ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

ਅੰਗਰੇਜ਼ੀ ਗੱਲਾਂ, ਪੰਜਾਬੀ ਜਵਾਬ

Posted On January - 8 - 2017

ਪਰਗਟ ਸਿੰਘ ਸਤੌਜ
OLYMPUS DIGITAL CAMERAਉਤਰ ਗਏ ਸਿਆਲ ਦੀ ਸ਼ਾਮ ਨੂੰ ਅਸੀਂ ਦਾਦੀ ਨਾਲ ਵਿਹੜੇ ਵਿੱਚ ਡੱਠੇ ਮੰਜੇ ’ਤੇ ਬੈਠੇ ਸਾਂ। ਸਾਡੇ ਸਕਿਆਂ ਦੀ ਇੱਕ ਔਰਤ, ਸਾਡੀ ਦਾਦੀ ਦਾ ਹਾਲ-ਚਾਲ ਪੁੱਛਦੀ ਮੰਜੇ ’ਤੇ ਆ ਬੈਠੀ।
‘‘ਹੋਰ ਘਰੇ ਸੁੱਖ-ਸਾਂਦ ਐ!’’ ਦਾਦੀ ਨੇ ਪੁੱਛਿਆ।
‘‘ਹਾਂ…।’’ ਫਿਰ ਕੁਝ ਵਕਫ਼ੇ ਬਾਅਦ ਬੋਲੀ, ‘‘ਅੰਮਾਂ ਜੀ, ਸਾਡੇ ਪ੍ਰਾਹੁਣੇ ਦਾ ਐਕਸੀਡੈਂਟ ਹੋ ਗਿਆ।’’ ਮੇਰੀ ਦਾਦੀ ਨੂੰ ਪਿੰਡ ਦੀਆਂ ਬਹੁਤੀਆਂ ਔਰਤਾਂ ‘ਅੰਮਾਂ ਜੀ’ ਕਹਿੰਦੀਆਂ ਸਨ।
‘‘ਸ਼ੁਕਰ ਐ ਭਾਈ! ਆਪਣੇ ਟੁਕੜੇ ਲੱਗ ਗਿਆ।’’ ਦਾਦੀ ਨੇ ਖ਼ੁਸ਼ੀ ਜ਼ਾਹਰ ਕੀਤੀ।
‘‘ਨਹੀਂ ਅੰਮਾ ਜੀ, ਉਹਦੇ ਤਾਂ ਸੱਟਾਂ ਵੱਜੀਆਂ।’’ ਉਸ ਔਰਤ ਨੇ ਐਕਸੀਡੈਂਟ ਸ਼ਬਦ ਦਾ ਝੱਟ ਅਨੁਵਾਦ ਕਰ ਦਿੱਤਾ।
‘‘ਨੀਂ ਹੋਟ…! ਤੂੰ ਐਂ ਦੱਸ ਖਾਂ ਫੇਰ! ਮੈਂ ਸਮਝੀ ਕਿਤੇ ਨੌਕਰੀ ਮਿਲ ਗਈ।’’ ਦਾਦੀ ਦੀ ਗੱਲ ’ਤੇ ਉਸ ਦੇ ਨਾਲ ਨਾਲ ਦੂਜੀ ਔਰਤ ਵੀ ਹੱਸ ਪਈ।
ਫਿਰ ਦਾਦੀ ਵਾਂਗ ਹੀ ਇੱਕ ਘਟਨਾ ਅੱਠਵੀਂ ਵਿੱਚ ਜਾ ਕੇ ਮੇਰੇ ਨਾਲ ਵੀ ਵਾਪਰ ਗਈ ਸੀ। ਸਾਡੇ ਸਮੇਂ ਅੰਗਰੇਜ਼ੀ ਦੀ ਪੜ੍ਹਾਈ ਛੇਵੀਂ ਤੋਂ ਸ਼ੁਰੂ ਹੁੰਦੀ ਸੀ। ਉਸ ਸਮੇਂ ਪੰਜਾਬੀ ਬੋਲੀ ਵਿੱਚ ਹਾਲੇ ਅੰਗਰੇਜ਼ੀ ਨੇ ਘੁਸਪੈਠ ਨਹੀਂ ਕੀਤੀ ਸੀ। ਓਦੋਂ ਸਾਡੇ ਸਕੂਲ ਵਿੱਚ ਸਿਰਫ਼ ਦੋ ਮਾਸਟਰ ਸਨ, ਇੱਕ ਪੰਜਾਬੀ ਵਾਲਾ ਗਿਆਨੀ ਤੇ ਦੂਜਾ ਪੀ.ਟੀ.ਆਈ.। ਤੀਜਾ ਸੀ ਚਪੜਾਸੀ ਬਿੱਕਰ ਚੰਦ। ਪਤਾ      ਨਹੀਂ ਲੋਕਗੀਤਾਂ ਵਾਂਗ ਕਿਹੜੇ ਬੱਚਿਆਂ ਨੇ ਇਹ ਗੱਲ ਵੀ ਜੋੜ ਲਈ ਸੀ:
ਗਿਆਨੀ ਦੇਵੇ ’ਠਿਆਨੀ,
ਭਾੜਾ ਲਾਉਣ ਨੂੰ।
ਪੀ.ਟੀ. ਮਾਰੇ ਸੀਟੀ,
ਬੱਸ ਚਲਾਉਣ ਨੂੰ।
ਬਿੱਕਰ ਵੱਢੇ ਕਿੱਕਰ
ਬੱਸ ਲੰਘਾਉਣ ਨੂੰ।
ਫਿਰ ਸਾਨੂੰ ਅੱਠਵੀਂ ਤਕ ਅੰਗਰੇਜ਼ੀ ਕਿਸ ਮਾਈ ਦੇ ਲਾਲ ਨੇ ਪੜ੍ਹਾਉਣੀ ਸੀ? ਅੰਗਰੇਜ਼ੀ ਦੇ ਸ਼ਬਦ ਸਾਡੇ ਲਈ ਇੰਨੇ ਕੁ ਹੀ ਓਪਰੇ ਸਨ ਜਿਵੇਂ ‘ਖੇਤੋਂ ਘਰ ਤੇ ਘਰੋਂ ਖੇਤ’ ਜਾਣ ਵਾਲੇ ਲਈ ਐਂਟਾਰਕਟਿਕਾ ਮਹਾਂਦੀਪ ਹੋਵੇ।
ਇੱਕ ਦਿਨ ਪੀ.ਟੀ.ਆਈ. ਨੇ ਸਾਡੀ ਕਲਾਸ ਲਈ। ਉਸ ਨੇ ਆਉਂਦਿਆਂ ਹੀ ਬਲੈਕ ਬੋਰਡ ਵੱਲ ਵੇਖਿਆ ਤੇ ਫਿਰ ਇਧਰ-ਉਧਰ ਨਿਗ੍ਹਾ ਮਾਰੀ। ਉਸ ਨੂੰ ਚਾਹੀਦੀ ਸ਼ੈਅ ਸ਼ਾਇਦ ਕਿਤੇ     ਨਹੀਂ ਸੀ।
‘‘ਇਉਂ ਕਰੋ! ਸੱਤਵੀਂ ’ਚੋਂ ਡਾਸਟਰ (ਡਸਟਰ) ਲਿਆਓ।’’
ਮੈਂ ਅਤੇ ਮੇਰਾ ਦੋਸਤ ਸ਼ੇਰਾ ਅਸੀਂ ਸਭ ਤੋਂ ਅੱਗੇ ਬੈਂਚ ’ਤੇ ਬੈਠੇ ਹੁੰਦੇ ਸਾਂ। ਅਸੀਂ ਮਾਸਟਰ ਜੀ ਦੀ ਗੱਲ ਭੁੰਜੇ ਨਹੀਂ ਡਿੱਗਣ ਦਿੱਤੀ ਤੇ ਉਸੇ ਪਲ ਹੀ ਕਲਾਸ ਵਿੱਚੋਂ ਹੀ ਰੇਸ ’ਤੇ ਪੈਰ ਰੱਖ ਦਿੱਤਾ। ਅਸੀਂ ਸੱਤਵੀਂ ਵਿੱਚ ਪੜ੍ਹਦੇ ਡਾਕਟਰ ਦੀਆਂ ਦੋਵੇਂ ਬਾਹਾਂ ਜਾ ਫੜੀਆਂ। ਉਸ ਮੁੰਡੇ ਦੇ ਪਿਤਾ ਜੀ ਡਾਕਟਰ ਸਨ ਜਿਹੜੇ ਹੋਰ ਵਿਆਹ ਕਰਵਾ ਕੇ ਕਿਤੇ ਬਾਹਰ ਰਹਿ ਰਹੇ ਸਨ। ਅਧਿਆਪਕ ਉਸ ਡਾਕਟਰ ਦੇ ਮੁੰਡੇ ਨੂੰ ਵੀ ਡਾਕਟਰ ਕਹਿੰਦੇ ਸਨ ਤੇ ਪਿੱਛੇ ਪਿੱਛੇ ਸਾਰਾ ਸਕੂਲ ਹੀ ਉਸ ਨੂੰ ਡਾਕਟਰ ਕਹਿਣ ਲੱਗ ਪਿਆ। ਉਸ ਦੇ ਅਸਲ ਨਾਂ ਦਾ ਤਾਂ ਰਜਿਸਟਰ ਵਿੱਚ ਹੀ ਕਿਧਰੇ ਸਾਹ ਬੰਦ ਕਰ ਦਿੱਤਾ ਗਿਆ ਸੀ।
‘‘ਚੱਲ ਤੈਨੂੰ ਪੀ.ਟੀ. ਮਾਸਟਰ ਨੇ ਬੁਲਾਇਐ।’’ ਅਸੀਂ ਉਸ ਨੂੰ ਬੈਠੇ ਨੂੰ ਜ਼ੋਰ ਜ਼ਬਰਦਸਤੀ ਖੜ੍ਹਾ ਕਰਨ ਲੱਗ ਪਏ।
‘‘ਕਿਉਂ?’’ ਜਦੋਂ ਅਸੀਂ ਉਸ ਦੀਆਂ ਬਾਹਾਂ ਫੜ ਕੇ ਉਸ ਨੂੰ ਉਗਾਸਿਆ ਤਾਂ ਉਹ ਹੈਰਾਨੀ ਅਤੇ ਡਰ ਨਾਲ ਸਾਡੇ ਵੱਲ ਝਾਕਿਆ।
‘‘ਪਤਾ ਨ੍ਹੀਂ! ਪੀ.ਟੀ. ਦੱਸੂ।’’ ਅਸੀਂ ਉਸ ’ਤੇ ਰੋਹਬ ਮਾਰਿਆ।
‘‘ਮੈਂ ਕੀ ਕਰਿਆ? ਮੈਨੂੰ ਕਿਉਂ ਲਿਜਾਂਦੇ ਓ?’’ ਉਹ ਵਿਰੋਧ ਵਿੱਚ ਪੈਰ ਅੜਾਉਣ ਲੱਗਿਆ। ਉਸ ਦੀਆਂ ਅੱਖਾਂ ਵਿੱਚ ਡਰ ਅਤੇ ਚਿਹਰੇ ’ਤੇ ਪੀੜਾ ਧੂੜੀ ਗਈ ਸੀ।
‘‘ਤੂੰ ਪਹਿਲਾਂ ਕਲਾਸ ’ਚ ਚੱਲ।’’ ਅਸੀਂ ਉਸ ਨੂੰ ਪੈਰ ਅੜਾਉਂਦੇ ਨੂੰ ਖਲ ਦੀ ਬੋਰੀ ਵਾਂਗ ਧੂਹ ਲਿਆ।
‘‘ਆਹ ਲਓ ਜੀ, ਆਉਂਦਾ ਨ੍ਹੀਂ ਤੀ।’’ ਅਸੀਂ ਡਾਕਟਰ ਨੂੰ ਘੜੀਸ ਕੇ ਅੱਠਵੀਂ ਕਲਾਸ ਵਿੱਚ ਲੈ ਗਏ। ਮਾਸਟਰ ਦਾ ਹੁਕਮ ਪੁਗਾ ਦੇਣ ’ਤੇ ਅਸੀਂ ਫੁੱਲ ਕੇ ਕੁੱਪਾ ਹੋ ਗਏ ਸਾਂ। ਉਂਜ, ਉਸ ਨੂੰ ਘੜੀਸਦਿਆਂ ਅਸੀਂ ਸਾਹੋਂ ਉੱਖੜ ਗਏ ਸਾਂ।
‘‘ਓਏ ਪਾਗਲੋ!’’ ਪੀ.ਟੀ.ਆਈ. ਨੇ ਮੱਥੇ ’ਤੇ ਹੱਥ ਮਾਰਿਆ, ‘‘ਤੁਹਾਨੂੰ ਡਾਕਟਰ ਨ੍ਹੀਂ, ਡਾਸਟਰ ਲਿਆਉਣ ਨੂੰ ਕਿਹਾ ਸੀ ਬਲੈਕ ਬੋਰਡ ਸਾਫ਼ ਕਰਨ ਵਾਲਾ।’’ ਮਾਸਟਰ ਦੀ ਗੱਲ ਅਤੇ ਸਾਡੀ ਸਮਝ ’ਤੇ ਸਾਰੀ ਕਲਾਸ ਵਿੱਚ ਹਾਸੜ ਮੱਚ ਗਈ। ਡਰੇ ਖੜ੍ਹੇ ਡਾਕਟਰ ਦੇ ਚਿਹਰੇ ’ਤੇ ਮੁਸਕਾਨ ਨੇ ਪੈਲਾਂ ਪਾ ਲਈਆਂ।
‘‘ਪੁੱਤਰ, ਤੂੰ ਜਾ ਕਲਾਸ ’ਚ।’’ ਪੀ.ਟੀ.ਆਈ. ਦੇ ਬੋਲ ਸੁਣਦਿਆਂ ਹੀ ਡਾਕਟਰ ਉੱਥੋਂ ਇਸ ਤਰ੍ਹਾਂ ਭੱਜਿਆ ਜਿਵੇਂ ਫ਼ਾਂਸੀ ਦੀ ਸਜ਼ਾ ਹੋਏ ਮੁਜਰਮ ਨੂੰ ਜੱਜ ਨੇ ਅਚਾਨਕ ਬਰੀ ਕਰ ਦਿੱਤਾ ਹੋਵੇ। ਮੈਂ ਅਤੇ ਸ਼ੇਰਾ ਮਿੰਨ੍ਹਾ ਮਿੰਨ੍ਹਾ ਹੱਸਦੇ, ਬੈਚਾਂ ਉੱਤੇ ਜਾ ਬੈਠੇ।
ਸੰਪਰਕ: 94172-41787


Comments Off on ਅੰਗਰੇਜ਼ੀ ਗੱਲਾਂ, ਪੰਜਾਬੀ ਜਵਾਬ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.