ਼ੈਸਲਾ ਬਿਨਾਂ ਸੋਚੇ ਸਮਝੇ ਲਿਆ ਹੈ। ਹੋ ਸਕਦਾ ਹੈ ਇਹ ਮਨੋਹਰ ਪਰੀਕਰ ਦੇ ਰਕਸ਼ਾ ਮੰਤਰਾਲੇ ਦਾ ਸਾਹਬ ਬਣ ਜਾਣ ਦਾ ਅਟੱਲ ਅੰਜਾਮ ਹੀ ਹੋਵੇ। ਇਹ ਵੀ ਹੋ ਸਕਦਾ ਹੈ ਕਿ ਸਰਕਾਰ ਨੇ ਸੋਚਿਆ ਹੋਵੇ ਕਿ ਜਦੋਂ ਅਹੁਦਾ ਤਿਆਗ ਰਹੇ ਥਲ ਸੈਨਾ ਮੁਖੀ ਨੇ ਸਿਆਸੀ ਪ੍ਰਭੂਆਂ ਦੇ ਹੁਕਮ ਦੀ ਤਾਮੀਲ ਅਤੇ ਸਮਝੌਤਾਵਾਦ ਦੀ ਪਿਰਤ ਪਾ ਹੀ ਦਿੱਤੀ ਹੈ ਤਾਂ ਇਸ ਕੋਲ ਆਪਣੇ ਧੜਾਮੁਖੀ ਹਿੱਤਾਂ ਨੂੰ ਪਾਲਣ ਦਾ ਅਧਿਕਾਰ ਤਾਂ ਆ ਹੀ ਗਿਆ ਹੈ। ਇਸ ਦੀ ਅਜਿਹੀ ਭੁੱਖ ਵਧਣੀ ਸੁਭਾਵਿਕ ਹੀ ਹੈ।
ਸਾਡੇ ‘ਵਿਸ਼ਲੇਸ਼ਕਾਂ’ ਦਾ ਇਹ ਆਮ ਮਤ ਹੈ ਕਿ ਹਥਿਆਰਬੰਦ ਸੈਨਾਵਾਂ ਇੱਕ ਸੰਸਥਾ ਹਨ। ਇਸ ਮੱਤ ਨਾਲ ਕੋਈ ਵਖਰੇਵਾਂ ਨਹੀਂ। ਜਿਹੜੇ ਇਸ ਸੰਸਥਾਗਤ ਸਨਮਾਨ ਦੀ ਮੰਗ ਕਰਦੇ ਹਨ, ਅਤੇ ਬਿਲਾ ਸ਼ੁਬ੍ਹਾ ਹੱਕਦਾਰ ਵੀ ਹਨ, ਉਨ੍ਹਾਂ ਅੰਦਰ ਇਸ ਦੀ ਹਿਫ਼ਾਜ਼ਤ ਲਈ ਖੜ੍ਹੇ ਹੋਣ ਦਾ ਜੇਰਾ ਵੀ ਹੋਣਾ ਚਾਹੀਦਾ ਹੈ।
20 june eਥੋੜ੍ਹੇ ਦਿਨ ਪਹਿਲਾਂ ਚੰਡੀਗੜ੍ਹ ਦੇ ਲੋਕ ਨਵੇਂ ਨਗਰ ਨਿਗਮ ਦੀ ਚੋਣ ਲਈ ਕਤਾਰਾਂ ’ਚ ਲੱਗੇ ਦਿਖਾਈ ਦਿੱਤੇ। ਭਾਜਪਾ ਨੇ ਬੜੀ ਸ਼ਾਨਦਾਰ ਜਿੱਤ ਹਾਸਲ ਕਰ ਲਈ। ਚੰਡੀਗੜ੍ਹ ਦੀ ਇਹ ਨਗਰ ਨਿਗਮ ਚੋਣ ਨੋਟਬੰਦੀ ਬਾਰੇ ਪਹਿਲਾ ਲੋਕ-ਫ਼ਤਵਾ ਸੀ। ਕੁਦਰਤਨ ਇਸ ਫ਼ਤਵੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੋਟਬੰਦੀ ਦੇ ਹੱਕ ਵਿੱਚ ਦਿੱਤੇ ਗਏ ਲੋਕ ਮਤ ਵਜੋਂ ਪ੍ਰਚਾਰਿਆ ਗਿਆ।
ਚੰਡੀਗੜ੍ਹ ਦੇ ਨਤੀਜਿਆਂ ਨੇ ਇੱਕ ਬੜਾ ਵਾਜਬ ਸਵਾਲ ਹਵਾ ਵਿੱਚ ਉਛਾਲਿਆ ਹੈ: ਕੀ ਹੁਣ ਸਹੀ ਮੌਕਾ ਨਹੀਂ ਕਿ ਭਾਜਪਾ ਆਪਣੇ ਮੋਢਿਆਂ ਤੋਂ ਬਾਦਲਾਂ ਦੇ ਅਕਾਲੀ ਦਲ ਦਾ ਬੋਝ ਲਾਹ ਸੁੱਟੇ? ਅਕਾਲੀ ਦਲ ਤੇ ਭਾਜਪਾ ਦਾ ਗਠਜੋੜ ਤਾਂ ਆਪਣੀ ਹੋਂਦ ਦਾ ਆਧਾਰ ਕੁੱਝ ਸਮਾਂ ਪਹਿਲਾਂ ਹੀ ਗਵਾ ਚੁੱਕਾ ਹੈ ਹਾਲਾਂਕਿ ਕਿਸੇ ਵੇਲੇ ਪੰਜਾਬ ਨੂੰ ਇਸ ਤੋਂ ਲਾਭ ਵੀ ਹੋਇਆ ਸੀ। ਹਾਲਾਂਕਿ ਸਿਆਸਤ ਵਿੱਚ ਕੁੱਝ ਵੀ ਸਥਿਰ ਨਹੀਂ ਹੁੰਦਾ, ਫਿਰ ਵੀ ਇਹ ਗੱਠਜੋੜ ਭਾਜਪਾ ਦੇ ਸਿਰਫ਼ ਤਿੰਨ ਮਹਾਰਥੀਆਂ-ਅਟਲ ਬਿਹਾਰੀ ਵਾਜਪਾਈ, ਮੁਰਲੀ ਮਨੋਹਰ ਜੋਸ਼ੀ ਅਤੇ ਐੱਲ.ਕੇ.ਅਡਵਾਨੀ- ਵੱਲੋਂ ਇਸ ਰਿਸ਼ਤੇ ਨੂੰ ਤਕੜਾ ਕਰਨ ਲਈ ਪਾਏ ਯੋਗਦਾਨ ਸਦਕਾ ਹੀ ਨਿਭ ਸਕਿਆ। ਇਸ ਗੱਠਜੋੜ ਤੋਂ ਸਿਆਸੀ ਸਥਿਰਤਾ ਪੈਦਾ ਹੋਈ ਜਿਸ ਦੀ ਇਸ ਸਰਹੱਦੀ ਅਤੇ ਅੱਤਿਵਾਦ ਦੇ ਝੰਬੇ ਸੂਬੇ ਨੂੰ ਬਹੁਤ ਲੋੜ ਸੀ। ਪਤੀ-ਪਤਨੀ ਵਾਲਾ ਇਹ ਖ਼ੁਸ਼ਨੁਮਾ ਰਿਸ਼ਤਾ ਪਿਛਲੇ ਕੁਝ ਸਮੇਂ ਤੋਂ ਸਿਰਫ਼ ਸਹੂਲਤੀ ਸਬੰਧ ਬਣ ਕੇ ਰਹਿ ਗਿਆ ਸੀ। ਇਸ ਵਿੱਚ ਤਲਾਕ ਦੀ ਗੁੰਜਾਇਸ਼ ਹੁਣ ਮੌਜੂਦ ਹੈ। ਚੌਟਾਲਿਆਂ ਨਾਲ ਤੋੜ-ਵਿਛੋੜੇ ਮਗਰੋਂ ਗੁਆਂਢੀ ਰਾਜ, ਹਰਿਆਣੇ ਵਿੱਚ ਸ਼ਾਨਦਾਰ ਜਿੱਤ ਹਾਸਲ ਕਰ ਲੈਣ ਨਾਲ ਤਾਂ ਰਿਸ਼ਤਾ ਚਾਕ ਹੋਣ ਦੀ ਸੰਭਾਵਨਾ ਹੋਰ ਵੀ ਮਜ਼ਬੂਤ ਹੋ ਗਈ।
ਪਿਛਲੇ ਮਹੀਨਿਆਂ ਦੌਰਾਨ ਇਹ ਮਾਮਲਾ ਪੰਜਾਬ ਭਾਜਪਾ ਦੀਆਂ ਸਫ਼ਾਂ ਵਿੱਚ ਕਾਫ਼ੀ ਭਖਿਆ ਰਿਹਾ ਹੈ ਕਿ ਬਾਦਲਾਂ ਨਾਲ ਸਾਂਝ ਰੱਖਣੀ ਹੈ ਜਾਂ ਨਹੀਂ। ਸਥਿਤੀ ਜਿਵੇਂ ਦੀ ਤਿਵੇਂ ਰੱਖਣ ਦਾ ਵਿਚਾਰ, ਫਿਲਹਾਲ, ਭਾਰੂ ਰਿਹਾ ਹੈ। ਉਂਜ, ਸੱਚ ਤਾਂ ਇਹ ਹੈ ਕਿ ਮਈ 2014 ਤੋਂ ਭਾਜਪਾ ਨੂੰ ਅਕਾਲੀਆਂ ਦੀ ਸੰਗਤ ਚੁਭਣ ਲੱਗੀ ਹੈ। ਅਕਾਲੀਆਂ ਦੀ ਵਿਗੜੀ ਹੋਈ ਸਾਖ਼ ਭਾਜਪਾ ਦੇ ਸੁਸ਼ਾਸਨ ਅਤੇ ਸੁਚੱਜੀ ਸਿਆਸਤ ਦੇ ਦਾਅਵੇ ਦਾ ਮੂੰਹ ਚਿੜ੍ਹਾਉਂਦੀ ਆ ਰਹੀ ਹੈ।
ਦੂਜੇ ਪਾਸੇ ਅਕਾਲੀਆਂ ਨੇ ਆਪਣੀ ਭੂਮਿਕਾ ਐਵੇਂ ਹੀ ਪੰਜਾਬ ਤੱਕ ਮਹਿਦੂਦ ਕਰ ਲਈ ਹੈ। ਖ਼ਾਸ ਤੌਰ ’ਤੇ ਮੈਂ ਸਮਝਦਾ ਹਾਂ ਕਿ ਜੇ ਗੱਠਜੋੜ ਵਾਲੀ ਮਜਬੂਰੀ ਨਾ ਹੁੰਦੀ ਤਾਂ ਪ੍ਰਕਾਸ਼ ਸਿੰਘ ਬਾਦਲ ਰਾਸ਼ਟਰੀ ਮਾਮਲਿਆਂ ਵਿੱਚ ਵਡੇਰੀ ਭੂਮਿਕਾ ਨਿਭਾ ਸਕਦੇ ਸਨ। ਇਸ ਵੇਲੇ ਉਹ ਦੇਸ਼ ਵਿੱਚ ਸਭ ਤੋਂ ਤਜਰਬੇਕਾਰ ਸਿਆਸਤਦਾਨ ਹਨ। ਸਰਹੱਦੀ ਸੂਬੇ ਤੋਂ ਹੋਣ ਅਤੇ ਇੱਕ ਅਹਿਮ ਧਾਰਮਿਕ ਜਮਾਤ ਦੇ ਪ੍ਰਤੀਨਿਧ ਵਜੋਂ ਪਿਛਲੇ ਦੋ ਦਹਾਕਿਆਂ ਦੌਰਾਨ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣੀ ਜਾਣੀ ਚਾਹੀਦੀ ਸੀ। ਹੁਣ ਉਮਰ ਦੇ ਤਕਾਜ਼ਿਆਂ ਮੁਤਾਬਕ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਕੌਮੀ ਭੂਮਿਕਾ ਤੋਂ ਲਾਂਭੇ ਹੋਣਾ ਪੈ ਗਿਆ ਹੈ।
ਐਨਾ ਹੀ ਨਹੀਂ, ਭਾਜਪਾ ਹੁਣ ਪੂਰੀ ਤਰ੍ਹਾਂ ਸਮਝ ਚੁੱਕੀ ਹੈ ਕਿ ਵੱਡੇ ਬਾਦਲ ਦਾ ਹੁਣ ਇੱਕੋ ਹੀ ਨਿਸ਼ਾਨਾ ਹੈ ਕਿ ਆਪਣੇ ਪੁੱਤਰ ਦਾ ਸਿਆਸੀ ਭਵਿੱਖ ਕਿਵੇਂ ਯਕੀਨੀ ਬਣਾਇਆ ਜਾਵੇ।
ਕੋਈ ਨਹੀਂ ਕਹਿ ਸਕਦਾ ਕਿ ਮੋਦੀ ਦੀ ਹਰਮਨਪਿਆਰਤਾ ਅਗਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਾਦਲਾਂ ਨੂੰ ਬਹੁਮਤ ਲੈ ਦੇਵੇਗੀ ਜਾਂ ਨਹੀਂ। ਪਰ ਇੱਕ ਗੱਲ ਤਾਂ ਤੈਅ ਹੈ ਕਿ ਹੁਣ ਭਾਜਪਾ ਬਹੁਤੀ ਦੇਰ ਅਕਾਲੀ ਦਲ ਵਾਲਾ ਜੂੜ ਆਪਣੇ ਪੈਰੀਂ ਪਾ ਕੇ ਨਹੀਂ ਰੱਖੇਗੀ।

ਕੱਲ੍ਹ, ਅਸੀਂ ਕ੍ਰਿਸਮਸ ਮਨਾਇਆ। ਇਸ ਇੱਕ ਦਿਨ ਲਈ ਅਸੀਂ ਆਪਣੀਆਂ ਚੁਸਤੀਆਂ-ਚਲਾਕੀਆਂ ਪਰ੍ਹਾਂ ਰੱਖ ਸਕਦੇ ਸਾਂ। ਇਹ ਦਿਨ ਹਰ ਸਾਲ ਸਾਨੂੰ ਹੱਸਣ ਖੇਡਣ ਦੀ ਖੁੱਲ੍ਹ ਦਿੰਦਾ ਹੈ। ਅਤੇ ਨਾਲ ਹੀ ਇੱਕ ਤਰ੍ਹਾਂ ਨਾਲ ਚੰਗੇ ਅਤੇ ਨੇਕ ਬਣਨ ਦਾ ‘ਹੁਕਮਨੁਮਾ’ ਸੱਦਾ ਵੀ ਦਿੰਦਾ ਹੈ। ਚੱਲੋ, ਇਸ ਸੱਦੇ ’ਤੇ ਅਮਲ ਕਰੀਏ ਅਤੇ ਗਰਮਾ-ਗਰਮ ਕੌਫ਼ੀ ਪੀਵੀਏ।

ਈਮੇਲ: kaffeeklatsch@tribuneindia.com


Comments Off on ਜ਼ਿੰਦਗੀ ਦਾ ਲੁਤਫ਼ ਪਰਤਾਉਣ ਦੀ ਕਲਾ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.