ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਕਿਵੇਂ ਵਰਤੀਏ ਪੇਟੀਐਮ ਅਤੇ ਹੋਰ ਮੋਬਾਈਲ ਬਟੂਏ

Posted On January - 3 - 2017

ਜੀ ਐੱਸ ਗੁਰਦਿੱਤ

10301cd _paytym 1ਅੱਜਕੱਲ੍ਹ ਹਰ ਟੀ.ਵੀ. ਚੈਨਲ ’ਤੇ ਪੇਟੀਐਮ (Paytm) ਬਾਰੇ ਵਿਗਿਆਪਨ ਆ ਰਹੇ ਹਨ। ਇਨ੍ਹਾਂ ਰਾਹੀਂ ਪੇਟੀਐਮ ਦੀ ਵਰਤੋਂ ਦਾ ਸੱਦਾ ਦਿੱਤਾ ਜਾਂਦਾ ਹੈ। ਪੇਟੀਐਮ ਇੱਕ ਕਿਸਮ ਦਾ ਮੋਬਾਈਲ ਬਟੂਆ (Mobile Wallet) ਹੈ, ਜਿਸ ਵਿੱਚ ਤੁਸੀਂ ਆਪਣੀ ਰਕਮ ਲਈ ਇਲੈਕਟ੍ਰਾਨਿਕ ਖਾਤਾ ਬਣਾ ਕੇ ਰੱਖ ਸਕਦੇ ਹੋ। ਪੇਟੀਐਮ ਖਾਤੇ ਨੂੰ ਨਕਦੀ-ਰਹਿਤ ਲੈਣ ਦੇਣ ਲਈ ਵਰਤਿਆ ਜਾ ਸਕਦਾ ਹੈ। ਪਹਿਲਾਂ ਤਾਂ ਇਸ ਦੀ ਵਰਤੋਂ ਮੋਬਾਈਲ ਰੀਚਾਰਜ, ਡਿਸ਼ ਰੀਚਾਰਜ ਜਾਂ ਆਨਲਾਈਨ ਖ਼ਰੀਦਦਾਰੀ ਲਈ ਹੀ ਹੁੰਦੀ ਸੀ ਪਰ ਅੱਜਕੱਲ੍ਹ ਇਸ ਦੀ ਵਰਤੋਂ ਦਾ ਘੇਰਾ ਵਧ ਗਿਆ ਹੈ। ਇਸ ਨਾਲ ਵੱਡੇ ਸ਼ਹਿਰਾਂ ਵਿੱਚ ਬਿਜਲੀ-ਪਾਣੀ ਦੇ ਬਿੱਲ, ਬੀਮੇ ਦੀ ਕਿਸ਼ਤ, ਬੱਸ, ਰੇਲ ਤੇ ਜਹਾਜ਼ ਦੀ ਟਿਕਟ ਬੁਕਿੰਗ ਅਤੇ ਹਰ ਤਰ੍ਹਾਂ ਦੀ ਆਨਲਾਈਨ ਖ਼ਰੀਦਦਾਰੀ ਕੀਤੀ ਜਾ ਸਕਦੀ ਹੈ। ਇਸ ਖਾਤੇ ਵਿੱਚ ਇਲੈਕਟ੍ਰਾਨਿਕ ਢੰਗ ਨਾਲ ਰਕਮ ਪਾਉਣ ਲਈ ਇੰਟਰਨੈੱਟ ਬੈਂਕਿੰਗ ਦੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਜੇਕਰ ਕਿਸੇ ਕੋਲ ਇੰਟਰਨੈੱਟ ਬੈਂਕਿੰਗ ਨਹੀਂ ਹੈ ਤਾਂ ਉਹ ਆਪਣੇ ਏਟੀਐਮ ਕਾਰਡ ਦੀ ਵਰਤੋਂ ਨਾਲ ਇਸ ਵਿੱਚ ਰਕਮ ਪਾ ਸਕਦਾ ਹੈ। ਇਨ੍ਹਾਂ ਦੋਹਾਂ ਹੀ ਕੰਮਾਂ ਲਈ ਤੁਹਾਡਾ ਫੋਨ ਨੰਬਰ ਤੁਹਾਡੇ ਬੈਂਕ ਵਾਲੇ ਖਾਤੇ ਨਾਲ ਜੁੜਿਆ ਹੋਣਾ ਚਾਹੀਦਾ ਹੈ। ਭਾਵ ਤੁਹਾਨੂੰ ਆਪਣੇ ਬੈਂਕ ਖਾਤੇ ਵਿੱਚੋਂ ਪੈਸੇ ਕਢਵਾਉਣ ਜਾਂ ਜਮ੍ਹਾਂ ਹੋਣ ਦੀ ਸੂਚਨਾ ਆਉਂਦੀ ਹੋਵੇ। ਉਸ ਤੋਂ ਬਾਅਦ ਤੁਹਾਡੇ ਕੋਲ ਇੱਕ ਸਮਾਰਟ ਫੋਨ ਹੋਣਾ ਚਾਹੀਦਾ ਹੈ। ਸਮਾਰਟ ਫੋਨ ਤੋਂ ਭਾਵ ਕੋਈ ਬਹੁਤਾ ਮਹਿੰਗਾ ਫੋਨ ਨਹੀਂ, ਬਲਕਿ ਤਿੰਨ ਕੁ ਹਜ਼ਾਰ ਰੁਪਏ ਕੀਮਤ ਵਾਲਾ ਮੋਬਾਈਲ ਵੀ ਕਾਫ਼ੀ ਹੈ, ਜਿਸ ’ਤੇ ਇੰਟਰਨੈੱਟ ਚੱਲਦਾ ਹੋਵੇ।

ਜੀ ਐੱਸ ਗੁਰਦਿੱਤ

ਜੀ ਐੱਸ ਗੁਰਦਿੱਤ

ਪਹਿਲਾਂ ਤੁਸੀਂ ਸਮਾਰਟ ਫੋਨ ਦੇ ਪਲੇਅ ਸਟੋਰ ’ਤੇ ਜਾ ਕੇ ਪੇਟੀਐਮ ਦੀ ਐਪਲੀਕੇਸ਼ਨ ਡਾਊਨਲੋਡ ਕਰੋ। ਉਸ ਐਪਲੀਕੇਸ਼ਨ ਵਿੱਚ ਆਪਣਾ ਨਾਮ ਅਤੇ ਫੋਨ ਨੰਬਰ ਭਰ ਕੇ ਰਜਿਸਟਰ ਹੋਣ ਨਾਲ ਤੁਸੀ ਇੱਕ ਪੇਟੀਐਮ ਖਾਤੇ ਦੇ ਮਾਲਕ ਬਣ ਜਾਓਗੇ। ਇਸ ਖਾਤੇ ਨੂੰ ਖੋਲ੍ਹਣ ਲਈ ਆਪਣਾ ਪਾਸਵਰਡ ਬਣਾ ਲਉ ਤਾਂ ਜੋ ਤੁਹਾਡੇ ਤੋਂ ਬਿਨਾਂ ਕੋਈ ਹੋਰ ਉਸ ਨੂੰ ਚਲਾ ਨਾ ਸਕੇ। ਫਿਰ ਪੇਟੀਐਮ ਖਾਤੇ ਵਿੱਚ ਪੈਸੇ ਪਾਉਣ ਲਈ ਤੁਸੀਂ ਉਸ ਦੇ ਜਮ੍ਹਾਂ ਵਾਲੇ ਆਪਸ਼ਨ ‘ਐਡ ਮਨੀ’ ’ਤੇ ਜਾਓਗੇ। ਉਥੇ ਜਾ ਕੇ ਤੁਸੀਂ ਆਪਣੀ ਲੋੜੀਂਦੀ ਰਕਮ ਉਸ ਵਿੱਚ ਲਿਖ ਕੇ ਫਿਰ ਇੰਟਰਨੈੱਟ ਬੈਂਕਿੰਗ ਜਾਂ ਡੈਬਿਟ ਕਾਰਡ ਦੀ ਚੋਣ ਕਰੋਗੇ। ਡੈਬਿਟ ਕਾਰਡ ਤੁਹਾਡੇ ਏਟੀਐਮ ਕਾਰਡ ਨੂੰ ਹੀ ਕਹਿੰਦੇ ਹਨ। ਜੇਕਰ ਤੁਸੀ ਡੈਬਿਟ ਕਾਰਡ ਦੀ ਚੋਣ ਕਰਦੇ ਹੋ ਤਾਂ ਉਹ ਤੁਹਾਡੇ ਤੋਂ ਡੈਬਿਟ ਕਾਰਡ ਦੇ 16 ਅੰਕਾਂ ਵਾਲੇ ਨੰਬਰ ਦੀ ਮੰਗ ਕਰੇਗਾ। ਤੁਸੀ ਉਸ ਕਾਰਡ ਦੇ ਖਤਮ ਹੋਣ ਦੀ ਤਰੀਕ ਭਾਵ ਐਕਸਪਾਇਰੀ ਡੇਟ ਵੀ ਭਰੋਗੇ। ਫਿਰ ਉਹ ਤੁਹਾਡੇ ਤੋਂ ਕਾਰਡ ਦੇ ਪਿਛਲੇ ਪਾਸੇ ਲਿਖਿਆ ਤਿੰਨ ਅੰਕਾਂ ਦਾ ਸੀਵੀਵੀ ਨੰਬਰ ਮੰਗੇਗਾ ਜਾਂ ਏਟੀਐਮ ਕਾਰਡ ਦਾ ਪਿੰਨ ਕੋਡ (ਏਟੀਐਮ ਮਸ਼ੀਨ ਵਿੱਚੋਂ ਪੈਸੇ ਕਢਵਾਉਣ ਲਈ ਵਰਤਿਆ ਜਾਂਦਾ ਚਾਰ ਅੰਕਾਂ ਦਾ ਕੋਡ) ਵੀ ਮੰਗ ਸਕਦਾ ਹੈ। ਉਸ ਤੋਂ ਬਾਅਦ ਤੁਹਾਡੇ ਰਜਿਸਟਰਡ ਨੰਬਰ ’ਤੇ ਇੱਕ ਓਟੀਪੀ ਕੋਡ ਭਾਵ ਵਨ ਟਾਈਮ ਪਾਸਵਰਡ ਆਏਗਾ, ਜਿਸ ਨੂੰ ਤੁਸੀਂ ਉਥੇ ਭਰੋਗੇ। ਇਹ ਕੋਡ ਭਰਨ ਤੋਂ ਬਾਅਦ ਤੁਸੀ ਅਖ਼ੀਰ ਵਿੱਚ ਓਕੇ ਦਾ ਬਟਨ ਦਬਾਉਗੇ। ਇਸ ਨਾਲ ਤੁਹਾਡੀ ਲੋੜੀਂਦੀ ਰਕਮ ਤੁਹਾਡੇ ਬੈਂਕ ਵਾਲੇ ਖਾਤੇ ਵਿੱਚੋਂ ਨਿਕਲ ਕੇ ਤੁਹਾਡੇ ਪੇਟੀਐਮ ਖਾਤੇ ਵਿੱਚ ਜਮ੍ਹਾਂ ਹੋ ਜਾਵੇਗੀ। ਇਸ ਨਾਲ ਤੁਹਾਡਾ ਮੋਬਾਈਲ ਬਟੂਆ ਭਰ ਜਾਏਗਾ ਤੇ ਤੁਸੀਂ ਉਸ ਬਟੂਏ ਵਿੱਚੋਂ ਲੋੜ ਮੁਤਾਬਕ ਖ਼ਰਚਾ ਕਰ ਸਕਦੇ ਹੋ।
ਛੋਟੇ ਸ਼ਹਿਰਾਂ ਜਾਂ ਪਿੰਡਾਂ ਵਿੱਚ ਵੀ ਤੁਸੀਂ ਕੋਈ ਵੀ ਚੀਜ਼ ਪੇਟੀਐਮ ਰਾਹੀਂ ਖ਼ਰੀਦ ਸਕਦੇ ਹੋ। ਉਹ ਵਿਕਰੇਤਾ ਆਪਣਾ ਪੇਟੀਐਮ ਖਾਤਾ ਚਲਾਉਂਦਾ ਹੋਵੇ ਤਾਂ ਕੰਮ ਸੌਖਾ ਹੋ ਜਾਂਦਾ ਹੈ। ਉਸ ਨੂੰ ਬਣਦੀ ਰਕਮ ਦੇਣ ਲਈ ਤੁਸੀ ਆਪਣੇ ਪੇਟੀਐਮ ਖਾਤੇ ਦੇ ਭੁਗਤਾਨ (Pay) ਆਪਸ਼ਨ ਵਿੱਚ ਜਾਣਾ ਹੈ ਤੇ ਉਸ ਆਦਮੀ ਦਾ ਫੋਨ ਨੰਬਰ ਭਰਨਾ ਹੈ। ਫਿਰ ਬਣਦੀ ਰਕਮ ਭਰ ਕੇ ਓਕੇ ਬਟਨ ਦਬਾ ਦੇਣਾ ਹੈ। ਸੈਕਿੰਡਾਂ ਵਿੱਚ ਹੀ ਤੁਹਾਨੂੰ ਦੋਵਾਂ ਨੂੰ ਆਪੋ-ਆਪਣੇ ਮੋਬਾਈਲ ਉੱਤੇ ਸੁਨੇਹਾ ਮਿਲ ਜਾਵੇਗਾ ਕਿ ਤੁਹਾਡੇ ਪੇਟੀਐਮ ਖਾਤੇ ਵਿੱਚੋਂ ਬਣਦੀ ਰਕਮ ਨਿਕਲ ਕੇ ਉਸ ਦੇ ਖਾਤੇ ਵਿੱਚ ਜਾ ਚੁੱਕੀ ਹੈ। ਫੋਨ ਨੰਬਰ ਭਰ ਕੇ ਅਦਾਇਗੀ ਕਰਨ ਤੋਂ ਇਲਾਵਾ ਹੋਰ ਵੀ ਕਈ ਢੰਗ ਹਨ ਜੋ ਸੌਖਿਆਂ ਹੀ ਸਿੱਖੇ ਜਾ ਸਕਦੇ ਹਨ। ਇਨ੍ਹਾਂ ਵਿੱਚੋਂ ਇੱਕ ਮਸ਼ਹੂਰ ਢੰਗ ਹੈ, ਕਿਊਆਰ ਕੋਡ ਨੂੰ ਸਕੈਨ ਕਰ ਕੇ ਰਕਮ ਭੇਜਣਾ। ਜੇਕਰ ਉਸ ਵਿਕਰੇਤਾ ਕੋਲ ਪੇਟੀਐਮ ਖਾਤਾ ਨਾ ਹੋਵੇ ਤਾਂ ਉਹੀ ਰਕਮ ਉਸ ਦੇ ਬੈਂਕ ਦੇ ਖਾਤੇ ਵਿੱਚ ਵੀ ਪੇਟੀਐਮ ਰਾਹੀਂ ਹੀ ਭੇਜੀ ਜਾ ਸਕਦੀ ਹੈ। ਇਸ ਲਈ ਪਾਸਬੁੱਕ ਦੇ ਆਪਸ਼ਨ ਦੀ ਚੋਣ ਕਰਕੇ ਉਸ ਦਾ ਨਾਮ, ਬੈਂਕ ਖਾਤੇ ਦਾ ਨੰਬਰ ਤੇ ਬੈਂਕ ਦਾ ਆਈਐਫਐਸਸੀ ਕੋਡ ਭਰ ਕੇ ਬਣਦੀ ਰਕਮ ਸਿੱਧੇ ਹੀ ਉਸ ਦੇ ਬੈਂਕ ਖਾਤੇ ਵਿੱਚ ਭੇਜੀ ਜਾ ਸਕਦੀ ਹੈ। ਇਸ ਤਰ੍ਹਾਂ ਨਾ ਤਾਂ ਖ਼ਰੀਦਦਾਰ ਨੂੰ ਬੈਂਕ ਵਿੱਚੋਂ ਪੈਸੇ ਕਢਵਾਉਣ ਦੀ ਲੋੜ ਹੈ ਅਤੇ ਨਾ ਹੀ ਵਿਕਰੇਤਾ ਨੂੰ ਪੈਸੇ ਸਾਂਭਣ ਦਾ ਝੰਜਟ ਹੈ। ਬੱਸ ਦੋ ਤਿੰਨ ਬਟਨ ਦਬਾਉਣ ਨਾਲ ਹੀ ਲੋੜੀਂਦੀ ਰਕਮ ਇੱਕ ਖਾਤੇ ਤੋਂ ਦੂਜੇ ਖਾਤੇ ਵਿੱਚ ਪਹੁੰਚ ਜਾਏਗੀ। ਇਸੇ ਲਈ ਹੀ ਇਸ ਨੂੰ ਨਕਦੀ-ਰਹਿਤ ਖ਼ਰੀਦਦਾਰੀ ਕਹਿੰਦੇ ਹਨ, ਕਿਉਂਕਿ ਬਿਨਾਂ ਨੋਟਾਂ ਦੀ ਵਰਤੋਂ ਕੀਤੇ ਹੀ ਹਰ ਤਰ੍ਹਾਂ ਦਾ ਲੈਣ-ਦੇਣ ਹੋ ਜਾਂਦਾ ਹੈ।
ਪੇਟੀਐਮ ਤੋਂ ਇਲਾਵਾ ਜਿਹੜੇ ਮੋਬਾਈਲ ਬਟੂਏ ਅੱਜ-ਕੱਲ੍ਹ ਵੱਧ ਮਕਬੂਲ ਹਨ, ਉਨ੍ਹਾਂ ਵਿੱਚ ਮੋਬੀਕਵਿਕ (Mobikwik), ਫਰੀਚਾਰਜ (freecharge), ਔਕਸੀਜਨ (Oxigen), ਸਿਟਰਸ ਪੇਅ (Citrus Pay), ਐਮ ਰੂਪੀ (M Rupee) ਆਦਿ ਪ੍ਰਮੁੱਖ ਹਨ। ਇਨ੍ਹਾਂ ਤੋਂ ਇਲਾਵਾ ਕਈ ਬੈਂਕਾਂ ਨੇ ਆਪਣੇ ਮੋਬਾਈਲ ਬਟੂਏ ਇੰਟਰਨੈੱਟ ਬਾਜ਼ਾਰ ਵਿੱਚ ਉਤਾਰੇ ਹਨ। ਇਨ੍ਹਾਂ ਵਿੱਚ ਭਾਰਤੀ ਸਟੇਟ ਬੈਂਕ ਦਾ ਸਟੇਟ ਬੈਂਕ ਬਡੀ, ਐਚਡੀਐਫਸੀ ਬੈਂਕ ਦਾ ਪੇਜ਼ੈਪ (PayZapp), ਐਕਸਿਸ ਬੈਂਕ ਦਾ ਐਕਸਿਸ ਪੇਅ (Axis Pay), ਆਈਸੀਆਈਸੀਆਈ ਬੈਂਕ ਦੇ ਪਾਕਿਟਸ (Pockets) ਅਤੇ ਈਜ਼ੀ ਪੇਅ (EasyPay) ਆਦਿ ਜ਼ਿਕਰਯੋਗ ਹਨ।
ਸੰਪਰਕ: 94A7A-9CA9C


Comments Off on ਕਿਵੇਂ ਵਰਤੀਏ ਪੇਟੀਐਮ ਅਤੇ ਹੋਰ ਮੋਬਾਈਲ ਬਟੂਏ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.