ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਕਣਕ ਅਤੇ ਬਰਸੀਮ ਵਿੱਚ ਮੈਂਗਨੀਜ਼ ਦੀ ਘਾਟ ਦੀ ਰੋਕਥਾਮ

Posted On January - 6 - 2017

ਨਵਜੋਤ ਸਿੰਘ ਬਰਾੜ ਅਤੇ ਬਲਵਿੰਦਰ ਕੁਮਾਰ*

10601cd _Wheat1ਪੰਜਾਬ ਵਿੱਚ ਚੱਲ ਰਹੇ ਕਣਕ-ਝੋਨੇ ਦੀ ਫ਼ਸਲੀ ਚੱਕਰ ਨੇ ਸਾਡੇ ਸਾਹਮਣੇ ਕਈ ਗੰਭੀਰ ਸਮੱਸਿਆਵਾਂ ਖੜ੍ਹੀਆਂ ਕਰ ਦਿੱਤੀਆਂ ਹਨ। ਸਾਡੇ ਵਾਤਾਵਰਣ ਦਾ ਸੰਤੁਲਨ ਲਗਾਤਾਰ ਵਿਗੜ ਰਿਹਾ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਹੈ। ਇਨ੍ਹਾਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਨਸ਼ਟ ਹੋਣ ਦੇ ਨਾਲ ਨਾਲ ਵਾਤਾਵਰਣ ਦੂਸ਼ਿਤ ਹੋਣ ਕਰਕੇ ਕਈ ਗੰਭੀਰ ਮਸਲੇ ਪੈਦਾ ਹੋ ਰਹੇ ਹਨ। ਅੱਜ ਸਥਿਤੀ ਇਹ ਬਣ ਗਈ ਹੈ ਕਿ ਫ਼ਸਲਾਂ ਦੇ ਝਾੜ ਵਿੱਚ ਖੜੋਤ ਆ ਗਈ ਹੈ। ਅਸੀਂ ਵੱਧ ਤੋਂ ਵੱਧ ਰਸਾਇਣਿਕ ਖਾਦਾਂ ਅਤੇ ਕੀੜੇਮਾਰ ਦਵਾਈਆਂ ਵਰਤ ਰਹੇ ਹਾਂ ਪਰ ਫਿਰ ਵੀ ਫ਼ਸਲਾਂ ਦਾ ਪੂਰਾ ਝਾੜ ਨਹੀਂ ਮਿਲ ਰਿਹਾ। ਇਸ ਦਾ ਸਭ ਤੋਂ ਵੱਡਾ ਕਾਰਨ ਹੈ ਸਾਡੀ ਮਿੱਟੀ ਦੀ ਸਿਹਤ ਦਾ ਖ਼ਰਾਬ ਹੋਣਾ। ਲਗਾਤਾਰ ਰਸਾਇਣਿਕ ਖਾਦਾਂ ਦੀ ਵਰਤੋਂ ਨਾਲ ਜ਼ਮੀਨ ਵਿੱਚ ਜੈਵਿਕ ਮਾਦਾ ਬਹੁਤ ਘਟ ਗਿਆ ਹੈ। ਇਸ ਨਾਲ ਮਿੱਟੀ ਵਿੱਚ ਮੁੱਖ ਤੱਤਾਂ ਦੇ ਨਾਲ ਨਾਲ ਸੂਖ਼ਮ ਤੱਤਾਂ ਦੀ ਵੀ ਘਾਟ ਆਉਣੀ ਸ਼ੁਰੂ ਹੋ ਗਈ ਹੈ।
ਪੰਜਾਬ ਵਿੱਚ ਕਣਕ ਅਤੇ ਬਰਸੀਮ ਹਾੜ੍ਹੀ ਦੀਆਂ ਦੋ ਪ੍ਰਮੁੱਖ ਫ਼ਸਲਾਂ ਹਨ। ਪੰਜਾਬ ਵਿੱਚ ਕਣਕ ਦੀ ਕਾਸ਼ਤ ਤਕਰੀਬਨ 35.12 ਲੱਖ ਹੈਕਟੇਅਰ ਅਤੇ ਬਰਸੀਮ ਦੀ ਕਾਸ਼ਤ ਤਕਰੀਬਨ 2.26 ਲੱਖ ਹੈਕਟੇਅਰ ਰਕਬੇ ’ਤੇ ਕੀਤੀ ਜਾਂਦੀ ਹੈ। ਕਣਕ ਅਤੇ ਬਰਸੀਮ ਦੀਆਂ ਫ਼ਸਲਾਂ ਵਿੱਚ ਮੈਂਗਨੀਜ਼ ਦੀ ਘਾਟ ਇੱਕ ਮੁੱਖ ਸਮੱਸਿਆ ਬਣਦੀ ਜਾ ਰਹੀ ਹੈ। ਇਹ ਦੋਵੇ ਫ਼ਸਲਾਂ ਮੈਂਗਨੀਜ਼ ਦੀ ਘਾਟ ਨੂੰ ਬਹੁਤ ਮੰਨਦੀਆਂ ਹਨ। ਇਸ ਕਰਕੇ ਜਦੋਂ ਇਨ੍ਹਾਂ ਦੀ ਕਾਸ਼ਤ ਉਨ੍ਹਾਂ ਖੇਤਾਂ ਵਿੱਚ ਕੀਤੀ ਜਾਂਦੀ ਹੈ, ਜਿਨ੍ਹਾਂ ਵਿੱਚ ਮੈਂਗਨੀਜ਼ ਦੀ ਘਾਟ ਹੋਵੇ ਤਾਂ ਇਨ੍ਹਾਂ ਦੇ ਝਾੜ ’ਤੇ ਬਹੁਤ ਮਾੜਾ ਅਸਰ ਪੈਂਦਾ ਹੈ।
ਕਿਸੇ ਵੀ ਫ਼ਸਲ ’ਤੇ ਜਦੋਂ ਕਿਸੇ ਖ਼ੁਰਾਕੀ ਤੱਤ ਦੀ ਘਾਟ ਦੀਆਂ ਨਿਸ਼ਾਨੀਆਂ ਦਿਖਾਈ ਦਿੰਦੀਆਂ ਹਨ, ਉਦੋਂ ਫ਼ਸਲ ਦਾ ਬਹੁਤ ਨੁਕਸਾਨ ਹੋ ਚੁੱਕਾ ਹੁੰਦਾ ਹੈ। ਇਸ ਕਰਕੇ ਫ਼ਸਲਾਂ ਤੋਂ ਪੂਰਾ ਝਾੜ ਲੈਣ ਲਈ ਇਹ ਜ਼ਰੂਰੀ ਹੈ ਕਿ ਬਿਜਾਈ ਤੋਂ ਪਹਿਲਾਂ ਹੀ ਖੇਤਾਂ ਵਿੱਚ ਮੈਂਗਨੀਜ਼ ਤੱਤ ਦੀ ਮਾਤਰਾ ਬਾਰੇ ਪਤਾ ਹੋਵੇ ਤਾਂ ਜੋੋ ਘਾਟ ਵਾਲੀ ਹਾਲਤ ਵਿੱਚ ਸਮੇਂ ਸਿਰ ਉਸ ਦੀ ਪੂਰਤੀ ਕਰਨ ਦਾ ਉਪਰਾਲਾ ਕੀਤਾ ਜਾ ਸਕੇ। ਇਸ ਲਈ ਜ਼ਰੂਰੀ ਹੈ ਕਿ ਕਿਸਾਨ ਆਪਣੇ ਖੇਤ ਦੀ ਮਿੱਟੀ ਦੀ ਪਰਖ ਕਰਵਾਉਣ। ਜੇ ਕਿਸੇ ਕਾਰਨ ਕਰਕੇ ਫ਼ਸਲ ਵਿੱਚ ਮੈਂਗਨੀਜ਼ ਦੀ ਘਾਟ ਦੇ ਚਿੰਨ੍ਹ ਨਜ਼ਰ ਆ ਜਾਣ ਤਾਂ ਇਹ ਵੀ ਜ਼ਰੂਰੀ ਹੈ ਕਿ ਕਿਸਾਨਾਂ ਨੂੰ ਇਨ੍ਹਾਂ ਚਿੰਨ੍ਹਾਂ ਦੀ ਪਛਾਣ ਬਾਰੇ ਅਤੇ ਇਸ ਤੱਤ ਦੀ ਘਾਟ ਦੀ ਪੂਰਤੀ ਕਰਨ ਦੇ ਸਹੀ ਤਰੀਕੇ ਬਾਰੇ ਪੂਰੀ ਜਾਣਕਾਰੀ ਹੋਵੇ।
10601cd _berseemਮੈਂਗਨੀਜ਼ ਦੀ ਘਾਟ ਦੇ ਕਾਰਨ: ਮੈਂਗਨੀਜ਼ ਦੀ ਘਾਟ ਆਮ ਕਰਕੇ ਰੇਤਲੀਆਂ ਜ਼ਮੀਨਾਂ, ਜਿਨ੍ਹਾਂ ਦੀ ਪਾਣੀ ਜੀਰਨ ਦੀ ਸ਼ਕਤੀ ਬਹੁਤ ਜ਼ਿਆਦਾ ਹੈ, ਵਿੱਚ ਆ ਜਾਂਦੀ ਹੈ। ਜ਼ਿਆਦਾ ਖਾਰੀ ਅੰਗ ਵਾਲੀਆਂ ਜ਼ਮੀਨਾਂ ਅਤੇ ਘੱਟ ਜੈਵਿਕ ਕਾਰਬਨ ਵਾਲੀਆਂ ਜ਼ਮੀਨਾਂ ਵਿੱਚ ਵੀ ਇਸ ਦੀ ਘਾਟ ਆ ਸਕਦੀ ਹੈ। ਜੇ ਇਨ੍ਹਾਂ ਜ਼ਮੀਨਾਂ ਵਿੱਚ ਕਣਕ ਜਾਂ ਬਰਸੀਮ ਦੀਆਂ ਫ਼ਸਲਾਂ ਝੋਨੇ ਦੀ ਫ਼ਸਲ ਤੋਂ ਬਾਅਦ ਬੀਜੀਆਂ ਜਾਣ ਤਾਂ ਮੈਂਗਨੀਜ਼ ਦੀ ਘਾਟ ਹੋਰ ਵੀ ਗੰਭੀਰ ਹੋ ਸਕਦੀ ਹੈ ਅਤੇ ਇੱਥੇ ਬੀਜੀਆਂ ਗਈਆਂ ਇਨ੍ਹਾਂ ਦੋਹਾਂ ਫ਼ਸਲਾਂ ਦਾ ਝਾੜ ਦੂਜੀਆਂ ਜ਼ਮੀਨਾਂ ਦੇ ਮੁਕਾਬਲੇ ਬਹੁਤ ਘੱਟ ਰਹਿ ਜਾਂਦਾ ਹੈ।
ਜਿਸ ਖੇਤ ਵਿੱਚ ਮੈਂਗਨੀਜ਼ ਤੱਤ ਦੀ ਪ੍ਰਾਪਤੀ ਮਿੱਟੀ ਪਰਖ ਅਨੁਸਾਰ 3.5 ਕਿਲੋ ਪ੍ਰਤੀ ਏਕੜ ਤੋਂ ਘੱਟ ਹੋਵੇ, ਉਸ ਨੂੰ ਮੈਂਗਨੀਜ਼ ਦੀ ਘਾਟ ਵਾਲਾ ਖੇਤਰ ਆਖਿਆ ਜਾਂਦਾ ਹੈ। ਜਿਉਂ-ਜਿਉਂ     ਇਹ ਮਾਤਰਾ ਹੋਰ ਘਟੀ ਜਾਂਦੀ ਹੈ, ਤਿਉਂ-ਤਿਉਂ ਘਾਟ ਦੀ ਹਾਲਤ ਗੰਭੀਰ ਹੋਣ ਕਾਰਨ ਕਣਕ ਅਤੇ ਬਰਸੀਮ ਦੀਆਂ ਫ਼ਸਲਾਂ ਦੇ ਝਾੜ ਵਿੱਚ ਜ਼ਿਆਦਾ ਕਮੀ ਆ ਜਾਂਦੀ ਹੈ।
ਮੈਂਗਨੀਜ਼ ਦੀ ਘਾਟ ਵਾਲੇ ਖੇਤਾਂ ਵਿੱਚ ਬੀਜੀ ਕਣਕ ਵਿੱਚ ਮੈਂਗਨੀਜ਼ ਦੀ ਘਾਟ ਦੇ ਨਿਸ਼ਾਨ ਪਹਿਲਾ ਪਾਣੀ ਲੱਗਣ ਤੋਂ ਦੋਂ-ਤਿੰਨ ਦਿਨ ਬਾਅਦ ਨਜ਼ਰ ਆਉਣੇ ਸ਼ੁਰੂ ਹੁੰਦੇ ਹਨ। ਕਈ ਵਾਰ ਕਣਕ ਵਿੱਚ ਸਿੱਟਾ ਨਿਕਲਣ ਸਮੇਂ ਵੀ ਇਸ ਦੀ ਘਾਟ ਦੇ ਚਿੰਨ੍ਹ ਨਜ਼ਰ ਆਉਂਦੇ ਹਨ। ਬਰਸੀਮ ਵਿੱਚ ਮੈਂਗਨੀਜ਼ ਦੀ ਘਾਟ ਦੇ ਨਿਸ਼ਾਨ ਪਹਿਲਾਂ ਲੌਅ ਕੱਟਣ ਤੋਂ ਤਕਰੀਬਨ ਦੋ ਕੁ ਹਫ਼ਤੇ ਬਾਅਦ ਨਜ਼ਰ ਆਉਂਦੇ ਹਨ।
ਕਣਕ ਅਤੇ ਬਰਸੀਮ ਵਿੱਚ ਮੈਂਗਨੀਜ਼ ਦੀ ਘਾਟ ਵੱਖੋ-ਵੱਖਰੇ ਚਿੰਨ੍ਹਾਂ ਰਾਹੀਂ ਨਜ਼ਰ ਆਉਂਦੀ ਹੈ-
ਕਣਕ: ਘਾਟ ਦੀਆਂ ਨਿਸ਼ਾਨੀਆਂ ਕਣਕ ਮੁੱਢਲੇ ਵਾਧੇ ਸਮੇਂ ਪੌਦਿਆਂ ਦੇ ਵਿਚਕਾਰਲੇ ਜਾਂ ਹੇਠਲੇ ਪੱਤਿਆਂ ਦੀਆਂ ਨਾੜੀਆਂ ਦੇ ਦਰਮਿਆਨ ਵਾਲੀ ਥਾਂ ’ਤੇ ਹਲਕੇ ਪੀਲੇ ਸਲੇਟੀ ਰੰਗ ਤੋਂ ਗੁਲਾਬੀ ਭੁਰੇ ਰੰਗ ’ਚ ਦਿਖਾਈ ਦਿੰਦੀਆਂ ਹਨ। ਇਸ ਘਾਟ ਕਾਰਨ ਪੱਤਿਆਂ ਦੇ ਹੇਠਲੇ 2/3 ਹਿੱਸੇ ਤੇ ਭਿੰਨ-ਭਿੰਨ ਆਕਾਰ ਦੇ ਧੱਬੇ ਨਜ਼ਰ ਆਉਂਦੇ ਹਨ। ਬਾਅਦ ਵਿੱਚ ਇਹ ਧੱਬੇ ਨਾੜੀਆਂ ਵਿਚਕਾਰ ਜਿਹੜੀਆਂ ਕਿ ਹਰੀਆਂ ਰਹਿੰਦੀਆਂ ਹਨ, ਇਕੱਠੇ ਹੋ ਕੇ ਲੰਬੀ ਧਾਰੀ ਜਾਂ ਗੋਲ ਆਕਾਰ ਧਾਰਨ ਕਰ ਲੈਂਦੇ ਹਨ। ਜਦੋਂ ਮੈਂਗਨੀਜ਼ ਦੀ ਘਾਟ ਸਿੱਟਾ ਨਿਕਲਣ ਸਮੇਂ ਆਉਂਦੀ ਹੈ ਤਾਂ ਉੱਪਰ ਦੱਸੇ ਨਿਸ਼ਾਨ ਟੀਸੀ ਵਾਲੇ ਪੱਤੇ ’ਤੇ ਪ੍ਰਤੱਖ ਨਜ਼ਰ ਆਉਂਦੇ ਹਨ ਅਤੇ ਉਸ ਤੋਂ ਇਲਾਵਾ ਸਿੱਟੇ ਬੜੀ ਮੁਸ਼ਕਿਲ ਨਾਲ ਨਿਕਲਦੇ ਹਨ ਅਤੇ ਨਿੱਕਲੇ ਹੋਏ ਸਿੱਟੇ ਟੇਢੇ-ਮੇਢੇ ਅਤੇ ਕਮਜ਼ੋਰ ਹੁੰਦੇ ਹਨ।
ਘਾਟ ਦੀ ਪੂਰਤੀ: ਮੈਂਗਨੀਜ਼ ਦੀ ਘਾਟ ਦੀ ਪੂਰਤੀ ਵਾਸਤੇ ਕਣਕ ਤੇ ਮੈਂਗਨੀਜ਼ ਸਲਫੇਟ ਦੇ 0.5 ਫ਼ੀਸਦੀ ਘੋਲ ਦੇ ਛਿੜਕਾਅ ਕਰਕੇ ਕੀਤੀ ਜਾ ਸਕਦੀ ਹੈ। ਇਹ ਘੋਲ 100 ਲੀਟਰ ਪਾਣੀ ਵਿੱਚ ਅੱਧਾ ਕਿੱਲੋ ਮੈਂਗਨੀਜ਼ ਸਲਫੇਟ ਪਾ ਕੇ ਬਣਾਇਆ ਜਾ ਸਕਦਾ ਹੈ। ਇਸ ਘੋਲ ਦੇ ਹਫ਼ਤੇ-ਹਫ਼ਤੇ ਦੇ ਵਕਫ਼ੇ ’ਤੇ 4 ਛਿੜਕਾਅ ਕਰਨ ਨਾਲ ਮੈਂਗਨੀਜ਼ ਦੀ ਲੋੜ ਪੂਰੀ ਕੀਤੀ ਜਾ ਸਕਦੀ ਹੈ। ਜੇਕਰ ਖੇਤ ਵਿੱਚ ਮੈਂਗਨੀਜ਼ ਦੀ ਘਾਟ ਬਾਰੇ ਫ਼ਸਲ ਬੀਜਣ ਤੋਂ ਪਹਿਲਾਂ ਹੀ ਜਾਣਕਾਰੀ ਹੋਵੇ ਤਾਂ ਪਹਿਲਾ ਛਿੜਕਾਅ ਪਹਿਲੇ ਪਾਣੀ ਤੋਂ ਦੋ-ਤਿੰਨ ਦਿਨ ਅੱਗੋਂ ਕਰ ਦੇਣਾ ਚਾਹੀਦਾ ਹੈ ਅਤੇ ਰਹਿੰਦੇ ਤਿੰਨ ਛਿੜਕਾਅ ਉਸ ਤੋਂ ਬਾਅਦ ਹਫ਼ਤੇ-ਹਫ਼ਤੇ ਦੇ ਵਕਫ਼ੇ ’ਤੇ ਕਰਨੇ ਚਾਹੀਦੇ ਹਨ।
ਬਰਸੀਮ: ਬਰਸੀਮ ਦੀ ਫ਼ਸਲ ਵਿੱਚ ਮੈਂਗਨੀਜ਼ ਦੀ ਘਾਟ ਦੇ ਨਿਸ਼ਾਨ ਵਿਚਕਾਰਲੇ ਪੱਤਿਆਂ ’ਤੇ, ਉਨ੍ਹਾਂ ਦੇ ਕਿਨਾਰਿਆਂ, ਨੋਕਾਂ ਅਤੇ ਡੰਡੀ ਨਾਲ ਦਾ ਬਹੁਤ ਥੋੜ੍ਹਾ ਜਿਹਾ ਹਿੱਸਾ ਛੱਡ ਕੇ, ਸਲੇਟੀ ਤੋਂ ਪੀਲੇ ਰੰਗ ਦੇ ਛੋਟੇ-ਛੋਟੇ ਧੱਬਿਆਂ ਦੀ ਸ਼ਕਲ ਵਿੱਚ ਦਿਖਾਈ ਦਿੰਦੇ ਹਨ। ਬਾਅਦ ਵਿੱਚ ਇਹ ਧੱਬੇ ਪੱਤਿਆਂ ਦੇ ਸਾਰੇ ਦੇ ਸਾਰੇ ਹਿੱਸਿਆਂ ਤੇ ਫੈਲ ਜਾਂਦੇ ਹਨ ਅਤੇ ਪੱਤਾ ਸਾਰੇ ਦਾ ਸਾਰਾ ਸੁੱਕ ਜਾਂਦਾ ਹੈ। ਇਨ੍ਹਾਂ ਦਾ ਰੰਗ ਗੁਲਾਬੀ ਭੂਰਾ ਹੋ ਜਾਂਦਾ ਹੈ ਅਤੇ ਪੱਤਾ ਛਾਨਣੀ ਵਾਂਗ ਹੋ ਜਾਂਦਾ ਹੈ।
ਘਾਟ ਦੀ ਪੂਰਤੀ: ਮੈਂਗਨੀਜ਼ ਦੀ ਘਾਟ ਦੀ ਪੂਰਤੀ ਵਾਸਤੇ ਬਰਸੀਮ ਦੀ ਫ਼ਸਲ ਤੇ ਮੈਂਗਨੀਜ਼ ਸਲਫੇਟ ਦੇ 0.5 ਫ਼ੀਸਦੀ ਘੋਲ ਦੇ ਛਿੜਕਾਅ ਕਰਕੇ ਕੀਤੀ ਜਾ ਸਕਦੀ ਹੈ। ਇਹ ਘੋਲ 100 ਲੀਟਰ ਪਾਣੀ ਵਿੱਚ ਅੱਧਾ ਕਿਲੋ ਮੈਂਗਨੀਜ਼ ਸਲਫੇਟ ਪਾ ਕੇ ਬਣਾਇਆ ਜਾ ਸਕਦਾ ਹੈ ਅਤੇ ਇਹ ਇੱਕ ਏਕੜ ’ਤੇ ਛਿੜਕਾਅ ਲਈ ਕਾਫ਼ੀ ਹੈ। ਇਸ ਘੋਲ ਦੇ ਦੋ-ਤਿੰਨ ਛਿੜਕਾਅ ਕਰਨ ਨਾਲ ਮੈਂਗਨੀਜ਼ ਦੀ ਘਾਟ ਦੀ ਪੂਰਤੀ ਕੀਤੀ ਜਾ ਸਕਦੀ ਹੈ। ਪਹਿਲਾ ਛਿੜਕਾਅ ਬਰਸੀਮ ਦਾ ਪਹਿਲਾ ਲੌਅ ਕੱਟਣ ਤੋਂ ਦੋ ਹਫ਼ਤੇ ਬਾਅਦ ਕਰਨਾ ਚਾਹੀਦਾ ਹੈ ਅਤੇ ਬਾਕੀ ਦੇ ਛਿੜਕਾਅ ਉਸ ਤੋਂ ਬਾਅਦ ਹਫ਼ਤੇ-ਹਫ਼ਤੇ ਦੇ ਵਕਫ਼ੇ ’ਤੇ ਕਰਨੇ ਚਾਹੀਦੇ ਹਨ।
ਇਹ ਯਕੀਨੀ ਬਣਾਉਣ ਵਾਸਤੇ ਕਿ ਫ਼ਸਲਾਂ ਵਿੱਚ ਇਸ ਤੱਤ ਦੀ ਘਾਟ ਉਸ ਨੌਬਤ ਤਕ ਨਾ ਪਹੁੰਚੇ ਜਿੱਥੇ ਕਿ ਉਸ ਦੇ ਚਿੰਨ੍ਹ ਨਜ਼ਰ ਆਉਣ। ਇਹ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਫ਼ਸਲਾਂ ਬੀਜਣ ਤੋਂ ਪਹਿਲਾਂ ਹੀ ਖੇਤਾਂ ਦੀ ਮਿੱਟੀ ਪਰਖ ਕਰਵਾ ਕੇ ਉਨ੍ਹਾਂ ਵਿੱਚ ਮੈਂਗਨੀਜ਼ ਦੀ ਪ੍ਰਾਪਤ ਮਾਤਰਾ ਦਾ ਪਤਾ ਲਗਾਇਆ ਜਾਏ ਤਾਂ ਜੋ ਵੇਲੇ ਸਿਰ ਠੀਕ ਉਪਰਾਲੇ ਕਰਕੇ ਫ਼ਸਲਾਂ ਨੂੰ ਉਸ ਦੀ ਘਾਟ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ।
ਕਿਸਾਨਾਂ ਦੇ ਧਿਆਨਯੋਗ ਕੁਝ ਖ਼ਾਸ ਨੁਕਤੇ:
* ਫ਼ਸਲ ਬੀਜਣ ਤੋਂ ਪਹਿਲਾਂ ਖੇਤਾਂ ਦੀ ਮਿੱਟੀ ਦੀ ਪਰਖ ਜ਼ਰੂਰ ਕਰਵਾਉਣੀ ਚਾਹੀਦੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਕਿਸ ਖੇਤ ਵਿੱਚ ਮੈਂਗਨੀਜ਼ ਤੱਤ ਦੀ ਕਿੰਨੀ ਕੁ ਘਾਟ ਹੈ। ਮਿੱਟੀ ਦੀ ਛੋਟੇ ਤੱਤਾਂ ਦੀ ਪਰਖ ਦੀ ਸਹੂਲਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਜ਼ਿਲ੍ਹਾ ਪੱਧਰੀ ਕ੍ਰਿਸ਼ੀ ਵਿਗਿਆਨ ਕੇਂਦਰ ਆਦਿ ਵਿਖੇ ਸਥਿਤ ਮਿੱਟੀ ਪਰਖ ਪ੍ਰਯੋਗਸ਼ਾਲਾਵਾਂ ਵਿੱਚ ਵੀ ਉਪਲੱਭਦ ਹੈ।
* ਮੈਂਗਨੀਜ਼ ਦੀ ਘਾਟ ਵਾਲੇ ਖੇਤਾਂ ਵਿੱਚ ਕਣਕ ਦੀ ਵਡਾਣਕ ਕਿਸਮਾਂ ਨਾ ਬੀਜੋ।
* ਕਣਕ ਵਿੱਚ ਮੈਂਗਨੀਜ਼ ਦੇ ਘੋਲ ਦੇ ਛਿੜਕਾਅ ਨੂੰ ਪਹਿਲਾ ਪਾਣੀ ਲੱਗਣ ਤੋਂ ਅੱਗੋਂ ਸ਼ੁਰੂ ਕਰਨੇ ਚਾਹੀਦੇ ਹਨ।
* ਬਰਸੀਮ ਵਿੱਚ ਮੈਂਗਨੀਜ਼ ਦੇ ਘੋਲ ਦੇ ਛਿੜਕਾਅ ਪਹਿਲਾ ਲੌਅ ਕੱਟਣ ਤੋਂ ਦੋ ਕੁ ਹਫ਼ਤੇ ਬਾਅਦ ਸ਼ੁਰੂ ਕਰਨੇ ਚਾਹੀਦੇ ਹਨ।
* ਛਿੜਕਾਅ ਕੇਵਲ ਧੁੱਪ ਵਾਲੇ ਅਤੇ ਘੱਟ ਹਵਾ ਵਾਲੇ ਦਿਨਾਂ ਵਿੱਚ ਹੀ ਕਰਨੇ ਚਾਹੀਦੇ ਹਨ।
* ਹਰ ਛਿੜਕਾਅ ਤੋਂ ਪਹਿਲਾਂ ਮੈਂਗਨੀਜ਼ ਸਲਫੇਟ ਦਾ ਤਾਜ਼ਾ ਘੋਲ ਤਿਆਰ ਕਰਨਾ ਚਾਹੀਦਾ ਹੈ।
* ਮੈਂਗਨੀਜ਼ ਸਲਫੇਟ ਜ਼ਮੀਨ ਵਿੱਚ ਪਾਉਣਾ ਲਾਹੇਵੰਦ ਨਹੀਂ ਹੁੰਦਾ।

*ਕ੍ਰਿਸ਼ੀ ਵਿਗਿਆਨ ਕੇਂਦਰ, ਤਰਨ ਤਾਰਨ
ਸੰਪਰਕ: 94177-02021


Comments Off on ਕਣਕ ਅਤੇ ਬਰਸੀਮ ਵਿੱਚ ਮੈਂਗਨੀਜ਼ ਦੀ ਘਾਟ ਦੀ ਰੋਕਥਾਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.