ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਇਕ ਨਿਰਭੈ ਸ਼ਖ਼ਸੀਅਤ ਸੀ ਦੀਵਾਨ ਟੋਡਰ ਮੱਲ

Posted On January - 10 - 2017

11001CD _TODARਗੁਰਬਚਨ ਸਿੰਘ ਵਿਰਦੀ

ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਦੀ ਸ਼ਹੀਦੀ ਦੇ ਸਬੰਧ ਵਿੱਚ ਹੋਣ ਵਾਲੇ ਸਮਾਗਮਾਂ ਸਮੇਂ ਜਿੱਥੇ ਜ਼ਾਲਮ ਸੂਬਾ ਸਰਹਿੰਦ ਵਜ਼ੀਰ ਖ਼ਾਂ ਦੀ  ਘ੍ਰਿਣਾਮਈ ਚਰਚਾ ਹੁੰਦੀ ਹੈ, ਉੱਥੇ ਹੀ ਦੀਵਾਨ ਟੋਡਰ ਮੱਲ ਦੀ ਚਰਚਾ ਪੂਰੇ ਸਤਿਕਾਰ ਨਾਲ ਕੀਤੀ ਜਾਂਦੀ ਹੈ। ਇਹ ਉਹੀ ਟੋਡਰ ਮੱਲ ਸੀ, ਜਿਸ ਨੇ ਨਵਾਬ ਵਜ਼ੀਰ ਖ਼ਾਂ ਨੂੰ ਗੁਰੂ ਗੋਬਿੰਦ ਸਿੰਘ ਤੋਂ ਬਦਲਾ ਲੈਣ ਲਈ ਉਨ੍ਹਾਂ ਦੇ ਪੁੱਤਰਾਂ ਉੱਤੇ ਕੀਤੇ ਜਾ ਰਹੇ ਜ਼ੁਲਮ ਨੂੰ ਰੋਕਣ ਲਈ ਹਰ ਸੰਭਵ  ਯਤਨ ਕੀਤੇ ਸਨ।
ਇਹ ਉਹ ਭਿਆਨਕ ਸਮਾਂ ਸੀ, ਜਦੋਂ ਗੁਰੂ ਗੋਬਿੰਦ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨਾਲ ਥੋੜ੍ਹੀ ਜਿੰਨੀ ਹਮਦਰਦੀ ਰੱਖਣ ਵਾਲੇ ਦੇ ਪੂਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ। ਇਹ ਦੱਸਣ ਲਈ ਮੋਤੀ ਰਾਮ ਮਹਿਰਾ ਦੇ ਪਰਿਵਾਰ ਨੂੰ ਮਿਲੀ ਸਜ਼ਾ ਦੀ ਮਿਸਾਲ ਹੀ ਕਾਫ਼ੀ ਹੈ। ਮੋਤੀ ਰਾਮ ਮਹਿਰਾ ਉੱਤੇ ਇਲਜ਼ਾਮ ਸੀ ਕਿ ਉਸ ਨੇ   ਬੰਦੀ ਬਣਾਏ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਤੇ ਮਾਤਾ ਗੁਜਰੀ ਨੂੰ ਪੀਣ ਲਈ ਦੁੱਧ ਪਹੁੰਚਾਇਆ ਸੀ। ਇਸ ‘ਕਸੂਰ’ ਬਦਲੇ ਉਸ ਦਾ ਸਾਰਾ ਪਰਿਵਾਰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।
ਇਸੇ ਭੈਅ ਕਾਰਨ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਮਗਰੋਂ ਸ਼ਹਿਰ ਵਿੱਚ ਸੁੰਨ ਦਾ ਮਾਹੌਲ ਛਾ ਗਿਆ ਸੀ। ਕੋਈ ਕੁਝ ਨਹੀਂ ਸੀ ਬੋਲ ਰਿਹਾ। ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀਆਂ ਦੇਹਾਂ ਲਾਵਾਰਸ ਹਾਲਤ ਵਿੱਚ ਹੰਸਲਾ ਨਦੀ ਕੋਲ ਰੱਖ ਦਿੱਤੀਆਂ ਗਈਆਂ ਸਨ। ਕਿਸੇ ’ਚ  ਉਨ੍ਹਾਂ ਦੀਆਂ ਲਾਸ਼ਾਂ ਨੂੰ ਦੇਖਣ ਤਕ ਦੀ ਜੁਰੱਅਤ ਨਹੀਂ ਸੀ ਪੈ ਰਹੀ। ਇਹ ਦੀਵਾਨ ਟੋਡਰ ਮੱਲ ਹੀ ਸੀ, ਜਿਸ ਨੇ ਅੱਗੇ ਆ ਕੇ ਸ਼ਹੀਦ ਹੋਏ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਦੀਆਂ ਮ੍ਰਿਤਕ ਦੇਹਾਂ ਦਾ ਅੰਤਿਮ ਸੰਸਕਾਰ ਕਰਨ ਦੀ ਸਰਕਾਰ ਕੋਲ ਇੱਛਾ ਪ੍ਰਗਟਾਈ ਸੀ। ਦੀਵਾਨ ਟੋਡਰ ਮੱਲ ਵਜ਼ੀਰ ਖ਼ਾਂ ਤੋਂ ਪਹਿਲਾਂ ਸੂਬਾ ਸਰਹਿੰਦ ਦੇ ਬਰਾਬਰ ਦਾ ਰੁਤਬਾ ਰੱਖਣ ਵਾਲੀ ਸ਼ਖ਼ਸੀਅਤ ਸੀ। ਸਸਕਾਰ ਕਰਨ ਦੀ ਮਨਜ਼ੂਰੀ ਮਿਲਣ ਮਗਰੋਂ, ਜਦੋਂ ਸਸਕਾਰ ਕਰਨ ਦੀ ਜਗ੍ਹਾ ਬਾਰੇ ਗੱਲ ਛਿੜੀ ਤਾਂ ਹਰ ਪਾਸੇ ਪਾਬੰਦੀਆਂ ਲੱਗੀਆਂ ਹੋਈਆਂ ਸਨ। ਇਸ ਹਾਲਤ ਵਿੱਚ ਦੀਵਾਨ ਟੋਡਰ ਮੱਲ ਨੇ ਕੁਝ ਜ਼ਮੀਨ ਖ਼ਰੀਦਣ ਦਾ ਮਨ ਬਣਾਇਆ। ਅੱਤੇਵਾਲੀ (ਮੌਜੂਦਾ ਪਿੰਡ ਦਾ ਨਾਮ) ਦਾ ਇੱਕ ਚੌਧਰੀ ਅਤਾ-ਉੱਲਾ-ਖ਼ਾਂ ਸਸਕਾਰ ਕਰਨ ਲਈ ਥਾਂ ਮੁੱਲ ਦੇਣ ਲਈ ਰਜ਼ਾਮੰਦ ਹੋ ਗਿਆ। ਉਸ ਵੇਲੇ ਦੀਵਾਨ ਟੋਡਰ ਮੱਲ ਨੇ ਇਸ ਜ਼ਮੀਨ ਦੇ ਮੁੱਲ ਦੀ ਅਦਾਇਗੀ ਸੋਨੇ ਦੀਆਂ ਮੋਹਰਾਂ ਨਾਲ ਕੀਤੀ। ਇਹ ਸੋਨੇ ਦੀਆਂ ਮੋਹਰਾਂ ਧਰਤੀ ਉੱਤੇ ਵਿਛਵੀਆਂ ਜਾਂ ਖੜ੍ਹਵੀਆਂ ਸਨ, ਇਹ ਗੱਲ ਬਹੁਤੀ ਮਾਇਨੇ ਨਹੀਂ ਰੱਖਦੀ। ਟੋਡਰ ਮੱਲ ਦੇ ਕਹਿਣ ਉੱਤੇ ਜੇ ਅਤਾ-ਉੱਲਾ-ਖ਼ਾਂ ਜ਼ਮੀਨ ਵੇਚਣ ਦੀ ਹਿੰਮਤ ਵੀ ਕਰਦਾ ਹੈ  ਤਾਂ ਇਹ ਗੱਲ ਵਿਛਵੀਆਂ ਜਾਂ ਖੜ੍ਹਵੀਆਂ ਸੋਨੇ ਦੀਆਂ ਮੋਹਰਾਂ ਨਾਲੋਂ ਘੱਟ ਅਹਿਮੀਅਤ ਨਹੀਂ ਰੱਖਦੀ।
ਇਤਿਹਾਸ ਦੇ ਜਾਣਕਾਰ ਲੇਖਕ ਬਾਬੂ ਸਿੰਘ ਚੌਹਾਨ ਨੇ ਆਪਣੀ ਪੁਸਤਕ ‘ਦੀਵਾਨ ਟੋਡਰ ਮੱਲ’ (ਸਿੱਖ ਇਤਿਹਾਸ ਦੇ ਸਰੋਕਾਰ) ਵਿੱਚ ਦੀਵਾਨ ਟੋਡਰ ਮੱਲ ਦੇ ਜੀਵਨ ਦੇ ਮੁਢਲੇ ਤੋਂ ਅੰਤਲੇ ਸਮੇਂ ਤਕ ਦਾ ਬਾਖ਼ੂਬੀ ਵਰਣਨ ਕੀਤਾ ਹੈ।
ਇਤਿਹਾਸ ਵਿੱਚ ਟੋਡਰ ਮੱਲ ਦੇ ਨਾਂ ਦੀਆਂ ਦੋ ਸ਼ਖ਼ਸੀਅਤਾਂ ਹੋਈਆਂ ਹਨ। ਦੋਵੇਂ ਖੱਤਰੀ ਸਨ। ਦੋਵੇਂ ਬਹੁਤ ਬੁੱਧੀਮਾਨ ਸਨ। ਪਹਿਲਾ ਦੀਵਾਨ ਟੋਡਰ ਮੱਲ ਖੇਤੀਬਾੜੀ ਦੀ ਜ਼ਮੀਨ ਦਾ ਹਿਸਾਬ-ਕਿਤਾਬ ਰੱਖਣ ਵਿੱਚ ਮੁਹਾਰਤ ਰੱਖਦਾ ਸੀ। ਹਿੰਦੁਸਤਾਨ ਵਿੱਚ ਮਾਲੀਏ ਦਾ ਹਿਸਾਬ ਰੱਖਣਾ, ਜ਼ਮੀਨ ਦੀ ਖ਼ਰੀਦ-ਵੇਚ ਦੇ ਰਿਕਾਰਡ ਦਾ ਪ੍ਰਬੰਧ ਇਸੇ ਸ਼ਖ਼ਸੀਅਤ ਵੱਲੋਂ ਚਾਲੂ ਕੀਤਾ ਗਿਆ ਸੀ। ਉਸ ਦਾ ਜਨਮ ਪਿਤਾ ਭਗਵਾਨ ਦਾਸ ਦੇ ਘਰ 1523 ਨੂੰ ਪਿੰਡ ਚੂਹਣੀਆਂ, ਜ਼ਿਲ੍ਹਾ ਲਾਹੌਰ ਵਿੱਚ ਹੋਇਆ ਸੀ। ਉਹ ਤੀਖਣ ਬੁੱਧੀ ਦਾ ਮਾਲਕ ਹੋਣ ਕਰਕੇ ਅਕਬਰ ਦੇ ਦਰਬਾਰ ਵਿੱਚ ਨੌਂ-ਰਤਨਾਂ ਵਿੱਚ ਸ਼ਾਮਲ ਸੀ।
ਦੂਜਾ ਦੀਵਾਨ ਟੋਡਰ ਮੱਲ ਬੰਨੂੰ ਸ਼ਹਿਰ ਪਿਸ਼ਾਵਰ ਦੇ ਨੇੜੇ (ਅੱਜ-ਕੱਲ੍ਹ ਪਾਕਿਸਤਾਨ) ਦਾ ਵਸਨੀਕ ਸੀ। ਉਹ  ਆਪਣੀ ਬੁੱਧੀਮਤਾ ਕਰਕੇ ਛੋਟੀ ਉਮਰ ਵਿੱਚ ਹੀ ਸਰਕਾਰ ਦੇ ਉੱਚ ਅਹੁਦਿਆਂ ਉੱਤੇ ਪੁੱਜਿਆ ਸੀ। ਉਹ ਕਿਸੇ ਸਮੇਂ ਸ਼ਾਹਜਹਾਂ ਦਾ ਸਲਾਹਕਾਰ ਰਿਹਾ ਸੀ। ਟੋਡਰ ਮੱਲ ਆਪਣੇ ਇੱਕ ਮੁਗ਼ਲ ਮਿੱਤਰ ਅਫ਼ਜ਼ਲ ਖ਼ਾਂ ਦੀ ਸਲਾਹ ਉੱਤੇ ਸਰਹਿੰਦ ਆਇਆ ਸੀ। ਕੁਝ ਇਤਿਹਾਸਕਾਰ ਉਸ ਨੂੰ ਸਮਾਣਾ ਦਾ ਵਾਸੀ ਮੰਨਦੇ ਹਨ। ਉਸ ਦੇ ਆਉਣ ਸਮੇਂ ਸਮਾਣਾ ਸ਼ਹਿਰ ਮੁਗ਼ਲਾਂ ਲਈ ਖ਼ੁਸ਼ਹਾਲ ਸੀ, ਜਿੱਥੇ ਖਜ਼ਾਨਾ ਜਮ੍ਹਾਂ ਹੁੰਦਾ ਸੀ। ਹੋ ਸਕਦਾ ਹੈ ਸ਼ੁਰੂ ਵਿੱਚ ਉਹ ਪਹਿਲਾਂ ਸਮਾਣਾ ਆਇਆ ਹੋਵੇ ਤੇ ਮੁੜ ਸਰਹਿੰਦ ਆ ਗਿਆ ਹੋਵੇ।
ਟੋਡਰ ਮੱਲ ਦੀ ਕਾਰਜ ਕੁਸ਼ਲਤਾ ਨੂੰ ਦੇਖ ਕੇ ਉਸ ਨੂੰ ਸਰਹਿੰਦ ਦਾ ਅਮੀਨ ਨਿਯੁਕਤ ਕੀਤਾ ਗਿਆ। ਸ਼ਾਹਜਹਾਂ ਜਦੋਂ 1630 ਵਿੱਚ ਸਰਹਿੰਦ ਆਇਆ ਤਾਂ ਉਹ ਟੋਡਰ ਮੱਲ ਦੇ ਕੰਮ-ਕਾਰ ਨੂੰ ਦੇਖ ਕੇ ਬਹੁਤ ਪ੍ਰਭਾਵਿਤ  ਹੋਇਆ। ਖ਼ੁਸ਼ ਹੋ ਕੇ ਉਸ ਨੂੰ ਅਮੀਨ ਦੇ ਅਹੁਦੇ ਦੇ ਨਾਲ ਸਰਹਿੰਦ ਦਾ ਫ਼ੌਜਦਾਰ ਵੀ ਬਣਾ ਦਿੱਤਾ। ਇਸ ਤਰ੍ਹਾਂ ਵਧੀਆ ਕਾਰਗੁਜ਼ਾਰੀ ਕਰਦਿਆਂ ਉਸ ਨੇ ਕੇਂਦਰ ਸਰਕਾਰ ਵਿੱਚ ਖ਼ਾਸ ਸ਼ਖ਼ਸੀਅਤ ਵਜੋਂ ਆਪਣੀ ਪਛਾਣ ਬਣਾਈ। ਸਰਕਾਰ ਨੇ ਉਸ ਨੂੰ ਸਰਹਿੰਦ ਦੇ ਨਾਲ ਹੀ ਲੱਖੀ-ਜੰਗਲ ਦੇ ਇਲਾਕੇ ਦਾ ਪ੍ਰਬੰਧ ਵੀ ਸੌਂਪ ਦਿੱਤਾ। ਮੁਗ਼ਲ ਰਾਜ ਲਈ ਉਸ ਨੇ ਲੋਕਾਂ ਵਿੱਚ ਅਮਲ ਬਹਾਲ ਕਰ ਕੇ ਸਭ ਤੋਂ ਚੰਗਾ ਕੰਮ ਕਰਨ ਦਾ ਨਾਮਣਾ ਖੱਟਿਆ।
ਟੋਡਰ ਮੱਲ ਦੇ ਪ੍ਰਸ਼ਾਸਨ ਸਮੇਂ ਸਰਹਿੰਦ ਸੂਬਾ ਤੇ ਲੱਖੀਕੇ ਜੰਗਲ ਦੇ ਲੋਕ ਬੜੇ ਪਿਆਰ ਨਾਲ ਰਹਿ ਰਹੇ ਸਨ। ਉਸ ਵੇਲੇ ਲੋਕਾਂ ਦਾ ਭਾਈਚਾਰਾ ਦੇਖਣ ਵਾਲਾ ਸੀ। ਇਹੋ ਕਾਰਨ ਸੀ ਕਿ ਲੋਕ ਸੁਖੀ ਜੀਵਨ ਜਿਉਂ ਰਹੇ ਸਨ।
ਸਰਹਿੰਦ ਦੇ ਲੋਕਾਂ ਦੀ ਅਬਾਦੀ ਵਿੱਚ ਬਹੁਤ ਖ਼ੁਸ਼ਹਾਲ ਲੋਕ, ਸਮੁੰਦਰੀ ਜਹਾਜ਼ਾਂ ਨਾਲ ਵਪਾਰ ਕਰਨ ਵਾਲੇ ਵਪਾਰੀ, ਸਾਧਾਰਨ ਵਪਾਰੀ, ਸ਼ਾਹੂਕਾਰਾ ਕਰਨ ਵਾਲੇ ਲੋਕ ਵਸਦੇ ਸਨ। ਇਸ ਤੋਂ ਬਿਨਾਂ ਸ਼ਾਹੀ ਘਰਾਣਿਆਂ ਨਾਲ ਸਬੰਧਿਤ ਕੁਲੀਨ ਵਰਗ ਦੇ ਲੋਕ ਵੀ ਰਹਿੰਦੇ ਸਨ, ਜੋ ਆਮ ਤੌਰ ’ਤੇ ਪਾਲਕੀ ਵਿੱਚ ਆਇਆ-ਜਾਇਆ ਕਰਦੇ ਸਨ। ਇਸ ਸ਼ਹਿਰ ਵਿੱਚ ਦੀਵਾਨ ਟੋਡਰ ਮੱਲ 1630 ਤੋਂ 1658 ਤਕ ਆਪਣੇ ਅਹੁਦੇ ਉੱਤੇ ਬਿਰਾਜਮਾਨ ਰਿਹਾ।
ਬਾਦਸ਼ਾਹ ਸ਼ਾਹਜਹਾਂ ਦੇ ਜਦੋਂ ਉਸ ਦੇ ਪੁੱਤਰ ਔਰੰਗਜ਼ੇਬ ਨਾਲ ਮੱਤਭੇਦ ਹੋਏ ਤਾਂ ਸ਼ਾਹਜਹਾਂ ਸਰਹਿੰਦ ਆਇਆ ਤੇ ਕੁਝ ਦਿਨ ਆਮ-ਖ਼ਾਸ ਬਾਗ਼, ਸਰਹਿੰਦ ਵਿੱਚ ਬਿਤਾਏ। ਔਰੰਗਜ਼ੇਬ ਨੇ ਜਦੋਂ ਸ਼ਾਹਜਹਾਂ ਨੂੰ ਕੈਦ ਕਰ ਕੇ ਆਗਰੇ ਵਿੱਚ ਬੰਦੀ ਬਣਾਇਆ ਤੇ ਬਾਦਸ਼ਾਹਤ ਦੀ ਗੱਦੀ ਸੰਭਾਲੀ ਤਾਂ ਉਸ ਨੇ 1658 ਨੂੰ ਦੀਵਾਨ ਟੋਡਰ ਮੱਲ, ਜੋ ਉਸ ਸਮੇਂ ਸਰਹਿੰਦ ਦਾ ਫ਼ੌਜਦਾਰ ਵੀ ਸੀ, ਨੂੰ ਦੀਵਾਨ ਤੇ ਫ਼ੌਜਦਾਰ ਦੇ ਮਹੱਤਵਪੂਰਨ ਅਹੁਦਿਆਂ ਤੋਂ ਵੱਖ   ਕਰ ਦਿੱਤਾ। ਉਸ ਦੀ ਥਾਂ ਕੁੰਜਪੁਰ ਕਰਨਾਲ ਦੇ ਵਸਨੀਕ ਨੂੰ ਸਰਹਿੰਦ ਦਾ ਫ਼ੌਜਦਾਰ ਥਾਪ ਦਿੱਤਾ ਗਿਆ। ਦੀਵਾਨ ਟੋਡਰ ਮੱਲ ਨੇ ਆਪਣੇ ਅਹੁਦੇ ਤੋਂ ਮੁਕਤ ਹੋਣ ਤੋਂ 46 ਸਾਲ ਬਾਅਦ ਤਕ ਵੀ ਸਰਹਿੰਦ ਵਿੱਚ ਆਪਣੀ ਆਲੀਸ਼ਾਨ ਹਵੇਲੀ, ਜਿਸ ਨੂੰ ‘ਜਹਾਜ਼ ਮੰਜ਼ਿਲ ਹਵੇਲੀ’ ਆਖਦੇ ਹਨ, ਵਿੱਚ ਸਮਾਜ ਸੇਵਕ ਦੇ   ਤੌਰ ’ਤੇ ਸਮਾਂ ਬਿਤਾਇਆ। ਜੈਨ ਖ਼ਾਂ ਫ਼ੌਜਦਾਰ ਦੇ ਕਾਰਜਕਾਲ ਵਿੱਚ ਇਹ ਹਵੇਲੀ 1761 ਵਿੱਚ ਸਰਕਾਰੀ ਕਬਜ਼ੇ ਵਿੱਚ ਕਰ ਲਈ ਗਈ।
ਸਾਹਿਬਜ਼ਾਦਿਆਂ ਦੀ ਸ਼ਹੀਦੀ ਮਗਰੋਂ ਉਨ੍ਹਾਂ ਦਾ ਸਤਿਕਾਰ ਸਹਿਤ ਸਸਕਾਰ ਕਰਨ  ’ਤੇ ਦੀਵਾਨ ਟੋਡਰ ਮੱਲ, ਮੁਗ਼ਲ ਸਰਕਾਰ ਵੱਲੋਂ ਕਈ ਵਾਰ ਅਪਮਾਨਿਤ ਹੁੰਦੇ ਰਹੇ। ਇਸ ਬੁਰੇ ਸਲੂਕ  ਕਾਰਨ ਉਹ ਸਰਹਿੰਦ ਛੱਡ ਕੇ ਮਾਛੀਵਾੜਾ ਪਲਾਇਨ ਕਰ ਗਏ। ਇੱਥੇ ਆ ਕੇ ਉਨ੍ਹਾਂ ਦੁਬਾਰਾ ਇੱਕ ਹਵੇਲੀ ਦੀ ਉਸਾਰੀ ਕੀਤੀ। ਇਹ ਹਵੇਲੀ ਮਾਛੀਵਾੜਾ ਸ਼ਹਿਰ ਦੇ ਵਿਚਕਾਰ ਪੁਰਾਣੇ ਗੁਰਦੁਆਰੇ ਚਰਨ ਕੰਵਲ ਸੜਕ ਉੱਤੇ ਸਥਿਤ ਹੈ। ਹਵੇਲੀ ਦਾ ਇੱਕ ਤਬੇਲਾ  ਦਿਆਲਦਾਸ ਪੁੱਤਰ ਟੋਡਰ ਮੱਲ ਨੇ ਬਣਵਾਇਆ ਸੀ। ਇਸ ਮੁਹੱਲੇ ਨੂੰ ਗਾਮੇ ਸ਼ਾਹ ਦਾ ਮੁਹੱਲਾ ਵੀ ਕਹਿੰਦੇ ਹਨ।
ਮਾਛੀਵਾੜਾ ਵਿੱਚ ਅੱਜ-ਕੱਲ੍ਹ ਦੀਵਾਨ ਟੋਡਰ ਮੱਲ ਦੀ ਵਿਰਾਸਤ ਵਿੱਚੋਂ ਉਨ੍ਹਾਂ ਦੀ 9ਵੀਂ ਪੀੜ੍ਹੀ ਨਾਲ ਸਬੰਧਿਤ ਬਲਰਾਜ ਚੋਪੜਾ ਤੇ ਬਲਵੰਤ ਚੋਪੜਾ  ਰਹਿ ਰਹੇ ਹਨ। ਬਲਰਾਜ ਤੇ ਬਲਵੰਤ ਦਾ ਜਨਮ ਬਦਰੀ ਨਾਥ ਚੋਪੜਾ ਤੇ ਮਾਤਾ ਦੁਰਗਾ ਵਤੀ ਦੇ ਘਰ ਹੋਇਆ। ਉਨ੍ਹਾਂ ਦੀ ਧੀ ਰਸ਼ਮੀ ਆਪਣੇ ਪਤੀ ਸੰਜੇ ਕਪੂਰ ਨਾਲ ਅੱਜ-ਕੱਲ੍ਹ ਸਮਰਾਲਾ ਵਿੱਚ ਰਹਿ ਰਹੀ ਹੈ। ਬਲਰਾਜ ਚੋਪੜਾ (ਯੂਪੀ) ਸੂਬੇ ਵਿੱਚੋਂ ਐਸਡੀਓ ਦੀ ਨੌਕਰੀ ਤੋਂ ਰਿਟਾਇਰ ਹਨ। ਉਸ ਦਾ ਇੱਕ ਲੜਕਾ ਸ਼ਕਤੀ ਕਪੂਰ ਲਵਲੀ ਯੂਨੀਵਰਸਿਟੀ ਵਿੱਚ ਨੌਕਰੀ ਕਰਦਾ ਹੈ। ਦੂਜਾ ਬ੍ਰਿਜ ਲਾਲ ਚੋਪੜਾ ਇੰਜਨੀਅਰ ਹੈ। ਇਹ ਟੋਡਰ ਮੱਲ ਦੀ 10ਵੀਂ ਪੀੜ੍ਹੀ ਵਿੱਚ ਸ਼ੁਮਾਰ ਹਨ। ਬਦਰੀ ਨਾਥ ਦਾ ਦੂਜਾ ਲੜਕਾ ਬਲਵੰਤ ਚੋਪੜਾ ਹੈ, ਜੋ ਸਰਕਾਰੀ ਠੇਕੇਦਾਰ ਹੈ। ਇਹ ਸਾਰਾ ਪਰਿਵਾਰ ਦੀਵਾਨ ਟੋਡਰ ਮੱਲ ਦੀ ਯਾਦ ਤੇ ਵਿਰਾਸਤ ਨੂੰ ਸਮੋਈ ਬੈਠਾ ਹੈ। ਸਿੱਖ ਇਤਿਹਾਸ ਵਿੱਚ ਦੀਵਾਨ ਟੋਡਰ ਮੱਲ ਦਾ ਨਿਵੇਕਲਾ ਸਤਿਕਾਰਯੋਗ  ਸਥਾਨ ਹੈ। ਉਨ੍ਹਾਂ ਨੂੰ ਸਫ਼ਲ ਪ੍ਰਸ਼ਾਸਕ, ਸੰਵੇਦਨਸ਼ੀਲ, ਨਿਰਭੈ ਤੇ ਮਾਨਵਤਾਵਾਦੀ ਮਨੁੱਖ ਦੇ ਤੌਰ  ’ਤੇ ਯਾਦ ਕੀਤਾ ਜਾਂਦਾ ਹੈ।

ਸੰਪਰਕ: 98760-21122


Comments Off on ਇਕ ਨਿਰਭੈ ਸ਼ਖ਼ਸੀਅਤ ਸੀ ਦੀਵਾਨ ਟੋਡਰ ਮੱਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.