ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਫ਼ਿਲਮਾਂ ’ਚੋਂ ਗਾਇਬ ਹੋ ਰਿਹਾ ਫ਼ੌਜੀ ਚਿਤਰਣ

Posted On December - 31 - 2016

ਸੁਰਿੰਦਰ ਮੱਲ੍ਹੀ

ਫ਼ਿਲਮ ‘ਬਾਰਡਰ’ ਦੇ ਦ੍ਰਿ਼ਸ਼ ਵਿੱਚ ਸੁਨੀਲ ਸ਼ੈਟੀ, ਸੰਨੀ ਦਿਓਲ ਅਤੇ ਅਕਸ਼ੈ ਖੰਨਾ।

ਫ਼ਿਲਮ ‘ਬਾਰਡਰ’ ਦੇ ਦ੍ਰਿ਼ਸ਼ ਵਿੱਚ ਸੁਨੀਲ ਸ਼ੈਟੀ, ਸੰਨੀ ਦਿਓਲ ਅਤੇ ਅਕਸ਼ੈ ਖੰਨਾ।

ਭਾਰਤੀ ਸਿਨਮਾ ਦੇ ਇਤਿਹਾਸ ’ਚ ਯੁੱਧ ਨਾਲ ਸਬੰਧਤ ਫ਼ਿਲਮਾਂ ਨੂੰ ਪ੍ਰਮੁੱਖਤਾ ਕਿਵੇਂ ਮਿਲਣੀ ਸ਼ੁਰੂ ਹੋਈ ਸੀ? ਇਸ ਪ੍ਰਸ਼ਨ ਬਾਰੇ ਚੇਤਨ ਆਨੰਦ ਨੇ ਕਈ ਵਾਰ ਆਪਣੀ ਫ਼ਿਲਮ ‘ਹਕੀਕਤ’ ਦੇ ਮਾਧਿਅਮ ਰਾਹੀਂ ਵਿਸਥਾਰਪੂਰਬਕ ਜਾਣਕਾਰੀ ਦਿੱਤੀ ਸੀ ਕਿਉਂਕਿ ‘ਹਕੀਕਤ’ ਹੀ ਉਹ ਫ਼ਿਲਮ ਹੈ, ਜਿਸ ਨੇ ਫ਼ੌਜੀ ਜੀਵਨ ਨਾਲ ਸਬੰਧਤ ਇੱਕ ਤਰ੍ਹਾਂ ਦੇ ਦੌਰ ਦੀ ਸਥਾਪਨਾ ਕੀਤੀ ਸੀ। ਇਸ ਲਈ ਇਸ ਦਾ ਪਿਛੋਕੜ ਜਾਚਣਾ ਬਹੁਤ ਹੀ ਜ਼ਰੂਰੀ ਹੈ।
ਵੈਸੇ ਇੱਥੇ ਇਹ ਵੀ ਸਪਸ਼ੱਟ ਕਰ ਦੇਣਾ ਜ਼ਰੂਰੀ ਹੈ ਕਿ ਫ਼ੌਜੀ ਜੀਵਨ ਨਾਲ ਸਬੰਧਤ ਸਭ ਤੋਂ ਪਹਿਲਾਂ ਬਿਮਲ ਰਾਏ ਨੇ ‘ਉਸ ਨੇ ਕਹਾ  ਥਾ’ ਨਾਮ ਦੀ ਫ਼ਿਲਮ ਬਣਾਈ ਸੀ। ਇਹ ਫ਼ਿਲਮ ਕਾਂਗੜੇ ਦੇ ਰਹਿਣ ਵਾਲੇ ਲੇਖਕ ਚੰਦਰ ਸ਼ਰਮਾ ਗੁਲੇਰੀ ਦੀ ਇੱਕ ਨਿੱਕੀ ਕਹਾਣੀ ’ਤੇ ਆਧਾਰਿਤ ਸੀ। ਦਿਲਚਸਪ ਗੱਲ ਤਾਂ ਇਹ ਵੀ ਹੈ ਕਿ ਇਸ ਕਹਾਣੀ ਨੂੰ ਹਿੰਦੀ ਸਾਹਿਤ ਦੀ ਸਭ ਤੋਂ ਪਹਿਲੀ ‘ਨਿੱਕੀ ਕਹਾਣੀ’ ਵੀ ਕਿਹਾ ਜਾਂਦਾ ਹੈ।

ਫ਼ਿਲਮ ‘ਹਾਲੀਡੇਅ’ ਦੇ ਇੱਕ ਦ੍ਰਿ਼ਸ਼ ਵਿੱਚ ਸੋਨਾਕਸ਼ੀ ਸਿਨਹਾ ਅਤੇ ਅਕਸ਼ੈ ਕੁਮਾਰ।

ਫ਼ਿਲਮ ‘ਹਾਲੀਡੇਅ’ ਦੇ ਇੱਕ ਦ੍ਰਿ਼ਸ਼ ਵਿੱਚ ਸੋਨਾਕਸ਼ੀ ਸਿਨਹਾ ਅਤੇ ਅਕਸ਼ੈ ਕੁਮਾਰ।

ਮੁੱਢਲੇ ਰੂਪ ’ਚ ‘ਉਸ ਨੇ ਕਹਾ ਥਾ’ ਇੱਕ ਪ੍ਰੇਮ ਕਹਾਣੀ ਹੈ, ਜਿਸ ਵਿੱਚ ਨਾਇਕ (ਸੁਨੀਲ ਦੱਤ) ਆਪਣੀ ਪ੍ਰੇਮਿਕਾ (ਨੰਦਾ) ਦੇ ਪਤੀ ਨੂੰ ਮੌਤ ਦੇ ਮੂੰਹ ’ਚੋਂ ਬਚਾਉਣ ਲਈ ਲੜਾਈ ਦੇ ਮੋਰਚੇ ਵਿੱਚ ਆਪਣੀ ਕੁਰਬਾਨੀ ਦੇ ਦਿੰਦਾ ਹੈ। ਨਾਇਕ ਇਹ ਕੁਰਬਾਨੀ ਇਸ ਲਈ ਕਰਦਾ ਹੈ ਕਿਉਂਕਿ ਉਸ ਨੇ ਆਪਣੀ ਪ੍ਰੇਮਿਕਾ ਨੂੰ ਇਹ ਵਚਨ ਦਿੱਤਾ ਹੋਇਆ ਹੈ ਕਿ ਉਹ ਉਸ ਦੇ ਸੁਹਾਗ ਦੀ ਸਦਾ ਹੀ ਰੱਖਿਆ ਕਰੇਗਾ।
ਬਿਮਲ ਰਾਏ ਦੀ ਇਸ ਫ਼ਿਲਮ ’ਚ ਭਾਵਨਾਤਮਕ ਹੜ੍ਹ ਵਧੇਰੇ ਸੀ ਜਦੋਂਕਿ ਯੁੱਧ ਜਾਂ ਫ਼ੌਜ ਨਾਲ ਸਬੰਧਤ ਪਿਛੋਕੜ ਪਿੱਛੇ ਰਹਿ ਜਾਂਦਾ ਸੀ।  ਇਸ ਲਈ ਇਸ ਨੂੰ ਸੰਪੂਰਨ ਰੂਪ ’ਚ ਯੁੱਧ ਫ਼ਿਲਮ ਤਾਂ ਨਹੀਂ ਕਿਹਾ ਜਾ ਸਕਦਾ, ਪਰ ਇਸ ਨੇ ਇੱਕ ਨਵਾਂ ਧਰਾਤਲ ਫ਼ਿਲਮਸਾਜ਼ਾਂ ਨੂੰ ਜ਼ਰੂਰ ਸੌਂਪਿਆ ਸੀ। 1960 ਵਿੱਚ ਬਣੀ ਹੋਈ ‘ਉਸ ਨੇ ਕਹਾ ਥਾ’ ਨੂੰ ਉਸ ਵੇਲੇ ਪ੍ਰਮੁੱਖਤਾ ਮਿਲੀ, ਜਦੋਂ ਭਾਰਤ ਦਾ ਚੀਨ ਨਾਲ ਸੀਮਾ-ਯੁੱਧ ਹੋਇਆ ਸੀ। ਫਲਸਰੂਪ, ਇਸ ਕਿਰਤ ਨੇ ਪ੍ਰੇਰਨਾ ਦਾ ਕੰਮ ਕੀਤਾ ਸੀ।
ਚੀਨ ਨਾਲ ਹੋਏ ਯੁੱਧ ਨੇ ਭਾਰਤੀ ਲੋਕਾਂ ਦੀ ਮਾਨਸਿਕਤਾ ਨੂੰ ਹਿਲਾ ਦਿੱਤਾ ਸੀ। ਸਾਰਾ ਦੇਸ਼ ਇਸ ਅਚਾਨਕ ਹੋਏ ਵਿਸ਼ਵਾਸਘਾਤ ਤੋਂ ਦੁਖੀ ਹੋ ਗਿਆ ਸੀ। ਫ਼ਿਲਮਸਾਜ਼ ਵੀ ਇਸ ਤੋਂ ਅਲੱਗ ਨਹੀਂ ਸਨ ਕਿਉਂਕਿ ਚੇਤਨ ਆਨੰਦ ਕਾਫ਼ੀ ਸੰਵੇਦਨਸ਼ੀਲ ਫ਼ਿਲਮਸਾਜ਼ ਸੀ, ਇਸ ਲਈ ਉਸ ਨੇ ਇਸ ਯੁੱਧ ਨੂੰ ਸੁਨਹਿਰੀ ਪਰਦੇ ’ਤੇ ਉਤਾਰਨ ਲਈ ਸੋਚਿਆ, ਪਰ ਉਸ ਦੀ ਮੁਸ਼ਕਿਲ ਇਹ ਸੀ ਕਿ ਉਸ ਨੂੰ ਕੋਈ ਫਾਇਨਾਂਸਰ ਨਹੀਂ ਮਿਲ ਰਿਹਾ ਸੀ। ਵਿਤਰਕ ਵੀ ਫ਼ਿਲਮਾਂ ’ਚ ਯੁੱਧ ਦਾ ਜ਼ਿਕਰ ਸੁਣ ਕੇ ਪਿੱਛੇ ਹਟ ਜਾਂਦੇ ਸਨ। ਉਨ੍ਹਾਂ ਦੇ ਅਨੁਸਾਰ ਇਹ ਇੱਕ ਤਰ੍ਹਾਂ ਦੀ ਡਾਕੂਮੈਂਟਰੀ ਫ਼ਿਲਮ ਦਾ ਆਧਾਰ ਸੀ ਜਿਸ ਦਾ ਬਾਕਸ ਆਫਿਸ ’ਤੇ ਵੀ ਭਵਿੱਖ ਨਹੀਂ ਸੀ।
ਅਜਿਹੇ ਸਮੇਂ ’ਚ ਚੇਤਨ ਆਨੰਦ ਇੱਕ ਦਿਨ ਸਵੇਰੇ-ਸਵੇਰੇ ਪੰਜਾਬ ਦੇ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੂੰ ਮਿਲਣ ਲਈ ਚੰਡੀਗੜ੍ਹ ਗਿਆ। ਉਹ ਕੈਰੋਂ ਤੋਂ ਵਿੱਤੀ ਸਹਾਇਤਾ ਲੈਣਾ ਚਾਹੁੰਦਾ ਸੀ। ਚੇਤਨ ਨੇ ਸੰਖੇਪ ’ਚ ਆਪਣੇ ਪ੍ਰਾਜੈਕਟ ਬਾਰੇ ਸ੍ਰੀ ਕੈਰੋਂ ਨੂੰ ਜਾਣਕਾਰੀ ਦਿੱਤੀ। ਸ੍ਰੀ ਕੈਰੋਂ ਨੇ ਚੇਤਨ ਆਨੰਦ ਦਾ ਪ੍ਰਾਜੈਕਟ ਸੁਣ ਕੇ ਫੌਰੀ ਤੌਰ ’ਤੇ ਕਿਹਾ ‘‘ਮੇਰੇ ਕੋਲੋਂ ਹੁਣੇ ਹੀ ਐਡਵਾਂਸ ਲੈ ਜਾਓ। ਖ਼ਰਚੇ ਦੀ ਪ੍ਰਵਾਹ ਨਾ ਕਰੋ, ਪਰ ਸਾਡੇ ਫ਼ੌਜੀਆਂ ਨਾਲ ਪੂਰਾ ਇਨਸਾਫ਼ ਕਰਨਾ।’’
ਕਹਿਣ ਦੀ ਲੋੜ ਨਹੀਂ ਕਿ ਚੇਤਨ ਆਨੰਦ ਨੇ ਆਪਣਾ ਵਾਅਦਾ ਪੂਰਾ ਕੀਤਾ। ਅੱਜ ਵੀ ‘ਹਕੀਕਤ’ ਇੱਕ ਕਲਾਸੀਕਲ ਯੁੱਧ ਫ਼ਿਲਮ ਵਜੋਂ ਯਾਦ ਕੀਤੀ ਜਾਂਦੀ ਹੈ। ਇਸ ਦੀ ਪਟਕਥਾ ਅਤੇ ਗੀਤਾਂ ਨੇ ਯੁੱਧ ਭੂਮੀ ਦਾ ਅਜਿਹਾ ਮਾਹੌਲ ਸਿਰਜਿਆ ਸੀ ਕਿ ਦਰਸ਼ਕ ਵਾਰ-ਵਾਰ ਉਸ ਨੂੰ ਦੇਖਣ ਲਈ ਸਿਨਮਾ  ਘਰਾਂ ਵੱਲ ਵਹੀਰਾਂ ਘੱਤਦੇ ਨਜ਼ਰ ਆਏ ਸਨ।

ਫ਼ਿਲਮ ‘ਉਸ ਨੇ ਕਹਾ ਥਾ’ ਦਾ ਦ੍ਰਿ਼ਸ਼।

ਫ਼ਿਲਮ ‘ਉਸ ਨੇ ਕਹਾ ਥਾ’ ਦਾ ਦ੍ਰਿ਼ਸ਼।

ਉਂਜ ਕੇਤਨ ਨੇ ‘ਹਕੀਕਤ’ ਤੋਂ ਬਾਅਦ ਵੀ ‘ਹਿੰਦੋਸਤਾਨ ਕੀ ਕਸਮ’ ਨਾਂ ਦੀ ਇੱਕ ਹੋਰ ਅਜਿਹੀ ਹੀ ਸ਼੍ਰੇਣੀ ਦੀ ਫ਼ਿਲਮ  ਬਣਾਈ ਸੀ, ਪਰ ਜਿਹੜਾ ਜ਼ਜਬਾ ਉਸ ਨੇ ‘ਹਕੀਕਤ’ ਵਿੱਚ ਪ੍ਰਦਰਸ਼ਿਤ ਕੀਤਾ ਸੀ, ਉਸ ਨੂੰ ਉਹ ਖੁਦ ਵੀ ਦੁਬਾਰਾ ਦੁਹਰਾ ਨਹੀਂ ਸਕਿਆ ਸੀ। ਯਾਦ ਰਹੇ, ‘ਹਿੰਦੋਸਤਾਨ ਕੀ ਕਸਮ’ ਵਿੱਚ ਰਾਜ ਕੁਮਾਰ ਵਰਗਾ ਪਰਿਪੱਕ ਅਭਿਨੇਤਾ ਮੌਜੂਦ ਸੀ। ਇਸ ਦੇ ਉਲਟ ‘ਹਕੀਕਤ’ ਵਿੱਚ ਨਵਾਂ ਨਾਇਕ ਧਰਮਿੰਦਰ ਸੀ।
ਉਂਜ ਰਾਜ ਕੁਮਾਰ ਦਾ ਜ਼ਿਕਰ ਆਇਆ ਤਾਂ ਇੱਥੇ ਇਹ ਵੀ ਸਪੱਸ਼ਟ ਕਰ ਦੇਣਾ ਜ਼ਰੂਰੀ ਹੈ ਕਿ ਉਸ ਨੇ ਇੱਕ ਹੋਰ ਯੁੱਧ ਫ਼ਿਲਮ ‘ਫੂਲ ਬਨੇ ਅੰਗਾਰੇ’ (1966) ਵਿੱਚ ਵੀ ਬਤੌਰ ਫ਼ੌਜੀ ਪ੍ਰਮੁੱਖ ਭੂਮਿਕਾ ਅਦਾ ਕੀਤੀ ਸੀ। ਇਹ ਫ਼ਿਲਮ ਕੁਝ ਹੱਦ ਤੱਕ ਪਾਕਿਸਤਾਨੀ ਯੁੱਧ ਤੋਂ ਵੀ ਪ੍ਰੇਰਿਤ ਸੀ। ਨਾਇਕਾ ਦੀ ਭੂਮਿਕਾ ਇਸ ਵਿੱਚ ਮਾਲਾ ਸਿਨਹਾ ਨੇ ਅਦਾਕਾਰੀ ਕੀਤੀ ਸੀ।
ਦਰਅਸਲ 1965 ਤੋਂ 1975 ਤਕ ਦਾ ਸਮਾਂ ਅਜਿਹਾ ਸੀ ਕਿ ਫ਼ਿਲਮਸਾਜ਼ਾਂ ਨੇ ਯੁੱਧ ਨੂੰ ਆਪਣੀਆਂ ਫ਼ਿਲਮਾਂ ’ਚ ਜ਼ਰੂਰੀ ਰੂਪ ’ਚ ਇੱਕ ‘ਆਈਟਮ’ ਵਜੋਂ ਦਿਖਾਉਣ ਦਾ ਸਿਲਸਿਲਾ ਹੀ ਸ਼ੁਰੂ ਕਰ ਦਿੱਤਾ ਸੀ। ਕਾਰਨ? ਦਰਸ਼ਕ ਅਜਿਹੇ ਕਥਾਨਕਾਂ ਪ੍ਰਤੀ ਬਹੁਤ ਹੀ ਉਤਸੁਕ ਸਨ, ਜਿਨ੍ਹਾਂ ’ਚ ਫ਼ੌਜੀ ਜੀਵਨ ਨੂੰ ਕਿਸੇ ਨਾ ਕਿਸੇ ਰੂਪ ’ਚ ਪੇਸ਼ ਕੀਤਾ ਗਿਆ ਹੋਵੇ।
ਮਿਸਾਲ ਦੇ ਤੌਰ ’ਤੇ ਨਿਰਮਾਤਾ ਨਿਰਦੇਸ਼ਕ ਜੇ. ਓਮ ਪ੍ਰਕਾਸ਼ ਨੇ ਆਪਣੀ ਪਹਿਲੀ ਹੀ ਫ਼ਿਲਮ ‘ਆਸ ਕਾ ਪੰਛੀ’ ਨੂੰ ਇੱਕ ਯੁੱਧ ਪ੍ਰੇਰਿਤ ਕਿਰਤ ਵਜੋਂ ਪੇਸ਼ ਕੀਤਾ ਸੀ। ਇਸ ਫ਼ਿਲਮ ਦਾ ਨਾਇਕ (ਰਾਜਿੰਦਰ ਕੁਮਾਰ) ਇੱਕ ਅਜਿਹਾ ਫ਼ੌਜੀ ਸੀ ਜਿਹੜਾ ਵਿਪਰੀਤ ਪ੍ਰਸਥਿਤੀਆਂ ’ਚ ਵੀ ਆਪਣਾ ਮੰਤਵ ਨਹੀਂ  ਭੁੱਲਦਾ ਅਤੇ ਅੰਤ ਨੂੰ ਉਹ ਆਪਣੀ ਮੰਜ਼ਿਲ ਤਕ ਪਹੁੰਚ ਜਾਂਦਾ ਹੈ। ਫ਼ੌਜੀ ਜੀਵਨ ਨੂੰ ਸ਼ਰਧਾਂਜਲੀ ਦਿੰਦਿਆਂ ਹੋਇਆਂ ਹੀ ਨਿਰਮਾਤਾ ਐਸ. ਡੀ. ਨਾਰੰਗ ਨੇ ‘ਸ਼ਹਿਨਾਈ’ ਦਾ ਨਿਰਮਾਣ  ਕੀਤਾ ਸੀ। ਇਸ ਦਾ ਨਾਇਕ ਫ਼ੌਜੀ ਜੀਵਨ ਦਾ ਆਪਣੇ ਦੇਸ਼ ਪ੍ਰਤੀ ਇੰਨਾ ਪ੍ਰਤੀਬੱਧ ਹੈ ਕਿ ਬੇਸ਼ੱਕ ਉਸ ਦਾ ਆਪਣਾ ਪਿਤਾ ਇੱਕ ਲੜਾਈ ’ਚ  ਬਤੌਰ ਸੈਨਿਕ ਸ਼ਹੀਦ ਹੋ ਚੁੱਕਿਆ ਹੈ ਤਾਂ ਵੀ ਉਹ ਡੋਲਦਾ ਨਹੀਂ।  ਕਹਿਣ ਦਾ ਭਾਵ ਕਿ ਉਹ ਆਪਣੇ ਪਿਤਾ ਦੀ ਅਧੂਰੀ ਲੜਾਈ ਨੂੰ ਅੰਜ਼ਾਮ ਤਕ ਪਹੁੰਚਾਉਣ ਲਈ ਖੁਦ ਫ਼ੌਜ ’ਚ ਭਰਤੀ ਹੋ ਜਾਂਦਾ ਹੈ।
ਕਹਿਣ ਨੂੰ ਤਾਂ ਰਾਮਾਨੰਦ ਸਾਗਰ ਨੇ ਵੀ ‘ਲਲਕਾਰ’ ਨਾਮਕ ਇੱਕ ਇਸੇ ਸ਼੍ਰੇਣੀ ਦੀ ਫ਼ਿਲਮ ਬਣਾਈ ਸੀ, ਪਰ ਇਹ ਕਿਰਤ ਪ੍ਰਮੁੱਖ ਤੌਰ ’ਤੇ ਰੁਮਾਂਟਿਕ ਸ਼੍ਰੇਣੀ ਦੀ ਹੀ ਮੰਨੀ ਗਈ ਸੀ। ਦੇਵ ਆਨੰਦ ਦੀ ‘ਪ੍ਰੇਮ ਪੁਜਾਰੀ’ ਵੀ ਇਸੇ ਢਾਂਚੇ ਵਿੱਚ ਢਲੀ ਹੋਈ ਰੁਮਾਂਟਿਕ ਥ੍ਰਿੱਲਰ ਸੀ।
ਸੱਚਾਈ ਤਾਂ ਇਹ ਹੈ ਕਿ ‘ਬਾਰਡਰ’ ਤੋਂ ਬਾਅਦ ਹੁਣ ਇਸ ਸ਼੍ਰੇਣੀ ਦੀਆਂ ਫ਼ਿਲਮਾਂ ਜਾਂ ਤਾਂ ਆਦ੍ਰਿਸ਼ ਹੋ ਚੁੱਕੀਆਂ ਹਨ ਅਤੇ ਜਾਂ ਉਨ੍ਹਾਂ ਦੀ ਦਿਸ਼ਾ ਬਦਲ ਚੁੱਕੀ ਹੈ। ਫ਼ਰਹਾਨ ਅਖ਼ਤਰ ਦੀ ‘ਲਕਸ਼’ ਕੁਝ ਹੱਦ ਤਕ ਫ਼ੌਜੀ ਜੀਵਨ ਦੇ ਕਾਫ਼ੀ ਨਜ਼ਦੀਕ ਸੀ, ਪਰ ਇਸ ਦੀ ਪਟਕਥਾ ’ਚ ਕਈ ਤਰ੍ਹਾਂ ਦੇ ਪ੍ਰਸੰਗ ਜੁੜੇ ਹੋਏ ਹੋਣ ਕਰਕੇ ਇਹ ਕਿਰਤ ਆਪਣੇ ਮੰਤਵ ਤੋਂ ਭਟਕ ਗਈ ਸੀ। ਦੂਜੇ ਪਾਸੇ, ‘ਬਾਰਡਰ’ ਦਾ ਫੋਕਸ ਬਹੁਤ ਹੀ ਕੇਂਦਰਤ ਸੀ, ਇਸ ਲਈ ਇਹ ਇੱਕ ਜ਼ਬਰਦਸਤ ਹਿੱਟ ਸਿੱਧ ਹੋਈ ਸੀ।
ਉਂਜ ਕਹਿਣ ਨੂੰ ਤਾਂ ਹੁਣ ਵੀ ਫ਼ੌਜੀ ਜੀਵਨ ਨਾਲ ਸਬੰਧਤ ਫ਼ਿਲਮਾਂ ਦੇਖਣ ਨੂੰ ਮਿਲ ਰਹੀਆਂ ਹਨ, ਪਰ ਉਹ ਸਿਨੇਮੈਟਿਕ ਵਧੇਰੇ ਹਨ ਅਤੇ ਯਥਾਰਤਵਾਦੀ ਧਰਾਤਲ ਤੋਂ ਬਹੁਤ ਦੂਰ ਹਨ। ਮਿਸਾਲ ਦੇ ਤੌਰ ’ਤੇ ਅਕਸ਼ੈ ਕੁਮਾਰ ਦੀਆਂ ‘ਹਾਲੀਡੇਅ’ ਅਤੇ ‘ਏਅਰ ਲਿਫਟ’ ਵਰਗੀਆਂ ਫ਼ਿਲਮਾਂ ਦਾ ਪਿਛੋਕੜ ਤਾਂ ਫ਼ੌਜੀ ਜ਼ਰੂਰ ਹੈ, ਪਰ ਫ਼ੌਜ ਨੂੰ ਪਿੱਛੇ ਛੱਡ ਕੇ ਇਨ੍ਹਾਂ ਵਿੱਚ ਸਿਰਫ਼ ਨਾਇਕ ਦੀ ਨਿੱਜੀ ਸੋਚ ਨੂੰ ਹੀ ਉਜਾਗਰ ਕੀਤਾ ਗਿਆ ਹੈ। ‘ਰੁਸਤਮ’ ਤਾਂ ਬਿਲਕੁਲ ਥ੍ਰਿੱਲਰ ਹੀ ਬਣ ਗਈ ਸੀ।
ਜਿਸ ਤਰ੍ਹਾਂ ਦਾ ਮਾਹੌਲ ਹੁਣ ਸਾਡੇ ਦੇਸ਼ ’ਚ ਭਾਰੂ ਹੋ ਰਿਹਾ ਹੈ, ਉਸ ਅਨੁਸਾਰ ਤਾਂ ਫ਼ੌਜੀ ਨਾਇਕਾਂ ਦੀ ਫ਼ਿਲਮਾਂ ’ਚ ਭਰਮਾਰ ਹੋਣੀ ਚਾਹੀਦੀ ਸੀ, ਪਰ ਅਜਿਹਾ ਇਸ ਕਰਕੇ ਨਹੀਂ ਹੋ ਰਿਹਾ ਹੈ ਕਿਉਂਕਿ ਇਸ ਕਠਿਨ ਵਿਸ਼ੇ ਨੂੰ ਸੁਨਹਿਰੀ ਪਰਦੇ ’ਤੇ ਸੰਵੇਦਨਸ਼ੀਲਤਾ ਨਾਲ ਪੇਸ਼ ਕਰਨ ਲਈ ਬਹੁਤ ਹੀ ਸੂਖਮ ਅਤੇ ਤਕਨੀਕੀ ਤੌਰ ’ਤੇ ਕੁਸ਼ਲ ਕਲਾ ਚਾਹੀਦੀ ਹੈ। ਚੇਤਨ ਆਨੰਦ ਐਸ.ਡੀ. ਨਾਰੰਗ ਅਤੇ ਜੇ.ਪੀ. ਦੱਤਾ ਅਜਿਹੇ ਕਥਾਨਕਾਂ ਨੂੰ ਪ੍ਰਤੀਬੱਧਤਾ ਨਾਲ ਪੇਸ਼ ਕਰਨ ਦੀ ਯੋਗਤਾ ਰੱਖਦੇ ਹਨ।
ਇਨ੍ਹਾਂ ਫ਼ਿਲਮਸਾਜ਼ਾਂ ਦੇ ਵਿਪਰੀਤ ਹੁਣ ਦੇ ਫ਼ਿਲਮਸਾਜ਼ ਤਾਂ ਫ਼ੌਜੀ ਜੀਵਨ ਨੂੰ ਵੀ ਤੋੜ-ਮਰੋੜ ਕੇ ਪੇਸ਼ ਕਰਨ ਲੱਗ ਪਏ ਹਨ। ਕਹਿਣ ਨੂੰ ਤਾਂ ਇਨ੍ਹਾਂ ਦੀਆਂ ਕੁਝ ਕੁ ਫ਼ਿਲਮਾਂ ਫ਼ੌਜ ਦਾ ਚਿਤਰਣ ਕਰਦੀਆਂ ਹਨ, ਪਰ ਇਨ੍ਹਾਂ ’ਚੋਂ ਫ਼ੌਜੀ ਜੀਵਨ ਦੀਆਂ ਕਠਿਨਾਈਆਂ ਅਤੇ ਤਿਆਗ ਬਹੁਤ ਹੀ ਘੱਟ ਨਜ਼ਰ ਆ ਰਿਹਾ ਹੈ।

ਸੰਪਰਕ: 99154-93043


Comments Off on ਫ਼ਿਲਮਾਂ ’ਚੋਂ ਗਾਇਬ ਹੋ ਰਿਹਾ ਫ਼ੌਜੀ ਚਿਤਰਣ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.