ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

ਆਓ ਸੰਭਾਲੀਏ ਬਚਪਨ ਨੂੰ

Posted On January - 7 - 2017

12912cd _photo caption 706 suvinder 05_01ਕੈਲਾਸ਼ ਚੰਦਰ ਸ਼ਰਮਾ
ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਵਿੱਚੋਂ ਬਚਪਨ ਉਮਰ ਦਾ ਇੱਕ ਅਜਿਹਾ ਮੁੱਢਲਾ ਪੜਾਅ ਹੈ, ਜਿੱਥੇ ਨਾ ਕੋਈ ਚਿੰਤਾ, ਨਾ ਗ਼ਮ ਤੇ ਨਾ ਹੀ ਕਿਸੇ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਹੈ। ਇਹ ਉਹ ਬਾਦਸ਼ਾਹੀ ਅਵਸਥਾ ਹੈ ਜਦੋਂ ਮਸਤ-ਮੌਲੇ ਦਿਲ ਨੂੰ ਹਰ ਪਲ ਹੁਸੀਨ ਲੱਗਦਾ ਹੈ। ਬੋਲਣ ਤੋਂ ਪਹਿਲਾਂ ਸੋਚਣਾ ਨਹੀਂ ਪੈਂਦਾ। ਹੱਸਣ ਦੀ ਕੋਈ ਵਜ੍ਹਾ ਨਹੀਂ ਹੁੰਦੀ।
ਬਚਪਨ ਮਨੁੱਖ ਦੀ ਜ਼ਿੰਦਗੀ ਦੀ ਉਹ ਕੀਮਤੀ ਨਿਸ਼ਾਨੀ ਹੁੰਦੀ ਹੈ, ਜਿਸ ਵਿੱਚ ਬੀਤੀਆਂ ਘਟਨਾਵਾਂ ਮਨੁੱਖ ਦੀਆਂ ਯਾਦਾਂ ਦਾ ਅਹਿਮ ਹਿੱਸਾ ਬਣ ਜਾਂਦੀਆਂ ਹਨ। ਬਚਪਨ ਦੀਆਂ ਸ਼ਰਾਰਤਾਂ ਅਤੇ ਖੇਡਾਂ ਕਦੇ ਵੀ ਨਹੀਂ ਭੁੱਲਦੀਆਂ। ਬਚਪਨ ਦੀਆਂ ਯਾਦਾਂ ਸਾਨੂੰ ਅਜਿਹਾ ਸਕੂਨ ਦਿੰਦੀਆਂ ਹਨ ਕਿ ਰੁਝੇਵਿਆਂ ਵਿੱਚ ਘਿਰਿਆ ਮਨੁੱਖ ਜਦੋਂ ਕੁਝ ਪਲਾਂ ਲਈ ਆਪਣੇ ਆਪ ਨੂੰ ਬਚਪਨ ਦੇ ਵਿਹੜੇ ਲੈ ਜਾਂਦਾ ਹੈ ਤਾਂ ਚਿੰਤਾਮੁਕਤ ਹੋ ਜਾਂਦਾ ਹੈ। ਕਈ ਯਾਦਾਂ ਅਜਿਹਾ ਖੁਸ਼ੀ ਦਾ ਹੁਲਾਰਾ ਦੇ ਜਾਂਦੀਆਂ ਹਨ ਕਿ ਮਨੁੱਖ ਫਿਰ ਆਪਣੇ ਆਪ ਨੂੰ ਊਰਜਾ ਸ਼ਕਤੀ ਨਾਲ ਭਰਪੂਰ ਮਹਿਸੂਸ ਕਰਦਾ ਹੈ। ਬਚਪਨ ਵਿਚਲੀ ਮੌਜ-ਮਸਤੀ, ਖੁੱਲ੍ਹਾਪਣ, ਜ਼ਿੰਦਗੀ ਵਿੱਚ ਫਿਰ ਕਦੇ ਨਹੀਂ ਮਿਲਦੇ। ਹਰ ਤਰ੍ਹਾਂ ਦੇ ਦੁੱਖਾਂ ਅਤੇ ਦੁਨੀਆਂ ਦੇ ਰੰਗਾਂ ਤੋਂ ਅਣਜਾਣ ਬਚਪਨ ਜ਼ਿੰਦਗੀ ਦੇ ਚੜ੍ਹਦੇ ਸੂਰਜ ਦੀਆਂ ਨਿੱਘੀਆਂ ਅਤੇ ਚਮਕੀਲੀਆਂ ਕਿਰਨਾਂ ਦੀ ਰੋਸ਼ਨੀ ਵਿੱਚ ਚਮਕਦਾ ਬਤੀਤ ਹੁੰਦਾ ਹੈ। ਬਚਪਨ ਦੀ ਕੀਮਤ ਦਾ ਅਹਿਸਾਸ ਸਾਨੂੰ ਜਵਾਨੀ ਦੀ ਦਹਿਲੀਜ਼ ’ਤੇ ਕਦਮ ਰੱਖਦਿਆਂ ਹੀ ਹੁੰਦਾ ਹੈ।
ਬੱਚਾ ਅਣਘੜਿਆ ਹੀਰਾ ਹੁੰਦਾ ਹੈ। ਬੱਚਿਆਂ ਨੂੰ ਚੰਗੀ ਸੇਧ ਵੀ ਇਸੇ ਰੁੱਤ ਵਿੱਚ ਹੀ ਦਿੱਤੀ ਜਾਂਦੀ ਹੈ। ਬਚਪਨ ਦੀ ਰੁੱਤ ਜਵਾਨੀ ਤੋਂ ਵੀ ਮਹਿੰਗੀ ਹੁੰਦੀ ਹੈ। ਜਿਸ ਤਰ੍ਹਾਂ ਕਮਜ਼ੋਰ ਅਤੇ ਮਾੜੀਆਂ ਜੜ੍ਹਾਂ ਵਾਲੇ ਰੁੱਖ ਤੇਜ਼ ਰਫ਼ਤਾਰ ਹਨੇਰੀਆਂ, ਤੂਫ਼ਾਨਾਂ ਅੱਗੇ ਨਹੀਂ ਟਿਕਦੇ, ਉੱਚੀਆਂ ਤੇ ਸ਼ਾਨਦਾਰ ਮੰਜ਼ਿਲਾਂ, ਡੂੰਘੀਆਂ ਅਤੇ ਮਜ਼ਬੂਤ ਨੀਹਾਂ ਤੋਂ ਬਿਨਾਂ ਨਹੀਂ ਉਸਾਰੀਆਂ ਜਾ ਸਕਦੀਆਂ, ਉਸੇ ਤਰ੍ਹਾਂ ਬਚਪਨ ਵਿੱਚ ਬਣੀਆਂ ਚੰਗੀਆਂ ਆਦਤਾਂ ਹੀ ਮਨੁੱਖ ਦੀ ਅਗਲੀ ਜ਼ਿੰਦਗੀ ਨੂੰ ਸੰਵਾਰਨ ਵਿੱਚ ਮਦਦ ਕਰਦੀਆਂ ਹਨ। ਇਸ ਲਈ ਜਵਾਨੀ ਅਤੇ ਬੁਢਾਪੇ ਨੂੰ ਸੁਰੱਖਿਅਤ ਰੱਖਣ ਲਈ ਬਚਪਨ ਦੀ ਸਹੀ ਦੇਖ-ਭਾਲ ਜ਼ਰੂਰੀ ਹੈ।
ਇੱਕ ਸਮਾਂ ਸੀ ਜਦੋਂ ਸਕੂਲਾਂ ਵਿੱਚ ਮਿਆਰੀ ਸਿੱਖਿਆ ਦੇ ਨਾਲ-ਨਾਲ ਕੁਦਰਤੀ ਵਾਤਾਵਰਣ ਵਿੱਚ ਖੇਡਣ ਦਾ ਮੌਕਾ ਵੀ ਦਿੱਤਾ ਜਾਂਦਾ ਸੀ। ਸਕੂਲ ਤੋਂ ਆ ਕੇ ਵੀ ਬੱਚੇ ਜ਼ਿਆਦਾ ਸਮਾਂ ਖੇਡਦੇ ਸਨ। ਲੁਕਣਮੀਚੀ, ਪਿੱਠੂ ਗਰਮ, ਛੂਹਣ-ਛਿਪਾਈ, ਕੋਟਲਾ ਛਪਾਕੀ, ਅੱਡੀ ਛੜੱਪਾ ਅਤੇ ਗੇਂਦ ਗੀਟੇ ਆਦਿ ਖੇਡਣ  ਨਾਲ ਜਿੱਥੇ ਉਨ੍ਹਾਂ ਦੇ ਚਿਹਰਿਆਂ ’ਤੇ ਖੁਸ਼ੀ ਚਮਕਾਂ ਮਾਰਦੀ, ਉੱਥੇ  ਉਨ੍ਹਾਂ ਦਾ ਸਰੀਰਕ, ਬੌਧਿਕ ਅਤੇ ਸਮਾਜਿਕ ਵਿਕਾਸ ਵੀ ਹੁੰਦਾ ਸੀ। ਰਾਤ ਨੂੰ ਬਜ਼ੁਰਗਾਂ ਕੋਲੋਂ ਕਹਾਣੀਆਂ ਸੁਣਦੇ ਤੇ ਗੱਲਾਂ ਕਰਦੇ ਸੌਂ ਜਾਂਦੇ ਸਨ। ਮਾਪੇ ਵੀ ਆਪਣੇ ਕੰਮ-ਵਿਹਾਰ ਤੋਂ ਵਿਹਲੇ ਹੋ ਕੇ ਬੱਚਿਆਂ ਨਾਲ ਸਮਾਂ ਬਤੀਤ ਕਰਦੇ ਜਿਸ ਨਾਲ ਖੁੱਲ੍ਹੀ ਗੱਲਬਾਤ ਹੋ ਜਾਂਦੀ। ਬੱਚਿਆਂ ਦੀਆਂ ਗ਼ਲਤੀਆਂ ਸੁਧਾਰਨ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਜਾਣਨ ਦਾ ਮਾਪਿਆਂ ਨੂੰ ਸਮਾਂ ਮਿਲਦਾ ਸੀ। ਇਸ ਤਰ੍ਹਾਂ ਬੱਚਿਆਂ ਨਾਲ ਤਾਲਮੇਲ ਬਣਨ ਕਰਕੇ ਬੱਚੇ ਸੁਖਾਵੇਂ ਮਾਹੌਲ ਵਿੱਚ ਮਾਪਿਆਂ ਨਾਲ ਆਪਣੀਆਂ ਮੁਸ਼ਕਲਾਂ ਬਾਰੇ ਵੀ ਗੱਲਬਾਤ ਕਰ ਸਕਦੇ ਸਨ। ਬੱਚਿਆਂ ਵਿੱਚ ਡਰ ਦਾ ਮਾਹੌਲ ਘਟਣ ਕਾਰਨ ਉਹ ਵੱਡਿਆਂ ਦਾ ਸਤਿਕਾਰ ਕਰਨ ਲੱਗ ਪੈਂਦੇ ਹਨ।
ਪਰਿਵਾਰ ਬੱਚੇ ਦਾ ਮੁੱਢਲਾ ਸਕੂਲ ਹੈ।  ਬੱਚਾ ਬਹੁਤੀਆਂ ਗੱਲਾਂ ਘਰ ਵਿੱਚੋਂ ਹੀ ਸਿੱਖਦਾ ਹੈ। ਸੁਭਾਅ, ਆਦਤਾਂ, ਮਿਹਨਤ, ਇਮਾਨਦਾਰੀ, ਮਿਲਵਰਤਣ ਅਤੇ ਸਹਿਣਸ਼ੀਲਤਾ ਵਰਗੇ ਗੁਣ ਬੱਚੇ ਆਪਣੇ ਮਾਪਿਆਂ ਕੋਲੋਂ ਹੀ ਸਿੱਖਦੇ ਹਨ। ਅਜਿਹੇ ਗੁਣ ਹੀ ਬੱਚੇ ਦੀ ਜ਼ਿੰਦਗੀ ਦਾ ਆਧਾਰ ਬਣਦੇ ਹਨ। ਪਰਿਵਾਰ ਵਿੱਚ ਵਾਪਰ ਰਹੀਆਂ ਚੰਗੀਆਂ-ਮਾੜੀਆਂ ਗੱਲਾਂ ਦਾ ਵੀ ਬੱਚਿਆਂ ’ਤੇ ਬਹੁਤ ਅਸਰ ਹੁੰਦਾ ਹੈ। ਛੋਟੇ ਬੱਚੇ ਬਹੁਤ ਕੁਝ ਨਕਲ ਰਾਹੀਂ ਹੀ ਸਿੱਖਦੇ ਹਨ। ਪਰਿਵਾਰ ਵਿੱਚ ਬੋਲੀ ਜਾਂਦੀ ਮੰਦੀ ਭਾਸ਼ਾ, ਮਾਰ-ਕੁਟਾਈ ਦਾ ਅਸਰ ਬੱਚਿਆਂ ’ਤੇ ਬਹੁਤ ਹੁੰਦਾ ਹੈ। ਅਜਿਹੇ ਪ੍ਰਭਾਵ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਹਨ, ਜਿਸ ਨਾਲ ਬੱਚੇ ਜ਼ਿੰਦਗੀ ਵਿੱਚ ਅਨੁਸ਼ਾਸਨਹੀਣ ਅਤੇ ਅੜੀਅਲ ਬਣ ਜਾਂਦੇ ਹਨ।
ਅੱਜ ਦੀ ਪਦਾਰਥਕ ਦੌੜ ਵਿੱਚ ਸ਼ਾਮਲ ਮਾਪਿਆਂ ਕੋਲ ਇੰਨਾ ਸਮਾਂ ਹੀ ਨਹੀਂ ਕਿ ਉਹ ਬੱਚਿਆਂ ਨਾਲ ਬੈਠ ਕੇ ਖੁੱਲ੍ਹੀਆਂ ਗੱਲਾਂ ਕਰਦੇ ਹੋਏ ਉਨ੍ਹਾਂ ਨਾਲ ਆਪਣਾ ਤਾਲਮੇਲ ਬਣਾ ਸਕਣ। ਬੱਚੇ ਦੇ ਹੋਸ਼ ਸੰਭਾਲਦੇ ਹੀ ਮਾਪੇ ਬਿਨਾਂ ਉਸ ਅੰਦਰ ਛਿਪੀ ਕਲਾ ਜਾਣੇ, ਉਸ ਉੱਪਰ ਆਪਣੀ ਇੱਛਾ ਥੋਪਣੀ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਬੱਚਾ ਮਿਹਨਤ ਕਰਨ ਦੇ ਬਾਵਜੂਦ ਟੀਚਾ ਪੂਰਾ ਕਰਨ ਵਿੱਚ ਸਫਲ ਨਹੀਂ ਹੁੰਦਾ ਜੋ ਬਾਅਦ ਵਿੱਚ ਉਸ ਦੇ ਤਣਾਅ ਦਾ ਕਾਰਨ ਬਣਦਾ ਹੈ। ਕੰਮ-ਕਾਰ ਤੋਂ ਆ ਕੇ ਮਾਪੇ ਮੋਬਾਈਲ ਅਤੇ ਇੰਟਰਨੈੱਟ ਦੀ ਦੁਨੀਆਂ ਵਿੱਚ ਮਗਨ ਰਹਿੰਦੇ ਹਨ ਅਤੇ ਬੱਚੇ ਕਾਰਟੂਨਾਂ ਦੀ ਦੁਨੀਆਂ ਵਿੱਚ। ਆਧੁਨਿਕ ਯੁੱਗ ਵਿੱਚ ਭਾਰੀ ਬਸਤਿਆਂ ਨਾਲ ਜਦੋਂ ਬੱਚੇ ਸਕੂਲ ਤੋਂ ਪਰਤਦੇ ਹਨ ਤਾ ਮਾਪੇ ਉਸੇ ਵੇਲੇ ਉਨ੍ਹਾਂ ਨੂੰ ਕੁਝ ਖਾਣ-ਪੀਣ ਨੂੰ ਦੇਣ ਤੋਂ ਬਾਅਦ ਟਿਊਸ਼ਨਾਂ ਵੱਲ ਤੋਰ ਦਿੰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਲੋੜੀਂਦਾ ਆਰਾਮ ਨਹੀਂ ਮਿਲਦਾ। ਜਦੋਂ ਵੀ ਸਮਾਂ ਮਿਲਦਾ ਹੈ ਤਾਂ ਬੱਚੇ ਟੀ.ਵੀ. ਦੇ ਪ੍ਰੋਗਰਾਮਾਂ ਵਿੱਚ ਮਗਨ ਰਹਿੰਦੇ ਹਨ। ਗੇਮਾਂ ਵੀ ਉਹ ਟੀ.ਵੀ. ਉੱਪਰ ਖੇਡਦੇ ਹਨ। ਆਖ਼ਿਰ ਥੱਕ ਕੇ ਸੌਂ ਜਾਂਦੇ ਹਨ। ਖੇਡਣ ਦਾ ਸਮਾਂ ਹੀ ਨਹੀਂ ਮਿਲਦਾ ਜਿਸ ਨਾਲ ਉਨ੍ਹਾਂ ਦਾ ਸਰੀਰਕ ਅਤੇ ਸਮਾਜਿਕ ਵਿਕਾਸ ਪੂਰਨ ਤੌਰ ’ਤੇ ਨਹੀਂ ਹੁੰਦਾ। ਇਸ ਤਰ੍ਹਾਂ ਬੱਚਿਆਂ ਨੂੰ ਬਚਪਨ ਦਾ ਅਸਲੀ ਰੂਪ ਮਾਣਨ ਦਾ ਮੌਕਾ ਨਹੀਂ ਮਿਲਦਾ ਜੋ ਵੱਡੇ ਹੋ ਕੇ ਤਣਾਅ ਦਾ ਕਾਰਨ ਬਣਦੇ ਹਨ। ਅੱਜ-ਕੱਲ੍ਹ ਇਕਹਿਰੇ ਪਰਿਵਾਰ ਹੀ ਹਨ, ਇਸ ਲਈ  ਬਜ਼ੁਰਗਾਂ ਦੀਆਂ ਸਿੱਖਿਆਦਾਇਕ  ਕਹਾਣੀਆਂ ਜੋ ਉਨ੍ਹਾਂ ਵਿੱਚ ਨੈਤਿਕਤਾ ਦੇ ਗੁਣ ਭਰਦੀਆਂ ਸਨ ਦੇ ਪ੍ਰਭਾਵ ਤੋਂ ਬੱਚੇ ਵਾਂਝੇ ਰਹਿ ਜਾਂਦੇ ਹਨ। ਰਿਸ਼ਤਿਆਂ ਦੀ ਭਾਵਨਾਤਮਕ ਸਾਂਝ, ਅਪਣੱਤ ਅਤੇ ਸਦਭਾਵਨਾ ਵਰਗੇ ਗੁਣ ਕਿਨਾਰਾ ਕਰਦੇ ਜਾ ਰਹੇ ਹਨ।
ਮਾਪਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਅਸਲ ਪੂੰਜੀ ਉਨ੍ਹਾਂ ਦੀ ਔਲਾਦ ਹੀ ਹੈ। ਇਸ ਲਈ ਲੋੜ ਹੈ ਬੱਚਿਆਂ ਨੂੰ ਉਨ੍ਹਾਂ ਦੇ ਅਸਲੀ ਬਚਪਨ ’ਚ ਲੈ ਕੇ ਜਾਣ ਦੀ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਨੇੜੇ ਤੋਂ ਜਾਣਨ ਅਤੇ ਸੁਖਾਵਾਂ ਮਾਹੌਲ ਪੈਦਾ ਕਰਦੇ ਹੋਏ ਗੱਲਾਂ-ਬਾਤਾਂ ਰਾਹੀਂ       ਉਨ੍ਹਾਂ ਦਾ ਮਾਰਗ ਦਰਸ਼ਨ ਕਰਨ ਦੀ ਅਤੇ ਕਿਸੇ ਵੀ ਮਸਲੇ ਨੂੰ ਸੂਝ-ਬੂਝ ਅਤੇ ਦਲੀਲ ਨਾਲ ਸਮਝਾਉਣ ਦੀ। ਬੱਚਿਆਂ ਨਾਲ ਪੇਸ਼ ਆਉਣ ਸਮੇਂ ਪਿਆਰ ਅਤੇ ਠਰ੍ਹੰਮੇ ਨਾਲ ਉਨ੍ਹਾਂ ਦੀ ਗੱਲ ਸੁਣਨ ਦੀ ਅਤੇ ਤਰਕ ਨਾਲ ਉਨ੍ਹਾਂ ਦੇ ਸਵਾਲਾਂ ਦਾ ਉੱਤਰ ਦੇਣ ਦੀ। ਜੇਕਰ ਘਰ ਵਿੱਚ ਬਜ਼ੁਰਗ ਹਨ ਤਾਂ ਉਨ੍ਹਾਂ ਦੀ ਸਤਿਕਾਰ ਨਾਲ ਚੰਗੀ ਸਾਂਭ-ਸੰਭਾਲ ਕਰਨ ਦੀ। ਇਸ ਤਰ੍ਹਾਂ ਕਰਨ ਨਾਲ ਬੱਚਿਆਂ ਵਿੱਚ ਵੀ ਬਜ਼ੁਰਗਾਂ ਦਾ ਸਤਿਕਾਰ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ। ਬਚਪਨ ਵਿੱਚ ਬੱਚੇ ਦੇ ਅੰਦਰ ਛਿਪੀਆਂ ਕਲਾਵਾਂ ਨੂੰ ਜਾਂਚਦੇ ਹੋਏ, ਉਸ ਕਲਾ ਨੂੰ ਵੱਧ ਅੱਗੇ ਵਧਣ ਲਈ ਪ੍ਰੇਰਿਤ ਕਰਨ ਦੀ। ਇਸ ਤਰ੍ਹਾਂ ਕਰਨ ਨਾਲ ਬੱਚਾ ਸਹਿਜਤਾ ਨਾਲ ਹੀ ਮਿਹਨਤ ਕਰਦਾ ਹੋਇਆ ਆਪਣੀ ਮੰਜ਼ਿਲ ਵੱਲ ਵਧਦਾ ਜਾਵੇਗਾ। ਘਰ ਵਿੱਚ ਲੜਕੇ ਅਤੇ ਲੜਕੀਆਂ ਵਿੱਚ ਕੋਈ ਭੇਦ-ਭਾਵ ਨਹੀਂ ਹੋਣਾ ਚਾਹੀਦਾ। ਦੋਵਾਂ ਲਈ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਬਰਾਬਰ ਦੇ  ਮੌਕੇ ਮਿਲਣੇ ਚਾਹੀਦੇ ਹਨ। ਬੱਚਿਆਂ ਨੂੰ ਬਹੁਤੇ ਮਹਿੰਗੇ ਤੋਹਫ਼ੇ ਭਾਵੇਂ ਨਾ  ਦਿਓ, ਪਰ ਉਨ੍ਹਾਂ ਅੰਦਰ ਚੰਗੇ ਸੰਸਕਾਰ ਜ਼ਰੂਰ ਪੈਦਾ ਕਰੋ। ਇਸ ਲਈ ਬੱਚਿਆਂ ਨਾਲ ਦੋਸਤਾਨਾ ਅਤੇ ਖੁਸ਼ੀ ਵਾਲੇ ਮਾਹੌਲ ਵਿੱਚ ਵਿਚਰਦੇ ਹੋਏ, ਉਨ੍ਹਾਂ ਨੂੰ ਨੇੜੇ ਤੋਂ ਜਾਣ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਚਾਹੀਦਾ ਹੈ। ਆਓ ਸੰਭਾਲੀਏ, ਉਨ੍ਹਾਂ ਦੇ ਬਚਪਨ ਨੂੰ ਤਾਂ ਕਿ ਉਹ ਆਪਣੀ ਜ਼ਿੰਦਗੀ ਵਿੱਚ ਖੁਸ਼ਬੂ ਦੇ ਬੁੱਲ੍ਹੇ ਬਣ ਕੇ ਰੁਮਕਦੇ ਰਹਿਣ।
ਸੰਪਰਕ: 80540-16816


Comments Off on ਆਓ ਸੰਭਾਲੀਏ ਬਚਪਨ ਨੂੰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.