ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਗੁਰਦਿਆਲ ਸਿੰਘ ਤੇ ਫੈਲੋਸ਼ਿਪ

Posted On January - 7 - 2017

10701CD _GURDIAL_SINGH_AUTHORਜਨਮ ਦਿਨ ਦੇ ਪ੍ਰਸੰਗ ’ਚ

ਡਾ. ਪਰਮਿੰਦਰ ਸਿੰਘ ਤੱਗੜ *

8 ਮਾਰਚ, 2016 ਨੂੰ 11 ਕੁ ਵਜੇ ਸਵੇਰੇ ਪ੍ਰੋਫ਼ੈਸਰ ਗੁਰਦਿਆਲ ਸਿੰਘ ਦਾ ਫ਼ੋਨ ਆਇਆ ਕਿ ਭਾਰਤੀ ਸਾਹਿਤ ਅਕਾਦਮੀ ਦਿੱਲੀ ਵਾਲਿਆਂ ਨੇ ਉਨ੍ਹਾਂ ਬਾਰੇ ਜੈਤੋ ਵਿਚ ਇਕ ਸਮਾਗਮ ਕਰਨਾ ਹੈ। ਉਨ੍ਹਾਂ ਨੇ ਸਮਾਗਮ ਲਈ ਉਨ੍ਹਾਂ ਤੋਂ ਸਥਾਨ ਬਾਰੇ ਪੁੱਛਿਆ ਹੈ। ਉਨ੍ਹਾਂ ਨੇ ਜੈਤੋ ਸਥਿਤ ਯੂਨੀਵਰਸਿਟੀ ਕਾਲਜ ਬਾਰੇ ਦੱਸਿਆ ਕਿ  ਇਹ ਇਕ ਬਹੁਤ ਸੋਹਣਾ ਕਾਲਜ ਯੂ. ਜੀ. ਸੀ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੰਜ ਕੁ ਸਾਲ ਪਹਿਲਾਂ ਸਥਾਪਤ ਹੋਇਆ ਹੈ। ਇਕ ਹਜ਼ਾਰ ਤੋਂ ਵੱਧ ਵਿਦਿਆਰਥੀ ਉੱਥੇ ਪੜ੍ਹਦੇ ਹਨ, ਉਥੇ ਇਹ ਸਮਾਗਮ ਠੀਕ ਰਹੇਗਾ। ਉਨ੍ਹਾਂ ਕਿਹਾ ਕਿ ਇਕ ਤਾਂ ਪ੍ਰਿੰਸੀਪਲ ਦਾ ਮੋਬਾਈਲ ਨੰਬਰ ਦੇ ਦੇਵਾਂ ਅਤੇ ਦੂਜਾ ਇਸ ਸਬੰਧੀ ਮੈਂ ਆਪਣੇ ਪ੍ਰਿੰਸੀਪਲ ਨੂੰ ਵਿਸ਼ਵਾਸ ਵਿਚ ਲੈ ਲਵਾਂ। ਮੈਂ ਬੜੇ ਭਰੋਸੇ ਨਾਲ ਕਿਹਾ ਕਿ ਇਹ ਸਾਡੇ ਧੰਨਭਾਗ ਹੋਣਗੇ ਜੇ ਇਹ ਸਮਾਗਮ ਸਾਡੇ ਕਾਲਜ ਵਿਚ ਹੋਵੇ। ਮੈਂ ਉਨ੍ਹਾਂ ਨੂੰ ਪ੍ਰਿੰਸੀਪਲ ਮੈਡਮ ਬਾਰੇ ਦੱਸਿਆ ਕਿ ਉਹ ਸਾਹਿਤਕ ਸੁਭਾਅ ਵਾਲੀ ਸ਼ਖ਼ਸੀਅਤ ਹਨ।
ਅਜਿਹਾ ਹੀ ਹੋਇਆ ਜਦੋਂ ਮੈਂ ਅਗਲੇ ਦਿਨ ਪ੍ਰਿੰਸੀਪਲ ਨਾਲ ਗੱਲ ਕੀਤੀ। ਉਨ੍ਹਾਂ ਖ਼ੁਸ਼ੀ ਅਤੇ ਮਾਣ ਨਾਲ ਸਰਸ਼ਾਰ ਹੁੰਦਿਆਂ ਮੈਨੂੰ ਹੁਕਮ ਸੁਣਾਇਆ ਕਿ ਮੈਂ ਤੁਰੰਤ ਪ੍ਰੋਫ਼ੈਸਰ ਗੁਰਦਿਆਲ ਸੰਘ ਦੇ ਘਰ ਜਾ ਕੇ ਸਾਰੇ ਪ੍ਰੋਗਰਾਮ ਦਾ ਖ਼ਾਕਾ ਤਿਆਰ ਕਰਾਂ। ਇਸ ਤੋਂ ਬਾਅਦ ਮੈਂ ਪ੍ਰੋਫ਼ੈਸਰ  ਗੁਰਦਿਆਲ ਸਿੰਘ ਦੇ ਘਰ ਪਹੁੰਚਿਆ।  ਘਰ ਅੱਗੇ ਦਸਤਕ ਦੇਣ ’ਤੇ ਉਨ੍ਹਾਂ ਦੀ  ਨੂੰਹ ਸੁਖਜੀਤ ਕੌਰ ਨੇ ਗੇਟ ਖੋਲ੍ਹਿਆ। ਚੁਬਾਰੇ ਵਿਚ ਜਾ ਕੇ ਉਨ੍ਹਾਂ ਦੀ ਹਮਸਫ਼ਰ ਮਾਤਾ ਬਲਵੰਤ ਕੌਰ ਅਤੇ ਪ੍ਰੋਫ਼ੈਸਰ ਹੁਰਾਂ ਨੂੰ ਦੁਆ ਸਲਾਮ ਕੀਤੀ। ਉਨ੍ਹਾਂ ਤੁਰੰਤ ਸਮਾਗਮ ਬਾਰੇ ਗੱਲਬਾਤ ਸ਼ੁਰੂ ਕਰ ਦਿੱਤੀ। ਚਾਹ-ਪਾਣੀ  ਤੋਂ ਬਾਅਦ ਉਹ ਨਿਰੰਤਰ ਵਿਖਿਆਨ ਕਰ ਰਹੇ ਸਨ ਕਿ ਸਾਲ 2016 ਦਾ ਭਾਰਤੀ ਸਾਹਿਤ ਅਕਾਦਮੀ ਫ਼ੈਲੋਸ਼ਿਪ ਉਨ੍ਹਾਂ ਨੂੰ ਪ੍ਰਦਾਨ ਕੀਤਾ ਜਾਣਾ ਹੈ। 10701CD _DR PARMINDER TAGGARਇਸ ਵਾਰ ਸਾਹਿਤ ਅਕਾਦਮੀ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ ਨਵੀਂ ਪਿਰਤ ਸਿਰਜਣ ਲਈ ਅਜਿਹੇ ਫ਼ੈਲੋਸ਼ਿਪ ਸਬੰਧਤ ਸਾਹਿਤਕਾਰ ਦੇ ਰਿਹਾਇਸ਼ੀ ਕਸਬੇ ਜਾਂ ਪਿੰਡ ਵਿਚ ਜਾ ਕੇ ਅਤੇ ਉਨ੍ਹਾਂ ਲੇਖਕਾਂ ਦੇ ਆਪਣੇ ਲੋਕਾਂ ਵਿਚ ਸ਼ਾਨਦਾਰ ਸਮਾਗਮ ਕਰਕੇ ਦੇਣ ਦੀ ਇੱਛਾ ਪ੍ਰਗਟਾਈ ਹੈ। ਸ਼ਾਇਦ ਇਹ ਇਸ ਕਿਸਮ ਦਾ ਪਹਿਲਾ ਸਮਾਗਮ ਹੋਵੇਗਾ। ਉਹ ਦੱਸ ਰਹੇ ਸਨ, ‘ਭਾਰਤੀ ਸਾਹਿਤ ਅਕੈਡਮੀ ਦੇ ਸੈਕਟਰੀ ਨੇ ਫ਼ੋਨ ’ਤੇ ਮੈਥੋਂ ਸਥਾਨ ਬਾਰੇ ਪੁੱਛਿਆ ਸੀ, ਮੈਂ ਤੁਹਾਡੇ ਕਾਲਜ ਬਾਰੇ ਕਹਿ ਦਿੱਤਾ ਹੈ। ਵੈਸੇ ਤਾਂ ਅਕੈਡਮੀ ਵਾਲੇ ਆਪੇ ਤੁਹਾਡੇ ਪ੍ਰਿੰਸੀਪਲ ਨਾਲ ਸੰਪਰਕ ਬਣਾ ਲੈਣਗੇ, ਮੈਂ ਉਨ੍ਹਾਂ ਨੂੰ ਪ੍ਰਿੰਸੀਪਲ ਦਾ ਮੋਬਾਈਲ ਨੰਬਰ ਲਿਖਾ ਦਿੱਤਾ ਹੈ। ਉਨ੍ਹਾਂ ਨੇ ਇਸ ਸਮਾਗਮ ਲਈ ਤਿੰਨ ਬੁਲਾਰਿਆਂ ਬਾਰੇ ਮੇਰੇ ਤੋਂ ਨਾਂ ਮੰਗੇ ਹਨ ਜਿਹੜੇ ਉਸ ਸਮਾਗਮ ਵਿਚ ਮੇਰੇ ਬਾਰੇ ਬੋਲਣਗੇ।’ ਉਨ੍ਹਾਂ ’ਚ ਇਕ ਪੰਜਾਬ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਦਾ ਪ੍ਰੋਫ਼ੈਸਰ ਐ, ਉਹਨੇ ਮੇਰੇ ਬਾਰੇ ਕਈ ਆਰਟੀਕਲ ਵੀ ਲਿਖੇ ਹਨ ਅਤੇ ਮੇਰਾ ਸਾਰਾ  ਸਾਹਿਤ ਉਸ ਨੇ ਪੜ੍ਹਿਆ ਹੋਇਆ ਹੈ। ਉਸ ਨੇ ਅੰਗਰੇਜ਼ੀ ’ਚ ਮੇਰੇ ਬਾਰੇ ਇਕ ਕਿਤਾਬ ‘ਰੀਡਰ’ ਭਾਰਤੀ ਸਾਹਿਤ ਅਕੈਡਮੀ ਦੇ ਕਹਿਣ ’ਤੇ ਲਿਖੀ ਹੈ ਜੋ ਪਿਛਲੇ ਸਾਲ (2015) ’ਚ ਛਪੀ। ਉਹਨੇ ਮੇਰੇ ਨਾਵਲ ‘ਅੱਧ ਚਾਨਣੀ ਰਾਤ’ ਅਤੇ ‘ਪਰਸਾ’ ਦਾ ਅੰਗਰੇਜ਼ੀ ਅਨੁਵਾਦ ਵੀ ਕੀਤਾ ਹੈ। ਪ੍ਰੋਫ਼ੈਸਰ ਰਾਣਾ ਨਈਅਰ ਉਹਦਾ ਨਾਂ ਐ, ਇਕ ਤਾਂ ਬੁਲਾਰਿਆਂ ’ਚ ਉਹਦਾ ਨਾਂ ਲਿਖਾਇਐ, ਦੂਜਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਸੀਨੀਅਰ ਪ੍ਰੋਫ਼ੈਸਰ ਡਾ. ਹਰਿਭਜਨ ਸਿੰਘ ਭਾਟੀਆ ਹੈ। ਉਸ ਨੂੰ ਨਾਵਲ ਬਾਰੇ ਬਹੁਤ ਸਮਝ ਐ। ਤੀਜਾ ਨਾਂ ਮੈਂ ਰੀਜਨਲ ਸੈਂਟਰ ਬਠਿੰਡਾ ’ਚ ਪੜ੍ਹਦੇ ਰਹੇ ਆਪਣੇ ਪੁਰਾਣੇ ਵਿਦਿਆਰਥੀ ਦਾ ਦਿੱਤੈ।’ ਮੈਂ ਇਹ ਸੁਣਦਿਆਂ ਝੱਟ ਬੋਲਿਆ, ‘ਡਾ. ਤਰਸੇਮ ਅਮਰ!’ ਕਿਉਂਕਿ ਮੈਂ ਉਸ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਸਾਂ, ਤਾਂ ਉਹ ਬੋਲੇ ‘ਹਾਂ, ਅੱਜ-ਕੱਲ੍ਹ ਡੀ.ਏ.ਵੀ ਕਾਲਜ, ਅਬੋਹਰ ਪੜ੍ਹਾਉਂਦਾ ਹੈ। ਉਸ ਨੇ ਮੇਰੇ ਖਰੜਿਆਂ ਨੂੰ ਖੰਘਾਲਣ ਦਾ ਕੰਮ ਸਾਂਭਿਆ ਹੋਇਐ। ਪੰਜਾਬੀ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਨੇ ਉਸ ਦਾ ਮੇਰੇ ਬਾਰੇ ਖੋਜ ਕਾਰਜ ਵੱਡੀ ਜਿਲਦ ਵਿਚ ‘ਗੁਰਦਿਆਲ ਸਿੰਘ ਸੰਦਰਭ ਕੋਸ਼’ ਦੇ ਨਾਂ ਹੇਠ 2014 ’ਚ ਛਾਪਿਆ। ਉਹਦਾ ਕੰਮ ਦੇਖ ਕੇ ਪੰਜਾਬ ਯੂਨੀਵਰਸਿਟੀ ਵਾਲੇ ਕਹਿਣ ਲੱਗੇ ਕਿ ਪੜ੍ਹਾਉਂਦਾ ਤਾਂ ਤੂੰ ਪੰਜਾਬ ਯੂਨੀਵਰਸਿਟੀ ਨਾਲ ਸਬੰਧਤ ਕਾਲਜ ’ਚ ਐਂ ਕਿਉਂਕਿ ਡੀ. ਏ. ਵੀ. ਕਾਲਜ, ਅਬੋਹਰ ਪੰਜਾਬ ਯੂਨੀਵਰਸਿਟੀ ਨਾਲ ਸਬੰਧਤ ਹੈ, ਕਹਿੰਦੇ ਕਿਤਾਬਾਂ ਤੂੰ ਪੰਜਾਬੀ ਯੂਨੀਵਰਸਿਟੀ ਨੂੰ ਲਿਖ-ਲਿਖ ਦੇਈਂ ਜਾਨੈ। ਉਸ ਨੇ ਫ਼ੇਰ ਇਕ ਕਿਤਾਬ ਪੰਜਾਬ ਯੂਨੀਵਰਸਿਟੀ ਰਾਹੀਂ ‘ਸਰਬਾਂਗੀ ਪ੍ਰਤਿਭਾ’ ਪਿਛਲੇ ਸਾਲ (2015) ਛਪਾਈ ਅਤੇ ਅੱਗੇ ਮੇਰੇ ਖਰੜਿਆਂ ’ਤੇ ਪ੍ਰਾਜੈਕਟ ਕਰ ਰਿਹੈ ਉਹ ਵੀ ਸ਼ਾਇਦ ਪੰਜਾਬ ਯੂਨੀਵਰਸਿਟੀ ਵਾਲੇ ਛਾਪਣਗੇ।’
ਗੁਰਦਿਆਲ ਸਿੰਘ ਹੁਰੀਂ ਇਨ੍ਹਾਂ ਵਿਦਵਾਨਾਂ ਬਾਰੇ ਲੰਮਾ ਸਮਾਂ ਗੱਲ ਕਰਦੇ ਰਹੇ, ਦੂਜੀ ਵਾਰ ਚਾਹ ਆ ਗਈ। ਇਸ ਦੌਰਾਨ ਉਪ ਰਾਸ਼ਟਰਪਤੀ ਜਨਾਬ ਹਾਮਿਦ ਅੰਸਾਰੀ ਦੁਆਰਾ ਉਨ੍ਹਾਂ ਨੂੰ ਪੰਜਾਬ ਯੂਨੀਵਰਸਿਟੀ ਦਾ ਸੈਨੇਟ ਮੈਂਬਰ ਨਾਮਜ਼ਦ ਕਰਨ ਦਾ ਕਿੱਸਾ ਸੁਣਾਇਆ ਕਿ ਕਿਵੇਂ ਬਹੁਤਿਆਂ ਨੂੰ ਕੋਈ ਇਤਬਾਰ ਹੀ ਨਹੀਂ ਸੀ ਆ ਰਿਹਾ ਕਿ 2012 ਵਿਚ ਉਹ ਬਿਨਾਂ ਕਿਸੇ ਸਿਫ਼ਾਰਸ਼ ਦੇ ਉਪ ਰਾਸ਼ਟਰਪਤੀ ਦੁਆਰਾ ਆਪਣੇ ਕੰਮ ਅਤੇ ਸਾਹਿਤਕ ਰੁਤਬੇ ਸਦਕਾ ਸੈਨੇਟ ਮੈਂਬਰ ਨਾਮਜ਼ਦ ਹੋਏ ਸਨ। ਇੰਜ ਹੀ 2014 ਵਿਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੁਆਰਾ ਉਨ੍ਹਾਂ ਨੂੰ ਡੀ. ਲਿਟ. ਦੀ ਡਿਗਰੀ ਪ੍ਰਦਾਨ ਕਰਨ ਦਾ ਕਿੱਸਾ ਸੁਣਾਇਆ। ਲੰਬਾ ਸਮਾਂ ਗੱਲ ਕਰਨ ਦੀ ਤਾਕਤ ਅਤੇ ਮੁਹਾਰਤ ਉਨ੍ਹਾਂ ਦਾ ਇਕ ਹੋਰ ਹਾਸਲ ਸੀ।
ਖ਼ੈਰ! ਜੁਲਾਈ ਵਿਚ ਭਾਰਤੀ ਸਾਹਿਤ ਅਕਾਦਮੀ ਦਾ ਉਕਤ ਸਮਾਗਮ ਸੰਭਵ ਨਾ ਹੋ ਸਕਿਆ ਅਖ਼ੀਰ ਅਗਸਤ ਦੇ ਅਖ਼ੀਰਲੇ ਹਫ਼ਤੇ 28 ਅਗਸਤ 2016 ਨੂੰ ਅਕਾਦਮੀ ਵੱਲੋਂ ਇਹ ਸਮਾਗਮ ਮੁੜ ਕੀਤਾ ਗਿਆ ਪਰ ਕੁਦਰਤ ਨੂੰ ਸ਼ਾਇਦ ਇਸ ਤਰ੍ਹਾਂ ਮਨਜ਼ੂਰ ਨਹੀਂ ਸੀ। ਸੁਭਾਵਿਕ ਹੈ ਪ੍ਰੋਫ਼ੈਸਰ ਗੁਰਦਿਆਲ ਸਿੰਘ ਨੂੰ ਇਸ ਸਮਾਗਮ ਦੇ ਹੋਣ ਦਾ ਅੰਦਰੋ-ਅੰਦਰੀ ਬਹੁਤ ਚਾਅ ਸੀ ਅਤੇ ਉਹ ਬੜੀ ਸ਼ਿੱਦਤ ਨਾਲ ਆਪਣੇ ਹਮਸਾਇਆਂ ਦੀ ਸੰਗਤ ਵਿਚ ਇਹ ਫ਼ੈਲੋਸ਼ਿਪ ਲੈ ਕੇ ਵੱਡੇ ਭਾਗਾਂ ਵਾਲੇ ਹੋਣ ਦਾ ਅਹਿਸਾਸ ਮਾਨਣਾ ਲੋਚਦੇ ਸਨ। ਪਰ ਭਾਰਤੀ ਸਾਹਿਤ ਅਕਾਦਮੀ ਦਿੱਲੀ ਦਾ ਇਹ ਫ਼ੈਲੋਸ਼ਿਪ ਰਸਮੀ ਤੌਰ ’ਤੇ ਸਵੀਕਾਰੇ ਬਿਨਾਂ ਹੀ ਪ੍ਰੋਫ਼ੈਸਰ ਗੁਰਦਿਆਲ ਸਿੰਘ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ਼ ਗਏ। ਪੰਜਾਬੀ ਸਾਹਿਤ ਜਗਤ ਨੂੰ ਇਸ ਦਾ ਮਲਾਲ ਰਹੇਗਾ। ਪਰ ਹੁਣ ਜਿਸ ਗਰਮਜੋਸ਼ੀ ਨਾਲ ਲੋਕ-ਹਿਤੈਸ਼ੀ ਜਥੇਬੰਦੀਆਂ ਜੈਤੋ ਵਿਖੇ ਉਸ ਮਹਾਨ ਸਾਹਿਤਕਾਰ ਦੇ 10 ਜਨਵਰੀ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਸਮਾਰੋਹ ਰਾਹੀਂ ਮਨਾ ਰਹੀਆਂ ਹਨ, ਉਨ੍ਹਾਂ ਸਾਹਿਤਕਾਰਾਂ ਦੀਆਂ ਯਾਦਾਂ ਸਾਂਭਣ ਪ੍ਰਤੀ ਯੋਗਦਾਨ ਨੂੰ ਸਲਾਮ ਕਰਨਾ ਬਣਦਾ ਹੈ।

*ਮੁਖੀ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਕਾਲਜ, ਜੈਤੋ
 ਸੰਪਰਕ: 95017-66644


Comments Off on ਗੁਰਦਿਆਲ ਸਿੰਘ ਤੇ ਫੈਲੋਸ਼ਿਪ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.