ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਗੁਰਦੁਆਰਾ ਫ਼ਤਹਿ-ਏ-ਜੰਗ ਦੇ ਪ੍ਰਬੰਧ ਨੂੰ ਲੈ ਕੇ ਦੋ ਅਕਾਲੀ ਧੜੇ ਤੇ ਕਾਂਗਰਸੀ ਆਹਮੋ ਸਾਹਮਣੇ

Posted On January - 11 - 2017
ਐਸਜੀਪੀਸੀ ਦੇ ਦਖ਼ਲ ਤੋਂ ਬਾਅਦ ਆਪਸੀ ਫੈਸਲੇ ਬਾਰੇ ਸੰਗਤ ਨੂੰ ਜਾਣਕਾਰੀ ਦਿੰਦੇ ਹੋਏ ਬਾਬਾ ਸੁਰਮੁਖ ਸਿੰਘ। -ਫੋਟੋ: ਸੋਢੀ

ਐਸਜੀਪੀਸੀ ਦੇ ਦਖ਼ਲ ਤੋਂ ਬਾਅਦ ਆਪਸੀ ਫੈਸਲੇ ਬਾਰੇ ਸੰਗਤ ਨੂੰ ਜਾਣਕਾਰੀ ਦਿੰਦੇ ਹੋਏ ਬਾਬਾ ਸੁਰਮੁਖ ਸਿੰਘ। -ਫੋਟੋ: ਸੋਢੀ

ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ(ਮੁਹਾਲੀ), 11 ਜਨਵਰੀ
ਇੱਥੋਂ ਦੇ ਇਤਿਹਾਸਕ ਗੁਰਦੁਆਰਾ ਫ਼ਤਹਿ-ਏ-ਜੰਗ ਸਾਹਿਬ, ਚੱਪੜਚਿੜੀ ਦੇ ਪ੍ਰਬੰਧ ਨੂੰ ਲੈ ਕੇ ਅੱਜ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੀਆਂ ਬੀਬੀਆਂ ਦੇ ਦੋ ਧੜੇ ਅਤੇ ਕਾਂਗਰਸੀ ਆਹਮੋ ਸਾਹਮਣੇ ਹੋ ਗਏ। ਬੀਬੀਆਂ ਦੇ ਇੱਕ ਧੜੇ ਦੀ ਅਗਵਾਈ ਜਿੱਥੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਮੁਖੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਕੌਰ ਲਾਂਡਰਾਂ ਕਰ ਰਹੇ ਸਨ ਤਾਂ ਦੂਜੇ ਧੜੇ ਦੀ ਅਗਵਾਈ ਇਸਤਰੀ ਅਕਾਲੀ ਦਲ(ਸ਼ਹਿਰੀ) ਦੀ ਪ੍ਰਧਾਨ ਕੁਲਦੀਪ ਕੌਰ ਕੰਗ ਕਰ ਰਹੇ ਸਨ।
ਅੱਜ ਗ੍ਰਾਮ ਪੰਚਾਇਤ ਚੱਪੜਚਿੜੀ ਵੱਲੋਂ ਇਸ ਅਸਥਾਨ ’ਤੇ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣ ਤੋਂ ਬਾਅਦ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਕਾਰ ਸੇਵਾ ਵਾਲੇ ਬਾਬਿਆਂ ਦੇ ਸਮਰਥਕ ਅਤੇ ਇਲਾਕੇ ਦੀ ਸੰਗਤ ਉੱਥੇ ਪਹੁੰਚ ਗਈ ਅਤੇ ਐਸਜੀਪੀਸੀ ਨੂੰ ਸਾਰਾ ਪ੍ਰਬੰਧ ਮੁੜ ਬਾਬਿਆਂ ਨੂੰ ਦੇਣ ਦੀ ਜ਼ਿੱਦ ’ਤੇ ਅੜ ਗਏ। ਇਸ ਸਬੰਧੀ ਸੂਚਨਾ ਮਿਲਣ ’ਤੇ ਥਾਣਾ ਬਲੌਂਗੀ ਦੇ ਐਸਐਚਓ ਵੱਡੀ ਪੁਲੀਸ ਮੁਲਾਜ਼ਮਾਂ ਸਮੇਤ ਚੱਪੜਚਿੜੀ ਪਹੁੰਚ ਗਏ। ਉਨ੍ਹਾਂ ਦੋਵਾਂ ਧਿਰਾਂ ਨੂੰ ਸਮਝਾਉਣ ਦਾ ਯਤਨ ਕੀਤਾ।
ਇਸੇ ਦੌਰਾਨ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਵਿਰੋਧ ਕਰ ਰਹੀ ਸੰਗਤ ਦੀ ਪਿੱਠ ਥਾਪੜਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਕਾਰ ਸੇਵਾ ਵਾਲੇ ਬਾਬਿਆਂ ਨਾਲ ਧੱਕੇਸ਼ਾਹੀ ਕਰ ਰਹੀ ਹੈ, ਜਿਸ ਨੂੰ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੰਗਤ ਦੀ ਭਾਵਨਾ ਅਨੁਸਾਰ ਹੀ ਢੁੱਕਵਾਂ ਫੈਸਲਾ ਲਿਆ ਜਾਵੇ ਅਤੇ ਇਸ ਮਾਮਲੇ ’ਚ ਐਸਜੀਪੀਸੀ ਨੂੰ ਦਖ਼ਲਅੰਦਾਜ਼ੀ ਤੋਂ ਰੋਕਿਆ ਜਾਵੇ। ਇਸੇ ਤਰ੍ਹਾਂ ਬੀਬੀ ਕੰਗ ਨੇ ਐਸਜੀਪੀਸੀ ਦੇ ਪ੍ਰਬੰਧ ਦਾ ਵਿਰੋਧ ਕਰ ਰਹੀ ਸੰਗਤ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਕਿਹਾ ਕਿ ਕਿਸੇ ਕਿਸਮ ਦੀ ਧੱਕੇਸ਼ਾਹੀ ਸਹਿਣ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੇ ਪ੍ਰਬੰਧ ਪਹਿਲਾਂ ਵਾਂਗ ਕਾਰ ਸੇਵਾ ਵਾਲੇ ਬਾਬਿਆਂ ਕੋਲ ਰਹਿਣ ਅਤੇ ਮਸਲੇ ਦੇ ਹੱਲ ਲਈ ਦੋਵੇਂ ਧਿਰਾਂ ਦੀ ਸਾਂਝੀ ਕਮੇਟੀ ਬਣਾਈ ਜਾਵੇ। ਉਨ੍ਹਾਂ ਕਿਸੇ ਦਾ ਨਾਂ ਲਏ ਬਿਨਾਂ ਦੋਸ਼ ਲਾਇਆ ਕਿ ਇੱਕ ਆਗੂ ਇਸ ਮਸਲੇ ਵਿੱਚ ਬਲਦੀ ’ਤੇ ਤੇਲ ਪਾਉਣ ਦਾ ਕੰਮ ਕਰ ਰਹੇ ਹਨ। ਇਸ ਕਾਰਵਾਈ ਤੋਂ ਪਹਿਲਾਂ ਕਾਰ ਸੇਵਾ ਵਾਲੇ ਬਾਬਿਆਂ ਨੂੰ ਭਰੋਸੇ ਵਿੱਚ ਲੈਣਾ ਬਣਦਾ ਸੀ।
ਉੱਧਰ, ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਕੌਰ ਲਾਂਡਰਾਂ ਨੇ ਕਿਹਾ ਕਿ ਗੁਰਦੁਆਰਾ ਚੱਪਚਿੜੀ ਦੀ ਨਵੀਂ ਪ੍ਰਬੰਧਕ ਕਮੇਟੀ ਅਤੇ ਗ੍ਰਾਮ ਪੰਚਾਇਤ ਨੇ ਗੁਰੂ ਘਰ ਦਾ ਸਾਰਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਲੈਣ ਲਈ ਐਸਜੀਪੀਸੀ ਦੇ ਪ੍ਰਧਾਨ ਨੂੰ ਲਿਖਤੀ ਰੂਪ ਵਿੱਚ ਬੇਨਤੀ ਕੀਤੀ ਸੀ। ਇਸ ਮੁੱਦੇ ’ਤੇ ਲੰਮੀ ਵਿਚਾਰ ਚਰਚਾ ਅਤੇ ਮੌਜੂਦਾ ਹਾਲਾਤ ਦੀ ਸਮੀਖਿਆ ਕਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਗੁਰਦੁਆਰੇ ਦਾ ਪ੍ਰਬੰਧ ਆਪਣੇ ਅਧੀਨ ਲੈਣ ਦਾ ਫੈਸਲਾ ਲਿਆ ਹੈ। ਐਸਜੀਪੀਸੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੀਤੀ 8 ਜਨਵਰੀ ਨੂੰ ਗੁਰਦੁਆਰਾ ਚੱਪੜਚਿੜੀ ਦਾ ਪ੍ਰਬੰਧ ਲਿਖਤੀ ਰੂਪ ਵਿੱਚ ਲੈ ਲਿਆ ਗਿਆ ਸੀ ਅਤੇ ਅੱਜ ਗ੍ਰਾਮ ਪੰਚਾਇਤ ਵੱਲੋਂ ਸ੍ਰੀ ਆਖੰਡ ਪਾਠ ਦੇ ਭੋਗ ਪੁਆਏ ਗਏ। ਇਸੇ ਦੌਰਾਨ ਅਚਾਨਕ ਕੁੱਝ ਸਿਆਸੀ ਆਗੂ ਉੱਥੇ ਪਹੁੰਚ ਗਏ। ਉਨ੍ਹਾਂ ਐਸਜੀਪੀਸੀ ਦੇ ਪ੍ਰਬੰਧਾਂ ਦਾ ਵਿਰੋਧ ਕਰਦਿਆਂ ਸੰਗਤ ਨੂੰ ਭੜਕਾ ਕੇ ਸਿਆਸੀ ਰੋਟੀਆਂ ਸੇਕਣ ਦਾ ਯਤਨ ਕੀਤਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਲਦੀ ਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਤੇ ਐਸਜੀਪੀਸੀ ਪ੍ਰਧਾਨ ਪ੍ਰੋ. ਬਡੂੰਗਰ ਨੂੰ ਲਿਖਤੀ ਰੂਪ ਵਿੱਚ ਸਮੁੱਚੇ ਘਟਨਾਕ੍ਰਮ ਦੀ ਜਾਣਕਾਰੀ ਦੇ ਦਿੱਤੀ ਜਾਵੇਗੀ।
ਇਸ ਮੌਕੇ ਚੱਪੜਚਿੜੀ ਦੇ ਸਰਪੰਚ ਸੋਹਨ ਸਿੰਘ ਨੇ ਕਿਹਾ ਕਿ ਮੌਜੂਦਾ ਪ੍ਰਬੰਧ ਵਿੱਚ ਖਾਮੀਆਂ ਹੋਣ ਕਾਰਨ ਗ੍ਰਾਮ ਪੰਚਾਇਤ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਐਸਜੀਪੀਸੀ ਨੂੰ ਇਤਿਹਾਸਕ ਗੁਰਦੁਆਰਾ ਫ਼ਤਹਿ-ਏ-ਜੰਗ ਸਾਹਿਬ, ਚੱਪੜਚਿੜੀ ਦਾ ਪ੍ਰਬੰਧ ਆਪਣੇ ਅਧੀਨ ਲੈਣ ਦੀ ਅਪੀਲ ਕੀਤੀ ਸੀ। ਉਨ੍ਹਾਂ ਮੰਗ ਕੀਤੀ ਕਿ ਇੱਥੇ ਸੰਗਤ ਦੇ ਰਹਿਣ ਲਈ ਸਰਾਂ ਤੇ ਲੰਗਰ ਹਾਲ ਅਤੇ ਵਾਹਨ ਪਾਰਕਿੰਗ ਦੀ ਵਿਵਸਥਾ ਕੀਤੀ ਜਾਵੇ।
ਉੱਧਰ, ਇਸ ਸਬੰਧੀ ਸੂਚਨਾ ਮਿਲਣ ’ਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਭਾਈ ਚਾਣਨ ਸਿੰਘ ਵੀ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਦੋਵਾਂ ਧਿਰਾਂ ਦੇ ਨੁਮਾਇੰਦਿਆਂ ਨਾਲ ਵੱਖੋ ਵੱਖਰੇ ਤੌਰ ’ਤੇ ਗੱਲਬਾਤ ਕੀਤੀ। ਕਾਫੀ ਜੱਦੋ ਜਾਹਿਦ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਗੁਰਦੁਆਰੇ ਦਾ ਪ੍ਰਬੰਧ ਐਸਜੀਪੀਸੀ ਕੋਲ ਹੀ ਰਹੇਗਾ ਜਦੋਂ ਕਿ ਬਾਕੀ ਰਹਿੰਦੇ ਕੰਮ ਦੀ ਉਸਾਰੀ ਅਤੇ ਲੰਗਰ ਦਾ ਪ੍ਰਬੰਧ ਕਾਰ ਸੇਵਾ ਵਾਲੇ ਬਾਬੇ ਹੀ ਦੇਖਣਗੇ।
ਮੀਟਿੰਗ ਤੋਂ ਬਾਅਦ ਬਾਬਾ ਸੁਰਮੁੱਖ ਸਿੰਘ ਨੇ ਇਸ ਫੈਸਲੇ ਤੋਂ ਸੰਗਤ ਨੂੰ ਜਾਣੂ ਕਰਵਾਇਆ। ਉਨ੍ਹਾਂ ਦਾ ਕਹਿਣਾ ਸੀ ਕਿ ਭਾਵੇਂ ਸਾਰੇ ਪ੍ਰਬੰਧ ਐਸਜੀਪੀਸੀ ਹਵਾਲੇ ਕਰ ਦਿਓ ਪਰ ਨਿਰਮਾਣ ਕਾਰਜਾਂ ਅਤੇ ਲੰਗਰ ਦੀ ਸੇਵਾ ਲਈ ਗੁਰੂ ਘਰ ਦੀ ਗੋਲਕ ਕਾਰ ਸੇਵਾ ਵਾਲੇ ਬਾਬਿਆਂ ਨੂੰ ਦਿੱਤੀ ਜਾਵੇ। ਇਸ ਤੋਂ ਬਾਅਦ ਫਿਰ ਮੀਟਿੰਗ ਹੋਈ ਅਤੇ ਫੈਸਲਾ ਹੋਇਆ ਕਿ ਐਸਜੀਸੀਪੀ ਦੇ ਬਰਾਬਰ ਕਾਰ ਸੇਵਾ ਵਾਲੇ ਬਾਬੇ ਵੀ ਆਪਣੀ ਵੱਖਰੀ ਗੋਲਕ ਗੁਰਦੁਆਰੇ ਵਿਖੇ ਰੱਖ ਸਕਣਗੇ, ਜਿਸ ਨੂੰ ਸੰਗਤ ਨੇ ਜੈਕਾਰੇ ਛੱਡ ਕੇ ਪ੍ਰਵਾਨ ਕਰ ਲਿਆ ਅਤੇ ਪੁਲੀਸ ਨੇ ਵੀ ਸੁੱਖ ਦਾ ਸਾਹ ਲਿਆ।

ਗ੍ਰੰਥੀ ਤੇ ਪ੍ਰਬੰਧਕ ਲਾਇਆ

ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਅਮਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਗੁਰਦੁਆਰਾ ਚੱਪੜਚਿੜੀ ਵਿਖੇ ਗ੍ਰੰਥੀ ਦੀ ਸੇਵਾ ਭਾਈ ਭੁਪਿੰਦਰ ਸਿੰਘ ਨੂੰ ਸੌਂਪੀ ਗਈ ਹੈ। ਇਸ ਤੋਂ ਇਲਾਵਾ ਇੱਕ ਪ੍ਰਬੰਧਕ ਪ੍ਰਭਜੀਤ ਸਿੰਘ ਅਤੇ ਕੁੱਝ ਸੇਵਾਦਾਰ ਵੀ ਤਾਇਨਾਤ ਕੀਤੇ ਗਏ ਹਨ।


Comments Off on ਗੁਰਦੁਆਰਾ ਫ਼ਤਹਿ-ਏ-ਜੰਗ ਦੇ ਪ੍ਰਬੰਧ ਨੂੰ ਲੈ ਕੇ ਦੋ ਅਕਾਲੀ ਧੜੇ ਤੇ ਕਾਂਗਰਸੀ ਆਹਮੋ ਸਾਹਮਣੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.