ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

50 ਸਾਲਾਂ ਦੀ ਉਮਰ ਤੋਂ ਬਾਅਦ ਆਉਂਦੇ ਸਰੀਰਕ ਬਦਲਾਓ ਤੇ ਮਰਜ਼ਾਂ

Posted On December - 1 - 2016

ਡਾ. ਹਰਸ਼ਿੰਦਰ ਕੌਰ

10112cd _maxresdefaultਸਰੀਰ ਇੱਕ ਮਸ਼ੀਨ ਵਾਂਗ ਲਗਾਤਾਰ ਕੰਮ ਕਰਦਾ ਰਹਿੰਦਾ ਹੈ। ਇਸ ਦੇ ਪੁਰਾਣੇ ਸੈੱਲ ਟੁੱਟਦੇ ਝੜਦੇ ਰਹਿੰਦੇ ਹਨ ਤੇ ਲਗਾਤਾਰ ਨਵੇਂ ਸੈੱਲ ਬਣਦੇ ਰਹਿੰਦੇ ਹਨ। ਪੁਰਾਣੀ ਮਸ਼ੀਨ ਦੇ ਕੁਝ ਪੁਰਜ਼ੇ ਜਿਸ ਤਰ੍ਹਾਂ ਘਸ ਜਾਂਦੇ ਹਨ ਤੇ ਤਬਦੀਲ ਕਰਨੇ ਪੈਂਦੇ ਹਨ, ਉਸੇ ਤਰ੍ਹਾਂ ਹੀ ਸਰੀਰ ਦੇ ਕਈ ਅੰਗ ਘਸ ਜਾਂਦੇ ਹਨ ਤੇ ਕਈਆਂ ਵਿੱਚ ਨੁਕਸ ਪੈ ਜਾਂਦਾ ਹੈ ਜਿਸ ਦਾ ਇਲਾਜ ਕਰਨਾ ਪੈਂਦਾ ਹੈ। ਉਮਰ ਵਧਣ ਨਾਲ ਸਰੀਰ ਦੇ ਵੱਖੋ-ਵੱਖ ਅੰਗਾਂ ’ਤੇ ਅਲੱਗ ਅਲੱਗ ਪ੍ਰਭਾਵ ਪੈਂਦੇ ਹਨ ਜਿਵੇਂ:
ਸੈੱਲ: ਸੈੱਲ ਅੰਦਰਲੇ ਜੀਨ ਬੁੱਢੇ ਹੋ ਜਾਣ ’ਤੇ ਆਪਣੇ ਆਪ ਨੂੰ ਖ਼ਤਮ ਕਰ ਲੈਂਦੇ ਹਨ ਤੇ ਨਵੇਂ ਸੈੱਲ ਉੱਗਣ ਲੱਗ ਪੈਂਦੇ ਹਨ। ਉਮਰ ਵਧਣ ਨਾਲ ਸੈੱਲਾਂ ਦੀ ਵੰਡ ਹੌਲੀ ਹੋ ਜਾਂਦੀ ਹੈ ਤੇ ਚਮੜੀ ਦੀ ਲਚਕ ਘਟਣ ਨਾਲ ਇਹ ਢਿੱਲੀ ਪੈ ਜਾਂਦੀ ਹੈ। ਜਿਵੇਂ-ਜਿਵੇਂ ਸੈੱਲ ਵੰਡ ਕੇ ਦੋ ਜਾਂ ਚਾਰ ਵਿੱਚ ਤਬਦੀਲ ਹੋਣ ਦੀ ਥਾਂ ਲੰਮੇ ਹੁੰਦੇ ਰਹਿੰਦੇ ਹਨ, ਉਨ੍ਹਾਂ ਦੇ ਮਰ ਜਾਣ ਦੇ ਆਸਾਰ ਵੱਧ ਹੋ ਜਾਂਦੇ ਹਨ। ਸੈੱਲ ਵਿਚਲਾ ਟੀਲੋਮੀਅਰ ਸੈੱਲਾਂ ਦੀ ਮੌਤ ਦਾ ਐਲਾਨ ਕਰਨਾ ਹੈ। ਸੈੱਲਾਂ ਦੀ ਹਰ ਵੰਡ ਦੌਰਾਨ ਟੀਲੋਮੀਅਰ ਦਾ ਆਕਾਰ ਘਟਦਾ ਜਾਂਦਾ ਹੈ। ਜਦੋਂ ਟੀਲੋਮੀਅਰ ਕਣ ਬਹੁਤ ਜ਼ਿਆਦਾ ਛੋਟੇ ਹੋ ਜਾਂਦੇ ਹਨ ਅਤੇ ਹੋਰ ਟੁੱਟ ਕੇ ਦੋ ਬਣਨ ਵਿਚ ਅਸਮਰੱਥ ਹੋ ਜਾਂਦੇ ਹਨ ਤਾਂ ਸੈੱਲ ਹੋਰ ਵੰਡਿਆ ਨਹੀਂ ਜਾਂਦਾ ਤੇ ਹੌਲੀ ਹੌਲੀ ਖ਼ਤਮ ਹੋ ਜਾਂਦਾ ਹੈ। ਕਈ ਵਾਰ ਟੀਲੋਮੀਅਰ ਠੀਕ ਵੀ ਹੋਵੇ ਤਾਂ ਵੀ ਸੈੱਲ ਮਰ ਜਾਂਦੇ ਹਨ। ਇਸ ਦਾ ਕਾਰਨ ਹੁੰਦਾ ਹੈ- ਰੇਡੀਓ ਕਿਰਨਾਂ, ਕੀਮੋਥੈਰੇਪੀ, ਫਰੀ ਰੈਡੀਕਲ, ਤੇਜ਼ ਧੁੱਪ ਵਿੱਚ ਬਹੁਤ ਦੇਰ ਰਹਿਣਾ ਅਤੇ ਤੇਜ਼ ਦਵਾਈਆਂ ਆਦਿ।
ਅੱਖਾਂ:

ਡਾ. ਹਰਸ਼ਿੰਦਰ ਕੌਰ, ਐੱਮਡੀ, ਅਣਗੌਲੇ ਤੱਥ

ਡਾ. ਹਰਸ਼ਿੰਦਰ ਕੌਰ,

* ਅੱਖਾਂ ਅੰਦਰਲਾ ਲੈਂਜ਼ ਸਖ਼ਤ ਹੋ ਜਾਂਦਾ ਹੈ। ਲਚਕ ਖ਼ਤਮ ਹੁੰਦੇ ਸਾਰ ਨੇੜੇ ਦੀਆਂ ਚੀਜ਼ਾਂ ਸਾਫ਼ ਨਹੀਂ ਦਿਸਦੀਆਂ। ਲੈਂਜ਼  ਕੁਝ ਗਾੜ੍ਹਾ ਵੀ ਹੋ ਜਾਂਦਾ ਹੈ ਜਿਸ ਕਰਕੇ ਘੱਟ ਰੌਸ਼ਨੀ ਵਿੱਚ ਦਿਸਣਾ ਘੱਟ ਹੋ ਜਾਂਦਾ ਹੈ।
* ਤੇਜ਼ ਰੌਸ਼ਨੀ ਵਿੱਚ ਪੁਤਲੀ ਦੀ ਹਰਕਤ ਵਿੱਚ ਚੁਸਤੀ ਨਹੀਂ ਰਹਿੰਦੀ।
* ਲੈਂਜ਼  ਹਲਕੀ ਪਿਲੱਤਣ ਵਿੱਚ ਹੋ ਜਾਂਦਾ ਹੈ ਜਿਸ ਨਾਲ ਰੰਗਾਂ ਦੀ ਪਛਾਣ ਵਿੱਚ ਗੜਬੜੀ ਹੋ ਸਕਦੀ ਹੈ।
* ਨਰਵ ਸੈੱਲ ਘੱਟ ਹੋ ਜਾਣ ਕਾਰਨ ਡੂੰਘਾਈ ਦਾ ਅਹਿਸਾਸ ਵੀ ਘੱਟ ਹੋ ਜਾਂਦਾ ਹੈ।
* ਅੱਖਾਂ ਵਿੱਚ ਨਮੀ ਘਟਣ ਨਾਲ ਖੁਸਕੀ ਮਹਿਸੂਸ ਹੋਣ ਲੱਗਦੀ ਹੈ ਤੇ ਅੱਖਾਂ ਵਾਰ ਵਾਰ ਮਲਣੀਆਂ ਪੈਂਦੀਆਂ ਹਨ।
* ਸੱਠ ਸਾਲਾਂ ਤਕ ਪਹੁੰਚਦੇ ਡੇਢ ਫੁੱਟ ਤੋਂ ਨੇੜੇ ਦੀ ਰੱਖੀ ਬਾਰੀਕ ਚੀਜ਼ ਅਤੇ ਅੱਖਰ ਵੇਖਣ ਵਿੱਚ ਦਿੱਕਤ ਆ ਜਾਂਦੀ ਹੈ। ਕਿਸੇ ਕਿਸੇ ਦੀ ਦੂਰ ਦੀ ਨਿਗਾਹ ਵੀ ਕਮਜ਼ੋਰ ਹੋ ਜਾਂਦੀ ਹੈ।
* ਸੱਠ ਸਾਲ ਦੇ ਬੰਦੇ ਦੇ ਰੈਟੀਨਾ ਦੇ ਸੈੱਲ ਰੌਸ਼ਨੀ ਪ੍ਰਤੀ ਅਸੰਵੇਦਨਸ਼ੀਲ ਹੋ ਜਾਂਦੇ ਹਨ। ਇਸ ਉਮਰ ਵਿੱਚ ਪੜ੍ਹਨ ਲਈ 20 ਸਾਲ ਦੇ ਨੌਜਵਾਨ ਨਾਲੋਂ ਤਿੰਨ ਗੁਣਾਂ ਵੱਧ ਰੌਸ਼ਨੀ ਦੀ ਲੋੜ ਪੈਂਦੀ ਹੈ।
* ਪੁਤਲੀ ਦੇ ਸੁੰਗੜਨਾ ਤੇ ਫੈਲਣਾ ਹੌਲੀ ਹੋ ਜਾਣ ਸਦਕਾ ਇਕਦਮ ਹਨ੍ਹੇਰੇ ਵਿੱਚ ਜਾਂਦਿਆਂ ਉੱਕਾ ਹੀ ਨਾ ਦਿਸਣਾ ਤੇ ਤੇਜ਼ ਰੌਸ਼ਨੀ ਵਿੱਚ ਚੁੰਧਿਆ ਜਾਣਾ ਆਮ ਹੀ ਵੇਖਣ ਨੂੰ ਮਿਲਦਾ ਹੈ।
* ਚਿੱਟਾ ਜਾਂ ਕਾਲਾ ਮੋਤੀਆ ਵੀ ਹੋ ਸਕਦਾ ਹੈ।
* ਅੱਖਾਂ ਅੰਦਰਲੇ ਪਾਣੀ ਵਿਚਲਾ ਕੁਝ ਹਿੱਸਾ ਗਾੜ੍ਹਾ ਹੋਣ ਕਾਰਨ ‘ਫਲੋਟਰ’ ਜਾਂ ਕਾਲੇ ਧੱਬੇ ਜਿਹੇ ਕਦੇ ਕਦਾਈਂ ਅੱਖਾਂ ਅੱਗੇ ਘੁੰਮਦੇ ਮਹਿਸੂਸ ਹੋ ਸਕਦੇ ਹਨ।
* ਅੱਖਾਂ ਵਿਚਲੇ ਨਮੀ ਵਾਲੇ ਸੈੱਲ ਬਣਾਉਣ ਘਟਣ ਕਰਕੇ ਅੱਖਾਂ ਸੁੱਕੀਆਂ ਮਹਿਸੂਸ ਹੁੰਦੀਆਂ ਹਨ ਤੇ ਮਿੱਟੀ ਘੱਟਾ ਪੈ ਜਾਣ ਉੱਤੇ ਪੁਤਲੀ ਵਿੱਚ ਜ਼ਖ਼ਮ ਬਣ ਸਕਦੇ ਹਨ। ਹੰਝੂ ਵੀ ਘੱਟ ਹੋ ਜਾਂਦੇ ਹਨ।
* ਅੱਖਾਂ ਦੇ ਦੁਆਲੇ ਦੇ ਪੱਠੇ ਢਿੱਲੇ ਪੈਣ ਕਾਰਨ ਹੇਠਲੀ ਪਲਕ ਰਤਾ ਲਟਕ ਜਾਂਦੀ ਹੈ।
ਦਿਮਾਗ: ਦਿਮਾਗ ਅੰਦਰਲੇ ਸੈੱਲ ਉਮਰ ਵਧਣ ਨਾਲ ਲਗਾਤਾਰ ਘਟਦੇ ਰਹਿੰਦੇ ਹਨ। ਜੇ ਦਿਮਾਗ ਨੂੰ ਲਗਾਤਾਰ ਆਹਰੇ ਲਾਇਆ ਜਾਂਦਾ ਰਿਹਾ ਹੋਵੇ ਤੇ ਵਿਹਲਾ ਨਾ ਬਿਠਾਇਆ ਜਾਵੇ ਤਾਂ ਸੈੱਲਾਂ ਦੇ ਘਟਣ ਦੇ ਬਾਵਜੂਦ ਬਾਕੀ ਸੈੱਲਾਂ ਵਿਚਲੇ ਜੋੜ ਲਗਾਤਾਰ ਬਣਦੇ ਰਹਿੰਦੇ ਹਨ। ਜੇ ਦਿਮਾਗ ਨੂੰ ਲਿਖਣ ਪੜ੍ਹਨ ਵੱਲ ਲਾਈ ਰੱਖਿਆ ਜਾਵੇ ਤਾਂ ਨਵੇਂ ਸੈੱਲ ਵੀ ਬਣਨ ਲੱਗ ਪੈਂਦੇ ਹਨ।
ਦਰਅਸਲ ਕੁਦਰਤ ਨੇ ਦਿਮਾਗ ਵਿੱਚ ਪਹਿਲਾਂ ਹੀ ਕੁਝ ਫ਼ਾਲਤੂ ਸੈੱਲ ਭਰੇ ਹੁੰਦੇ ਹਨ ਜਿਨ੍ਹਾਂ ਨੂੰ ‘ਰਿਡੰਡੈਂਟ ਸੈੱਲ’ ਕਿਹਾ ਜਾਂਦਾ ਹੈ। ਇਨ੍ਹਾਂ ਸਦਕਾ ਹੀ ਬਹੁਤ ਸਾਰੇ ਲੋਕ ਇੱਕੋ ਸਮੇਂ ਕਈ ਤਰ੍ਹਾਂ ਦੇ ਕੰਮਾਂ ਨੂੰ ਕਰਨ ਦੀ ਸਮਰੱਥਾ ਰੱਖਦੇ ਹਨ ਜਿਵੇਂ ਇੰਜੀਨੀਅਰਿੰਗ ਦਾ ਕੰਮ ਅਤੇ ਗਾਉਣਾ। ਸੁਸਤ ਪਏ ਸੈੱਲਾਂ ਨੂੰ ਰਵਾਂ ਕਰਨ ਲਈ ਰੋਜ਼ਾਨਾਂ ਅਖ਼ਬਾਰ ਪੜ੍ਹ ਕੇ ਤੇ ਪਹੇਲੀਆਂ ਆਦਿ ਬੁੱਝ ਕੇ ਦਿਮਾਗ ਨੂੰ ਚੁਸਤ-ਦਰੁਸਤ ਰੱਖਿਆ ਜਾ ਸਕਦਾ ਹੈ। ਇਸ ਤਰ੍ਹਾਂ ਯਾਦਾਸ਼ਤ ਵੀ ਸਾਂਭੀ ਜਾ ਸਕਦੀ ਹੈ। ਜੇ ਅਜਿਹਾ ਨਾ ਕੀਤਾ ਜਾਵੇ ਤਾਂ ਵਧਦੀ ਉਮਰ ਨਾਲ-
* ਦਿਮਾਗ ਵੱਲ ਲਹੂ ਦਾ ਜਾਣਾ ਘੱਟ ਹੋ ਜਾਂਦਾ ਹੈ।
* ਨਾੜੀਆਂ ਭੀੜੀਆਂ ਹੋ ਜਾਂਦੀਆਂ ਹਨ।
* ਸੈੱਲਾਂ ਵਿੱਚੋਂ ਸੁਨੇਹੇ ਲਿਜਾਣ ਵਾਲੇ ਰਿਸੈਪਟਰ ਅਤੇ ਕੈਮੀਕਲ ਘੱਟ ਹੋ ਜਾਂਦੇ ਹਨ। ਇਸ ਕਰਕੇ ਸਰੀਰ ਦੀ ਹਿਲਜੁਲ ਹੌਲੀ ਹੋ ਜਾਂਦੀ ਹੈ ਤੇ ਕੰਮ ਮੁਕਾਉਣ ਵਿੱਚ ਵੀ ਜ਼ਿਆਦਾ ਸਮਾਂ ਲਗਦਾ ਹੈ।
* ਕੰਮ-ਕਾਰ ਕਰਨ ਦੀ ਸਮਰੱਥਾ ਤੇ ਸੋਚਣ ਸਮਝਣ ਦੀ ਸ਼ਕਤੀ ਘਟਣ ਲੱਗ ਜਾਂਦੀ ਹੈ।
* ਸੱਤਰ ਵਰ੍ਹਿਆਂ ਦੀ ਉਮਰ ਬਾਅਦ ਕੁਝ ਸ਼ਬਦ, ਲੋਕਾਂ ਤੇ ਥਾਵਾਂ ਦੇ ਨਾਂ, ਪਿਛਲੇ ਹਫ਼ਤੇ ਜਾਂ ਮਹੀਨੇ ਦੀਆਂ ਯਾਦਾਂ ਉਘਾੜਨ ਵਿੱਚ ਔਖਿਆਈ ਆਉਣ ਲੱਗ ਪੈਂਦੀ ਹੈ ਪਰ ਬਚਪਨ ਜਾਂ ਜਵਾਨੀ ਦੀ ਹਰ ਗੱਲ ਯਾਦ ਰਹਿ ਜਾਂਦੀ ਹੈ।
ਢਿੱਡ ਤੇ ਅੰਤੜੀਆਂ: ਇਸ ਉਮਰ ਵਿੱਚ ਖਾਣਾ ਹਜ਼ਮ ਹੌਲੀ ਹੁੰਦਾ ਹੈ ਤੇ ਢਿੱਡ ਭਰਿਆ ਮਹਿਸੂਸ ਹੁੰਦਾ ਹੈ। ਢਿੱਡ ਦੀ ਲਚਕ ਘਟਣ ਨਾਲ ਇੱਕੋ ਸਮੇਂ ਬਹੁਤਾ ਖਾਧਾ ਵੀ ਨਹੀਂ ਜਾਂਦਾ। ਲੈਕਟੇਜ਼ ਰਸ ਘਟਣ ਨਾਲ ਬਹੁਤ ਸਾਰੇ ਬਜ਼ੁਰਗਾਂ ਨੂੰ ਦੁੱਧ ਪੀਣ ਜਾਂ ਦੁੱਧ ਤੋਂ ਬਣੀਆਂ ਚੀਜ਼ਾਂ ਖਾਣ ਨਾਲ ਢਿੱਡ ਵਿਚ ਅਫਾਰਾ ਮਹਿਸੂਸ ਹੋਣ ਲੱਗ ਪੈਂਦਾ ਹੈ ਜਾਂ ਟੱਟੀਆਂ ਲੱਗ ਜਾਂਦੀਆਂ ਹਨ। ਅੰਤੜੀਆਂ ਦੀ ਹਿਲਜੁਲ ਘੱਟਣ ਨਾਲ ਕਬਜ਼ ਆਮ ਹੀ ਹੋ ਜਾਂਦੀ ਹੈ।
ਜਿਗਰ: ਜਿਗਰ ਦੇ ਸੈੱਲ ਘਟਣ ਨਾਲ ਇਸ ਦਾ ਕੰਮ-ਕਾਰ ਵੀ ਹੌਲੀ ਹੋ ਜਾਂਦਾ ਹੈ। ਘੱਟ ਰਸ ਨਿਕਲਣ ਸਦਕਾ ਹਾਜ਼ਮੇ ਵਿੱਚ ਦਿੱਕਤ ਆਉਂਦੀ ਹੈ। ਜਿਗਰ ਵੱਲ ਜਾਂਦਾ ਲਹੂ ਵੀ ਘੱਟ ਜਾਂਦਾ ਹੈ ਤੇ ਜਿਗਰ ਦਾ ਆਕਾਰ ਵੀ ਛੋਟਾ ਹੋ ਜਾਂਦਾ ਹੈ।
ਦਿਲ ਅਤੇ ਨਾੜੀਆਂ: ਦਿਲ ਦੇ ਪੱਠਿਆਂ ਅਤੇ ਨਾੜੀਆਂ ਦੀ ਲਚਕ ਘੱਟ ਹੋ ਜਾਂਦੀ ਹੈ। ਦਿਲ ਅੰਦਰ ਲਹੂ ਦਾ ਭਰਨਾ ਤੇ ਨਿਕਲਣਾ ਵੀ ਹੌਲੀ ਹੋ ਜਾਂਦਾ ਹੈ। ਜੇ ਭੱਜਣਾ, ਸਾਈਕਲ ਚਲਾਉਣਾ ਅਤੇ ਤੈਰਨਾ ਆਦਿ ਲਗਤਾਰ ਕੀਤੇ ਜਾਣ ਤਾਂ ਦਿਲ ਦੇ ਪੱਠੇ ਲੰਮੀ ਉਮਰ ਤਕ ਲਚਕੀਲੇ ਤੇ ਸਿਹਤਮੰਦ ਰੱਖੇ ਜਾ ਸਕਦੇ ਹਨ। ਨਾੜੀਆਂ ਭੀੜੀਆਂ ਹੋਣ ਕਾਰਨ ਹਾਰਟ ਅਟੈਕ ਤੇ ਪਾਸਾ ਮਾਰੇ ਜਾਣ ਦਾ ਖ਼ਤਰਾ ਵੀ ਕਈ ਗੁਣਾਂ ਵੱਧ ਹੋ ਜਾਂਦਾ ਹੈ।
ਫੇਫੜੇ: ਸਾਹ ਲੈਣ ਵਿਚ ਮਦਦ ਕਰਨ ਵਾਲੇ ਪੱਠੇ ਉਮਰ ਵਧਣ ਨਾਲ ਕਮਜ਼ੋਰ ਪੈ ਜਾਂਦੇ ਹਨ। ਫੇਫੜਿਆਂ ਅੰਦਰਲੇ ਐਲਵੀਓਲੀ ਤੇ ਪਤਲੀਆਂ ਲਹੂ ਦੀਆਂ ਨਸਾਂ ਵੀ ਘੱਟ ਹੋ ਜਾਂਦੀਆਂ ਹਨ। ਇਸੇ ਲਈ ਸਰੀਰ ਨੂੰ ਘੱਟ ਆਕਸੀਜਨ ਪਹੁੰਚਦੀ ਹੈ। ਇਸੇ ਕਰਕੇ ਕਸਰਤ ਕਰਨੀ ਔਖੀ ਹੋ ਸਕਦੀ ਹੈ। ਸਿਗਰਟ ਜਾਂ ਬੀੜੀ ਦਾ ਸੇਵਨ ਕਰਨ ਵਾਲਿਆਂ ਨੂੰ ਵੱਧ ਔਖਿਆਈ ਹੁੰਦੀ ਹੈ। ਰੈਗੂਲਰ ਕਸਰਤ ਕਰਨ ਵਾਲਿਆਂ ਨੂੰ ਘੱਟ ਦਿੱਕਤ ਆਉਂਦੀ ਹੈ। ਖੰਘਾਰ ਕੱਢਣ ਵਾਲੇ ਪੱਠੇ ਕਮਜ਼ੋਰ ਪੈ ਜਾਂਦੇ ਹਨ।
ਸੈਕਸ ਹਾਰਮੋਨ: ਔਰਤਾਂ ਵਿੱਚ ਸੈਕਸ ਹਾਰਮੋਨਾਂ ਦੀ ਘਾਟ ਪੁਰਸ਼ਾਂ ਨਾਲੋਂ ਛੇਤੀ ਹੋ ਜਾਂਦੀ ਹੈ ਤੇ ਮਾਹਵਾਰੀ ਬੰਦ ਹੋਣ ਨਾਲ ਈਸਟਰੋਜਨ ਦੀ ਕਮੀ ਹੋ ਜਾਂਦੀ ਹੈ। ਅੰਡਕੋਸ਼ ਤੇ ਬੱਚੇਦਾਨੀ ਦੇ ਆਕਾਰ ਛੋਟੇ ਹੋ ਜਾਂਦੇ ਹਨ। ਬੱਚੇਦਾਨੀ ਦੀ ਰਾਹ ਦੀ ਪਰਤ ਪਤਲੀ ਹੋ ਜਾਂਦੀ ਹੈ ਤੇ ਤਰਲ ਵੀ ਨਹੀਂ ਰਹਿੰਦੀ। ਇਸੇ ਲਈ ਸਰੀਰਕ ਸਬੰਧਾਂ ਦੌਰਾਨ ਖ਼ੁਰਕ, ਪੀੜ ਜਾਂ ਲਹੂ ਪੈ ਸਕਦਾ ਹੈ। ਛਾਤੀ ਦੇ ਪੱਠੇ ਵੀ ਢਿੱਲੇ ਪੈ ਜਾਂਦੇ ਹਨ। ਬੱਚੇ ਦੇ ਠਹਿਰਨ ਦੇ ਆਸਾਰ ਘੱਟ ਹੋ ਜਾਂਦੇ ਹਨ। ਇਸ ਉਮਰ ਵਿੱਚ ਸਰੀਰਕ ਸਬੰਧ ਬਣਾਉਣ ਵਿੱਚ ਕੋਈ ਰੋਕ ਨਹੀਂ ਹੁੰਦੀ ਬਲਕਿ ਬਹੁਤ ਸਾਰੀਆਂ ਕਰੀਮਾਂ ਤੇ ਜੈੱਲ ਬਜ਼ਾਰ ਵਿੱਚ ਮਿਲਦੇ ਹਨ ਜਿਸ ਨਾਲ ਕੁਦਰਤੀ ਤਰੀਕੇ ਹੀ ਨਮੀ ਵਧਾਈ ਜਾ ਸਕਦੀ ਹੈ ਤੇ ਚੁਸਤ-ਦਰੁਸਤ ਜ਼ਿੰਦਗੀ ਜੀਅ ਕੇ ਲੰਮੇ ਸਮੇਂ ਤਕ ਸਿਹਤਮੰਦ ਅਤੇ ਖ਼ੁਸ਼ਮਿਜ਼ਾਜ ਰਿਹਾ ਜਾ ਸਕਦਾ ਹੈ। ਇੰਜ ਰਿਸ਼ਤਿਆਂ ਵਿਚਲੀ ਫਿੱਕ ਵੀ ਘਟ ਜਾਂਦੀ ਹੈ।
ਪੁਰਸ਼ਾਂ ਵਿੱਚ ਇਹ ਹਾਰਮੋਨ ਹੌਲੀ ਹੌਲੀ ਘੱਟਦੇ ਹਨ। ਟੈਸਟੋਸਟੀਰੋਨ ਦੇ ਘਟਣ ਨਾਲ ਸ਼ੁਕਰਾਣੂ ਘੱਟ ਹੋ ਜਾਂਦੇ ਹਨ ਤੇ ਹੌਲੀ ਹੌਲੀ ਵਡੇਰੀ ਉਮਰ ਵਿੱਚ ਸਰੀਰਕ ਸਬੰਧ ਬਣਾਉਣ ਦੀ ਇੱਛਾ ਘੱਟ ਹੋਣ ਲੱਗ ਪੈਂਦੀ ਹੈ। ਬਹੁਗਿਣਤੀ ਪੁਰਸ਼ ਵਡੇਰੀ ਉਮਰ ਤਕ ਸਰੀਰਕ ਸਬੰਧ ਬਣਾਈ ਰੱਖਣ ਦੀ ਇੱਛਾ ਬਰਕਰਾਰ ਰੱਖਦੇ ਹਨ।
ਇਮਿਊਨ ਸਿਸਟਮ: ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ਦੇ ਸੈੱਲ ਕਮਜ਼ੋਰ ਪੈ ਜਾਂਦੇ ਹਨ। ਇਸੇ ਲਈ ਬਿਮਾਰੀਆਂ ਛੇਤੀ ਹੋਣ ਲੱਗ ਪੈਂਦੀਆਂ ਹਨ। ਕੈਂਸਰ ਦਾ ਖ਼ਤਰਾ ਕਈ ਗੁਣਾਂ ਵਧ ਜਾਂਦਾ ਹੈ। ਇਸ ਉਮਰ ਵਿੱਚ ਸ਼ੱਕਰ ਰੋਗ, ਜੋੜਾਂ ਦਾ ਦਰਦ ਤੇ ਖੰਘ-ਜ਼ੁਕਾਮ ਆਮ ਹੀ ਹੋਣ ਲੱਗ ਪੈਂਦਾ ਹੈ। ਫੇਫੜਿਆਂ ਵਿਚਲੇ ਇਮਿਊਨ ਸੈੱਲ ਕੀਟਾਣੂਆਂ ਨੂੰ ਮਾਰਨ ਵਿੱਚ ਅਸਮਰੱਥ ਹੋ ਜਾਂਦੇ ਹਨ ਜਿਸ ਕਰਕੇ ਨਿਮੂਨੀਆ ਮੌਤ ਦੀ ਵਜ੍ਹਾ ਬਣ ਜਾਂਦਾ ਹੈ।
ਹੱਡੀਆਂ ਵਿੱਚੋਂ ਲਹੂ ਦਾ ਬਣਨਾ: ਲਹੂ ਬਣਾਉਣ ਵਾਲੇ ਸੈੱਲ ਘੱਟ ਹੋ ਜਾਂਦੇ ਹਨ। ਇਸੇ ਲਈ ਲਹੂ ਵਗਣ ਉੱਤੇ ਜਾਂ ਬਿਮਾਰੀ ਸਮੇਂ ਲਹੂ ਦੀ ਕਾਫ਼ੀ ਘਾਟ ਹੋ ਜਾਂਦੀ ਹੈ।
ਇਨਸੂਲਿਨ ਤੇ ਗਰੋਥ ਹਾਰਮੋਨ: ਗਰੋਥ ਹਾਰਮੋਨ ਘਟਣ ਨਾਲ ਪੱਠੇ ਘੱਟ ਜਾਂਦੇ ਹਨ। ਐਲਡੋਸਟੀਰੋਨ ਘਟਣ ਨਾਲ ਸਰੀਰ ਅੰਦਰੋਂ ਲੂਣ ਦੀ ਕਮੀ ਸਦਕਾ ਪਾਣੀ ਦੀ ਘਾਟ ਛੇਤੀ ਹੋ ਜਾਂਦੀ ਹੈ। ਇਨਸੂਲਿਨ ਘੱਟ ਬਣਨ ਲੱਗ ਪੈਂਦੀ ਹੈ। ਇਸੇ ਲਈ ਸ਼ੱਕਰ ਰੋਗ ਤੋਂ ਬਚਣ ਲਈ ਰੋਜ਼ਾਨਾ ਕਸਰਤ ਤੇ ਘੱਟ ਥਿੰਦੇ ਵਾਲੀ ਖ਼ੁਰਾਕ ਹੀ ਲੈਣੀ ਚਾਹੀਦੀ ਹੈ।

ਸੰਪਰਕ: 0175-2216783


Comments Off on 50 ਸਾਲਾਂ ਦੀ ਉਮਰ ਤੋਂ ਬਾਅਦ ਆਉਂਦੇ ਸਰੀਰਕ ਬਦਲਾਓ ਤੇ ਮਰਜ਼ਾਂ
1 Star2 Stars3 Stars4 Stars5 Stars (1 votes, average: 5.00 out of 5)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.