ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਆ ਗਿਆ ਪਰਖ ਦਾ ਵੇਲ਼ਾ…

Posted On January - 8 - 2017
7 jan 2

ਚਿੱਤਰ: ਸੰਦੀਪ ਜੋਸ਼ੀ

ਚਾਰ ਫਰਵਰੀ ਦੇ ਦਿਨ ਪੰਜਾਬੀ ਲੋਕ ਫਿਰ ਕਤਾਰਾਂ ਵਿੱਚ ਲੱਗੇ ਦਿਖਾਈ ਦੇਣਗੇ- ਇਹ ਫ਼ੈਸਲਾ ਕਰਨ ਲਈ ਕਿ ਅਗਲੇ ਪੰਜ ਸਾਲਾਂ ਲਈ ਉਨ੍ਹਾਂ ਦੇ ਹਾਕਮ ਕੌਣ ਹੋਣਗੇ। ਕੀ ਉਹ ਇਮਾਨਦਾਰੀ ਨਾਲ ਇਹ ਚੋਣ ਕਰਨ ਲਈ ਆਤਮ ਵਿਸ਼ਵਾਸ ਜੁਟਾ ਪਾਉਣਗੇ?
ਇੱਕ ਨਾਗਰਿਕ ਦੇ ਨਜ਼ਰੀਏ ਤੋਂ ਇਹ ਨਿਹਾਇਤ ਜ਼ਰੂਰੀ ਹੈ ਕਿ ਪੰਜਾਬ ਦੀਆਂ ਇਹ ਚੋਣਾਂ ਨਿਰਪੱਖ ਅਤੇ ਸਾਫ਼-ਸੁਥਰੇ ਢੰਗ ਨਾਲ ਨੇਪਰੇ ਚੜ੍ਹਨ। ਇਹ ਜ਼ਿੰਮੇਵਾਰੀ ਚੋਣ ਕਮਿਸ਼ਨ ਦੀ ਹੈ। ਪੰਜਾਬ ਵਿੱਚ ਤਾਇਨਾਤ ਇਸ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਮੁਕਾਮੀ ਪੱਧਰ ’ਤੇ ਪ੍ਰਸ਼ਾਸਨ ਨੂੰ ਬਾਦਲਾਂ ਦੇ ਪ੍ਰਭਾਵ ਤੋਂ ਨਿਜਾਤ ਦਿਵਾਉਣ। ਪਿਛਲੇ ਇੱਕ ਦਹਾਕੇ ਤੋਂ ਅਫ਼ਸਰਸ਼ਾਹੀ, ਪੁਲੀਸ, ਪੰਚਾਇਤੀ ਨਿਜ਼ਾਮ ਅਤੇ ਹੋਰ ਵੀ ਥੱਲੇ ਤਕ ਭਾਵ ਪੂਰੇ ਸਿਸਟਮ ਨੂੰ ਹੀ ਅਕਾਲੀ ਦਲ ਦੀਆਂ ਸਿਆਸੀ ਤਰਜੀਹਾਂ ਅਤੇ ਇਸ ਦੇ ਆਗੂਆਂ ਦੇ ਚੋਜਾਂ ’ਤੇ ਲੋੜਾਂ ਅਨੁਸਾਰ ਢਲਣ ਲਈ ਮਜਬੂਰ ਕੀਤਾ ਜਾਂਦਾ ਰਿਹਾ ਹੈ। ਕਿਹਾ ਜਾ ਸਕਦਾ ਹੈ ਕਿ ਅਫ਼ਸਰਾਂ ਦੀ ਤਾਂ ਮਰਜ਼ੀ ਵਾਲੀ ਗੱਲ ਕੋਈ ਰਹਿ ਹੀ ਨਹੀਂ ਗਈ ਸੀ। ਲਿਹਾਜ਼ਾ, ਪੰਜਾਬ ਨੂੰ ਬਾਦਲਾਂ ਵੱਲੋਂ ਆਪਣੇ ਕੁਨਬੇ ਦੀ ਜਾਗੀਰ ਬਣਾ ਛੱਡਣ ਦਾ ਇਲਜ਼ਾਮ ਦਸਾਂ ਸਾਲਾਂ ਬਾਅਦ ਵੀ ਇੰਨ-ਬਿੰਨ ਕਾਇਮ ਹੈ।
ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਜਾਣ ਨਾਲ ਹੁਣ ਇਹ ਸੂਰਤਿ-ਹਾਲ ਬਦਲਣੀ ਚਾਹੀਦੀ ਹੈ। ਖ਼ੁਸ਼ਕਿਸਮਤੀ ਨਾਲ ਪੰਜਾਬ ਦੇ ਦੋ ਆਹਲਾਤਰੀਨ ਅਫ਼ਸਰਾਨ-ਮੁੱਖ ਸਕੱਤਰ ਸਰਵੇਸ਼ ਕੌਸ਼ਲ ਅਤੇ ਸੂਬਾ ਪੁਲੀਸ ਮੁਖੀ ਸੁਰੇਸ਼ ਅਰੋੜਾ- ਦੋਵੇਂ ਹੀ ਪੇਸ਼ਾਵਰਾਨਾ ਪਹੁੰਚ ਰੱਖਣ ਵਾਲੇ ਵਿਅਕਤੀ ਹਨ। ਉਨ੍ਹਾਂ ਨੂੰ ਬੁਲਾ ਕੇ ਹਦਾਇਤ ਦਿੱਤੀ ਜਾਵੇਗੀ ਕਿ ਉਹ ਆਪਣੇ ਜੂਨੀਅਰ ਸਹਿਕਰਮੀਆਂ ਨੂੰ ਸਾਰੇ ਹੀ ਉਮੀਦਵਾਰਾਂ ਅਤੇ ਸਿਆਸੀ ਦਲਾਂ ਲਈ ਇੱਕ ਹਮਵਾਰ ਚੋਣ ਮੈਦਾਨ ਮੁਹੱਈਆ ਕਰਨ ਲਈ ਨਿਰਦੇਸ਼ ਦੇਣ। ਜੇ ਇਸ ਚੋਣ ਮੌਸਮ ਦੌਰਾਨ ਇਨ੍ਹਾਂ ਕਰਮਚਾਰੀਆਂ ਦਾ ਵਤੀਰਾ ਸਹੀ ਰਹਿੰਦਾ ਹੈ ਤਾਂ ਬਾਅਦ ਵਿੱਚ ਜ਼ਿਆਦਾ ਪੈਰਵਾਈ ਦੀ ਜ਼ਰੂਰਤ ਨਹੀਂ ਰਹੇਗੀ।

ਕੌਫ਼ੀ ਤੇ ਗੱਪ-ਸ਼ੱਪ ਹਰੀਸ਼ ਖਰੇ

ਕੌਫ਼ੀ ਤੇ ਗੱਪ-ਸ਼ੱਪ
ਹਰੀਸ਼ ਖਰੇ

ਅਕਾਲੀਆਂ ਦੇ ਪੱਲੇ ਪਿਛਲੇ ਦਸ ਸਾਲ ਹਕੂਮਤ ਕਰਨ ਦੇ ਨੁਕਸਾਨ ਹੀ ਨੁਕਸਾਨ ਹਨ। ਉਨ੍ਹਾਂ ਦਾ ਕੰਮਕਾਜ ਦਾ ਰਿਕਾਰਡ ਤਾਂ ਫਿਰ ਵੀ ਰਲਿਆ-ਮਿਲਿਆ ਜਿਹਾ ਹੈ ਪਰ ਉਨ੍ਹਾਂ ਦਾ ਅਕਸ ਬੁਰੀ ਤਰ੍ਹਾਂ ਵਿਗੜ ਚੁੱਕਾ ਹੈ। ਕੁਨਬਾ-ਪ੍ਰਸਤੀ ਵਾਲੀ ਸਿਆਸਤ ਦਾ ਹਮੇਸ਼ਾ ਨੁਕਸਾਨ ਹੀ ਹੋਇਆ ਕਰਦਾ ਹੈ ਅਤੇ ਪੰਜਾਬ ਇਸ ਮਾਮਲੇ ਵਿੱਚ ਕੋਈ ਅਪਵਾਦ ਨਹੀਂ ਹੈ।
ਕਿਉਂਕਿ ਪੰਜਾਬ ਨੂੰ ਵਿਆਪਕ ਪੱਧਰ ਦੇ ਸਨਅਤੀਕਰਨ ਅਤੇ ਇਸ ਦੇ ਸਮਾਜਕ ਕਦਰਾਂ-ਕੀਮਤਾਂ ਅਤੇ ਆਰਥਿਕ ਵਿਹਾਰ ਉੱਪਰ ਪੈਣ ਵਾਲੇ ਆਧੁਨਿਕੀਕਰਨ ਦੇ ਪ੍ਰਭਾਵ ਦਾ ਕੋਈ ਤਜਰਬਾ ਨਹੀਂ, ਇਸ ਲਈ ਇੱਥੋਂ ਦੀ ਸਿਆਸੀ ਜਮਾਤ ਹਾਲੇ ਪੁਰਾਤਨ ਸਮੀਕਰਨਾਂ ਦੀ ਕੈਦ ’ਚੋਂ ਆਜ਼ਾਦ ਨਹੀਂ ਹੋ ਸਕੀ। ਇਸ ਤੋਂ ਇੱਕ ਗੱਲ ਯਕੀਨੀ ਹੋ ਜਾਂਦੀ ਹੈ ਕਿ ਸਿਆਸਤਦਾਨ ਦਾ ਸਾਰਾ ਜ਼ੋਰ ਸਥਾਨਕ ਪੱਧਰ ਦੇ ਮੁਲਾਜ਼ਮਾਂ ਨੂੰ ਆਪਣੇ ਸਮਰਥਕਾਂ ਦੀ ਮਦਦ ਕਰਨ ਅਤੇ ਵਿਰੋਧੀਆਂ ਨੂੰ ਤੰਗ-ਪ੍ਰੇਸ਼ਾਨ ਕਰਨ ਲਈ ਵਰਤਣ ’ਤੇ ਲੱਗ ਜਾਂਦਾ ਹੈ। ਇਹ ਪਿੰਡ ਪੱਧਰ ’ਤੇ ਨਿਗੂਣੇ ਜਿਹੇ ਭ੍ਰਿਸ਼ਟਾਚਾਰ ’ਚ ਲੱਗੇ ਸਿਆਸਤਦਾਨ ਦੀ ਆਮ-ਫ਼ਹਿਮ ਕਹਾਣੀ ਹੈ। ਪਿੰਡ ਪੱਧਰ ਦਾ ਭ੍ਰਿਸ਼ਟਾਚਾਰ ਬਹੁਤ ਹੀ ਕਰੂਪ ਅਤੇ ਇਨਸਾਨੀਅਤ ਤੋਂ ਗਿਰਿਆ ਹੋਇਆ ਹੁੰਦਾ ਹੈ ਕਿਉਂਕਿ ਇਸ ਤੋਂ ਬਚਾਅ ਦੀ ਕੋਈ ਗੁੰਜਾਇਸ਼ ਨਹੀਂ- ਨਾ ਕਰਨ ਵਾਲੇ ਲਈ ਅਤੇ ਨਾ ਹੀ ਇਸ ਦੇ ਸ਼ਿਕਾਰ ਲਈ। ਪੰਜਾਬ ਸਾਮੰਤੀ ਵਫ਼ਾਦਾਰੀਆਂ ਅਤੇ ਨਾਰਾਜ਼ਗੀਆਂ ਦੇ ਚੁੰਗਲ ਵਿੱਚ ਫਸਿਆ ਹੋਇਆ ਹੈ।
ਕਿਸੇ ਵੇਲੇ ਆਮ ਆਦਮੀ ਪਾਰਟੀ ਨੇ ਚੋਖੀ ਆਸ ਜਗਾਈ ਸੀ ਕਿ ਇਹ ਕਾਂਗਰਸ ਜਾਂ ਅਕਾਲੀ ਦਲ ਦੇ ਮੁਕਾਬਲੇ ਜ਼ਰਾ ਜ਼ਿਆਦਾ ਇਖ਼ਲਾਕਪ੍ਰਸਤ ਸਾਬਤ ਹੋਵੇਗੀ ਅਤੇ ਇੱਕ ਨਿਵੇਕਲੀ ਸਿਆਸਤ ਦਾ ਆਗ਼ਾਜ਼ ਕਰੇਗੀ। ਉਹ ਵੇਲਾ ਵੀ ਕਿੱਧਰੇ ਹੀ ਗਿਆ ਅਤੇ ਆਸ ਵੀ। ਭਾਵੇਂ ਵੋਟਰ ਹਾਲੇ ਵੀ ਬਦਲਾਅ ਦੇ ਖ਼ਿਆਲ ਦੇ ਮਿਕਨਾਤੀਸੀ ਪ੍ਰਭਾਵ ਹੇਠ ਹਨ ਪਰ ਆਮ ਆਦਮੀ ਪਾਰਟੀ ਹੁਣ ਆਪਣੀ ਚਮਕ-ਦਮਕ ਗੁਆ ਬੈਠੀ ਹੈ।
ਇਨ੍ਹਾਂ ਹਾਲਤਾਂ ਵਿੱਚ ਭਾਜਪਾ ਕਸੂਤੀ ਸਥਿਤੀ ਵਿੱਚ ਫਸ ਗਈ ਹੈ। ਉੱਤਰ ਪ੍ਰਦੇਸ਼ ਵਿੱਚ ਪ੍ਰਧਾਨ ਮੰਤਰੀ ਵੋਟਰਾਂ ਨੂੰ ਤਬਦੀਲੀ ਦਾ ਜ਼ਾਇਕਾ ਚੱਖਣ ਲਈ ਅਪੀਲ ਕਰ ਰਹੇ ਹਨ ਜਦੋਂਕਿ ਪੰਜਾਬ ਵਿੱਚ ਉਹ ਯਥਾ-ਸਥਿਤੀ ਦੇ ‘ਬੁੱਲੇ ਲੁੱਟਣ’ ਲਈ ਹੋਕਾ ਦੇਣਗੇ। ਕੇਂਦਰ ਵਿੱਚ ਬਤੌਰ ਹਾਕਮ ਪਾਰਟੀ ਭਾਜਪਾ ਨਵੀਨਤਾ ਦਾ ਰਾਗ਼ ਅਲਾਪੇਗੀ ਅਤੇ ਪੰਜਾਬ ਵਿੱਚ ਇਹ ਪੁਰਾਤਨ ਨਿਜ਼ਾਮ ਦੀ ਕਸੀਦਾਗੋਈ ਕਰਨਾ ਚਾਹੇਗੀ। ਪਰ ਫਿਰ ਵੀ ਇਹ ਸਭ ਤਾਂ ਵੋਟਰ ਦੀ ਸੂਝ-ਬੂਝ ’ਤੇ ਨਿਰਭਰ ਕਰਦਾ ਹੈ ਕਿ ਉਹ ਕਿਵੇਂ ਇਨ੍ਹਾਂ ਆਗੂਆਂ ਅਤੇ ਇਨ੍ਹਾਂ ਦੇ ਦੰਭ ਨੂੰ ਸਮਝਦਾਰੀ ਦੇ ਛੱਜ ਵਿੱਚ ਪਾ ਕੇ ਛੰਡਦਾ ਹੈ।

ਮੈਨੂੰ ਇਸ ਗੱਲ ਦੀ ਹੈਰਾਨੀ ਹੁੰਦੀ ਹੈ ਕਿ ਸਾਬਕਾ ਥਲ ਸੈਨਾ ਮੁਖੀ ਜੇ.ਜੇ. ਸਿੰਘ ਨੇ ਪਟਿਆਲੇ ਤੋਂ ਆਪਣਾ ਨਾਮ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਬਤੌਰ ਅਕਾਲੀ ਦਲ ਉਮੀਦਵਾਰ ਚੋਣ ਲੜਨ ਲਈ ਤਜਵੀਜ਼ ਕਰਨ ਦੀ ਹਾਮੀ ਕਿਵੇਂ ਭਰ ਦਿੱਤੀ। ਕੋਈ ਵੀ ਇਹ ਗੱਲ ਯਕੀਨ ਨਾਲ ਨਹੀਂ ਕਹਿ ਸਕਦਾ ਸੀ ਕਿ ਉਹ ਪਟਿਆਲੇ ਤੋਂ ਚੋਣ ਲੜਨ ਜਾਂ ਚੁਣੇ ਜਾਣ ਲਈ ਸਹਿਮਤ ਹੋ ਜਾਣਗੇ। ਖ਼ੈਰ, ਜੋ ਵੀ ਹੈ, ਇਹ ਲੱਗਦਾ ਬੜਾ ਅਜੀਬ ਹੈ। ਇਸ ਲਈ ਨਹੀਂ ਕਿ ਉਨ੍ਹਾਂ ਨੇ ਕਿਸੇ ਖ਼ਾਸ ਸਿਆਸੀ ਦਲ ਦੇ ਪ੍ਰਤੀ ਆਪਣਾ ਝੁਕਾਅ ਦਰਸਾਇਆ ਹੈ ਬਲਕਿ ਇਸ ਲਈ ਇਹ ਮੁਕਾਬਲਾ ਬੇਹਿਸਾਬਾ ਜਿਹਾ ਹੋਵੇਗਾ। ਇੱਕ ਸਾਬਕਾ ਸੈਨਾ ਮੁਖੀ ਆਪਣਾ ਕੱਦਬੁੱਤ ਇੱਕ ਵਿਧਾਨ ਸਭਾ ਉਮੀਦਵਾਰ ਦੇ ਪੱਧਰ ਤਕ ਲੈ ਆਉਣ ਬਾਰੇ ਸੋਚੇ! ਬਿਲਕੁਲ ਅਨੋਖੀ ਅਤੇ ਬਿਆਨੋਂ ਬਾਹਰੀ ਲੱਗਦੀ ਹੈ ਇਹ ਗੱਲ। ਲੋਕ ਸਭਾ ਸੀਟ ਲਈ ਉਮੀਦਵਾਰੀ ਪੇਸ਼ ਕੀਤੀ ਹੁੰਦੀ ਤਾਂ ਕੋਈ ਗੱਲ ਸਮਝ ਵਿੱਚ ਵੀ ਆਉਂਦੀ ਪਰ ਅਸੈਂਬਲੀ ਸੀਟ? ਪੰਜਾਬ ਵਿੱਚ ਸ਼ਾਸਨ ਅਤੇ ਸਿਆਸਤ ਦੇ ਨਵੇਂ ਮਿਆਰ ਸਿਰਜਣ ਦਾ ਦਾਅਵਾ ਕਰਨ ਵਾਲੀ ‘ਆਪ’ ਵਰਗੀ ਪਾਰਟੀ ਵੱਲੋਂ ਉਨ੍ਹਾਂ ਨੂੰ ਮੁੱਖ-ਮੰਤਰੀ ਦੇ ਉਮੀਦਵਾਰ ਵਜੋਂ ਉਭਾਰਿਆ ਗਿਆ ਹੁੰਦਾ ਤਾਂ ਵੀ ਕੋਈ ਗੱਲ ਪਿੜ ਪੱਲੇ ਪੈਂਦੀ। ਪਰ ਇੱਕ ਅਜਿਹੀ ਪਾਰਟੀ ਦੇ ਉਮੀਦਵਾਰ ਬਣਨਾ ਜਿਹੜੀ ਐਲਾਨੀਆ ਇੱਕੋ ਕੁਨਬੇ ਦੀ ਪਾਰਟੀ ਵਜੋਂ ਬਦਨਾਮ ਹੈ, ਬਹੁਤ ਹੀ ਮਾਯੂਸਕੁੰਨ ਹੈ। ਇਸ ਗੱਲ ਬਾਰੇ ਕਿਸੇ ਨੂੰ ਕੋਈ ਭੁਲੇਖਾ ਨਹੀਂ ਕਿ ਇਨ੍ਹਾਂ ਚੋਣਾਂ ਵਿੱਚ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੇ ਚਿਹਰੇ ਵਜੋਂ ਚੋਣਾਂ ’ਚ ਨਿੱਤਰਨਗੇ ਅਤੇ ਉਨ੍ਹਾਂ ਤੋਂ ਬਾਅਦ ਅਕਾਲੀ ਗੱਦੀ  ਦੇ ਜਾਂਨਸ਼ੀਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਣਗੇ।
ਮੰਨਣ ਵਾਲੀ ਗੱਲ ਹੈ ਕਿ ਕਿਸੇ ਨੇ ਵੀ ਕਦੇ ਜੇ.ਜੇ. ਸਿੰਘ ਹੁਰਾਂ ਦੇ ਵਧੀਆ ਜਰਨੈਲ ਹੋਣ ’ਤੇ ਕਿੰਤੂ ਨਹੀਂ ਕੀਤਾ। ਇਸ ਬਾਰੇ ਵੀ ਸਾਰੇ ਸਹਿਮਤ ਹੋਣਗੇ ਕਿ ਜਨਰਲ ਜੇ.ਜੇ. ਸਿੰਘ ਇੱਕ ਦਿਆਨਤਦਾਰ ਸਿਪਾਹੀ ਸਨ। ਪਰ ਹੁਣ ਜਨਰਲ ਸਾਹਿਬ ਦੀ ਇੱਜ਼ਤ ਆਬਰੂ ਕਿੰਨੇ ਜ਼ੋਖ਼ਮ ਵਿੱਚ ਹੈ, ਇਹ ਸ਼ਾਇਦ ਉਹ ਖ਼ੁਦ ਵੀ ਨਹੀਂ ਜਾਣਦੇ।
ਕੀ ਮਹਿਜ਼ ਸੇਵਾਮੁਕਤ ਹੋ ਜਾਣ ਨਾਲ ਹੀ ਜਰਨੈਲ ਲੋਕ ਆਪਣੇ ਅਹੁਦੇ ਨਾਲ ਜੁੜੀ ਸ਼ਾਲੀਨਤਾ ਦੇ ਮੁਹਾਫ਼ਿਜ਼ ਨਹੀਂ ਰਹਿੰਦੇ? ਕੀ ਜ਼ਰੂਰੀ ਹੈ ਕਿ ਹਰ ਜਰਨੈਲ ਵੀ.ਕੇ. ਸਿੰਘ ਦੀ ਨਕਲ ਕਰੇ ਜਿਹੜੇ ਅੱਜ-ਕੱਲ੍ਹ ਮਾਮੂਲੀ ਜਿਹੇ ਰਾਜ ਮੰਤਰੀ ਬਣ ਕੇ ਹੀ ਸੰਤੁਸ਼ਟ ਹੋਏ ਬੈਠੇ ਹਨ? ਮੈਨੂੰ ਇਹ ਸਾਰਾ ਮਾਜਰਾ ਸਮਝ ਹੀ ਨਹੀਂ ਆ ਰਿਹਾ।’ ਤੇ ਫਿਰ, ਅਸੀਂ ‘ਚੀਫ਼’ ਅਤੇ ਉਸ ਦੀ ਪਦਵੀ ਨਾਲ ਜੁੜੀ ‘ਇੱਜ਼ਤ’ ਦੀ ਵਡਿਆਈ ਕਰਦੇ ਵੀ ਨਹੀਂ ਥੱਕਦੇ।

7 jan 3ਕਿਸੇ ਵੇਲੇ 1923 ਵਿੱਚ ਜਰਮਨੀ ਦੇ ਕੁਝ ਬੁੱਧੀਜੀਵੀਆਂ ਅਤੇ ਵਿਚਾਰਕਾਂ ਨੇ ਇਕੱਠੇ ਹੋ ਕੇ ਫ਼ਰੈਂਕਫ਼ਰਟ ਵਿੱਚ ਸਮਾਜਿਕ ਖੋਜ ਸੰਸਥਾਨ ਕਾਇਮ ਕੀਤੀ। ਇਨ੍ਹਾਂ ’ਚੋਂ ਬਜ਼ਾਤਿ ਖ਼ੁਦ ਹਰੇਕ ਇਹ ਸਮਝਣਾ ਚਾਹੁੰਦਾ ਸੀ ਕਿ 1919 ਵਿੱਚ ਰੂਸ ਵਿੱਚ ਹੋਈ ਬਾਲਸ਼ੇਵਿਕ ਕ੍ਰਾਂਤੀ ਦੀ ਤਰਜ਼ ’ਤੇ ਜਰਮਨੀ ਵਿੱਚ ਕੋਈ ਇਨਕਲਾਬ ਕਿਉਂ ਨਹੀਂ ਆਇਆ। ਸਮੂਹਿਕ ਤੌਰ ’ਤੇ ਅਗਾਂਹ ਜਾ ਕੇ ਜਿਗਿਆਸੂ ਵਿਚਾਰਕਾਂ ਦਾ ਇਹ ਜੁੱਟ ਮਸ਼ਹੂਰੋ ਮਾਰੂਫ਼ ਅਤੇ ਬਹੁਤ ਹੀ ਪ੍ਰਭਾਵਸ਼ਾਲੀ ਫ਼ਰੈਂਕਫ਼ਰਟ ਸਕੂਲ ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਇਨ੍ਹਾਂ ਵਿੱਚੋਂ ਤਕਰੀਬਨ ਸਾਰੇ ਹੀ ਯਹੂਦੀ ਸਨ ਅਤੇ ਚੰਗੇ ਧਨਾਢ ਪਰਿਵਾਰਾਂ ਵਿੱਚੋਂ ਸਨ ਅਤੇ ਇਨ੍ਹਾਂ ’ਚੋਂ ਜ਼ਿਆਦਾਤਰ ਇਸ ਖੋਜ ਵਿੱਚ ਆਪਣਾ ਬਚਾਅ ਵੀ ਦੇਖਦੇ ਸਨ ਕਿਉਂਕਿ ਹਿਟਲਰ ਦੀਆਂ ਫ਼ੌਜੀ ਧਾੜਾਂ ਜਰਮਨੀ ਦੀਆਂ ਗਲੀਆਂ ਵਿੱਚ ਹਰਲ-ਹਰਲ ਕਰਦੀਆਂ ਘੁੰਮਣ ਲੱਗੀਆਂ ਸਨ। ਪਹਿਲਾਂ ਉਹ ਨਿਊਯਾਰਕ ਵਿੱਚ ਇਕੱਠੇ ਹੋਏ ਅਤੇ ਫਿਰ ਜਰਮਨੀ ਵਿੱਚ ਜਿੱਥੇ ਉਨ੍ਹਾਂ ਨੂੰ ਇਸ ਬੌਧਿਕ ਸਫ਼ਰ ’ਤੇ ਨਿਕਲਣ ਲਈ ਹੋਰ ਪਾਂਧੀ ਵੀ ਮਿਲ ਗਏ।
ਸਟੁਅਰਟ ਜੈਫ਼ਰੀਜ਼ ਨਾਮ ਦੇ ਇੱਕ ਬਰਤਾਨਵੀ ਪੱਤਰਕਾਰ ਨੇ ਇਸ ਬੌਧਿਕ ਖ਼ਿਆਲ ਦੀ ਇੱਕ ਸਮੂਹਿਕ ਜੀਵਨੀ ਲਿਖੀ ਹੈ ਜਿਸ ਦਾ ਸਿਰਲੇਖ ਹੈ ਗ੍ਰੈਂਡ ਹੋਟਲ ਐਬਿੱਸ- ਦਿ ਲਾਈਵਜ਼ ਆਫ਼ ਦਿ ਫ਼ਰੈਂਕਫ਼ਰਟ ਸਕੂਲ। ਇਹ ਕੋਈ ਮੁਸ਼ਕਲ ਕਿਤਾਬ ਨਹੀਂ ਪਰ ਇਹ ਪੜ੍ਹਨ ਲਈ ਐਨੀ ਸੁਖਾਲੀ ਵੀ ਨਹੀਂ। ਜ਼ਰਾ ਸਿਰੜ ਦਿਖਾਵੇ ਤਾਂ ਪਾਠਕ ਦਾ ਵਾਹ ਥਿਉਡੋਰ ਅਡੋਰਨੋ, ਮੈਕਸ ਹਰਖੀਮਰ, ਹਰਬਰਟ ਮਾਰਕਿਊਜ਼, ਫ਼ਰੈਂਜ਼ ਨਿਊਮੈਨ, ਐਰਿਕ ਫ਼੍ਰਾਮ ਅਤੇ ਜਰਗਨ ਹਬਰਮਸ ਵਰਗੇ ਸਿਧਾਂਤਕਾਰਾਂ ਨਾਲ ਪੈਂਦਾ ਹੈ। ਪੱਤਰਕਾਰਾਂ ਵਾਲੀ ਸੁਭਾਵਿਕ ਲੱਫ਼ਾਜ਼ੀ ਅਤੇ ਚੁਸਤੀ ਨਾਲ ਜੈਫ਼ਰੀਜ਼ ਪਾਠਕ ਨੂੰ ਬਹੁਤ ਹੀ ਪੇਚੀਦਾ ਦਿਮਾਗ਼ੀ ਦੁਨੀਆ ਵਿੱਚ ਲੈ ਜਾਂਦਾ ਹੈ।
ਸ਼ੁਰੂ ਵਿੱਚ ਫ਼ਰੈਂਕਫ਼ਰਟ ਸਕੂਲ ਵਾਲਿਆਂ ਨੇ ਇਨਕਲਾਬ ਦੀਆਂ ਰੁਕਾਵਟਾਂ ’ਤੇ ਪਹਿਰਾ ਦੇਣ ਤੋਂ ਬੜੀ ਅਹਿਤਿਆਤ ਨਾਲ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਧੜਿਆਂ ਦੀ ਸਿਆਸਤ ਤੋਂ ਆਪਣੇ-ਆਪ ਨੂੰ ਪਰ੍ਹੇ ਹੀ ਰੱਖਣ ਦਾ ਰਾਹ ਚੁਣਿਆ ਅਤੇ ਸਿਆਸੀ ਜੱਦੋ-ਜਹਿਦ ਪ੍ਰਤੀ ਹਮੇਸ਼ਾ ਸੰਦੇਹ ਨਾਲ ਹੀ ਭਰੇ ਰਹੇ। ਆਲੋਚਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਸਕੂਲ ਉਨ੍ਹਾਂ ਹਾਲਤਾਂ ਨੂੰ ਬਦਲਣ ਵਿੱਚ ਨਾਕਾਮ ਰਿਹਾ ਹੈ ਜਿਨ੍ਹਾਂ ਦਾ ਇਹ ਵਿਰੋਧੀ ਹੈ। ਇਸੇ ਕਰ ਕੇ ਇਸ ਸਕੂਲ ਨੂੰ ਗ੍ਰੈਂਡ ਹੋਟਲ ਐਬਿੱਸ (ਯਾਨੀ ਗ੍ਰੈਂਡ ਹੋਟਲ ਦਾ ਤਹਿਖ਼ਾਨਾ) ਦਾ ਨਾਮ ਦਿੱਤਾ ਗਿਆ। ਦਰ ਅਸਲ ਇਹੋ ਉਹ ਜਗ੍ਹਾ ਸੀ ਜਿੱਥੇ ਇੱਕ ਸੁਰੱਖਿਅਤ ਫ਼ਾਸਲੇ ’ਤੇ ਬਹਿ ਕੇ ਉਹ ਅਵਾਮ ਦੀਆਂ ਮੁਸ਼ਕਲਾਂ ਬਾਰੇ ਚਿੰਤਨ ਕਰਿਆ ਕਰਦੇ ਸਨ।
ਇਸ ਸਾਰੀ ਆਲੋਚਨਾ ਦੇ ਬਾਵਜੂਦ ਫ਼ਰੈਂਕਫ਼ਰਟ ਸਕੂਲ ਅਤੇ ਇਸ ਦਾ ਗੰਭੀਰ ਸਿਧਾਂਤ ਬੌਧਿਕ ਪ੍ਰੇਰਨਾ ਦਾ ਸੋਮਾ ਬਣੇ ਰਹੇ ਅਤੇ ਸਰਮਾਇਆਕਾਰੀ ਦੀ ਔਲਾਦ ਖ਼ਪਤਕਾਰੀ ਮੁਆਸ਼ਰੇ ਨੂੰ ਵੰਗਾਰਨ ਲਈ ਗੁੰਜਾਇਸ਼ ਪੈਦਾ ਕਰਦੇ ਰਹੇ। ਉਨ੍ਹਾਂ ਦਾ ਸੁਨੇਹਾ ਇਹ ਸੀ ਕਿ ਅਜਾਰੇਦਾਰੀ ਵਾਲਾ ਪੂੰਜੀਵਾਦ ਵੀ ਰਾਸ਼ਟਰੀ ਸਮਾਜਵਾਦ ਜਾਂ ਸੋਵੀਅਤ ਮਾਰਕਸਵਾਦ ਜਿੰਨਾ ਹੀ ਮਾੜਾ ਅਤੇ ਨਿਰੰਕੁਸ਼ ਹੈ। ਸਕੂਲ ਨੇ ਬੁੱਧੀਜੀਵੀਆਂ ਨੂੰ ਸੈਮਿਟਿਕਤਾ ਦੇ ਵਿਰੋਧ ਨੂੰ ਆਸਾਨੀ ਨਾਲ ਕਬੂਲਣ ਬਾਰੇ ਮੁੜ ਵਿਚਾਰ ਕਰਨ ਲਈ ਮਜਬੂਰ ਕਰ ਦਿੱਤਾ ਜਿਸ ਨੇ ਕਿ ਯੂਰਪੀਨ ਇਤਿਹਾਸ ਅਤੇ ਸਮਾਜ ਨੂੰ ਦਾਗ਼ਦਾਰ ਕਰ  ਦਿੱਤਾ ਸੀ। ਥਿਉਡੋਰ ਐਡੋਰਨੋ ਦੀ ਕਿਤਾਬ ਦਿ ਅਥਾਰੀਟੇਰੀਅਨ ਪਰਸਨੈਲਿਟੀ  ਇਹ ਸਮਝਣ ਦੀ ਪਹਿਲੀ ਵਧੀਆ ਕੋਸ਼ਿਸ਼ ਸੀ ਕਿ ਕਿਵੇਂ ਸਮਾਜ ਕਿਸੇ ਹਿਟਲਰ ਵਰਗੇ ਸਿਆਸੀ ਗੁੰਡੇ ਦੇ ਪੰਜੇ ਵਿੱਚ ਫਸ ਜਾਂਦੇ ਹਨ।
ਜੈਫ਼ਰੀਜ਼ ਅੰਤ ਵਿੱਚ ਇਹ ਯਾਦ ਦਿਵਾ ਕੇ ਗੱਲ ਮੁਕਾਉਂਦਾ ਹੈ ਕਿ ਫ਼ਰੈਂਕਫ਼ਰਟ ਸਕੂਲ ਦੇ ਵਿਚਾਰ ਅੱਜ ਦੀ ਖ਼ੌਫ਼ਨਾਕ ਤਾਨਾਸ਼ਾਹੀ ਦੇ ਨਿਜ਼ਾਮ ਵਿੱਚ ਇੰਨ-ਬਿੰਨ ਸੱਚੇ ਸਾਬਤ ਹੋ ਰਹੇ ਹਨ। ਆਨਲਾਈਨ ਤਹਿਜ਼ੀਬ ਅਤੇ ਇਸ ਦੇ ਸਟੀਵ ਜੌਬਜ਼ ਅਤੇ ਮਾਰਕ ਜ਼ੁਕਰਬਰਗ ਵਰਗੇ ਕਰਤਾ-ਧਰਤਾ ਸਾਨੂੰ ਆਪਣੇ ਹੀ ਸ਼ੁਗ਼ਲਾਂ ਦੇ ਗ਼ੁਲਾਮ ਬਣਾਉਣ ਦੇ ਸਾਰੇ ਬਾਨ੍ਹਣੂੰ ਬੰਨ੍ਹ ਕੇ ਉਨ੍ਹਾਂ ਦੀ ਗ਼ੁਲਾਮੀ ਸਹੇੜਨ ਲਈ ਤਿਆਰ ਕਰ ਲੈਂਦੇ ਹਨ। ਜੈਫ਼ਰੀਜ਼ ਦੱਸਦਾ ਹੈ ਕਿ ਅੱਜ ਦੇ ਇਸ ਖ਼ਪਤਕਾਰੀ ਸੱਭਿਆਚਾਰ ਵਾਲੇ ਯੁੱਗ ਵਿੱਚ ਫ਼ਰੈਂਕਫ਼ਰਟ ਸਕੂਲ ਸਾਨੂੰ ਕਾਫ਼ੀ ਕੁਝ ਸਿਖਾ ਸਕਦਾ ਹੈ ਅਤੇ ਨਾਲ ਹੀ ਉਹ ਵਿਚਾਰਾਂ ਦੇ ਵਖਰੇਵੇਂ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੰਦਾ ਹੈ।

ਪਿਛਲੇ ਐਤਵਾਰ ਨਵੇਂ ਸਾਲ ਵਾਲੇ ਦਿਨ ਮੈਨੂੰ ਆਪਣੇ ਇਸ ਕਾਲਮ ਨਾਲ ਜੁੜੇ ਕੁਝ ਦੋਸਤਾਂ ਨਾਲ ਕੌਫ਼ੀ ਪੀਣ ਦਾ ਮੌਕਾ ਮਿਲਿਆ। ਵਧੀਆ ਧੁੱਪ ਖਿੜੀ ਹੋਈ ਸੀ ਅਤੇ ਦੋਸਤਾਂ ਨਾਲ ਬੈਠ ਕੇ ਗੱਪਸ਼ਪ ਕਰਨ ਅਤੇ ਬੀਤੇ ਦੀਆਂ ਯਾਦਾਂ ਫਰੋਲਣ ਦਾ ਚੰਗਾ ਮੌਕਾ ਸੀ। ਅਤੇ, ਅੱਜ ਜ਼ਰਾ ਸਿੱਲ੍ਹਾ ਅਤੇ ਠੰਢਾ-ਠੰਢਾ ਮੌਸਮ ਹੈ। ਇਹ ਵੀ ਗਰਮ ਗਰਮਾ ਕੌਫ਼ੀ ਪੀਣ ਵਾਲਾ ਸੋਹਣਾ ਮਾਹੌਲ ਹੈ। ਜੀ ਕਰਦਾ ਹੈ ਨਾ?

ਈਮੇਲ: kaffeeklatsch@tribuneindia.com

 


Comments Off on ਆ ਗਿਆ ਪਰਖ ਦਾ ਵੇਲ਼ਾ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.