ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਅਲੋਪ ਹੋ ਗਈ ‘ਚੱਕੀ ਚੁੰਗ’ ਦੀ ਰਸਮ

Posted On January - 7 - 2017

12912cd _chakkiਡਾ. ਪ੍ਰਿਤਪਾਲ ਸਿੰਘ ਮਹਿਰੋਕ
ਚੱਕੀ ਚੁੰਗ ਵਿਆਹ ਨਾਲ ਸਬੰਧਤ ਇੱਕ ਪ੍ਰਸਿੱਧ ਰਸਮ ਹੁੰਦੀ ਸੀ ਜੋ ਬੜੇ ਉਮਾਹ, ਉਤਸ਼ਾਹ ਤੇ ਚਾਅ ਨਾਲ ਕੰਨਿਆਂ ਦੇ ਘਰ ਕੀਤੀ ਜਾਂਦੀ ਸੀ। ਵਿਆਹ ਲਈ ਨਿਯਤ ਕੀਤੇ ਗਏ ਦਿਨ ਤੋਂ ਕਰੀਬ ਇੱਕ ਮਹੀਨਾ ਪਹਿਲਾਂ ਕਿਸੇ ਦਿਨ ਨੂੰ ਸ਼ੁਭ ਮੰਨ ਕੇ ਤੈਅ ਕਰ ਲਿਆ ਜਾਂਦਾ ਸੀ ਤੇ ਮਿੱਥੇ ਹੋਏ ਦਿਨ ਨੂੰ ਕੁੜੀ ਦੀਆਂ ਸਹੇਲੀਆਂ, ਭੈਣਾਂ, ਭਰਜਾਈਆਂ, ਆਂਢ-ਗੁਆਂਢ ਦੀਆਂ ਔਰਤਾਂ ਇਕੱਠੀਆਂ ਹੁੰਦੀਆਂ ਸਨ। ਵਿਆਹ ਵਾਲੀ ਕੁੜੀ ਬਾਹਰੋਂ ਪਾਣੀ ਦਾ ਘੜਾ ਭਰ ਕੇ ਲਿਆਉਂਦੀ ਸੀ। ਕੁੜੀ ਦੀ ਮਾਂ, ਭਰਜਾਈ, ਸਹੇਲੀ ਜਾਂ ਰਿਸ਼ਤੇਦਾਰੀ ਵਿੱਚੋਂ ਕੋਈ ਕੁੜੀ (ਔਰਤ) ਉਸ ਕੋਲੋਂ ਘੜਾ ਖੋਹ ਲੈਂਦੀ ਸੀ ਤੇ ਫਿਰ ਇਕੱਠੀਆਂ ਹੋਈਆਂ ਸਾਰੀਆਂ ਕੁੜੀਆਂ/ਔਰਤਾਂ ਰਲ ਕੇ ਲੋਕ ਗੀਤ ਦੀਆਂ ਇਹ ਤੁਕਾਂ ਗਾਉਣ ਲੱਗ ਜਾਂਦੀਆਂ ਸਨ:
ਘੜੇ ਵਿੱਚ ਘੁੱਟ ਪਾਣੀ ਕੁੜੇ,
ਕੰਮ ਕਰਨ ਤੇਰੀਆਂ ਭਰਜਾਈਆਂ।
ਕੰਮ ਕਰਨ ਨਿੱਕੜੀਆਂ ਜਾਈਆਂ,
ਹੁਣ ਤਾਂ ਚਾਰ ਦਿਹਾੜੇ ਮਹਿਮਾਨੀ ਕੁੜੇ।
ਇਸ ਰਸਮ ਨੂੰ ‘ਘੜਾ ਲੁਹਾਈ’ ਵੀ ਕਹਿ ਲਿਆ ਜਾਂਦਾ ਸੀ। ਝੱਟ ਕੁ ਪਿੱਛੋਂ ਵਿਆਹ ਵਾਲੀ ਕੁੜੀ ਨੂੰ ਚੱਕੀ ਪੀਸਣ ਲਈ ਕਿਹਾ ਜਾਂਦਾ ਸੀ ਤੇ ਉਹ ਚੱਕੀ ਪੀਸਣ ਬੈਠ ਜਾਂਦੀ ਸੀ। ਮੌਕੇ ਉੱਤੇ ਜੁੜੀਆਂ ਸਾਰੀਆਂ ਕੁੜੀਆਂ/ਔਰਤਾਂ ਵਾਰੋ-ਵਾਰੀ ਇੱਕ-ਇੱਕ, ਦੋ-ਦੋ ਚੁੰਗਾਂ ਗਾਲੇ ਵਿੱਚ ਪਾਉਂਦੀਆਂ ਜਾਂਦੀਆਂ ਸਨ। ਇਸ ਦੌਰਾਨ ਇੱਕ ਕੁੜੀ ਉਸ ਕੋਲੋਂ ਚੱਕੀ ਦਾ ਹੱਥਾ ਖੋਹ ਕੇ ਉਸ ਨੂੰ ਉਠਾਉਂਦੀ ਸੀ ਤੇ ਸੰਬੋਧਨੀ ਸੁਰ ਵਿੱਚ ਉਸ ਨੂੰ ਕਹਿੰਦੀ ਸੀ- ‘ਕੁੜੀਏ! ਹੁਣ ਤੂੰ ਚੱਕੀ ਨਹੀਂ ਪੀਹਣੀ…।’ ਬਾਕੀ ਕੁੜੀਆਂ/ ਇਸਤਰੀਆਂ ਨਾਲ ਹੀ ਗਾਉਣਾ ਸ਼ੁਰੂ ਕਰ ਦਿੰਦੀਆਂ ਸਨ:
ਚੱਕੀ ਵਿੱਚ ਲਪ ਚੁੰਗ ਕੁੜੇ,
ਕੰਮ ਕਰਨ ਤੇਰੀਆਂ ਭਰਜਾਈਆਂ।
ਕੰਮ ਕਰਨ ਨਿੱਕੜੀਆਂ ਜਾਈਆਂ,
ਚਿੜੀਆਂ ਚੰਬਾ ਚੁਗ ਕੁੜੇ।
ਇਸ ਰਸਮ ਨੂੰ ਵਿਆਹ ਦੀ ਮੁੱਢਲੀ ਰਸਮ ਮੰਨਿਆ ਜਾਂਦਾ ਸੀ। ਇਸ ਮੌਕੇ ’ਤੇ ਸ਼ੱਕਰ ਤੇ ਤਿਲ-ਚੌਲੀ ਵੰਡੀ ਜਾਂਦੀ ਸੀ। ਇਸੇ ਰਸਮ ਨੂੰ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਥੋੜ੍ਹੇ ਜਿਹੇ ਬਦਲਵੇਂ ਢੰਗ-ਤਰੀਕੇ ਨਾਲ ਨਿਭਾਇਆ ਜਾਂਦਾ ਸੀ। ਵਿਆਹ ਦੇ ਦਿਨ ਤੋਂ ਕੁਝ ਦਿਨ ਪਹਿਲਾਂ ਕੰਨਿਆ ਅਤੇ ਵਰ ਦੋਹਾਂ ਦੇ ਘਰਾਂ ਵਿੱਚ ਇਹ ਰਸਮ ਕੀਤੀ ਜਾਂਦੀ ਸੀ। ਸਾਂਝ ਵਾਲੇ ਘਰਾਂ ਵਿੱਚੋਂ ਸੱਤ ਸੁੱਖੀ-ਸਾਂਦੀ ਵੱਸਦੇ ਘਰਾਂ ਵਿੱਚੋਂ ਚੱਕੀਆਂ ਮੰਗਵਾਈਆਂ ਜਾਂਦੀਆਂ ਸਨ। ਵਿਆਹ ਵਾਲੀ ਕੁੜੀ ਨੂੰ ਚੱਕੀਆਂ ਦੇ ਕੋਲ ਬਿਠਾ ਕੇ ਸੱਤ ਸੁਹਾਗਣਾਂ ਸੱਤ ਮੁੱਠੀਆਂ ਅੰਨ ਨੂੰ ਸੱਤਾਂ ਚੱਕੀਆਂ ਦੇ ਗਾਲਿਆਂ ਵਿੱਚ ਪਾ ਕੇ ਪੀਂਹਦੀਆਂ ਸਨ। ਪਹਿਲਾਂ ਮਾਂਹ ਦੀ ਦਾਲ ਦਲੀ ਜਾਂਦੀ ਸੀ। ਫਿਰ ਵੜੀਆਂ ਟੁੱਕੀਆਂ ਜਾਂਦੀਆਂ ਸਨ। ਪਹਿਲੀ ਵੜੀ ਵਿੱਚ ਦੁੱਭ ਦੇ ਘਾਹ ਦੀਆਂ ਪੱਤੀਆਂ ਤੇ ਮੌਲੀ ਦਾ ਧਾਗਾ ਸ਼ਗਨ ਵਜੋਂ ਲਗਾ ਦਿੱਤਾ ਜਾਂਦਾ ਸੀ। ਚੱਕੀਆਂ ਪੀਹਣ ਵਾਲੀਆਂ ਔਰਤਾਂ ਇੱਕ ਸੁਰ ਵਿੱਚ ਰਲ ਕੇ ਗੀਤ ਛੋਹ ਲੈਂਦੀਆਂ ਸਨ:
ਸੱਤ ਸੁਹਾਗਣਾਂ, ਸੱਤ ਗਾਲੇ,
ਚੱਕੀ ਹੱਥ ਲੁਆ।
ਕਿੱਥੋਂ ਲਿਆਂਦੀ ਚੱਕੀ ਨੀ ਰਾਣੀਏ,
ਕਿੱਥੋਂ ਲਿਆਂਦਾ ਹੱਥਾ।
ਧੁਰ ਲਾਹੌਰੋਂ ਚੱਕੀ ਲਿਆਂਦੀ,
ਪਟਿਆਲਿਓਂ ਲਿਆਂਦਾ ਹੱਥਾ।
ਇਸ ਮੌਕੇ ’ਤੇ ਉਬਲੀ ਹੋਈ ਕਣਕ ਵਿੱਚ ਸ਼ੱਕਰ ਰਲਾ ਕੇ ਵੰਡੀ ਜਾਂਦੀ ਸੀ, ਜਿਸ ਨੂੰ ਘੁੰਗਣੀਆਂ ਜਾਂ ਬੱਕਲੀਆਂ ਕਹਿ ਲਿਆ ਜਾਂਦਾ ਸੀ। ਇਹ ਸਿਲਸਿਲਾ ਕਈ ਦਿਨ ਚੱਲਦਾ ਰਹਿੰਦਾ ਸੀ। ਵਿਆਹ ਦੇ ਦਿਨਾਂ ਦੌਰਾਨ ਵਰਤਿਆ ਜਾਣ ਵਾਲਾ ਅੰਦਾਜ਼ਨ ਆਟਾ ਤੇ ਵੇਸਣ ਆਦਿ ਪੀਹ ਲਿਆ ਜਾਂਦਾ ਸੀ। ਸ਼ਗਨਾਂ ਦਾ ਇਹ ਆਟਾ ਸਾਂਭ ਕੇ ਰੱਖਿਆ ਜਾਂਦਾ ਸੀ ਤੇ ਉਸ ਨੂੰ ‘ਕੋਠੀ ਆਟਾ’ ਕਹਿੰਦੇ ਸਨ।
ਕਈ ਇਲਾਕਿਆਂ ਵਿੱਚ ਚੱਕੀ ਚੁੰਗ ਦੀ ਰਸਮ ਵੇਲੇ ਸਵਾ ਪੰਜ ਸੇਰ ਆਟਾ ਪੀਸਿਆ ਜਾਂਦਾ ਸੀ। ਆਟਾ ਪੀਸਣ ਤੋਂ ਪਹਿਲਾਂ ਚੱਕੀ ਨਾਲ ਮੌਲੀ ਦਾ ਧਾਗਾ ਬੰਨ੍ਹਿਆ ਜਾਂਦਾ ਸੀ। ਜਿਸ ਭਾਂਡੇ ਵਿੱਚ ਆਟਾ ਪਾ ਕੇ ਰੱਖਿਆ ਜਾਦਾ ਸੀ, ਉਸ ਨੂੰ ਵੀ ਮੌਲੀ ਦਾ ਧਾਗਾ ਬੰਨ੍ਹਿਆ ਜਾਂਦਾ ਸੀ। ਸ਼ਗਨਾਂ ਨਾਲ ਪੀਸੇ ਹੋਏ ਇਸ ਆਟੇ ਵਿੱਚ ਹੋਰ ਆਟਾ ਮਿਲਾ ਕੇ ਉਸ ਨੂੰ ਵਿਆਹ ਦੇ ਮੌਕੇ ’ਤੇ ਵਰਤਿਆ ਜਾਂਦਾ ਸੀ। ਇਸ ਮੌਕੇ ’ਤੇ ਵਿਆਹ ਵਾਲੀ ਕੁੜੀ ਦੀ ਝੋਲੀ ਵਿੱਚ ਸ਼ਗਨ ਵਜੋਂ ਮਠਿਆਈਆਂ ਵੀ ਪਾਈਆਂ ਜਾਂਦੀਆਂ ਸਨ। ਝੋਕੀ ਝੋਤਣ ਵੇਲੇ ਗਾਏ ਜਾਣ ਵਾਲੇ ਗੀਤਾਂ ਨੂੰ ‘ਚੱਕੀ ਦੇ ਗੀਤ’ ਕਹਿ ਲਿਆ ਜਾਂਦਾ ਸੀ। ਚੱਕੀ ਨੂੰ ਘਰ ਵਿੱਚ ਵਰਤਿਆ ਜਾਣ ਵਾਲਾ ਬਹੁਤ ਪਵਿੱਤਰ ਸਾਧਨ ਸਮਝਿਆ ਜਾਂਦਾ ਸੀ। ਚੱਕੀ ਨੂੰ ਪੂਜਣ ਦੀ ਰਸਮ ਵੀ ਅਦਾ ਕੀਤੀ ਜਾਂਦੀ ਸੀ। ਕਿਹਾ ਜਾਂਦਾ ਸੀ: ਜਿਸ ਘਰ ਚੱਕੀ ਨਹੀਂ, ਉੱਥੇ ਖਾਣ ਨੂੰ ਫੱਕੀ ਨਹੀਂ।
ਚੱਕੀ ਅਸਲ ਵਿੱਚ ਘਰ ਵਿੱਚ ਅੰਨ ਦੇ ਭਰਪੂਰ ਭੰਡਾਰ ਹੋਣ ਦਾ ਪ੍ਰਤੀਕ ਸਮਝੀ ਜਾਂਦੀ ਸੀ। ਘਰ ਵਿੱਚ ਅੰਨ ਦੀ ਬਰਕਤ ਦਾ ਪ੍ਰਤੀਕ ਹੁੰਦੀ ਸੀ ਚੱਕੀ। ਸੱਤ ਸੁਹਾਗਣਾਂ ਸੁਹਾਗ ਦੀ ਸਲਾਮਤੀ ਦਾ ਪ੍ਰਤੀਕ ਸਨ। ਘਰ ਵਿੱਚ ਖਾਣ ਲਈ ਅਨਾਜ ਦਾ ਭੰਡਾਰ ਹੋਵੇ ਅਤੇ ਸੁਹਾਗ ਸਲਾਮਤ ਹੋਵੇ ਤਾਂ ਔਰਤ ਨੂੰ ਕਿਸੇ ਵੀ ਚੀਜ਼ ਦੀ ਥੁੜ੍ਹ ਮਹਿਸੂਸ ਨਹੀਂ ਸੀ ਹੁੰਦੀ।
ਚੱਕੀ ਨੂੰ ਦੁੱਧ ਨਾਲ ਧੋਇਆ ਜਾਂਦਾ ਸੀ। ਲੋਕ ਜੀਵਨ ਵਿੱਚ ਦੁੱਧ ਨੂੰ ਪੁੱਤਰ ਦੀ ਦਾਤ ਦਾ ਤੇ ਖੁਸ਼ਹਾਲੀ ਦਾ ਪ੍ਰਤੀਕ ਸਮਝਿਆ ਜਾਂਦਾ ਰਿਹਾ ਹੈ। ਚੱਕੀ ਦੀ ਪੂਜਾ ਕੀਤੀ ਜਾਂਦੀ ਸੀ। ਪੂਜਾ ਕਰਨ ਵੇਲੇ ਉਸ ਉੱਤੇ ਆਟੇ ਦਾ ਦੀਵਾ ਬਣਾ ਕੇ, ਉਸ ਵਿੱਚ ਘਿਉ ਦੀ ਜੋਤ ਜਗਾਈ ਜਾਂਦੀ ਸੀ। ਅਜਿਹੀਆਂ ਰਸਮਾਂ ਵਰਤਮਾਨ ਅਤੇ ਭਵਿੱਖੀ ਜੀਵਨ ਦੀ ਖੁਸ਼ਹਾਲੀ ਦੀ ਕਾਮਨਾ ਕਰਨ ਵਜੋਂ ਨਿਭਾਈਆਂ ਜਾਂਦੀਆਂ ਸਨ। ਹੁਣ ਅਜਿਹੀਆਂ ਰਸਮਾਂ ਅਤੀਤ ਦੀਆਂ ਬਾਤਾਂ ਬਣ ਕੇ ਰਹਿ ਗਈਆਂ ਹਨ।
ਸੰਪਰਕ: 98885-10185


Comments Off on ਅਲੋਪ ਹੋ ਗਈ ‘ਚੱਕੀ ਚੁੰਗ’ ਦੀ ਰਸਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.