ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਗੁਰੂ ਨਾਨਕ, ਭਾਈ ਬਾਲਾ ਤੇ ਭਾਈ ਮਰਦਾਨਾ ਦਾ ਕੰਧ ਚਿੱਤਰ

Posted On January - 10 - 2017

10japt1ਮਿਟ ਰਹੀ ਕਲਾ-11

ਡਾ. ਕੰਵਰਜੀਤ ਸਿੰਘ ਕੰਗ

ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਸਭ ਤੋਂ ਵੱਧ ਕੰਧ-ਚਿੱਤਰ ਉਨ੍ਹਾਂ ਨੂੰ ਭਾਈ ਬਾਲਾ ਅਤੇ ਭਾਈ ਮਰਦਾਨਾ ਨਾਲ ਦਰਸਾਉਂਦੇ ਹਨ। ਗੁਰੂ ਨਾਨਕ ਦੇਵ ਜੀ ਨੂੰ ਅਕਸਰ ਚਟਾਈ ਉੱਤੇ ਚਿੰਤਨਸ਼ੀਲ ਮੁਦਰਾ ਵਿੱਚ ਇੱਕ ਗੋਲ ਤਕੀਏ ਦੇ ਸਹਾਰੇ ਬੈਠਿਆਂ ਉਲੀਕਿਆ ਗਿਆ ਹੁੰਦਾ ਹੈ। ਉਨ੍ਹਾਂ ਦੇ ਸੱਜੇ ਹੱਥ ਵਿੱਚ ਇੱਕ ਮਾਲਾ ਹੁੰਦੀ ਹੈ ਅਤੇ ਖੱਬਾ ਹੱਥ ਚਟਾਈ ਉੱਤੇ ਵਿਸ਼ਰਾਮ ਅਵਸਥਾ ਵਿੱਚ ਟਿਕਿਆ ਹੁੰਦਾ ਹੈ। ਉਨ੍ਹਾਂ ਦੇ ਇੱਕ ਪਾਸੇ ਭਾਈ ਬਾਲਾ ਚੌਰ ਝੁਲਾਉਂਦਾ ਅਤੇ ਦੂਜੇ ਪਾਸੇ ਭਾਈ ਮਰਦਾਨਾ ਰਬਾਬ ਵਜਾਉਂਦਾ ਚਿੱਤਰਿਤ ਕੀਤਾ ਹੁੰਦਾ ਹੈ। ਕੰਧ-ਚਿੱਤਰ ਦੀ ਪਿੱਠ-ਭੂਮੀ ਵਿੱਚ ਇੱਕ ਛਾਂਦਾਰ ਬਿਰਖ, ਜਿਸ ਉੱਤੇ ਅਕਸਰ ਤੋਤੇ ਬੈਠੇ ਦਿਖਾਏ ਹੁੰਦੇ ਹਨ, ਉਲੀਕਿਆ ਹੁੰਦਾ ਹੈ। ਇਸ ਸੰਯੋਜਨ ਵਿੱਚ ਉਲੀਕੇ ਕੰਧ-ਚਿੱਤਰ ਅੱਜ ਵੀ ਪੰਜਾਬ ਦੀਆਂ ਕਈਆਂ ਇਮਾਰਤਾਂ ਵਿੱਚ ਦੇਖੇ ਜਾ ਸਕਦੇ ਹਨ ਪਰ ਇਹ ਦਿਨ-ਬ-ਦਿਨ ਲੋਪ ਹੁੰਦੇ ਜਾ ਰਹੇ ਹਨ।
ਜ਼ਿਲ੍ਹਾ ਫ਼ਰੀਦਕੋਟ ਵਿੱਚ ਪਿੰਡ ਬਰਗਾੜੀ ਦੇ ਗੁਰਦੁਆਰੇ ਗੁਰੂਸਰ ਦਾ ਇੱਥੇ ਪ੍ਰਕਾਸ਼ਿਤ ਕੀਤਾ ਗਿਆ ਕੰਧ-ਚਿੱਤਰ ਉੱਪਰ ਲਿਖੇ ਪ੍ਰੰਪਰਾਗਤ ਸੰਯੋਜਨ ਅਨੁਸਾਰ ਹੀ ਚਿੱਤਰਿਆ ਗਿਆ ਹੈ। ਗੁਰੂ ਸਾਹਿਬ, ਭਾਈ ਬਾਲਾ ਅਤੇ ਮਰਦਾਨਾ ਦੀਆਂ ਆਕ੍ਰਿਤੀਆਂ ਦੇ ਨਾਂ ਵੀ ਗੁਰਮੁਖੀ ਅੱਖਰਾਂ ਵਿੱਚ ਲਿਖੇ ਗਏ ਹਨ। ਗੁਰੂ ਸਾਹਿਬ ਦੇ ਸੀਸ ਨੂੰ ਨੂਰੀ ਘੇਰੇ ਜਾਂ ਜੋਤ-ਚੱਕਰ ਨਾਲ ਪ੍ਰਕਾਸ਼ਮਾਨ ਕੀਤਾ ਗਿਆ ਹੈ। ਭਾਈ ਬਾਲਾ ਦੇ ਇੱਕ ਹੱਥ ਵਿੱਚ ਚੌਰ ਹੈ ਅਤੇ ਦੂਜੇ ਹੱਥ ਵਿੱਚ ਮਾਲਾ ਹੈ। ਭਾਈ ਮਰਦਾਨੇ ਦਾ ਮੁੱਖ, ਅੱਖਾਂ ਅਤੇ ਹੱਥਾਂ ਦੀ ਮੁਦਰਾ ਉਸ ਨੂੰ ਰਬਾਬ ਵਜਾਉਣ ਦੀ ਕਿਰਿਆ ਵਿੱਚ ਗ੍ਰਸਤ ਹੀ ਨਹੀਂ ਦਰਸਾਉਂਦੀ, ਸਗੋਂ ਉਸ ਰਾਹੀਂ ਸਾਜ਼ ਦੀਆਂ ਸੰਗੀਤਕ ਲਹਿਰਾਂ ਦਾ ਵਿਸਮਾਦ ਮਾਣਨ ਦਾ ਪ੍ਰਭਾਵ ਵੀ ਉਜਾਗਰ   ਕਰਦੀ ਹੈ।
ਗੁਰੂ ਨਾਨਕ ਦੇਵ ਜੀ ਨੂੰ ਦਰਸਾਉਂਦੇ ਕੰਧ-ਚਿੱਤਰਾਂ ਵਿੱਚ ਉਨ੍ਹਾਂ ਦੇ ਸਾਥੀ ਭਾਈ ਬਾਲਾ ਅਤੇ ਭਾਈ ਮਰਦਾਨਾ ਨੂੰ ਦਿਖਾਉਣਾ ਗੁਰੂ ਜੀ ਨੂੰ ਤਸਵੀਰੀ ਰੂਪ ਵਿੱਚ ਸਾਕਾਰ ਕਰਨ ਦਾ ਜ਼ਰੂਰੀ ਅੰਗ ਬਣ ਗਿਆ ਸੀ। ਗੁਰੂ ਨਾਨਕ ਦੇਵ ਜੀ ਨੂੰ ਭਾਈ ਬਾਲਾ ਅਤੇ ਭਾਈ ਮਰਦਾਨਾ ਤੋਂ ਬਿਨਾਂ ਸਿਰਫ਼ ਅਜਿਹੇ ਕੰਧ-ਚਿੱਤਰਾਂ ਵਿੱਚ ਉਲੀਕਿਆ ਮਿਲਦਾ ਹੈ, ਜਿਨ੍ਹਾਂ ਵਿੱਚ ਸਾਰੇ ਗੁਰੂ ਸਾਹਿਬਾਨ ਨੂੰ ਇਕੱਠਿਆਂ ਚਿੱਤਰਿਆ ਗਿਆ ਸੀ। ਇਸ ਲਈ ਭਾਈ ਬਾਲੇ ਅਤੇ ਮਰਦਾਨੇ ਦੀ ਆਕ੍ਰਿਤੀ ਗੁਰੂ ਜੀ ਦੀ ਪ੍ਰਤਿਮਾਕਾਰੀ ਦਾ ਅਨਿੱਖੜਵਾਂ ਅੰਗ ਸੀ। ਬਰਗਾੜੀ ਦੇ ਗੁਰਦੁਆਰਾ ਗੁਰੂਸਰ ਦਾ ਇਹ ਕੰਧ-ਚਿੱਤਰ, ਪੁਰਾਣਾ ਗੁਰਦੁਆਰਾ ਢਾਹ ਕੇ ਨਵਾਂ ਬਣਾਉਣ ਨਾਲ ਲੋਪ ਹੋ ਚੁੱਕਾ ਹੈ।

ਸੰਪਰਕ: 98728-33604


Comments Off on ਗੁਰੂ ਨਾਨਕ, ਭਾਈ ਬਾਲਾ ਤੇ ਭਾਈ ਮਰਦਾਨਾ ਦਾ ਕੰਧ ਚਿੱਤਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.