ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    ਪਹਿਲੀ ਨੂੰ ਬ੍ਰਾਂਚਾਂ ਖੋਲ੍ਹਣ ਦਾ ਫ਼ੈਸਲਾ ਆਰਬੀਆਈ ਨੇ ਬੈਂਕਾਂ ’ਤੇ ਛੱਡਿਆ !    

ਕੁਰਸੀ ਦੇ ਸਵੰਬਰ ਲਈ ਸ਼ਤਰੰਜੀ ਚਾਲਾਂ ’ਤੇ ਜ਼ੋਰ

Posted On January - 1 - 2017

ਪ੍ਰਿੰ.ਬਲਕਾਰ ਸਿੰਘ ਬਾਜਵਾ
ਹਮੇਸ਼ਾਂ ਵਾਂਗ ਇਸ ਵਾਰ ਵੀ 117 ਕੁਰਸੀਆਂ ਲਈ ਰਾਜਕੁਮਾਰ ਚੁਣੇ ਜਾਣੇ ਹਨ। ਇਨ੍ਹਾਂ ’ਚੋਂ ਹੀ ਇੱਕ ਨੇ ਸਭ ਤੋਂ ਉੱਚਾ ਸਿੰਘਾਸਨ ਮੱਲਣਾ ਹੈ। ਟਿਕਟਾਂ ਦੀ ਵੰਡ ਵਿੱਚ ਇਹੋ ਜਿਹੇ ਆਸਵੰਦਾਂ ਨੇ ਗੁੱਝੀਆਂ, ਡੂੰਘੀਆਂ ਤੇ ਸ਼ਤਰੰਜੀ ਚਾਲਾਂ ਵੀ ਚੱਲਣੀਆਂ ਹਨ। ਇਸ ਕਰਕੇ ਵੀ ਕਈ ਪਾਰਟੀਆਂ ਵਿੱਚ ਟਿਕਟਾਂ ਦੇ ਰੱਫੜ ਪਏ ਹੋਏ ਹਨ। ਚੋਣ ਧਨੁਸ਼ ਤੋੜੂਆਂ ਵਿੱਚੋਂ ਕੁਝ ਮੰਤਰੀ, ਸਹਾਇਕ ਮੰਤਰੀ, ਰਾਜ ਮੰਤਰੀ ਬਣਨਗੇ। ਬਾਕੀ ਪਾਰਲੀਮਾਨੀ ਸਕੱਤਰ ਵਾਲੀ ਕੁਰਸੀ ਨਾਲ ਹੀ ਸਬਰ ਦਾ ਘੁੱਟ ਭਰਨਗੇ। ਜਿਸ ਦੀ ਟਿਕਟ ਸਕਰੀਨਿੰਗ ਕਮੇਟੀ ਦੇ ਤੰਦੂਰ ’ਚੋਂ ਪਹਿਲੇ ਪੂਰਾਂ ’ਚ ਲਹਿ ਗਈ, ਉਹ ਤਾਂ ਪਾਰਟੀ ਏਜੰਡੇ ਲੈ ਵੋਟਰਾਂ ਦੇ ਦਰਾਂ ’ਤੇ ਦਸਤਕ ਦੇ ਰਹੇ ਹਨ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ ਉਹ ਬਾਗ਼ੀ ਹੋ ਕੇ ਮਾਂ ਪਾਰਟੀ ਦੀ ਗੋਦ ’ਚੋਂ ਡੱਡੂਆਂ ਵਾਂਗ ਛੜੱਪੇ ਮਾਰ ਪਾਲੇ ਬਦਲ ਰਹੇ ਹਨ। ਪਾਰਟੀ ਜਿਸ ਦੇ ਸਦਾ ਵਫ਼ਾਦਾਰ ਰਹਿਣ ਦੀਆਂ ਕਸਮਾਂ ਖਾਂਦੇ ਹੁੰਦੇ ਸੀ, ਹੁਣ ਉਸੇ ਮਾਂ ਦੇ ਚੂੰਡੇ ਖਿੰਡਾ ਰਹੇ ਹਨ। ਨਾਲ ਹੀ ਪਾਰਟੀ ਵੱਲੋਂ ਐਲਾਨੇ ਉਮੀਦਵਾਰਾਂ ਦੇ ਪੋਤੜੇ ਫੋਲ ਰਹੇ ਹਨ।
ਦੂਜੇ ਪਾਸੇ ਪਾਰਟੀਆਂ ਜਨਸ਼ਕਤੀ ਪ੍ਰਦਰਸ਼ਨ ਕਰ ਰਹੀਆਂ ਹਨ। ਕਿਸੇ ਉੱਚੇ ਮੁਹਾਣੇ ’ਤੇ ਖਲੋ ਵੇਖੀਏ ਤਾਂ ਮੌਸਮੀ ਸੰਘਣੀ ਧੁੰਦ ਵਰਗਾ ਹੀ ਚੋਣ ਧੁੰਦੂਕਾਰਾ ਚਾਰ-ਚੁਫ਼ੇਰੇ ਛਾਇਆ ਹੋਇਆ ਹੈ। ਆਓ! ਜ਼ਰਾ ਕੁਝ ਰਾਜਕੁਮਾਰਾਂ ਦੇ ਚੱਕਰਾਂ ਨਾਲ ਤੁਹਾਨੂੰ ਮਿਲਾਈਏ। ਪਿੱਛੇ ਜਿਹੇ ਸਿਆਸੀ ਗਲਿਆਰਿਆਂ ’ਚ ਬੜੀ ਚਰਚਾ ਵਿੱਚ ਰਹੇ ‘ਆਵਾਜ਼-ਏ- ਪੰਜਾਬ’ ਦੇ ਨਾਇਕਾਂ ਦੀ ਗੱਲ ਕਰੀਏ। ਸਾਬਕਾ ਐੱਮਪੀ ਨਵਜੋਤ ਸਿੰਘ ਸਿੱਧੂ ਨੇ ਬੜਾ ਖੁੱਲ੍ਹਕੇ ਦੋ ਪਾਰਟੀਆਂ ’ਚ ਗੇੜੇ ਲਾਏ। ਵੱਡੇ ਬਿਆਨਾਂ ਨਾਲ ਅੰਬਰੀਂ ਗੂੰਜਾਂ ਪਾਈਆਂ। ਵੱਡੀਆਂ ਸ਼ਰਤਾਂ ਛੋਟੀਆਂ ਹੁੰਦੀਆਂ ਗਈਆਂ। ਇਸ ਦੌਰਾਨ ਬੈਂਸ ਭਰਾ ਸਿਆਸੀ ਮੌਕਾ ਸੰਭਾਲ ਗਏ। ‘ਆਪ’ ਨਾਲ ‘ਇਨਸਾਫ ਪਾਰਟੀ’ ਦੀ ਗੰਢਤੁੱਪ ਕਰਕੇ ਛੇ ਸੀਟਾਂ ’ਤੇ ਆਪਣੇ ਹੱਕ ਜਮਾਂ ਗਏ। ਲੁਧਿਆਣਾ ਵਿਖੇ ਹੋਈ ‘ਬੇਈਮਾਨ ਭਜਾਓ, ਪੰਜਾਬ ਬਚਾਓ’ ਸਾਂਝੀ ਰੈਲੀ ਨੇ ‘ਆਪ’ ਅਤੇ ‘ਇਨਸਾਫ਼ ਪਾਰਟੀ’ ਦਾ ਚੰਗਾ ਪ੍ਰਭਾਵ ਸਿਰਜ ਦਿੱਤਾ। ਮੁੰਬਈ ਬੈਠੇ ਸਿੱਧੂ ਦੇ ਸੁਨੇਹੇ ’ਤੇ ਪਰਗਟ ਸਿੰਘ ਤੇ ਨਵਜੋਤ ਕੌਰ ਸਿੱਧੂ ਕਾਂਗਰਸ ’ਚ ਮਿਲ ਗਏ। ਮਿਲੇ ਕੀ, ਮਿਲਣਾ ਪਿਆ! ਇਨ੍ਹਾਂ ਦੋਹਾਂ ਨੂੰ ਪਹਿਲੀਆਂ ਸੀਟਾਂ ਛੱਡਣ ’ਤੇ ਕਾਂਗਰਸੀ ਖੇਮੇ ਵਿੱਚ ਵੀ ਵੱਡੀ ਭਸੂੜੀ ਪਈ ਹੋਈ ਹੈ।
ਸਾਬਕਾ ਐੱਮਪੀ ਜਗਮੀਤ ਬਰਾੜ ਤੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਵਧੀਆ ਬੁਲਾਰੇ ਹਨ। ਪਰ ਸਮਝ ਨਹੀਂ ਆਉਂਦਾ ਕਿ ਕਸੂਰ ਇਨ੍ਹਾਂ ’ਚ ਹੈ ਜਾਂ ਇਨ੍ਹਾਂ ਦੀਆਂ ਪਾਰਟੀਆਂ ’ਚ। ਕਦੇ ਇਹ ‘ਆਪ’ ’ਚ ਆਉਂਦੇ-ਆਉਂਦੇ ਹੀ ਰੁਕ ਜਾਂਦੇ ਹਨ। ਕਦੇ ਇਹ ਦੋਵੇਂ ਆਪਸ ’ਚ ਜੱਫ਼ੀ ਪਾ ਨਵੀਂ ਪਾਰਟੀ ਬਣਾਉਣ ਦੇ ਰਾਹ ਤੁਰਦੇ ਹਨ। ਯਾਰੀ ਇਨ੍ਹਾਂ ਦੀ ਅਗਲੇ ਦਿਨ ਹੀ ਟੁੱਟ ਜਾਂਦੀ ਹੈ। ਹੁਣ ਬੀਰਦਵਿੰਦਰ ਸਿੰਘ ਆਜ਼ਾਦ ਉਮੀਦਵਾਰ ਵੱਜੋਂ ਇਸ ਸਵੰਬਰ ਵਿੱਚ ਕੁੱਦਣ ਵਾਸਤੇ ਤੀਰ ਕਮਾਨ ਕੱਸ ਰਿਹਾ ਹੈ। ਓਧਰ ਜਗਮੀਤ ਬਰਾੜ ਅੱਜ-ਕੱਲ੍ਹ ਤ੍ਰਿਣਮੂਲ ਕਾਂਗਰਸ  ਦਾ ਪੰਜਾਬ ਇਕਾਈ ਦਾ ਪ੍ਰਧਾਨ ਬਣ ‘ਆਪ’ ਨਾਲ ਬੈਂਸ ਭਰਾਵਾਂ ਵਰਗਾ ਗੱਠਜੋੜ ਕਰਨਾ ਚਾਹੁੰਦਾ ਹੈ, ਪਰ ਨਾਲ ਹੀ ਵੱਖਰੇ ਤੌਰ ’ਤੇ ਚੋਣ ਲੜਨ ਦੇ ਬਿਆਨ ਦਾਗ਼ੀ ਜਾ ਰਿਹਾ ਹੈ।
‘ਆਪ’ ਦਾ ਸੁੱਚਾ ਸਿੰਘ ਛੋਟੇਪੁਰ ਕਈ ਪਾਸੇ ਹੱਥ-ਪੱਲਾ ਮਾਰ ਰਿਹਾ ਹੈ। ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਕੇ ਉਹ ਧਰਮਵੀਰ ਗਾਂਧੀ ਵਾਲੇ ‘ਪੰਜਾਬ ਫਰੰਟ’ ’ਚ ਚੜ੍ਹਦਾ-ਚੜ੍ਹਦਾ ਪਲੇਟਫਾਰਮ ’ਤੇ ਖਲੋਤਾ ਰਹਿ ਗਿਆ। ਇੱਧਰ ਡਾ. ਗਾਂਧੀ ਦਾ ‘ਪੰਜਾਬ ਫਰੰਟ’ ਆਪਣੇ ਪਹਿਲੇ 20 ਰਾਜਕੁਮਾਰਾਂ ਦੀਆਂ ਸੀਟਾਂ ਐਲਾਨ ਕਰ ਰਿਹਾ ਹੈ। ਉਸ ਮੁਤਾਬਿਕ ਇਹ ਸਾਰੇ ‘ਆਪ’ ਦੇ ਬੜੇ ਮਿਹਨਤੀ ਤੇ ਨਿਸ਼ਕਾਮ ਸੇਵਕ ਸਨ। ਇਹੋ ਜਿਹੇ ਕਈ ਹੁਣ ਕਾਂਗਰਸ ਵਿੱਚ ਵੀ ਜਾ ਰਹੇ ਹਨ। ਜਿੱਥੇ ਕਾਂਗਰਸ ਇਨ੍ਹਾਂ ਦਾ ਸਵਾਗਤ ਕਰੀ ਜਾ ਰਹੀ ਹੈ ਉੱਥੇ ਬੜੇ ਧੂਮ-ਧੜੱਕੇ ਨਾਲ ਸ਼ਾਮਲ ਹੋਏ ਗਾਇਕ ਹੰਸ ਰਾਜ ਫੁਰਰ ਕਰਕੇ ਭਾਜਪਾ ਦੀ ਛੱਤਰੀ ’ਤੇ ਜਾ ਬੈਠੇ ਹਨ।
ਕਮਿਊਨਿਸਟ ਪਾਰਟੀਆਂ ਪੰਜਾਬ ਦੇ ਆਰਥਿਕ, ਸਮਾਜਿਕ ਤੇ ਸਿਆਸੀ ਹਾਲਾਤਾਂ ਦਾ ਮਾਰਕਸਵਾਦੀ ਨਜ਼ਰੀਏ ਤੋਂ ਵਿਸ਼ਲੇਸ਼ਣ ਕਰਦੀਆਂ ਦਾਅ-ਪੇਚ ਘੜਦੀਆਂ ਸਦਾ ਖੁੰਝਦੀਆਂ ਆ ਰਹੀਆਂ ਸਨ। ਹਾਰ ਕੇ ਇਸ ਵਾਰ ਦੇ ਚੋਣ ਦੰਗਲ ’ਚ ਸਿੱਧਾ ਜੱਟ-ਜੱਫਾ ਪਾਉਣ ’ਤੇ ਉੱਤਰ ਆਈਆਂ ਹਨ। ਖੱਬੀਆਂ ਪਾਰਟੀਆਂ ਦੇ ਨੁਮਾਂਇੰਦੇ ਇੱਧਰ-ਉੱਧਰ ਦੀ ਝਾਕ ਛੱਡ ਵੱਖ- ਵੱਖ ਹਲਕਿਆਂ ਤੋਂ ਚੋਣ ਮੈਦਾਨ ’ਚ ਆ ਨਿੱਤਰੇ ਹਨ। ਉਹ ਵੀ ਲਾਲ ਝੰਡਿਆਂ ਅਤੇ ਆਪੋ-ਆਪਣੇ ਨਿਸ਼ਾਨਾਂ ਹੇਠ ਝੰਡੇ ਝੁਲਾਉਣਗੇ। ਇਨ੍ਹਾਂ ਦਾ ਟਿਕਟਾਂ ਵਾਲਾ ਕੰਮ ਕੋਈ ਬਹੁਤਾ ਬਖੇੜਿਆਂ ਵਾਲਾ ਨਹੀਂ। ਦਾਅਵੇਦਾਰ ਥੋੜ੍ਹੇ, ਸੀਟਾਂ ਬਹੁਤੀਆਂ ਅਤੇ ਪਾਰਟੀਆਂ ਵੀ ਚਾਰ।
ਬੜੇ ਸਮੇਂ ਪਿੱਛੋਂ ਪੰਜਾਬ ਵਿੱਚ ਦਿੱਲੀ ਵਾਂਗ ਲੋਕਾਂ ਨੂੰ ‘ਆਪ’ ਵਿੱਚੋਂ ਉਮੀਦ ਦਿਖੀ ਸੀ, ਪਰ ਹਉਮੇ ਡੰਗੇ ਆਗੂ ਹਰ ਥਾਂ ਰਾਜਕੁਮਾਰ ਬਣ ਖਲੋਤੇ ਹਨ। ਜਿਵੇਂ ਰਾਜਨੇਤਾ ਕਹਿੰਦੇ ਤਾਂ ਹਨ ‘ਰਾਜ ਨਹੀਂ ਸੇਵਾ’ ਸਾਡਾ ਮਿਸ਼ਨ ਹੈ। ਸੱਚਾਈ ’ਚ ‘ਸੇਵਾ ਨਹੀਂ ਰਾਜ’ ਅਤੇ ਮੇਵੇ ਇਕੱਠੇ ਕਰਨ ’ਤੇ ਹੀ ਵੋਟਰ ਭਗਵਾਨਾਂ ਦਾ ਸਾਰਾ ਕੁਝ ਦਾਅ ’ਤੇ ਲਾ ਦਿੱਤਾ ਜਾਂਦਾ ਹੈ। ਮੇਵੇ ਖਾਂਦਿਆਂ ਜੋ ਬਚਿਆ ਉਹ ‘ਸੇਵਾ ਹੀ ਸੇਵਾ’ ਸਮਝੋ!
ਮੈਂ ਆਪਣੇ ਬਚਪਨ ਵਿੱਚ ਇੱਕ ਫੱਕਰ ਫ਼ਕੀਰ ਦੇ ਬੋਲ ਸੁਣੇ ਸਨ। ਉਹ ਫੱਕਰ ‘ਕੁੰਜੀ ਲਾ ਦੇ ਰਮਜ਼ਾਨ ਜਿੰਦਰਾ ਜੰਗਾਲਿਆ ਗਿਆ’ ਹਰ ਵਕਤ ਗੁਣਗੁਣਾਉਂਦਾ ਰਹਿੰਦਾ। ਬਚਪਨ ’ਚ ਨਾਨਕਿਆਂ ਵਿੱਚ ਜੱਟਾਂ ਦਾ ਕਹੀਆਂ, ਖ਼ੁਰਪਿਆਂ, ਦਾਤੀਆਂ ਦਾ ਕੰਮ ਕਰਨ ਵਾਲਾ ਮਿਸਤਰੀ ਰਮਜ਼ਾਨ ਹੁੰਦਾ ਸੀ। ਅਸੀਂ ਸੋਚਣਾ ਇਹ ਮਿਸਤਰੀ ਨੂੰ ਆਪਣੇ ਜੰਗਾਲੇ ਜਿੰਦੇ ਨੂੰ ਚਾਬੀ ਲਵਾਉਣ ਲਈ ਕੂਕਦਾ ਫਿਰਦਾ ਹੈ, ਪਰ ਵੱਡੇ ਹੋਏ ਤਾਂ ਸਮਝ ਪਈ ਕਿ ਰਮਜ਼ਾਨ ਇਸਲਾਮੀ ਕੈਲੰਡਰ ਦਾ ਨੌਵਾਂ ਮਹੀਨਾ ਹੈ। ਜਿਸ ਮਹੀਨੇ ਕੁਰਾਨ ਉਜਾਗਰ ਹੋਇਆ ਸੀ। ਅੱਜ ਉਸ ਫੱਕਰ ਦੇ ਬੋਲ ਹੋਰ ਵੀ ਚੰਗੇ ਸਮਝ ਪੈ ਰਹੇ ਹਨ। ਉਹ ਤਾਂ ਲੋਕਾਂ ਨੂੰ ਰੂਹ ਤੇ ਆਤਮਾ ਦੇ ਜਿੰਦੇ (ਮਨ) ਨੂੰ ਕੁਰਾਨ (ਅੱਲ੍ਹਾ ਪਾਕ) ਦੀ ਕੁੰਜੀ ਲਾ ਸੁਚੇਤ ਤੇ ਚੇਤੰਨ ਕਰਨਾ ਚਾਹੁੰਦਾ ਸੀ। ਅੱਜ ਉਹ ‘ਕੁੰਜੀ ਲਾ ਦੇ ਰਮਜ਼ਾਨ ਜਿੰਦਰਾ ਜੰਗਾਲਿਆ ਗਿਆ’ ਦਾ ਪੈਗ਼ਾਮ ਲੀਡਰਾਂ ਅਤੇ ਵੋਟਰਾਂ  ਨੂੰ ਆਪਣੀ ਹੋਣੀ ਦਾ ਜਿੰਦਾ ਖੋਲ੍ਹਣ ਲਈ ਕਹਿ ਰਿਹਾ ਜਾਪਦਾ ਹੈ। ਇਸ ਹੋਣੀ ਦੀ ਕੁੰਜੀ ਸਾਡੇ ਹੱਥਾਂ ’ਚ ਹੈ। ਸਰਮਾਏਦਾਰਾਂ ਅਤੇ ਉਨ੍ਹਾਂ ਦੀਆਂ ਦਾਸੀਆਂ ਸਿਆਸੀ ਪਾਰਟੀਆਂ ਸਾਡੇ ਸਮੁੱਚੇ ਵਿਕਾਸ ਦਾ ਬੂਹਾ ਬੰਦ ਕਰੀ ਬੈਠੀਆਂ ਹਨ। ਉਨ੍ਹਾਂ ਦੇ ਸਮਾਰਟ ਫੋਨ ਤਾਂ ਨਿਰੋਲ ਛਲਾਵੇ ਹਨ। ਅਸਲ ਹੱਲ ਰੁਜ਼ਗਾਰ ਹੁੰਦਾ ਹੈ। ਇਸ ਲਈ ਸਾਨੂੰ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ ਕਿ ਅਸੀਂ ਵੋਟ ਦਾ ਹੱਕ ਸੂਝ ਨਾਲ ਕਰੀਏ ਅਤੇ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ’ਤੇ ਤੋਰੀਏ।
ਸੰਪਰਕ: 647-402-2170


Comments Off on ਕੁਰਸੀ ਦੇ ਸਵੰਬਰ ਲਈ ਸ਼ਤਰੰਜੀ ਚਾਲਾਂ ’ਤੇ ਜ਼ੋਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.