ਪਾਕਿ 2000 ਦੇ ਨੋਟ ਦੀ ਨਕਲ ’ਚ ਸਫਲ !    ਵਿਆਹ ਦੀਆਂ ਰਸਮਾਂ ’ਤੇ ਭਾਰੂ ਪਈ ਮੰਡੀ !    ਝੂਠ ਦੇ ਪੈਰ !    ਖੁਸ਼ੀਆਂ ਦੀ ਵਿਗਿਆਨਕ ਰਵਾਇਤ ਨਿੰਮ ਬੰਨ੍ਹਣਾ !    ਸਾਡੇ ਖੂਹ ਉੱਤੇ ਵਸਦਾ ਰੱਬ ਨੀਂ... !    ਸੋਹਣੇ ਸਰੂਪ ਵਾਲਾ ਹੁਸਨੈਨੀ ਪਿੱਦਾ !    ਜ਼ਿੰਦਗੀ ਦੀ ਖ਼ੂਬਸੂਰਤੀ ਦਾ ਜਸ਼ਨ ਹੈ ਮੁਸਕਰਾਹਟ !    ਅੱਗ ਬੁਝਾਉਣ ਵਾਲਾ ਲਾਲ ਸਿਲੰਡਰ !    ਕਿਵੇਂ ਕਰੀਏ ਨੁਕਤਾਚੀਨੀ ? !    ਗੋਵਿੰਦਾ ਦੇ ਬਹਾਨੇ ‘ਆ ਗਿਆ ਹੀਰੋ’ !    

ਕਾਂਗਰਸ ਦੀ ਅਗਲੀ ਸੂਚੀ ਫਿਰ ਅਟਕੀ, ਅੱਜ ਜਾਰੀ ਹੋਣ ਦੇ ਆਸਾਰ

Posted On January - 10 - 2017

ਹਾਲੇ ਵੀ ਅੱਠ-ਦਸ ਸੀਟਾਂ ਬਾਰੇ ਨਾ ਬਣ ਸਕੀ ਸਹਿਮਤੀ;
ਲਾਲ ਸਿੰਘ ਦੇ ਪਰਿਵਾਰ ਨੂੰ ਮਿਲੇਗੀ ਇਕ ਸੀਟ

ਬਲਵਿੰਦਰ ਜੰਮੂ
ਚੰਡੀਗੜ੍ਹ, 10 ਜਨਵਰੀ
ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਵੇਂ ਬੁੱਧਵਾਰ ਤੋਂ ਨਾਮਜ਼ਦਗੀਆਂ ਸ਼ੁਰੂ ਹੋ ਜਾਣਗੀਆਂ ਪਰ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਅੱਜ ਦਿੱਲੀ ਵਿਖੇ ਹੋਈ ਮੀਟਿੰਗ ਦੌਰਾਨ ਪੰਜਾਬ ਦੇ ਬਾਕੀ ਰਹਿੰਦੇ 39 ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅੱਜ ਵੀ ਜਾਰੀ ਨਹੀਂ ਹੋ ਸਕੀ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਵਿਚੋਂ ਅੱਠ-ਦਸ ਹਲਕਿਆਂ ਦੇ ਉਮੀਦਵਾਰਾਂ ਬਾਰੇ ਸਹਿਮਤੀ ਨਹੀਂ ਬਣ ਸਕੀ। ਇਸ ਕਾਰਨ ਹੁਣ ਬੁੱਧਵਾਰ ਸ਼ਾਮੀਂ ਪੰਜ ਵਜੇ ਮੁੜ ਮੀਟਿੰਗ ਹੋਵੇਗੀ ਤੇ ਇਸ ਤੋਂ ਬਾਅਦ ਹੀ ਉਮੀਦਵਾਰਾਂ ਦੀ ਸੂਚੀ ਜਾਰੀ ਹੋ ਸਕੇਗੀ।
ਅੱਜ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਵਿਚ ਪੰਜਾਬ ਦੇ ਉਮੀਦਵਾਰਾਂ ਬਾਰੇ ਵਿਚਾਰ-ਵਟਾਂਦਰਾ ਹੋਇਆ ਪਰ ਸਾਰੀਆਂ ਸੀਟਾਂ ਬਾਰੇ ਸਹਿਮਤੀ ਨਹੀਂ ਬਣ ਸਕੀ। ਚੋਣ ਕਮੇਟੀ ਦੀ ਮੀਟਿੰਗ ਦੌਰਾਨ ਗੋਆ ਵਿਧਾਨ ਸਭਾ ਦੇ ਉਮੀਦਵਾਰਾਂ ਬਾਰੇ ਵੀ ਚਰਚਾ ਕੀਤੀ ਗਈ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਦਸਿਆ ਕਿ ਬੁੱਧਵਾਰ ਦੀ ਮੀਟਿੰਗ ਤੋਂ ਬਾਅਦ ਹੀ ਸੂਚੀ ਜਾਰੀ ਹੋ ਜਾਵਗੀ। ਜਾਣਕਾਰ ਹਲਕਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ ਪਰਿਵਾਰ ਨੂੰ ਇਕ ਹੀ ਟਿਕਟ ਦਿਤੀ ਜਾਵੇਗੀ। ਇਸ ਲਈ ਪੰਜਾਬ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ ਦੇ ਪਰਿਵਾਰ ਨੂੰ ਵੀ ਇਕੋ ਸੀਟ ਦਿਤੇ ਜਾਣ ਦੀ ਸੰਭਾਵਨਾ ਹੈ ਪਰ ਉਨ੍ਹਾਂ ਨੂੰ ਸਮਾਣਾ ਤੇ ਸਨੌਰ ਹਲਕਿਆਂ ਵਿੱਚੋਂ ਆਪਣੀ ਮਰਜ਼ੀ ਦਾ ਕੋਈ ਹਲਕਾ ਚੁਣਨ ਦੀ ਖੁੱਲ੍ਹ ਦਿੱਤੀ ਜਾਵੇਗੀ। ਖ਼ੁਦ ਚੋਣ ਲੜਨ ਜਾਂ ਆਪਣੇ ਲੜਕੇ ਨੂੰ ਲੜਾਉਣ ਦਾ ਫ਼ੈਸਲਾ ਵੀ ਉਨ੍ਹਾਂ ਉਤੇ ਹੀ ਛੱਡੇ ਜਾਣ ਦੇ ਆਸਾਰ ਹਨ।
ਜਾਣਕਾਰੀ ਮੁਤਾਬਕ ਜਿਨ੍ਹਾਂ ਅੱਠ-ਦਸ ਸੀਟਾਂ ’ਤੇ ਹਾਲ ਦੀ ਘੜੀ ਸਹਿਮਤੀ ਨਹੀਂ ਬਣ ਸਕੀ, ਉਨ੍ਹਾਂ ਵਿਚ ਜਲੰਧਰ ਕੈਂਟ, ਫਿਲੌਰ, ਗੜ੍ਹਸ਼ੰਕਰ, ਅੰਮ੍ਰਿਤਸਰ ਦੱਖਣੀ, ਲੁਧਿਆਣਾ ਪੂਰਬੀ, ਪਠਾਨਕੋਟ ਅਤੇ ਰੋਪੜ ਆਦਿ ਹਲਕੇ ਸ਼ਾਮਲ ਹਨ। ਬੁੱਧਵਾਰ ਤੋਂ ਨਾਮਜ਼ਦਗੀਆਂ ਦਾ ਅਮਲ ਸ਼ੁਰੂ ਹੋਣ ਕਾਰਨ ਭਲਕ ਦੀ ਮੀਟਿੰਗ ਵਿਚ ਕੇਂਦਰੀ ਚੋਣ ਕਮੇਟੀ ਨੂੰ ਕੋਈ ਨਾ ਕੋਈ ਫੈਸਲਾ ਕਰਨਾ ਹੀ ਪਵੇਗਾ। ਉਮੀਦਵਾਰਾਂ ਦਾ ਫੈਸਲਾ ਨਾ ਹੋਣ ਕਾਰਨ ਸੰਭਾਵੀ ਉਮੀਦਵਾਰ, ਉਨ੍ਹਾਂ ਦੇ ਹਮਾਇਤੀਆਂ ਅਤੇ ਰਣਨੀਤੀਕਾਰ ਨਿਰਾਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਛੇ ਮਹੀਨਿਆਂ ਤੋਂ ਚਲਾਈ ਮੁਹਿੰਮ ਦੇ ਫਾਇਦੇ ਖੁਰਦੇ ਜਾ ਰਹੇ ਹਨ।
ਇਸੇ ਦੌਰਾਨ ਕਾਂਗਰਸ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਉਸ ਦੀ ਕਿਸਾਨਾਂ ਦਾ ਕਰਜ਼ ਮੁਆਫੀ ਸਕੀਮ ਦੀ ਨਕਲ ਕਰ ਲਈ ਤੇ ਹੁਣ ਕਾਂਗਰਸ ਦੀ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਾਲੀ ਸਕੀਮ ਦੀ ਵੀ ਨਕਲ ਮਾਰੀ ਹੈ ਤੇ ਉਸੇ ਤਰਾਂ ਦੀ ਸਕੀਮ ਚਲਾ ਦਿਤੀ ਹੈ। ਕਾਂਗਰਸ ਦਾ ਕਹਿਣਾ ਹੈ ਕਿ ‘ਆਪ’ ਨੂੰ ਇਸ ਤਰਾਂ ਚਾਲਾਂ ਚਲਣ ਤੋਂ ਬਾਜ਼ ਆਉਣਾ ਚਾਹੀਦਾ ਹੈ।

ਰਾਹੁਲ ਗਾਂਧੀ ਵੱਲੋਂ ਵੱਖ-ਵੱਖ ਆਗੂਆ ਨਾਲ ਮੀਟਿੰਗਾਂ

ਨਵੀਂ ਦਿੱਲੀ: ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੇ ਵਿਦੇਸ਼ ਦੌਰੇ ਤੋਂ ਪਰਤਣ ਪਿੱਛੋਂ ਅੱਜ ਵੱਖ-ਵੱਖ ਪਾਰਟੀ ਆਗੂਆਂ ਨਾਲ ਮੀਟਿੰਗਾਂ ਕੀਤੀਆਂ। ਉਹ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਅਤੇ ਭੈਣ ਪ੍ਰਿਅੰਕਾ ਵਾਡਰਾ ਨੂੰ ਮਿਲੇ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੀ ਉਨ੍ਹਾਂ ਨੂੰ ਮਿਲਣ ਵਾਲਿਆਂ ਵਿੱਚ ਸ਼ਾਮਲ ਸਨ। ਉਹ ਵਿਧਾਨ ਸਭਾ ਚੋਣਾਂ ਵਾਲੇ ਦੂਜੇ ਸੂਬਿਆਂ ਜਿਵੇਂ ਉਤਰਾਖੰਡ, ਉਤਰ ਪ੍ਰਦੇਸ਼ ਅਤੇ ਗੋਆ ਦੇ ਆਗੂਆਂ ਨੂੰ ਵੀ ਮਿਲੇ। ਇਸ ਦੌਰਾਨ ਸ੍ਰੀ ਗਾਂਧੀ ਬੁੱਧਵਾਰ ਨੂੰ ਇਥੇ ਕਾਂਗਰਸ ਵੱਲੋਂ ਨੋਟਬੰਦੀ ਸਬੰਧੀ ਕੀਤੀ ਜਾਣ ਵਾਲੀ ਕੌਮੀ ਕਨਵੈਨਸ਼ਨ ਦੀ ਪ੍ਰਧਾਨਗੀ ਵੀ ਕਰਨਗੇ। ਇਸ ਤੋਂ ਸੰਕੇਤ ਮਿਲਦਾ ਹੈ ਕਿ ਉਹ ਛੇਤੀ ਹੀ ਪਾਰਟੀ ਪ੍ਰਧਾਨ ਦਾ ਅਹੁਦਾ ਸੰਭਾਲ ਸਕਦੇ ਹਨ।
 -ਪੀਟੀਆਈ


Comments Off on ਕਾਂਗਰਸ ਦੀ ਅਗਲੀ ਸੂਚੀ ਫਿਰ ਅਟਕੀ, ਅੱਜ ਜਾਰੀ ਹੋਣ ਦੇ ਆਸਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.