ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    ਪਹਿਲੀ ਨੂੰ ਬ੍ਰਾਂਚਾਂ ਖੋਲ੍ਹਣ ਦਾ ਫ਼ੈਸਲਾ ਆਰਬੀਆਈ ਨੇ ਬੈਂਕਾਂ ’ਤੇ ਛੱਡਿਆ !    

ਕਾਂਗਰਸ ਵੱਲੋਂ ਵਾਅਦਿਆਂ ਦੀ ਝੜੀ

Posted On January - 9 - 2017

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਨਵੀਂ ਦਿੱਲੀ ਵਿਖੇ ਪੰਜਾਬ ਵਿਧਾਨ ਸਭਾ ਦੀਆਂ ਆਗਾਮੀ ਚੋਣਾਂ ਲਈ ਜਾਰੀ ਕੀਤੇ ਗਏ ਪ੍ਰਦੇਸ਼ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ ਦਾਅਵਿਆਂ ਅਤੇ ਵਾਅਦਿਆਂ ਦੀ ਝੜੀ ਹੈਰਾਨ ਕਰਨ ਵਾਲੀ ਹੈ। ਕਾਂਗਰਸ ਭਾਵੇਂ ਇਨ੍ਹਾਂ ਚੋਣਾਂ ਲਈ ਆਪਣੇ ਲਗਪਗ ਇੱਕ ਤਿਹਾਈ ਉਮੀਦਵਾਰਾਂ ਦੀ ਸੂਚੀ ਤਾਂ ਹਾਲੇ ਤਕ ਜਾਰੀ ਨਹੀਂ ਕਰ ਸਕੀ, ਫਿਰ ਵੀ ਲੰਮਾ-ਚੌੜਾ ਮੈਨੀਫ਼ੈਸਟੋ ਜ਼ਰੂਰ ਜਨਤਕ ਕਰ ਦਿੱਤਾ ਹੈ ਅਤੇ ਇਹ ਰਿਲੀਜ਼ ਵੀ ਸੱਤ ਥਾਵਾਂ ’ਤੇ ਕੀਤਾ ਗਿਆ।  ਪੰਜਾਬ ਦੀਆਂ ਸਿਆਸੀ ਪਾਰਟੀਆਂ ਦੁਆਰਾ ਹੁਣ ਤਕ ਜਾਰੀ ਕੀਤੇ ਜਾਂਦੇ ਰਹੇ ਚੋਣ ਮਨੋਰਥ ਪੱਤਰਾਂ ਦੇ ਮੁਕਾਬਲੇ ਕਾਂਗਰਸ ਦੇ ਇਸ ਮੈਨੀਫ਼ੈਸਟੋ ਦੀ ਵਿਸ਼ੇਸ਼ ਗੱਲ ਇਹ ਹੈ ਕਿ ਇਸ ਵਿੱਚ ਵਾਅਦਿਆਂ ਦੇ ਨਾਲ ਨਾਲ ਪੰਜਾਬ ਪ੍ਰਤੀ ਕਾਂਗਰਸ ਦੀ ਸੋਚ ਤੇ ਵਿਉਂਤਬੰਦੀ, ਮੌਜੂਦਾ ਸੱਤਾਧਾਰੀ ਅਕਾਲੀ-ਭਾਜਪਾ ਸਰਕਾਰ ਵਿਰੁੱਧ ਦੋਸ਼ ਪੱਤਰ ਅਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਾਂ ਨਰੋਆ ਪੰਜਾਬ ਸਿਰਜਣ ਲਈ ਨੌਂ ਵਿਸ਼ੇਸ਼ ਨੁਕਤਿਆਂ ਨੂੰ ਵੀ ਦਰਜ ਕੀਤਾ ਗਿਆ ਹੈ। ਸਿਆਸੀ ਪਾਰਟੀਆਂ ਦੇ ਆਮ ਰਵਾਇਤੀ ਚੋਣ ਮਨੋਰਥ ਪੱਤਰਾਂ ਵਾਂਗ ਕਾਂਗਰਸ ਦੇ ਇਸ ਚੋਣ ਮਨੋਰਥ ਪੱਤਰ ਵਿੱਚ ਵੀ ਸਮਾਜ ਦੇ ਹਰ ਵਰਗ ਨੂੰ ਰਾਹਤਾਂ ਅਤੇ ਰਿਆਇਤਾਂ ਦੇ ਕੇ ਉਨ੍ਹਾਂ ਦਾ ਜੀਵਨ-ਪੱਧਰ ਉੱਚਾ ਚੁੱਕਣ ਦਾ 49 ਨੁਕਾਤੀ ਵਿਸਥਾਰਤ ਪ੍ਰੋਗਰਾਮ ਉਲੀਕਿਆ ਗਿਆ ਹੈ। ਦਰਿਆਈ ਪਾਣੀਆਂ ਦੀ ਰਾਖੀ ਕਰਨ, ਵਿਆਪਕ ਕਾਨੂੰਨੀ ਤੇ ਪੁਲੀਸ ਸੁਧਾਰ ਕਰਨ, ਮਾਫ਼ੀਆ ਰਾਜ ਦੀ ਸਮਾਪਤੀ, ਨਸ਼ਿਆਂ ’ਤੇ ਚਾਰ ਹਫ਼ਤਿਆਂ ਵਿੱਚ ਕਾਬੂ ਪਾਉਣ, ਕਿਸਾਨਾਂ ਲਈ ਆਰਥਿਕ-ਸਮਾਜਿਕ ਸੁਰੱਖਿਆ ਅਤੇ ਖੇਤੀ ਕਰਜ਼ਿਆਂ ਨੂੰ ਮੁਆਫ਼ ਕਰਨ, ਹਰ ਘਰ ’ਚ ਇੱਕ ਨੂੰ ਰੁਜ਼ਗਾਰ ਦੇਣ, ਵੀਆਈਪੀ ਸਭਿਆਚਾਰ ਖ਼ਤਮ ਕਰਨ, ਦਿੱਲੀ ਦੀ ਤਰਜ਼ ’ਤੇ ਮੁਹੱਲਾ ਕਲੀਨਿਕਾਂ ਦੀ ਸਥਾਪਨਾ, ਪੰਜਾਬੀ ਭਾਸ਼ਾ ਤੇ ਸਾਹਿਤ ਦੇ ਵਿਕਾਸ ਅਤੇ ਗ਼ਰੀਬ ਲੋਕਾਂ ਨੂੰ ਜ਼ਿਲ੍ਹੇ ਅਤੇ ਸਬ ਡਿਵੀਜ਼ਨਲ ਪੱਧਰ ’ਤੇ ਪੰਜ ਰੁਪਏ ਪ੍ਰਤੀ ਖਾਣਾ ਮੁਹੱਈਆ ਕਰਾਉਣ ਲਈ ਲੰਗਰ ਹਾਲ ਦੀ ਸਥਾਪਤੀ ਆਦਿ ਇਸ ਮੈਨੀਫ਼ੈਸਟੋ ਦੇ ਮਹੱਤਵਪੂਰਨ ਨੁਕਤੇ ਹਨ।
ਮੈਨੀਫ਼ੈਸਟੋ ਵਿੱਚ ਪੇਸ਼ ਕੀਤੇ ਗਏ ਸਾਰੇ ਹੀ ਨੁਕਤੇ ਬਹੁਤ ਹੀ ਲੁਭਾਉਣੇ ਅਤੇ ਪੰਜਾਬ ਤੇ ਪੰਜਾਬੀਆਂ ਦੀ ਤਕਦੀਰ ਬਦਲਣ ਵਾਲੇ ਜਾਪਦੇ ਹਨ, ਪਰ ਇਨ੍ਹਾਂ ਦੇ ਅਮਲੀ ਰੂਪ ਵਿੱਚ ਲਾਗੂ ਹੋਣ ’ਤੇ ਸਵਾਲ ਖੜ੍ਹੇ ਹੋਣੇ ਸੁਭਾਵਿਕ ਹਨ। ਇਸ ਵਿੱਚ ਕਾਫ਼ੀ ਉਹ ਨੁਕਤੇ ਵੀ ਦਰਜ ਹਨ ਜਿਹੜੇ ਇਸਦੇ 2002 ਦੇ ਮੈਨੀਫ਼ੈਸਟੋ ਵਿੱਚ ਵੀ ਦਰਜ ਸਨ, ਪਰ ਸੱਤਾ ਪ੍ਰਾਪਤੀ ਦੇ ਬਾਵਜੂਦ ਕਾਂਗਰਸ ਆਪਣੇ ਕਾਰਜਕਾਲ ਦੌਰਾਨ ਇਨ੍ਹਾਂ ਨੂੰ ਅਮਲ ਵਿੱਚ ਨਹੀਂ ਸੀ ਲਿਆ ਸਕੀ। ਇਸ ਵਾਰ ਪਾਰਟੀ ਨੇ ਭਾਵੇਂ ਇਸ ਚੋਣ ਮਨੋਰਥ ਪੱਤਰ ਵਿੱਚ ਆਪਣਾ ਹਰ ਵਾਅਦਾ ਤੇ ਦਾਅਵਾ ਸਾਕਾਰ ਕਰਨ ਸਬੰਧੀ ਆਪਣੀ ਨੀਤੀ ਅਤੇ ਕਾਰਜਸ਼ੈਲੀ ਦਾ ਵੀ ਉਲੇਖ ਕੀਤਾ ਹੈ, ਪਰ ਫਿਰ ਵੀ ਕਾਫ਼ੀ ਨੁਕਤੇ ਅਜਿਹੇ ਹਨ ਜਿਹੜੇ ਅਮਲ ਵਿੱਚ ਲਿਆਉਣੇ ਜੇ ਅਸੰਭਵ ਨਹੀਂ ਤਾਂ ਸੌਖੇ ਵੀ ਨਹੀਂ ਹੋਣਗੇ। ਹਰ ਘਰ ਦੇ ਇੱਕ ਜੀਅ ਨੂੰ ਰੁਜ਼ਗਾਰ, ਮੁਹੱਲਾ ਕਲੀਨਿਕਾਂ ਦੀ ਸਥਾਪਨਾ ਅਤੇ ਚਾਰ ਹਫ਼ਤਿਆਂ ’ਚ ਨਸ਼ਿਆਂ ਦੇ ਖਾਤਮੇ ਜਿਹੇ ਨੁਕਤੇ ਬਿਨਾਂ ਸ਼ੱਕ ਪੰਜਾਬ  ਦੀ ਤਸਵੀਰ ਬਦਲ ਸਕਦੇ ਹਨ, ਪਰ ਇਨ੍ਹਾਂ ਦੀ ਪੂਰਤੀ  ਲਈ ਲੋੜੀਂਦੇ ਆਰਥਿਕ ਵਸੀਲੇ ਨਜ਼ਰ ਨਹੀਂ ਆ ਰਹੇ। ਵੀਆਈਪੀ ਕਲਚਰ ਖ਼ਤਮ ਕਰਨ, ਰਸੂਖ਼ਵਾਨਾਂ ਦੀ ਵਪਾਰਕ ਹਿੱਤਾਂ ਤੋਂ ਦੂਰੀ ਬਣਾਉਣ ਅਤੇ ਆਮਦਨ ਤੇ ਜਾਇਦਾਦ ਦੇ ਖ਼ੁਲਾਸੇ ਕਰਨੇ ਮਜ਼ਬੂਤ ਸਿਆਸੀ ਇੱਛਾ ਸ਼ਕਤੀ ਤੋਂ ਬਗ਼ੈਰ ਸੰਭਵ ਨਹੀਂ।
ਨਾ ਕੇਵਲ ਕਾਂਗਰਸ ਪਾਰਟੀ ਸਗੋਂ ਸ਼੍ਰੋਮਣੀ ਅਕਾਲੀ ਦਲ ਅਤੇ ‘ਆਪ’ ਵੀ ਅਜਿਹੇ ਲੋਕ-ਲੁਭਾਊ ਵਾਅਦੇ ਅਤੇ ਪ੍ਰੋਗਰਾਮ ਲੈ ਕੇ ਪੰਜਾਬ ਦੇ ਲੋਕਾਂ ਤੋਂ ਵੋਟ ਮੰਗਣ ਲਈ ਬੇਨਤੀਆਂ ਕਰਨ ਪਿੰਡ-ਪਿੰਡ ਤੇ ਸ਼ਹਿਰ-ਸ਼ਹਿਰ ਆਉਣਗੇ, ਪਰ ਇਨ੍ਹਾਂ ਦੀ ਨੀਅਤ ਅਤੇ ਨੀਤੀਆਂ ਲੋਕ-ਪੱਖੀ ਹੋਣ ਦੇ ਸ਼ੰਕੇ ਬਰਕਰਾਰ ਹਨ। ਲਗਾਤਾਰ 10 ਸਾਲ ਸੱਤਾ ਵਿੱਚ ਰਹਿਣ ਕਰਕੇ ਅਸਫ਼ਲਤਾਵਾਂ ਅਤੇ ਵਾਅਦਾ-ਖ਼ਿਲਾਫ਼ੀਆਂ ਪ੍ਰਤੱਖ ਨਜ਼ਰ ਆਉਣ ਕਾਰਨ ਅਕਾਲੀ-ਭਾਜਪਾ ਲਈ ਲੋਕਾਂ ਦਾ ਭਰੋਸਾ ਜਿੱਤਣਾ ਕਾਫ਼ੀ ਔਖਾ ਜਾਪਦਾ ਹੈ ਜਦੋਂਕਿ ਕਾਂਗਰਸ ਅਤੇ ‘ਆਪ’ ਨੂੰ ਇਸ ਵਾਰ ਇਸ ਦੋਸ਼ ਤੋਂ ਮੁਕਤ ਹੋਣ ਕਰਕੇ ਜਨਤਕ ਵਿਸ਼ਵਾਸ ਪ੍ਰਾਪਤ ਕਰਨਾ ਕੁਝ ਸੌਖਾ ਹੋ ਸਕਦਾ ਹੈ। ਭਾਰਤੀ ਜਮਹੂਰੀਅਤ ਦਾ ਹੁਣ ਤਕ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਚੋਣਾਂ ਸਮੇਂ ਸਿਆਸੀ ਪਾਰਟੀਆਂ ਵੱਲੋਂ ਲੋਕਾਂ ਨਾਲ ਕੀਤੇ ਜਾਂਦੇ ਵਾਅਦੇ ਕਦੇ ਵੀ ਵਫ਼ਾ ਨਹੀਂ ਹੋਏ। ਇਹੀ ਕਾਰਨ ਹੈ ਕਿ ਹੁਣ ਜਨਤਾ ਵੱਲੋਂ ਸਿਆਸੀ ਪਾਰਟੀਆਂ ਦੇ ਚੋਣ ਮਨੋਰਥ ਪੱਤਰਾਂ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਉਣ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ। ਚੋਣ ਕਮਿਸ਼ਨ ਨੇ ਇਸ ਸੰਦਰਭ ਵਿੱਚ ਕੁਝ ਕਦਮ ਚੁੱਕਣ ਦੇ ਸੰਕੇਤ ਵੀ ਦਿੱਤੇ ਹਨ। ਲੋਕਾਂ ਨੂੰ ਇਨ੍ਹਾਂ ਚੋਣਾਂ ਵਿੱਚ ਵੋਟ ਪਾਉਣ ਵੇਲੇ ਸਿਆਸੀ ਪਾਰਟੀਆਂ ਦੇ ਲੁਭਾਊ ਵਾਅਦਿਆਂ ਵਿੱਚ ਆਉਣ ਦੀ ਥਾਂ ਸੂਝ-ਬੂਝ ਨਾਲ ਲੋਕ-ਪੱਖੀ ਨੁਮਾਇੰਦੇ ਚੁਣਨ ਨਾਲ ਹੀ ਪੰਜਾਬ ਅਤੇ ਪੰਜਾਬੀਆਂ ਨੂੰ ਕੁਝ ਰਾਹਤ ਮਿਲ ਸਕਦੀ ਹੈ।


Comments Off on ਕਾਂਗਰਸ ਵੱਲੋਂ ਵਾਅਦਿਆਂ ਦੀ ਝੜੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.