ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

50 ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ

Posted On December - 8 - 2016

10812CD _AGEਡਾ. ਹਰਸ਼ਿੰਦਰ ਕੌਰ
(ਦੂਜੀ ਕਿਸ਼ਤ)

ਗੁਰਦੇ: ਸੈੱਲ ਘਟਣ ਨਾਲ ਗੁਰਦੇ ਵੀ ਛੋਟੇ ਹੋ ਜਾਂਦੇ ਹਨ। ਤੀਹ ਸਾਲ ਦੀ ਉਮਰ ਤੋਂ ਬਾਅਦ ਹੀ ਗੁਰਦੇ ਦਾ ਫਿਲਟਰ ਕੰਮ ਘਟਾਉਣਾ ਸ਼ੁਰੂ ਕਰ ਦਿੰਦਾ ਹੈ। ਪਿਸ਼ਾਬ ਦਾ ਮਸਾਣਾ ਕਮਜ਼ੋਰ ਹੋਣ ਅਤੇ ਬਲੈਡਰ ਥੈਲੀ ਦੇ ਸੁੰਗੜਨ ਕਾਰਨ ਪਿਸ਼ਾਬ ਵਾਰ ਵਾਰ ਆਉਣ ਲੱਗ ਪੈਂਦਾ ਹੈ। ਕਈ ਵਾਰ ਆਪਣੇ ਆਪ ਹੀ ਬੂੰਦਾਂ ਨਿਕਲ ਜਾਂਦੀਆਂ ਹਨ। ਪਿਸ਼ਾਬ ਦੀ ਥੈਲੀ ਢਿੱਲੀ ਪੈ ਜਾਣ ਕਾਰਨ ਕਈ ਵਾਰ ਪੂਰਾ ਪਿਸ਼ਾਬ ਕੀਤਾ ਨਹੀਂ ਜਾਂਦਾ ਤੇ ਥੈਲੀ ਵਿੱਚ ਬਚਿਆ ਰਹਿ ਜਾਂਦਾ ਹੈ ਜੋ ਕੀਟਾਣੂਆਂ ਦੇ ਹਮਲੇ ਦਾ ਕਾਰਨ ਬਣ ਸਕਦਾ ਹੈ। ਔਰਤਾਂ ਵਿੱਚ ਵੀ ਪਿਸ਼ਾਬ ਦਾ ਰਾਹ ਸੁੰਗੜ ਜਾਂਦਾ ਹੈ। ਪੁਰਸ਼ਾਂ ਵਿੱਚ ਗਦੂਦਾਂ ਦਾ ਆਕਾਰ ਵਧਣ ਨਾਲ ਪਿਸ਼ਾਬ ਕਰਨ ਵਿਚ ਦਿੱਕਤ ਆਉਣ ਲੱਗ ਪੈਂਦੀ ਹੈ।
Dr. Harshinder Kaurwith Sarbjit Dhaliwal storyਹੱਡੀਆਂ ਤੇ ਜੋੜ: ਹੱਡੀਆਂ ਕਮਜ਼ੋਰ ਹੋਣ ਕਰਕੇ ਛੇਤੀ ਟੁੱਟ ਸਕਦੀਆਂ ਹਨ। ਈਸਟਰੋਜਨ ਹੱਡੀਆਂ ਨੂੰ ਤਾਕਤ ਬਖ਼ਸ਼ਦੀ ਹੈ ਪਰ ਮਾਹਵਾਰੀ ਦੇ ਬੰਦ ਹੋਣ ਬਾਅਦ ਈਸਟਰੋਜਨ ਘਟਣ ਸਦਕਾ ਔਰਤਾਂ ਦੀਆਂ ਹੱਡੀਆਂ ਬਹੁਤ ਕਮਜ਼ੋਰ ਪੈ ਜਾਂਦੀਆਂ ਹਨ। ਸਰੀਰ ਖਾਧੀ ਹੋਈ ਖ਼ੁਰਾਕ ਵਿੱਚੋਂ ਘੱਟ ਕੈਲਸ਼ੀਅਮ ਹਜ਼ਮ ਕਰਨ ਲੱਗ ਪੈਂਦਾ ਹੈ। ਵਿਟਾਮਿਨ ‘ਡੀ’ ਦੀ ਕਮੀ ਵੀ ਹੋ ਜਾਂਦੀ ਹੈ। ਕੁਝ ਹੱਡੀਆਂ ਵੱਧ ਖੁਰਦੀਆਂ ਹਨ ਤੇ ਕੁਝ ਘੱਟ। ਵੱਧ ਖੁਰਨ ਵਾਲੀਆਂ ਹੱਡੀਆਂ ਹਨ ਪੱਟ ਦੀ ਹੱਡੀ ਦਾ ਸਿਰਾ, ਗੁੱਟ, ਬਾਹਵਾਂ ਦੀਆਂ ਹੱਡੀਆਂ ਦੇ ਸਿਰੇ ਅਤੇ ਰੀੜ੍ਹ ਦੀ ਹੱਡੀ ਦੇ ਮਣਕੇ। ਗਲੇ ਦੀ ਹੱਡੀ ਦੇ ਅਗਾਂਹ ਮੁੜਨ ਕਰਕੇ ਗਲੇ ਨੂੰ ਪਿਛਲੇ ਪਾਸਿਓਂ ਦਬਾਓ ਪੈ ਜਾਂਦਾ ਹੈ ਤੇ ਰੋਟੀ ਅੰਦਰ ਲੰਘਾਉਣ ਸਮੇਂ ਹੱਥੂ ਆ ਸਕਦਾ ਹੈ। ਰੀੜ੍ਹ ਦੀ ਹੱਡੀ ਦੇ ਮਣਕੇ ਘਸ ਕੇ ਛੋਟੇ ਹੋ ਜਾਂਦੇ ਹਨ ਜਿਸ ਕਰਕੇ ਸਰੀਰ ਦੀ ਲੰਬਾਈ ਕੁਝ ਘਟ ਜਾਂਦੀ ਹੈ। ਜੋੜਾਂ ਵਿਚਲੀ ਗਰੀਸ ਘਟਣ ਨਾਲ ਜੋੜਾਂ ਵਿੱਚ ਤਕਲੀਫ਼ ਪੈਦਾ ਹੋਣ ਲੱਗ ਪੈਂਦੀ ਹੈ। ਜੋੜਾਂ ਵਿਚਲੇ ਲਿਗਾਮੈਂਟ ਕਸੇ ਜਾਣ ਕਰਕੇ ਜੋੜ ਆਕੜਨ ਲੱਗ ਪੈਂਦੇ ਹਨ। ਅਜਿਹੀਆਂ ਸਮੱਸਿਆਵਾਂ ਤੋਂ ਬਚਾਅ ਲਈ ਰੋਜ਼ਾਨਾ ਦੀ ਕਸਰਤ ਲਾਜ਼ਮੀ ਹੈ।
ਪੱਠੇ: ਪੱਠਿਆਂ ਦਾ ਆਕਾਰ ਤੇ ਤਾਕਤ 30 ਵਰ੍ਹਿਆਂ ਦੀ ਉਮਰ ਤੋਂ ਬਾਅਦ ਘਟਣ ਲੱਗ ਪੈਂਦੇ ਹਨ। ਪੱਠੇ ਹਲਕੇ ਜਿਹੇ ਲਟਕ ਵੀ ਜਾਂਦੇ ਹਨ। ਬਾਕੀ ਦੀ ਪੂਰੀ ਉਮਰ ਪੱਠਿਆਂ ਦਾ ਆਕਾਰ ਘਟਦਾ ਰਹਿੰਦਾ ਹੈ। ਟੈਸਟੋਸਟੀਰੋਨ ਦੇ ਘਟਣ ਨਾਲ ਪੱਠੇ ਹੋਰ ਪਤਲੇ ਹੋ ਜਾਂਦੇ ਹਨ। ਪੱਠੇ ਛੇਤੀ ਨਾਲ ਖੁੱਲ੍ਹਦੇ ਤੇ ਮੁੜਦੇ ਵੀ ਨਹੀਂ ਜਿਸ ਸਦਕਾ ਸਰੀਰ ਵੀ ਢਿੱਲਾ ਪੈ ਜਾਂਦਾ ਹੈ। ਜਿੰਨੇ ਪੱਠੇ ਜਵਾਨੀ ਵੇਲੇ ਤਾਕਤ ਨਾਲ ਭਰ ਲਏ ਜਾਣ, ਉਸ ਤੋਂ ਸਿਰਫ਼ 10 ਤੋਂ 15 ਫ਼ੀਸਦੀ ਹੀ ਬੁਢੇਪੇ ਵੇਲੇ ਘਟਦੇ ਹਨ। ‘ਸਾਰਕੋਪੀਨੀਆ’ ਜਾਂ ਪੱਠਿਆਂ ਦਾ ਉੱਕਾ ਹੀ ਸੁੱਕ ਜਾਣਾ, ਸਿਰਫ਼ ਬੁਢੇਪੇ ਕਾਰਨ ਨਹੀਂ ਹੁੰਦਾ ਸਗੋਂ ਕਿਸੇ ਲੰਬੀ ਬਿਮਾਰੀ ਜਾਂ ਬਿਲਕੁਲ ਹੀ ਹਿਲਜੁਲ ਨਾ ਕਰਨ ਸਦਕਾ ਵੀ ਹੋ ਸਕਦਾ ਹੈ।
ਜ਼ਰੂਰੀ ਨੁਕਤਾ: 50 ਵਰ੍ਹਿਆਂ ਦੀ ਉਮਰ ਤੋਂ ਬਾਅਦ ਕਿਸੇ ਵੀ ਬਿਮਾਰੀ ਕਾਰਨ ਜੇ ਮੰਜੇ ਉੱਤੇ ਲੇਟਣਾ ਪੈ ਜਾਵੇ ਤਾਂ ਹਰ ਲੇਟਣ ਦੇ ਇੱਕ ਦਿਨ ਵਿਚਲੀ ਪੱਠਿਆਂ ਦੀ ਘਟੀ ਤਾਕਤ ਦੁਬਾਰਾ ਹਾਸਲ ਕਰਨ ਲਈ 2 ਹਫ਼ਤੇ ਵਾਧੂ ਕਸਰਤ ਕਰਨੀ ਪੈਂਦੀ ਹੈ। ਲਗਾਤਾਰ ਕਸਰਤ ਕਰਦੇ ਰਹਿਣ ਨਾਲ ਪੱਠਿਆਂ ਦਾ ਆਕਾਰ ਵੀ ਲੰਮੇ ਸਮੇਂ ਤਕ ਬਰਕਰਾਰ ਰੱਖਿਆ ਜਾ ਸਕਦਾ ਹੈ। ਇਸ ਵਾਸਤੇ ਬੈਠਕਾਂ ਮਾਰਨਾ, ਭਾਰ ਚੁੱਕਣਾ, ਡੰਬਲ ਵਰਤਣਾ ਤੇ ਵੱਡੇ ਰਬੜ ਖਿੱਚਣ ਆਦਿ ਵਰਗੀਆਂ ਕਸਰਤਾਂ ਸਹੀ ਰਹਿੰਦੀਆਂ ਹਨ। 75 ਵਰ੍ਹਿਆਂ ਦੀ ਉਮਰ ਤਕ ਸਰੀਰ ਵਿਚਲਾ ਫੈਟ ਜਾਂ ਥਿੰਦਾ ਜਵਾਨੀ ਨਾਲੋਂ ਦੁੱਗਣਾ ਹੋ ਜਾਂਦਾ ਹੈ ਜੋ ਬਿਮਾਰੀਆਂ ਦੀ ਜੜ੍ਹ ਬਣ ਜਾਂਦਾ ਹੈ। ਅਜਿਹਾ ਥਿੰਦਾ ਪੱਠਿਆਂ ਨੂੰ ਵੀ ਖੋਰ ਦਿੰਦਾ ਹੈ। ਇਸੇ ਲਈ ਰੋਜ਼ਾਨਾ ਕਸਰਤ ਦੀ ਬਹੁਤ ਅਹਿਮੀਅਤ ਹੈ, ਖ਼ਾਸ ਕਰ ਸ਼ੱਕਰ ਰੋਗ ਵਿੱਚ ਕਸਰਤ ਹੋਰ ਵੀ ਜ਼ਿਆਦਾ ਅਹਿਮ ਹੈ।
ਵੱਖੋ-ਵੱਖਰੇ ਅੰਗ: ਸੈੱਲਾਂ ਦੇ ਲਗਾਤਾਰ ਟੁੱਟਦੇ ਰਹਿਣ ਤੇ ਹੋਰ ਨਾ ਬਣਨ ਸਦਕਾ ਹਰ ਅੰਗ ਵਿਚਲੇ ਸੈੱਲ ਘੱਟ ਹੋ ਜਾਂਦੇ ਹਨ ਜਿਵੇਂ ਗੁਰਦੇ, ਜਿਗਰ, ਅੰਡਕੋਸ਼ ਤੇ ਗਦੂਦ ਆਦਿ। ਇਸੇ ਕਰਕੇ ਇਹ ਸਾਰੇ ਅੰਗ ਪੂਰਾ ਕੰਮ ਨਹੀਂ ਕਰ ਸਕਦੇ। ਦਿਮਾਗ ਵਿੱਚੋਂ ਬਹੁਤੇ ਸੈੱਲ ਨਹੀਂ ਘਟਦੇ। ਪਰ ਜੇ ਨਸ ਬੰਦ ਹੋਣ ਨਾਲ ਪਾਸਾ ਮਾਰਿਆ ਗਿਆ ਹੋਵੇ ਜਾਂ ਨਸਾਂ ਦੇ ਸੁੱਕਣ ਦੀ ਬਿਮਾਰੀ ਹੋਵੇ ਤਾਂ ਕਾਫ਼ੀ ਸੈੱਲ ਖ਼ਤਮ ਹੋ ਜਾਂਦੇ ਹਨ।
ਸਰੀਰ ਅੰਦਰਲੇ ਸਾਰੇ ਅੰਗ ਇੱਕ ਦੂਜੇ ਨਾਲ ਮਿਲ ਕੇ ਕੰਮ ਕਰਦੇ ਹਨ। ਜੇ ਕੋਈ ਇੱਕ ਅੰਗ ਆਪਣਾ ਕੰਮ ਕਾਰ ਘਟਾ ਦੇਵੇ ਤਾਂ ਇਸ ਦਾ ਅਸਰ ਬਾਕੀ ਸਾਰੇ ਅੰਗਾਂ ਉੱਤੇ ਵੀ ਪੈ ਜਾਂਦਾ ਹੈ। ਤੀਹ ਸਾਲਾਂ ਦੀ ਉਮਰ ਤਕ ਸਾਰੇ ਅੰਗ ਬਹੁਤ ਫੁਰਤੀਲੇ ਹੁੰਦੇ ਹਨ ਪਰ ਫਿਰ ਹੌਲੀ ਹੌਲੀ ਕੰਮ ਕਾਰ ਘਟਾ ਦਿੰਦੇ ਹਨ। ਇਸੇ ਲਈ ਤਿੱਖੀ ਧੁੱਪ, ਬਹੁਤੀ ਠੰਢ, ਬਹੁਤੀ ਸਖ਼ਤ ਕਸਰਤ ਤੇ ਇਕਦਮ ਕਿਸੇ ਦੀ ਮੌਤ ਦੀ ਖ਼ਬਰ ਆਦਿ ਵਧਦੀ ਉਮਰ ਵਿੱਚ ਜਾਨਲੇਵਾ ਸਾਬਤ ਹੋ ਸਕਦੇ ਹਨ।
ਕੰਨ: ਸਾਰੀ ਉਮਰ ਉੱਚੀਆਂ ਆਵਾਜ਼ਾਂ ਸੁਣਨ ਕਰਕੇ ਹੌਲੀ ਹੌਲੀ ਕੰਨਾਂ ਦੀ ਸੁਣਨ ਸ਼ਕਤੀ ਘਟ ਜਾਂਦੀ ਹੈ। ਵਡੇਰੀ ਉਮਰ ਵਿੱਚ ਤਿੱਖੀ ਚੀਕਵੀਂ ਆਵਾਜ਼ ਸੁਣਨੀ ਔਖੀ ਹੋ ਜਾਂਦੀ ਹੈ। ਇਸੇ ਲਈ ਕਈ ਵਾਰ ਬਜ਼ੁਰਗਾਂ ਨੂੰ ਆਪਣੀਆਂ ਵਹੁਟੀਆਂ ਤੇ ਨਿੱਕੇ ਬੱਚਿਆਂ ਦੀ ਆਵਾਜ਼ ਸੌਖਿਆਂ ਨਹੀਂ ਸੁਣਦੀ। ਇਸੇ ਲਈ ਬਜ਼ੁਰਗਾਂ ਦੇ ਨੇੜੇ ਹੋ ਕੇ ਇੱਕ ਇੱਕ ਅੱਖਰ ਸਾਫ਼ ਤੇ ਅਲੱਗ ਬੋਲਣ ਦੀ ਲੋੜ ਹੁੰਦੀ ਹੈ, ਨਾ ਕਿ ਉੱਚੀ ਤੇ ਤੇਜ਼ ਤੇਜ਼ ਬੋਲ ਕੇ ਗੱਲ ਸੁਣਾਉਣ ਦੀ। ਛੇਤੀ ਛੇਤੀ ਬੋਲਣਾ ਬਜ਼ੁਰਗਾਂ ਨੂੰ ਸੁਣਦਾ ਹੀ ਨਹੀਂ ਤੇ ਉਨ੍ਹਾਂ ਨੂੰ ਇੰਜ ਲੱਗਦਾ ਹੈ ਜਿਵੇਂ ਕੋਈ ਮੂੰਹ ਵਿੱਚ ਹੀ ਗੁਣਗੁਣਾ ਰਿਹਾ ਹੈ।
ਚਮੜੀ: ਵਡੇਰੀ ਉਮਰ ਵਿੱਚ ਚਮੜੀ ਪਤਲੀ ਖ਼ੁਰਦਰੀ ਤੇ ਝੁਰੜੀਆਂ ਨਾਲ ਭਰ ਜਾਂਦੀ ਹੈ। ਜਿਹੜੇ ਜਣੇ ਬਹੁਤੀ ਧੁੱਪ ਵਿੱਚ ਨਾ ਫਿਰਦੇ ਰਹੇ ਹੋਣ, ਉਹ ਆਪਣੀ ਉਮਰ ਤੋਂ ਛੋਟੇ ਲੱਗਦੇ ਹਨ ਕਿਉਂਕਿ ਉਨ੍ਹਾਂ ਦੀ ਚਮੜੀ ਓਨੀ ਖ਼ਰਾਬ ਨਹੀਂ ਹੁੰਦੀ। ਚਮੜੀ ਵਿੱਚ ਕੋਲਾਜਨ ਤੇ ਈਲਾਸਟਿਨ ਘਟਣ ਕਾਰਨ ਚਮੜੀ ਛੇਤੀ ਫਟਣ ਲੱਗ ਪੈਂਦੀ ਹੈ। ਚਮੜੀ ਹੇਠਲੀ ਥਿੰਦੇ ਦੀ ਪਰਤ ਵੀ ਪਤਲੀ ਹੋ ਜਾਂਦੀ ਹੈ ਜੋ ਸਰੀਰ ਅੰਦਰਲੀ ਗਰਮੀ ਨੂੰ ਬਾਹਰ ਨਿਕਲਣ ਤੋਂ ਰੋਕ ਨਹੀਂ ਸਕਦੀ ਤੇ ਵਡੇਰੀ ਉਮਰ ਵਿੱਚ ਛੇਤੀ ਠੰਢ ਲੱਗਣ ਦੇ ਆਸਾਰ ਵਧ ਜਾਂਦੇ ਹਨ। ਚਮੜੀ ਵਿੱਚ ਦਿਮਾਗ ਵੱਲੋਂ ਆਉਂਦੀਆਂ ਨਸਾਂ ਵੀ ਘੱਟ ਹੋ ਜਾਂਦੀਆਂ ਹਨ। ਇਸੇ ਲਈ ਪੀੜ, ਤਾਪਮਾਨ ਤੇ ਦਬਾਅ ਨੂੰ ਮਹਿਸੂਸ ਕਰਨ ਦੀ ਤਾਕਤ ਵੀ ਘਟ ਜਾਂਦੀ ਹੈ। ਚਮੜੀ ਵਿੱਚ ਲਹੂ ਦੀਆਂ ਨਾੜੀਆਂ ਤੇ ਪਸੀਨੇ ਦੇ ਗਲੈਂਡ ਘਟ ਜਾਂਦੇ ਹਨ। ਇਸ ਕਰਕੇ ਗਰਮੀਆਂ ਵਿੱਚ ਸਰੀਰ ਵਾਧੂ ਗਰਮੀ ਪਸੀਨੇ ਰਾਹੀਂ ਬਾਹਰ ਨਹੀਂ ਕੱਢ ਸਕਦਾ ਤੇ ਹੀਟ ਸਟਰੋਕ ਹੋਣ ਦਾ ਖ਼ਤਰਾ ਕਈ ਗੁਣਾਂ ਵੱਧ ਹੋ ਜਾਂਦਾ ਹੈ। ਚਮੜੀ ਗੰਦਗੀ ਬਾਹਰ ਕੱਢਣ ਵਿੱਚ ਅਸਮਰੱਥ ਹੋ ਜਾਂਦੀ ਹੈ ਤੇ ਰੰਗ ਦੇਣ ਵਾਲੇ ਮੇਲੈਨੋਸਾਈਟ ਸੈੱਲ ਵੀ ਘਟ ਜਾਂਦੇ ਹਨ। ਇਸ ਕਰਕੇ ਪਰਾ-ਵੈਂਗਣੀ ਕਿਰਨਾਂ ਦੇ ਮਾੜੇ ਅਸਰਾਂ ਤੋਂ ਬਚਾਅ ਨਹੀਂ ਹੋ ਸਕਦਾ ਤੇ ਚਮੜੀ ਉੱਤੇ ਕਾਲੇ ਧੱਬੇ ਜਾਂ ਤਿਲ ਬਣਨੇ ਸ਼ੁਰੂ ਹੋ ਜਾਂਦੇ ਹਨ। ਚਮੜੀ ਵਿਟਾਮਿਨ ‘ਡੀ’ ਵੀ ਘੱਟ ਬਣਾਉਣ ਲੱਗ ਪੈਂਦੀ ਹੈ।
ਮੂੰਹ ਅਤੇ ਨੱਕ: ਆਮ ਤੌਰ ’ਤੇ ਪੰਜਾਹ ਸਾਲਾਂ ਦੀ ਉਮਰ ਵਿੱਚ ਸੁਆਦ ਚੱਖਣ ਤੇ ਖ਼ੁਸ਼ਬੋ ਸੁੰਘਣ ਦੀ ਸ਼ਕਤੀ ਵੀ ਘਟਣੀ ਸ਼ੁਰੂ ਹੋ ਜਾਂਦੀ ਹੈ। ਨੱਕ ਅੰਦਰਲੀ ਪਰਤ ਪਤਲੀ ਹੋਣ ਤੇ ਜੀਭ ਉੱਪਰਲੇ ਸੁਆਦ ਚੱਖਣ ਵਾਲੇ ਸੈੱਲ ਘਟਣ ਨਾਲ ਬਹੁਤੀਆਂ ਚੀਜ਼ਾਂ ਖ਼ੁਸ਼ਬੋ ਰਹਿਤ ਅਤੇ ਬਕਬਕੀਆਂ ਜਾਪਣ ਲੱਗ ਪੈਂਦੀਆਂ ਹਨ। ਮੂੰਹ ਅੰਦਰ ਘੱਟ ਥੁੱਕ ਬਣਨ ਨਾਲ ਮੂੰਹ ਸੁੱਕਾ ਮਹਿਸੂਸ ਹੁੰਦਾ ਰਹਿੰਦਾ ਹੈ। ਜਬਾੜਾ ਹੇਠਾਂ ਢਿਲਕ ਜਾਣ ਨਾਲ ਵੀ ਮੂੰਹ ਕੁਝ ਖੁੱਲ੍ਹਾ ਰਹਿ ਜਾਂਦਾ ਹੈ ਤੇ ਮੂੰਹ ਰਾਹੀਂ ਸਾਹ ਲੈਣ ਨਾਲ ਵੀ ਮੂੰਹ ਸੁੱਕਾ ਮਹਿਸੂਸ ਹੁੰਦਾ ਹੈ। ਮਸੂੜਿਆਂ ਦੇ ਸੁੰਗੜ ਜਾਣ ਕਰਕੇ ਇਨ੍ਹਾਂ ਵਿੱਚੋਂ ਦੰਦਾਂ ਦੀਆਂ ਜੜ੍ਹਾਂ ਬਾਹਰ ਨਿੱਕਲ ਆਉਂਦੀਆਂ ਹਨ ਅਤੇ ਦੰਦਾਂ ਵਿੱਚ ਕੀੜਾ ਲੱਗਣ ਤੇ ਦੰਦ ਖੁਰਨ ਦੇ ਆਸਾਰ ਵਧ ਜਾਂਦੇ ਹਨ। ਵਧਦੀ ਉਮਰ ਨਾਲ ਨੱਕ ਵਿੱਚੋਂ ਲੰਮੇ ਵਾਲ ਦਿਸਣ ਲੱਗ ਪੈਂਦੇ ਹਨ, ਨੱਕ ਥੋੜ੍ਹਾ ਲੰਮਾ ਹੋ ਜਾਂਦਾ ਹੈ ਤੇ ਇਸ ਦੀ ਨੋਕ ਰਤਾ ਕੁ ਅਗਾਂਹ ਢਿਲਕ ਜਾਂਦੀ ਹੈ।
ਵਧਦੀ ਉਮਰ ਨਾਲ ਹੋ ਰਹੇ ਬਦਲਾਅ ਕਿਸੇ ਵੀ ਪਾਸਿਓਂ ਢਹਿੰਦੀ ਕਲਾ ਵੱਲ ਜਾਣ ਦਾ ਕਾਰਨ ਨਹੀਂ ਹਨ। ਚੇਤੇ ਰਹੇ ਕਿ ਪੱਕਿਆ ਹੋਇਆ ਫਲ ਹੀ ਮਿੱਠਾ ਹੁੰਦਾ ਹੈ। ਕੌੜੇ ਮਿੱਠੇ ਤਜਰਬਿਆਂ ਨਾਲ ਭਰਪੂਰ ਹੋ ਕੇ ਇਸ ਉਮਰ ’ਤੇ ਪਹੁੰਚਣਾ ਤੇ ਹੋਰਨਾਂ ਨੂੰ ਸੇਧ ਦੇਣ ਯੋਗ ਬਣਨਾ ਆਪਣੇ-ਆਪ ਵਿੱਚ ਹੀ ਇੱਕ ਮਿਸਾਲ ਹੈ। ਜਿੱਥੇ ਅਨੇਕਾਂ ਲੋਕ ਦੁਰਘਟਨਾਵਾਂ ਕਰਕੇ ਛੋਟੀ ਉਮਰ ’ਚ ਹੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਜਾਂਦੇ ਹੋਣ, ਅਨੇਕ ਜੰਮਦੇ ਸਾਰ ਆਖ਼ਰੀ ਸਾਹ ਲੈ ਲੈਂਦੇ ਹੋਣ ਤੇ ਕਈ ਜਾਨਲੇਵਾ ਬਿਮਾਰੀਆਂ ਨਾਲ ਜੂਝਦੇ ਚੜ੍ਹਦੀ ਜਵਾਨੀ ਵਿੱਚ ਅੱਡੀਆਂ ਰਗੜ ਕੇ ਮਰ ਜਾਂਦੇ ਹੋਣ, ਉੱਥੇ ਵਿਰਲੇ ਵਾਲੇ ਹੀ 60 ਸਾਲਾਂ ਦੀ ਦਹਿਲੀਜ਼ ਪਾਰ ਕਰਦੇ ਹਨ। ਇਸੇ ਲਈ ਝੂਰਨਾ ਛੱਡ ਕੇ ਖ਼ੁਸ਼ ਹੋਣ ਦੀ ਲੋੜ ਹੈ।
ਟੀਚਾ ਮਿਥਣ ਨਾਲ ਸਮਾਂ ਲੰਘਣ ਦਾ ਪਤਾ ਹੀ ਨਹੀਂ ਲਗਦਾ। ਦੋਸਤੀਆਂ ਗੰਢਣੀਆਂ ਤੇ ਹੱਸਣਾ ਇਸ ਉਮਰ ਵਿੱਚ ਬਹੁਤ ਜ਼ਰੂਰੀ ਹੈ। ਇਸ ਉਮਰ ਵਿੱਚ ਇੱਕ ਸਾਥੀ ਦੀ ਬਹੁਤ ਲੋੜ ਹੁੰਦੀ ਹੈ। ਵਧਦੀ ਉਮਰ ਵਿੱਚ ਵੀ ਜਵਾਨ ਦਿਸਣ ਅਤੇ ਨੌਜਵਾਨਾਂ ਵਰਗੀ ਤਾਕਤ ਮਹਿਸੂਸ ਕਰਦੇ ਰਹਿਣ ਲਈ ਤਿੰਨ ਨੁਕਤੇ ਅਤਿ ਜ਼ਰੂਰੀ ਹਨ- ਸੰਤੁਲਿਤ ਖ਼ੁਰਾਕ, ਖ਼ੁਸ਼ ਰਹਿਣਾ ਤੇ ਰੋਜ਼ ਦੀ ਕਸਰਤ।
(ਸਮਾਪਤ)
ਸੰਪਰਕ: 0175-2216783


Comments Off on 50 ਸਾਲਾਂ ਦੀ ਉਮਰ ਤੋਂ ਬਾਅਦ ਦੇ ਸਰੀਰਕ ਬਦਲਾਓ
1 Star2 Stars3 Stars4 Stars5 Stars (2 votes, average: 5.00 out of 5)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.