ਬਾਬਰੀ ਮਸਜਿਦ ਕੇਸ: ਚਸ਼ਮਦੀਦ ਗਵਾਹ ਦੀ ਮੌਤ !    ਅਮਰੀਕਾ: ਸਿੱਖ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ !    ਮੁਕਾਬਲੇ ਵਾਲੀਆਂ ਥਾਵਾਂ ’ਤੇ ਆ ਕੇ ‘ਖ਼ੁਦਕੁਸ਼ੀ’ ਨਾ ਕਰਨ ਨੌਜਵਾਨ: ਵੈਦ !    ਬੰਗਲਾਦੇਸ਼: ਖ਼ੁਦਕੁਸ਼ ਹਮਲੇ ’ਚ ਪਰਿਵਾਰ ਦੇ 8 ਜੀਅ ਮਰੇ !    ਭੇਤਭਰੀ ਹਾਲਤ ਵਿੱਚ ਚੱਲੀ ਗੋਲੀ; ਮੁਲਾਜ਼ਮ ਜ਼ਖਮੀ !    ਬਦਨੌਰ ਵੱਲੋਂ ਸੈਨਿਕ ਬੋਰਡ ਨਾਲ ਮੀਟਿੰਗ !    ਯੂਨੀਵਰਸਿਟੀਆਂ ਦੀ ਭੂਮਿਕਾ ਨੂੰ ਪੁਨਰ ਪ੍ਰਭਾਸ਼ਿਤ ਕਰਨ ਦੀ ਲੋੜ: ਅਪੂਰਵਾਨੰਦ !    ਧੋਖਾਧੜੀ ਕਰਨ ਵਾਲੇ ਬਿਲਡਰਾਂ ਦੀ ਗ੍ਰਿਫ਼ਤਾਰੀ ਲਈ ਲੋਕਾਂ ਤੋਂ ਮੰਗਿਆ ਸਹਿਯੋਗ !    ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿੱਚ ਕਸੂਤੇ ਘਿਰੇ ਕੌਂਸਲ ਅਧਿਕਾਰੀ !    ਬੱਚਿਆਂ ਦੇ ਰਿਪੋਰਟ ਕਾਰਡ ਨਾ ਦੇਣ ਕਾਰਨ ਸਕੂਲ ਅੱਗੇ ਧਰਨਾ !    

ਕੁਨੈਕਸ਼ਨਾਂ ਦਾ ਸਿਆਸੀਕਰਨ

Posted On January - 11 - 2017

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕੌਮ) ਵੱਲੋਂ ਚੇਅਰਮੈਨ ਕੋਟੇ ਤਹਿਤ ਕਿਸਾਨਾਂ ਨੂੰ ਦਿੱਤੇ ਗਏ ਟਿਊਬਵੈੱਲ ਕੁਨੈਕਸ਼ਨਾਂ ਪਿੱਛੇ ਸੱਤਾਧਾਰੀ ਧਿਰ ਦੇ ਸੌੜੇ ਸਿਆਸੀ ਹਿੱਤ ਸਪਸ਼ਟ ਦਿਖਾਈ ਦੇ ਰਹੇ ਹਨ। ਪਾਵਰਕੌਮ ਨੇ ਇਸ ਕੋਟੇ ਤਹਿਤ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਹਲਕੇ ਲਈ 2315, ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਹਲਕੇ ਜਲਾਲਾਬਾਦ ਲਈ 1465 ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਲੋਕ ਸਭਾ ਹਲਕਾ ਬਠਿੰਡਾ ਲਈ ਲਗਪਗ 9000 ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨ ਜਾਰੀ ਕੀਤੇ ਹਨ। ਬਾਦਲ ਪਰਿਵਾਰ ਤੋਂ ਇਲਾਵਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਹਲਕਾ ਲਹਿਰਾਗਾਗਾ ਲਈ 1056 ਕੁਨੈਕਸ਼ਨ ਦਿੱਤੇ ਗਏ ਹਨ ਜਦੋਂਕਿ ਹਾਕਮ ਧਿਰ ਦੀ ਨੁਮਾਇੰਦਗੀ ਵਾਲੇ ਹਲਕੇ ਤਲਵੰਡੀ ਸਾਬੋ ਲਈ 2046 ਕੁਨੈਕਸ਼ਨ ਜਾਰੀ ਕੀਤੇ ਗਏ ਹਨ। ਚੇਅਰਮੈਨੀ ਕੋਟੇ ਵਿੱਚੋਂ ਜਾਰੀ ਕੀਤੇ ਗਏ ਕੁੱਲ ਕੁਨੈਕਸ਼ਨਾਂ ਦੇ ਅੰਕੜੇ ਦੱਸ ਰਹੇ ਹਨ ਕਿ ਪਾਵਰਕੌਮ ਨੇ ਸੱਤਾਧਾਰੀ ਧਿਰ ਨਾਲ ਸਬੰਧਿਤ ਪਰਿਵਾਰ, ਮੰਤਰੀਆਂ ਅਤੇ ਵਿਧਾਇਕਾਂ ਤੋਂ ਇਲਾਵਾ ਹਲਕਾ ਇੰਚਾਰਜਾਂ ਦੀ ਸਿਫ਼ਾਰਸ਼ ਉੱਤੇ ਖੁੱਲ੍ਹਦਿਲੀ ਨਾਲ ਕੁਨੈਕਸ਼ਨ ਦਿੱਤੇ ਗਏ ਹਨ ਪਰ ਸੂਬੇ ਦੇ ਪੰਜ ਵਿਧਾਨ ਸਭਾ ਹਲਕਿਆਂ ਦੇ ਕਿਸਾਨਾਂ ਨੂੰ ਇੱਕ ਵੀ ਕੁਨੈਕਸ਼ਨ ਨਹੀਂ ਦਿੱਤਾ। ਛੇ ਹਲਕੇ ਅਜਿਹੇ ਹਨ ਜਿੱਥੇ 10 ਤੋਂ ਵੀ ਘੱਟ ਕੁਨੈਕਸ਼ਨ ਦਿੱਤੇ ਹਨ ਜਦੋਂਕਿ ਦਰਜਨਾਂ ਹਲਕੇ ਅਜਿਹੇ ਹਨ ਜਿੱਥੇ 100 ਤੋਂ ਵੀ ਘੱਟ ਕੁਨੈਕਸ਼ਨ ਦਿੱਤੇ ਗਏ ਹਨ। ਹੋਰ ਤਾਂ ਹੋਰ, ਚੋਣ ਜ਼ਾਬਤਾ ਲੱਗਣ ਤੋਂ ਇੱਕ ਦਿਨ ਪਹਿਲਾਂ ਤਿੰਨ ਜਨਵਰੀ ਨੂੰ ਚੇਅਰਮੈਨ ਦੇ ਕੋਟੇ ਵਿੱਚ 5000 ਕੁਨੈਕਸ਼ਨਾਂ ਦਾ ਹੋਰ ਵਾਧਾ ਕਰਦਿਆਂ ਇਹ ਰਾਤੋ-ਰਾਤ ਸੱਤਾਧਾਰੀਆਂ ਦੇ ਨਜ਼ਦੀਕੀਆਂ ਨੂੰ ਜਾਰੀ ਕਰ ਦਿੱਤੇ ਗਏ। ਦੂਜੇ ਪਾਸੇ 25 ਵਰ੍ਹਿਆਂ ਤੋਂ ਕੁਨੈਕਸ਼ਨ ਦੀ ਉਡੀਕ ਕਰਨ ਵਾਲੇ ਜਨਰਲ ਕੈਟੇਗਰੀ ਵਾਲੇ ਕਿਸਾਨਾਂ ਨੂੰ ਪਿਛਲੇ ਦੋ ਸਾਲਾਂ ਦੌਰਾਨ 50 ਹਜ਼ਾਰ ਕੁਨੈਕਸ਼ਨ ਜਾਰੀ ਕਰਨ ਦੇ ਟੀਚੇ ਦੇ ਮੁਕਾਬਲੇ ਸਿਰਫ਼ 30 ਹਜ਼ਾਰ ਕੁਨੈਕਸ਼ਨ ਹੀ ਜਾਰੀ ਕੀਤੇ ਗਏ ਜਦੋਂਕਿ ਚੇਅਰਮੈਨੀ ਕੋਟੇ ਦੇ ਪੰਜਾਹ ਹਜ਼ਾਰ ਕੁਨੈਕਸ਼ਨਾਂ ਦੀ ਬਜਾਏ 60 ਹਜ਼ਾਰ ਕੁਨੈਕਸ਼ਨ ਜਾਰੀ ਕੀਤੇ ਗਏ ਹਨ।
ਪਾਵਰਕੌਮ ਦੇ ਚੇਅਰਮੈਨ ਵੱਲੋਂ ਆਪਣੇ ਅਖ਼ਤਿਆਰੀ ਕੋਟੇ ਦੇ ਟਿਊਬਵੈੱਲ ਕੁਨੈਕਸ਼ਨਾਂ ਦਾ ਵੱਡਾ ਹਿੱਸਾ ਸੱਤਾਧਾਰੀ ਧਿਰ ਦੇ ਸਿਆਸੀ ਆਗੂਆਂ ਦੀਆਂ ਸਿਫ਼ਾਰਸ਼ਾਂ ਤਹਿਤ ਜਾਰੀ ਕੀਤੇ ਜਾਣ ਦਾ ਵਰਤਾਰਾ ਨਿੰਦਣਯੋਗ ਤੇ ਮੰਦਭਾਗਾ ਹੋਣ ਦੇ ਨਾਲ ਅਨੈਤਿਕ ਤੇ ਗ਼ੈਰਕਾਨੂੰਨੀ ਵੀ ਹੈ। ਲੋਕਰਾਜੀ ਪ੍ਰਬੰਧ ਵਿੱਚ ਕਿਸੇ ਵੀ ਸੰਸਥਾ ਦੇ ਚੇਅਰਮੈਨ ਨੂੰ ਆਪਣੇ ਅਖ਼ਤਿਆਰੀ ਕੋਟੇ ਨੂੰ ਕੇਵਲ ਸੱਤਾਧਾਰੀ ਧਿਰ ਦੇ ਸੌੜੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਵਰਤੇ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਇਸ ਸੰਦਰਭ ਵਿੱਚ ਪਾਵਰਕੌਮ ਦੇ ਚੇਅਰਮੈਨ ਵੱਲੋਂ ਆਪਣੇ ਅਖ਼ਤਿਆਰੀ ਕੋਟੇ ਵਿੱਚੋਂ ਜਾਰੀ ਕੀਤੇ ਗਏ ਕੁਨੈਕਸ਼ਨਾਂ ’ਤੇ ਸਵਾਲ ਉੱਠਣੇ ਸੁਭਾਵਿਕ ਹਨ। ਅਜਿਹਾ ਕੀਤਾ ਜਾਣਾ ਚੇਅਰਮੈਨ ਦੇ ਉੱਚ ਪ੍ਰਸ਼ਾਸਨਿਕ ਅਹੁਦੇ ਦੀ ਦੁਰਵਰਤੋਂ ਹੈ। ਚੇਅਰਮੈਨ ਤੋਂ ਇਲਾਵਾ ਸੱਤਾਧਾਰੀ ਧਿਰ ਅਤੇ ਬਿਜਲੀ ਰੈਗੂਲੇਟਰੀ ਕਮਿਸ਼ਨ ਵੀ ਪਾਵਰਕੌਮ ਦੇ ਚੇਅਰਮੈਨ ਲਈ ਅਖ਼ਤਿਆਰੀ ਕੋਟਾ ਨਿਸ਼ਚਿਤ ਕਰਨ ਦੀ ਨੀਤੀ ਨੂੰ ਪ੍ਰਵਾਨਗੀ ਦੇਣ ਦੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ। ਪਲਾਟ, ਮਕਾਨ, ਫਲੈਟ, ਪਰਮਿਟ, ਪੈਟਰੋਲ ਪੰਪ ਅਤੇ ਰਸੋਈ ਗੈਸ ਦੀਆਂ ਏਜੰਸੀਆਂ ਆਦਿ ਦੀ ਵੰਡ ਵਿੱਚ ਰਸੂਖ਼ਵਾਨਾਂ ਅਤੇ ਅਧਿਕਾਰੀਆਂ ਵੱਲੋਂ ਆਪਣੇ ਅਖ਼ਤਿਆਰੀ ਕੋਟੇ ਦੀ ਸਿਆਸੀ ਅਤੇ ਨਿੱਜੀ ਹਿੱਤਾਂ ਲਈ ਕੀਤੀ ਜਾਂਦੀ ਦੁਰਵਰਤੋਂ ਨੂੰ ਰੋਕਣ ਲਈ ਕੌਮੀ ਪੱਧਰ ਤੋਂ ਇਲਾਵਾ ਸੂਬਿਆਂ ਵਿੱਚ ਵੀ ਇਹ ਕੋਟੇ ਖ਼ਤਮ ਕੀਤੇ ਜਾ ਚੁੱਕੇ ਹਨ ਪਰ ਪੰਜਾਬ ਸਰਕਾਰ ਅਤੇ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਪਾਵਰਕੌਮ ਦੇ ਚੇਅਰਮੈਨ ਲਈ ਸਾਲ ਪਹਿਲਾਂ ਇਹ ਅਖ਼ਤਿਆਰੀ ਕੋਟਾ ਪ੍ਰਵਾਨ ਕਰ ਦਿੱਤਾ।
ਸਾਫ਼-ਸੁਥਰੇ ਪ੍ਰਸ਼ਾਸਨ ਅਤੇ ਰਾਜ ਪ੍ਰਬੰਧ ਵਿੱਚ ਪਾਰਦਰਸ਼ਤਾ ਪੱਖੋਂ ਅਖ਼ਤਿਆਰੀ ਕੋਟੇ ਦੇ ਮੰਤਵ ਨੂੰ ਦਰੁਸਤ ਨਹੀਂ ਮੰਨਿਆ ਜਾ ਸਕਦਾ। ਜੇਕਰ ਕਿਸੇ ਕਾਰਨ ਫਿਰ ਵੀ ਸਰਕਾਰ ਕਿਸੇ ਵਿਭਾਗ/ਕਾਰਪੋਰੇਸ਼ਨ ਨਾਲ ਸਬੰਧਿਤ ਮੰਤਰੀ ਜਾਂ ਚੇਅਰਮੈਨ ਨੂੰ ਕੁਝ ਅਖ਼ਤਿਆਰੀ ਅਧਿਕਾਰ ਦੇਣਾ ਚਾਹੁੰਦੀ ਹੋਵੇ ਤਾਂ ਉਸ ਲਈ ਵੀ ਇੱਕ ਬਾਕਾਇਦਾ ਵਿਧੀ-ਵਿਧਾਨ ਅਤੇ ਪ੍ਰਕਿਰਿਆ ਨਿਸ਼ਚਿਤ ਕੀਤੀ ਜਾਣੀ ਚਾਹੀਦੀ ਹੈ। ਸਰਕਾਰ ਅਤੇ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਪਾਵਰਕੌਮ ਦੇ ਚੇਅਰਮੈਨ ਨੂੰ ਪਹਿਲਾਂ 50 ਹਜ਼ਾਰ ਅਤੇ ਫਿਰ ਦੋ ਵਾਰੀ ਹੋਰ ਪੰਜ-ਪੰਜ ਹਜ਼ਾਰ ਟਿਊਬਵੈੱਲ ਕੁਨੈਕਸ਼ਨ ਦੇਣ ਦੇ ਅਖ਼ਤਿਆਰੀ ਕੋਟੇ ਦੀ ਪ੍ਰਵਾਨਗੀ ਦੇਣ ਅਤੇ ਫਿਰ ਚੇਅਰਮੈਨ ਵੱਲੋਂ ਇਸ ਕੋਟੇ ਨੂੰ ਬਿਨਾਂ ਕਿਸੇ ਵਿਧੀ-ਵਿਧਾਨ ਦੇ ਸੱਤਾਧਾਰੀ ਧਿਰ ਦੇ ਹਿੱਤਾਂ ਲਈ ਵਰਤੋਂ ਕੀਤੇ ਜਾਣਾ ਪਾਰਦਰਸ਼ੀ ਪ੍ਰਸ਼ਾਸਨ ਦਾ ਮੂੰਹ ਚਿੜ੍ਹਾਉਣ ਦੇ ਤੁਲ ਹੈ। ਇਸ ਰੁਝਾਨ ਨੂੰ ਰੋਕਿਆ ਜਾਣਾ ਜ਼ਰੂਰੀ ਹੈ।


Comments Off on ਕੁਨੈਕਸ਼ਨਾਂ ਦਾ ਸਿਆਸੀਕਰਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.