ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਅਣਗੌਲੇ ਕੀਤੇ ਜਾ ਰਹੇ ਹਨ ਪਰਵਾਸੀ ਪੰਜਾਬੀ

Posted On January - 10 - 2017

11001CD _PBD_2017_AWARDEES_PTI_TIF_IMAGE_975_568ਗੁਰਮੀਤ ਸਿੰਘ ਪਲਾਹੀ

ਚੌਦਵੀਂ ਪਰਵਾਸੀ ਭਾਰਤੀ ਦਿਵਸ ਕਨਵੈਨਸ਼ਨ ਬੈਂਗਲੁਰੂ (ਕਰਨਾਟਕ) ਵਿੱਚ ਭਾਰਤ ਸਰਕਾਰ ਦੇ ਵਿਦੇਸ਼ੀ ਮਾਮਲਿਆਂ ਮੰਤਰਾਲੇ ਵੱਲੋਂ ਕਰਨਾਟਕ ਸਰਕਾਰ ਦੇ ਸਹਿਯੋਗ ਨਾਲ ਪਿਛਲੇ ਦਿਨੀਂ ਸਮਾਪਤ ਹੋਈ ਹੈ। ਪਹਿਲਾਂ ਵਾਂਗ ਹੀ, ਇਸ ਕਨਵੈਨਸ਼ਨ ਵਿੱਚ ਵੀ ਪਰਵਾਸੀ ਭਾਰਤੀਆਂ ਵੱਲੋਂ ਆਪਣੇ ਦੇਸ਼ ਲਈ ਨਿਵੇਸ਼ ਅਤੇ ਵਿੱਤੀ ਸਹਿਯੋਗ ਦੇ ਮਾਮਲਿਆਂ ਨੂੰ ਵਿਚਾਰਿਆ ਗਿਆ ਹੈ। ਇਸ ਵੇਲੇ ਭਾਰਤੀ ਮੂਲ ਦੇ ਅਤੇ ਗ਼ੈਰ-ਪਰਵਾਸੀ ਤਿੰਨ ਕਰੋੜ ਭਾਰਤੀ ਵਿਦੇਸ਼ਾਂ ਵਿੱਚ ਰਹਿੰਦੇ ਹਨ। ਇਨ੍ਹਾਂ ਪਰਵਾਸੀਆਂ ਵਿੱਚ ਪੰਜਾਬੀਆਂ ਦੀ ਵੱਡੀ ਗਿਣਤੀ ਸ਼ਾਮਲ ਹੈ। ਸਾਲ 2003 ਤੋਂ ਪਰਵਾਸੀ ਭਾਰਤੀ ਦਿਵਸ ਤਕਰੀਬਨ ਹਰ ਵਰ੍ਹੇ ਮਨਾਇਆ ਜਾਂਦਾ ਹੈ। ਇਸ ਤੋਂ ਪਹਿਲਾਂ ਇਹ ਸੱਤ ਵਾਰੀ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਇਲਾਵਾ ਵਿਜੈਵਾੜਾ (ਆਂਧਰਾ ਪ੍ਰਦੇਸ਼), ਚੇਨੱਈ, ਜੈਪੁਰ (ਰਾਜਸਥਾਨ), ਕੋਚੀ (ਕੇਰਲਾ) ਅਤੇ ਗਾਂਧੀ ਨਗਰ (ਗੁਜਰਾਤ) ਵਿੱਚ ਵੀ ਇੱਕ ਇੱਕ ਵਾਰ ਮਨਾਇਆ ਜਾ ਚੁੱਕਿਆ ਹੈ। ਵਿਦੇਸ਼ਾਂ ਵਿੱਚ ਪੰਜਾਬ ਤੋਂ ਗਏ ਪੰਜਾਬੀਆਂ ਦੀ ਬਹੁਤਾਤ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਪੰਜਾਬ ਜਾਂ ਚੰਡੀਗੜ੍ਹ ਵਿੱਚ ਇਹ ਸਮਾਗਮ ਕਦੇ ਵੀ ਨਹੀਂ ਕਰਵਾਇਆ ਗਿਆ।
  ਪ੍ਰਸਿੱਧੀ ਪ੍ਰਾਪਤ ਪਰਵਾਸੀ ਭਾਰਤੀਆਂ ਦੀ ਮੰਗ ਉੱਤੇ ਭਾਰਤ ਸਰਕਾਰ ਵੱਲੋਂ ਇਹ ਦਿਵਸ 2003 ਵਿੱਚ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੱਲੋਂ ਮਨਾਉਣਾ ਸ਼ੁਰੂ ਕੀਤਾ ਗਿਆ ਸੀ। ਹਰ ਸਾਲ ਇਹ ਦਿਵਸ ਮਨਾਉਣ ਲਈ 9 ਜਨਵਰੀ ਦਾ ਦਿਨ ਇਸ ਵਾਸਤੇ ਚੁਣਿਆ ਗਿਆ ਕਿਉਂਕਿ ਇਸੇ ਦਿਨ ਭਾਵ 9 ਜਨਵਰੀ 1915 ਨੂੰ ਮਹਾਤਮਾ ਗਾਂਧੀ ਦੱਖਣੀ ਅਫਰੀਕਾ ਤੋਂ ਵਤਨ ਪਰਤੇ ਸਨ ਅਤੇ ਉਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਪੂਰੀ ਸਰਗਰਮੀ ਨਾਲ ਮੁਹਿੰਮ ਛੇੜੀ ਸੀ। ਇਨ੍ਹਾਂ ਸਾਲਾਨਾ ਪਰਵਾਸੀ ਭਾਰਤੀ ਸਮਾਗਮਾਂ ਵਿੱਚ ਪਰਵਾਸੀ ਭਾਰਤੀਆਂ ਨਾਲ ਜੁੜੇ ਵੱਖੋ-ਵੱਖਰੇ ਵਿਸ਼ਿਆਂ ਨਾਲ ਸਬੰਧਿਤ ਮਸਲੇ ਵਿਚਾਰੇ ਜਾਂਦੇ ਰਹੇ ਹਨ। ਇਨ੍ਹਾਂ ਦਾ ਮੁੱਖ ਉਦੇਸ਼ ਪਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਦੇ ਹੱਲ, ਉਨ੍ਹਾਂ ਵੱਲੋਂ ਦੇਸ਼ ਵਿੱਚ ਆਪਣਾ ਸਰਮਾਇਆ ਲਗਾਉਣਾ ਅਤੇ ਵੱਖੋ-ਵੱਖਰੇ ਖੇਤਰਾਂ ਵਿੱਚ ਪ੍ਰਸਿੱਧੀ ਪ੍ਰਾਪਤ ਪਰਵਾਸੀ ਭਾਰਤੀਆਂ ਦੀਆਂ ਦੇਸ਼ ਲਈ ਸੇਵਾਵਾਂ ਲੈਣੀਆਂ ਆਦਿ ਮੁੱਦੇ ਸ਼ਾਮਲ ਸਨ। ਇਨ੍ਹਾਂ ਸਾਰੇ ਵਰ੍ਹਿਆਂ ਦੌਰਾਨ ਸਰਕਾਰੀ ਖ਼ਜ਼ਾਨੇ ਵਿੱਚੋਂ ਕਰੋੜਾਂ ਰੁਪਏ ਖ਼ਰਚ ਕਰਨ ਦੇ ਬਾਵਜੂਦ ਪਰਵਾਸੀ ਭਾਰਤੀਆਂ ਦਾ ਭਰੋਸਾ ਨਾ ਤਾਂ ਕੇਂਦਰ ਸਰਕਾਰ ਜਿੱਤ ਸਕੀ ਅਤੇ ਨਾ ਹੀ ਵੱਖੋ-ਵੱਖਰੀਆਂ ਗੁਜਰਾਤ ਜਾਂ ਪੰਜਾਬ ਜਿਹੀਆਂ ਰਾਜ ਸਰਕਾਰਾਂ, ਜਿੱਥੋਂ ਵੱਡੀ ਗਿਣਤੀ ਵਿੱਚ ਪਰਵਾਸ ਕਰਕੇ ਲੋਕ ਵਿਦੇਸ਼ਾਂ ਵਿੱਚ ਵਸੇ ਹੋਏ ਹਨ।
ਪਰਦੇਸ ਵਸਦਿਆਂ ਭਾਰਤੀ ਪਰਵਾਸੀਆਂ ਨੇ ਆਪਣੇ ਸੰਗਠਨ ਬਣਾਏ ਹੋਏ ਹਨ। ਉਨ੍ਹਾਂ ਵੱਲੋਂ ਸਮੇਂ ਸਮੇਂ ’ਤੇ ਸੱਭਿਆਚਾਰਕ ਗਤੀਵਿਧੀਆਂ ਵੀ ਚਲਾਈਆਂ ਜਾਂਦੀਆਂ ਹਨ। ਧਾਰਮਿਕ ਪੱਖੋਂ ਮੰਦਰ, ਗੁਰਦੁਆਰੇ, ਸਤਸੰਗ ਘਰ ਵੀ ਵੱਡੀ ਮਾਤਰਾ ’ਚ ਧਨ ਖ਼ਰਚ ਕਰਕੇ ਉਨ੍ਹਾਂ ਵੱਲੋਂ ਉਸਾਰੇ ਗਏ ਹਨ। ਇਨ੍ਹਾਂ ਸੱਭਿਆਚਾਰਕ, ਸਮਾਜਿਕ ਤੇ ਧਾਰਮਿਕ ਸੰਗਠਨਾਂ ਵੱਲੋਂ ਹਰ ਵਰ੍ਹੇ ਵੱਡੇ-ਵੱਡੇ ਸਮਾਗਮ ਵੀ ਰਚਾਏ ਜਾਂਦੇ ਹਨ। ਇਨ੍ਹਾਂ ਵਿੱਚ ਪ੍ਰਸਿੱਧੀ ਪ੍ਰਾਪਤ ਪਰਵਾਸੀ ਭਾਰਤੀਆਂ ਦਾ ਇਨ੍ਹਾਂ ਸੰਗਠਨਾਂ ਤੇ ਸੰਸਥਾਵਾਂ ਵੱਲੋਂ ਸਨਮਾਨ ਵੀ ਕੀਤਾ ਜਾਂਦਾ ਹੈ। ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਸਰਾਹਿਆ ਵੀ ਜਾਂਦਾ ਹੈ ਕਿਉਂਕਿ ਉਨ੍ਹਾਂ ਵਿੱਚੋਂ ਬਹੁਤੇ ਸੰਸਾਰ ’ਚ ਪ੍ਰਸਿੱਧੀ ਪ੍ਰਾਪਤ ਲੋਕਾਂ ’ਚ ਆਪਣਾ ਨਾਮ ਸ਼ੁਮਾਰ ਕਰਨ ’ਚ ਸਫ਼ਲ ਹੋਏ ਹਨ। ਕਈ ਭਾਰਤੀ ਪਰਵਾਸੀ ਕਿਸਾਨ, ਡਾਕਟਰੀ, ਖੇਤੀਬਾੜੀ, ਕਾਰੋਬਾਰ, ਅਧਿਆਪਨ, ਖੋਜ ਤੇ ਇੰਜੀਨੀਅਰ ਆਦਿ ਖੇਤਰਾਂ ਵਿੱਚ ਪ੍ਰਸਿੱਧੀ ਪ੍ਰਾਪਤ ਕਰ ਚੁੱਕੇ ਹਨ।
ਕਈ ਪਰਵਾਸੀ ਭਾਰਤੀ ਕੈਨੇਡਾ, ਬਰਤਾਨੀਆ, ਨਿਊਜ਼ੀਲੈਂਡ, ਅਮਰੀਕਾ, ਆਸਟਰੇਲੀਆ ਦੇ ਰਾਜਨੀਤਕ ਖੇਤਰਾਂ ’ਚ ਆਪਣਾ ਯੋਗਦਾਨ ਪਾ ਰਹੇ ਹਨ ਅਤੇ ਇਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਵਿੱਚ ਮੰਤਰੀ, ਪਾਰਲੀਮੈਂਟ ਮੈਂਬਰ ਤੇ ਸ਼ਹਿਰਾਂ ਦੇ ਮੇਅਰ ਵਜੋਂ ਸੇਵਾ ਨਿਭਾਅ ਰਹੇ ਹਨ। ਕਾਫ਼ੀ ਪਰਵਾਸੀ ਭਾਰਤੀ ਸਰਕਾਰੀ ਉੱਚ-ਹਲਕਿਆਂ ’ਚ ਚੰਗੇ ਜਾਣੇ-ਪਛਾਣੇ ਜਾਂਦੇ ਹਨ। ਕੈਨੇਡਾ ਵਿੱਚ ਲਗਪਗ ਅੱਧੀ ਦਰਜਨ ਪੰਜਾਬੀ ਕੈਬਨਿਟ ਮੰਤਰੀ ਵਜੋਂ ਉੱਥੋਂ ਦੀ ਸਰਕਾਰ ਵਿੱਚ ਬਿਰਾਜਮਾਨ ਹਨ। ਪਰ ਅਫ਼ਸੋਸ ਕਿ ਇਨ੍ਹਾਂ ਪਰਵਾਸੀਆਂ ਭਾਰਤੀਆਂ ਵੱਲੋਂ ਪਾਏ ਜਾ ਰਹੇ ਵਿਸ਼ਵ-ਪੱਧਰੀ ਯੋਗਦਾਨ ਅਤੇ ਪ੍ਰਾਪਤੀਆਂ ਨੂੰ ਆਪਣੇ ਦੇਸ਼ ਵਿੱਚ ਘੱਟ ਹੀ ਪਰਵਾਨ ਕੀਤਾ ਜਾਂਦਾ ਹੈ। ਦਰਜਨਾਂ ਹੀ ਪਰਵਾਸੀ ਪੰਜਾਬੀ, ਪ੍ਰਸਿੱਧ ਕਾਰੋਬਾਰੀ ਹਨ। ਇਨ੍ਹਾਂ ਵਿੱਚ ਕਈ ਸੌਗੀ ਤੇ ਬਦਾਮਾਂ ਦੀ ਪੈਦਾਵਾਰ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਹਨ ਪਰ ਕਦੇ ਵੀ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਵਿਸ਼ੇਸ਼ ਸਨਮਾਨ ਨਹੀਂ ਦਿੱਤਾ, ਭਾਰਤ ਸਰਕਾਰ ਨੇ ਤਾਂ ਨਿਵਾਜਣਾ ਹੀ ਕੀ ਸੀ। ਪੰਜਾਬ ਸਰਕਾਰ ਦੇ ਸੱਦੇ ’ਤੇ ਪੰਜਾਬ ’ਚ ਕਾਰੋਬਾਰ ਕਰਨ ਲਈ ਕੁਝ ਪਰਵਾਸੀ ਪੰਜਾਬੀਆਂ ਨੇ ਉਪਰਾਲਾ ਕੀਤਾ, ਪਰ ਕੁਝ ਵਰ੍ਹਿਆਂ ’ਚ ਹੀ ਉਹ ਇੱਥੇ ਹੁੰਦੀ ਇੰਸਪੈਕਟਰੀ ਰਾਜ ਦੀ ਲੁੱਟ-ਖਸੁੱਟ ਤੋਂ ਪ੍ਰੇਸ਼ਾਨ ਹੋ ਕਾਰੋਬਾਰ ਬੰਦ ਕਰ ਕੇ ਤੁਰ ਗਏ। ਹਾਲੇ ਵੀ ਪੰਜਾਬੀ ਪਰਵਾਸੀਆਂ ਵੱਲੋਂ ਪੰਜਾਬ ਦੇ ਵੱਖੋ-ਵੱਖਰੇ ਸ਼ਹਿਰਾਂ ਕਸਬਿਆਂ ਵਿੱਚ ਮਾਲਜ਼, ਮੈਰਿਜ ਪੈਲੇਸ, ਹੋਟਲ, ਪਬਲਿਕ ਸਕੂਲ ਅਤੇ ਕਈ ਥਾਵਾਂ ਉੱਤੇ ਚੈਰੀਟੇਬਲ ਹਸਪਤਾਲ, ਡਿਸਪੈਂਸਰੀਆਂ, ਗ਼ਰੀਬ ਤੇ ਲੋੜਵੰਦਾਂ ਦੀ ਸਹਾਇਤਾ ਲਈ ਸਿੱਖਿਆ ਸੰਸਥਾਵਾਂ ਅਤੇ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਚੈਰੀਟੇਬਲ ਟਰੱਸਟ ਖੋਲ੍ਹੇ ਗਏ ਹਨ। ਇਨ੍ਹਾਂ ਰਾਹੀਂ ਬੁਢਾਪਾ ਪੈਨਸ਼ਨਾਂ, ਗ਼ਰੀਬ ਲੜਕੀਆਂ ਦੇ ਵਿਆਹ, ਟੂਰਨਾਮੈਂਟਾਂ ਦਾ ਪ੍ਰਬੰਧ ਤੇ ਗ਼ਰੀਬਾਂ ਲਈ ਮੁਫ਼ਤ ਇਲਾਜ ਆਦਿ ਵਰਗੇ ਸਮਾਜ ਸੇਵਾ ਦੇ ਕੰਮ ਕੀਤੇ ਜਾ ਰਹੇ ਹਨ। ਇਨ੍ਹਾਂ ਸੰਸਥਾਵਾਂ ਨੂੰ ਚਲਾਉਣ ਵਾਲੇ ਪਰਵਾਸੀ ਪੰਜਾਬੀ ਕੀ ਇੰਨੀ ਕੁ ਮਾਨਤਾ ਦੇ ਹੱਕਦਾਰ ਨਹੀਂ ਕਿ ਉਨ੍ਹਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਗਣਤੰਤਰ ਦਿਵਸ ਜਾਂ ਆਜ਼ਾਦੀ ਦਿਵਸ ਮੌਕੇ ਕਰਵਾਏ ਜਾਂਦੇ ਰਾਜਪੱਧਰੀ ਜਾਂ ਜ਼ਿਲ੍ਹਾ ਪੱਧਰੀ ਸਮਾਗਮਾਂ ਵਿੱਚ ਸਨਮਾਨਤ ਕੀਤਾ ਜਾਵੇ? ਹਾਲ ਦੀ ਘੜੀ ਤਾਂ ਪੰਜਾਬ ’ਚ ਹਾਲਤ ਇਹ ਹੈ ਕਿ ਐਨ.ਆਰ.ਆਈ. ਸਭਾ ਦੀ ਚੋਣ ਵੀ ਨਹੀਂ ਕਰਵਾਈ ਜਾ ਰਹੀ। ਪਰਵਾਸੀ ਸੰਮੇਲਨ ਬੰਦ ਹਨ। ਐਨ.ਆਰ.ਆਈ. ਥਾਣਿਆਂ ਦੀ ਕਾਰਗੁਜ਼ਾਰੀ ਉੱਤੇ ਪ੍ਰਸ਼ਨ ਚਿੰਨ ਲੱਗ ਰਹੇ ਹਨ। ਪੰਜਾਬ ਦਾ ਪਰਵਾਸੀ ਵਿਭਾਗ ਚੁੱਪ ਹੈ।
ਦੇਸ਼ ਦੇ ਕੁਝ ਸੂਬਿਆਂ ਖ਼ਾਸਕਰ ਗੁਜਰਾਤ ਅਤੇ ਕਰਨਾਟਕ ਵਿੱਚ ਪਰਵਾਸੀ ਭਾਰਤੀਆਂ ਨੂੰ ਆਪਣੇ ਕਾਰੋਬਾਰ ਚਲਾਉਣ ਲਈ ਸਹੂਲਤਾਂ ਹਨ। ਦੱਖਣੀ ਭਾਰਤ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਵਿਸ਼ਵ-ਪੱਧਰੀ ਸਿੱਖਿਆ ਲਈ ਉਤਸ਼ਾਹਿਤ ਕਰਨ ਹਿੱਤ ਬਾਹਰਲੇ ਮੁਲਕਾਂ ’ਚ ਰਹਿੰਦੇ ਪ੍ਰਸਿੱਧ ਅਕੈਡਮਿਕ ਖੇਤਰ ਦੇ ਪ੍ਰੋਫੈਸਰਾਂ ਤੇ ਪ੍ਰੋਫੈਸ਼ਨਲਾਂ ਦੀਆਂ ਸੇਵਾਵਾਂ ਲਈਆਂ ਜਾਂਦੀਆਂ ਹਨ ਪਰ ਪੰਜਾਬ ’ਚ ਇਹ ਸਹੂਲਤ ਵੀ ਨਹੀਂ। ਪੰਜਾਬ ਦੀਆਂ ਸਰਕਾਰੀ ਯੂਨੀਵਰਸਿਟੀਆਂ ਜਾਂ ਪ੍ਰਾਈਵੇਟ ਪ੍ਰੋਫੈਸ਼ਨਲ ਯੂਨੀਵਰਸਿਟੀਆਂ ’ਚ ਕਿੰਨੇ ਪਰਵਾਸੀ ਭਾਰਤੀ ਪ੍ਰੋਫੈਸ਼ਨਲਾਂ ਨੂੰ ਗੈਸਟ ਪ੍ਰੋਫੈਸਰ ਵਜੋਂ ਨਿਯੁਕਤ ਕੀਤਾ ਜਾਂਦਾ ਹੈ? ਪਿਛਲੇ ਲਗਪਗ 13 ਵਰ੍ਹਿਆਂ ਦੌਰਾਨ ਪੰਜਾਬ ਸਰਕਾਰ ਵੱਲੋਂ ਪਰਵਾਸੀ ਪੰਜਾਬੀ ਸੰਮੇਲਨ ਉੱਤੇ ਕਰੋੜਾਂ ਰੁਪਏ ਖ਼ਰਚ ਕਰਨ ਦੇ ਬਾਵਜੂਦ ਕਿੰਨੇ ਕਾਰੋਬਾਰੀਆਂ ਵੱਲੋਂ ਪੰਜਾਬ ’ਚ ਆਪਣੇ ਕਾਰੋਬਾਰ ਖੋਲ੍ਹੇ ਗਏ? ਕਿੰਨੇ ਪ੍ਰੋਫੈਸ਼ਨਲਾਂ ਅਤੇ ਪ੍ਰਸਿੱਧੀ ਪੰਜਾਬੀ ਪਰਵਾਸੀਆਂ ਨੂੰ ਸਨਮਾਨ ਦਿੱਤੇ ਗਏ? ਕਿਹੜੀਆਂ ਵਿਸ਼ੇਸ਼ ਸਹੂਲਤਾਂ ਪਰਵਾਸੀਆਂ ਨੂੰ ਦਿੱਤੀਆਂ, ਜਿਨ੍ਹਾਂ ਸਦਕਾਂ ਪਰਵਾਸੀ ਆਪ ਅਤੇ ਉਨ੍ਹਾਂ ਦੀ ਅਗਲੀ ਸੰਤਾਨ ਪੰਜਾਬ ਲਈ ‘ਕੁਝ ਕਰਨ’ ਵਾਸਤੇ ਉਤਸ਼ਾਹਿਤ ਹੋਈ ਹੋਵੇ।
ਭਾਰਤ ਸਰਕਾਰ ਨੇ ਵੀ ਚੰਡੀਗੜ੍ਹ ਪੰਜਾਬ ਨੂੰ ਨਾ ਦੇਣਾ, ਪੰਜਾਬੀ ਬੋਲਦੇ ਪੰਜਾਬ ਦੇ ਇਲਾਕੇ ਪੰਜਾਬੋਂ ਬਾਹਰ ਰੱਖਣ ਅਤੇ ਪਾਣੀਆਂ ਦੇ ਮਾਮਲੇ ’ਚ ਪੰਜਾਬ ਨਾਲ ਵਿਤਕਰਿਆਂ ਦੇ ਨਾਲ ਨਾਲ ਪਰਵਾਸੀ ਪੰਜਾਬੀਆਂ ਨੂੰ ਮਾਣ-ਸਨਮਾਨ ਦੇਣ ’ਚ ਵੀ ਵਿਤਕਰਾ ਹੀ ਕੀਤਾ ਹੈ। ਪਰਵਾਸੀ ਭਾਰਤੀ ਸੰਮੇਲਨਾਂ ਜਾਂ ਕਨਵੈਨਸ਼ਨਾਂ ਕਰਕੇ ਪਰਵਾਸੀ ਭਾਰਤੀਆਂ ਨੂੰ ਵਿਸ਼ੇਸ਼ ਸਨਮਾਨ ਦਿੱਤੇ ਜਾਂਦੇ ਹਨ ਪਰ ਪਰਵਾਸੀ ਪੰਜਾਬੀ ਇਨ੍ਹਾਂ ਲਿਸਟਾਂ ਵਿੱਚੋਂ ਲਗਪਗ ਮਨਫ਼ੀ ਹੀ ਹਨ। ਕੀ ਕੈਨੇਡਾ ਦੀ ਸਰਕਾਰ ਲਈ ਚੁਣੇ ਗਏ ਪੰਜਾਬੀ ਮੰਤਰੀ ਇਸ ਸਨਮਾਨ ਦੇ ਹੱਕਦਾਰ ਨਹੀਂ? ਅਮਰੀਕਾ ਦੇ ਸੂਬਿਆਂ ’ਚ ਗਵਰਨਰ ਵਜੋਂ ਸੇਵਾ ਨਿਭਾਉਣ ਵਾਲੇ ਪੰਜਾਬੀ ਪਰਵਾਸੀਆਂ ਨੂੰ ਇਨ੍ਹਾਂ ਸਮਾਗਮਾਂ ’ਚ ਸੱਦ ਕੇ ਉਨ੍ਹਾਂ ਦੇ ਤਜਰਬੇ ਦਾ ਲਾਹਾ ਭਾਰਤੀ ਲੋਕਤੰਤਰ ਲਈ ਕਿਉਂ ਨਹੀਂ ਲਿਆ ਜਾਂਦਾ? ਕੀ ਪੰਜਾਬ ਦੀ ਸਰਕਾਰ ਆਪਣੇ ਸਰਕਾਰੀ ਮਹਿਕਮਿਆਂ, ਸਰਕਾਰੀ ਯੂਨੀਵਰਸਿਟੀਆਂ, ਬੋਰਡਾਂ, ਕਾਰਪੋਰੇਸ਼ਨਾਂ ’ਚ ਪ੍ਰਸਿੱਧ ਪੰਜਾਬੀ ਸਕਾਲਰਾਂ, ਲੇਖਕਾਂ, ਪ੍ਰੋਫੈਸ਼ਨਲਾਂ ਤੇ ਵੱਖੋ-ਵੱਖਰੇ ਖੇਤਰਾਂ ਦੇ ਮਾਹਿਰਾਂ ਦੀਆਂ ਸੇਵਾਵਾਂ ਨਹੀਂ ਲੈ ਸਕਦੀ?
ਪੰਜਾਬੀ ਪਰਵਾਸੀਆਂ ਪ੍ਰਤੀ ਕੇਂਦਰ ਅਤੇ ਸੂਬਾ ਸਰਕਾਰ ਦੀ ਬੇਰੁਖ਼ੀ ਕਈ ਸਵਾਲ ਤੇ ਸ਼ੰਕੇ ਖੜ੍ਹੇ ਕਰਦੀ ਹੈ। ਪਰਵਾਸੀ ਪੰਜਾਬੀਆਂ ਦੇ ਦੇਸ਼ ਅਤੇ ਸੂਬੇ ਪ੍ਰਤੀ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਜੇ ਉਨ੍ਹਾਂ ਵੱਲੋਂ ਦੇਸ਼ ਅਤੇ ਸੂਬੇ ਦੇ ਪ੍ਰਸ਼ਾਸਨ, ਸੂਬੇ ’ਚ ਹੋ ਰਹੇ ਨਸ਼ਿਆਂ ਦੇ ਕਾਰੋਬਾਰ, ਆਮ ਲੋਕਾਂ ਨਾਲ ਹੋ ਰਹੀ ਧੱਕੇਸ਼ਾਹੀ ਅਤੇ ਪੰਜਾਬ ਨਾਲ ਹੋ ਰਹੇ ਵਿਤਕਰਿਆਂ ਪ੍ਰਤੀ ਸੁਆਲ ਉਠਾਏ ਜਾ ਰਹੇ ਹਨ ਤਾਂ ਉਹ ਸਰਕਾਰਾਂ ਨੂੰ ਚੁੱਭਦੇ ਕਿਉਂ ਹਨ? ਕੀ ਸਰਕਾਰਾਂ ਇਨ੍ਹਾਂ ਚੇਤੰਨ ਪੰਜਾਬੀਆਂ ਦੇ ਸਵਾਲਾਂ ਦੇ ਜਵਾਬ ਦੇਣ ਦੇ ਨਾਲ ਨਾਲ ਉਨ੍ਹਾਂ ਦੇ ਸ਼ੰਕਿਆਂ ਦੀ ਨਵਿਰਤੀ ਨਹੀਂ ਕਰ ਸਕਦੀਆਂ? ਸਰਕਾਰਾਂ ਪਰਵਾਸੀ ਪੰਜਾਬੀਆਂ ਨੂੰ ਦੇਸ਼ ’ਚ ਰਹਿ ਰਹੇ ਪੰਜਾਬੀਆਂ ਤੋਂ ਵੱਖਰੇ ਕਰਕੇ ਕਿਉਂ ਵੇਖ ਰਹੀਆਂ ਹਨ? ਉਹ ਤਾਂ ਹਰ ਘੜੀ ਹਰ ਪਲ ਆਪਣੇ ਦੇਸ਼ਵਾਸੀਆਂ ਦੇ ਚੰਗੇਰੇ ਰਹਿਣ-ਸਹਿਣ, ਸਿੱਖਿਆ ਤੇ ਸਿਹਤ ਸਹੂਲਤਾਂ ਅਤੇ ਇਨਸਾਫ਼ ਭਰੀ ਜ਼ਿੰਦਗੀ ਦਾ ਸੁਪਨਾ ਲੈਂਦੇ ਹਨ ਅਤੇ ਇਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਯਤਨਸ਼ੀਲ ਵੀ ਹਨ।

ਸੰਪਰਕ: 98158-02070


Comments Off on ਅਣਗੌਲੇ ਕੀਤੇ ਜਾ ਰਹੇ ਹਨ ਪਰਵਾਸੀ ਪੰਜਾਬੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.