ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    ਪਹਿਲੀ ਨੂੰ ਬ੍ਰਾਂਚਾਂ ਖੋਲ੍ਹਣ ਦਾ ਫ਼ੈਸਲਾ ਆਰਬੀਆਈ ਨੇ ਬੈਂਕਾਂ ’ਤੇ ਛੱਡਿਆ !    

ਗੈਂਗਸਟਰਾਂ, ਸਿਆਸਤ ਤੇ ਗਾਇਕੀ ਨੇ ਝੰਭੇ ਨੌਜਵਾਨ

Posted On January - 2 - 2017

10201CD _GUNਹਰਜੀਤ ਸਿੰਘ ਬਾਗ਼ੀ

‘‘ਰੜ੍ਹਕ ਮੜ੍ਹਕ ਬੜ੍ਹਕ’’ ਪੰਜਾਬੀਆਂ ਦੇ ਖ਼ੂਨ ਵਿੱਚ ਹੀ ਹੈ। ਜਦੋਂ ਵੀਂ ਯੁੱਧਵੀਰ ਸੂਰਮਿਆਂ ਦੀ ਗੱਲ ਚਲਦੀ ਹੈ ਤਾਂ ਕਿਸੇ ਨਾ ਕਿਸੇ ਪੰਜਾਬੀ ਸੂਰਮੇ ਦੀ ਕਹਾਣੀ ਜਾਂ ਕਿੱਸਾ ਜ਼ਰੂਰ ਸੁਣਾਇਆ ਜਾਂਦਾ ਹੈ। ਬਹਾਦਰੀ ਪੰਜਾਬੀਆਂ ਦੇ ਖ਼ੂਨ ਵਿੱਚ ਕੁੱਟ-ਕੁੱਟ ਕੇ ਭਰੀ ਹੋਈ ਹੈ, ਪਰ ਇਸ ਨੂੰ ਬਹਾਦਰੀ ਓਦੋਂ ਹੀ ਕਿਹਾ ਜਾਂਦਾ ਹੈ ਜਦੋਂ ਇਹ ਬਹਾਦਰੀ ਕਿਸੇ ਦੇ ਭਲੇ ਲਈ ਕੀਤੀ ਜਾਂਦੀ ਹੈ ਨਾ ਕਿ ਆਪਣਾ ਜ਼ੋਰ, ਤਾਕਤ ਜਾਂ ਬਹਾਦਰੀ ਨੂੰ ਲੋਕਾਂ ਨੂੰ ਡਰਾਉਣ, ਆਪਣਾ ਨਾਮ ਚਮਕਾਉਣ ਜਾਂ ਆਪਣੀ ਤਾਕਤ ਦੀ ਨੁਮਾਇਸ਼ ਕਰਨ ਲਈ ਕੀਤੀ ਜਾਵੇ। ਅਜਿਹੇ ਬੰਦਿਆਂ ਦੇ ਕੋਈ ਸਿਰਨਾਵੇਂ ਨਹੀਂ ਹੁੰਦੇ। ਸਭ ਤੋਂ ਵੱਧ ਤਕਲੀਫ਼ਦੇਹ ਉਨ੍ਹਾਂ ਦੇ ਮਾਂ-ਬਾਪ ਲਈ ਹੁੰਦਾ ਹੈ ਜਿਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਹੁੰਦਾ ਕਿ ਉਨ੍ਹਾਂ ਦੇ ਬੁਢਾਪੇ ਨੂੰ ਸਹਾਰਾ ਦੇਣ ਵਾਲਾ ਉਨ੍ਹਾਂ ਦਾ ਸਿਰਨਾਵਾਂ ਹੀ ਖੁਦ ਕਿਸੇ ਸਿਆਸੀ਼ ਚੁੱਕ ਵਿੱਚ ਆ ਕੇ ਇਸ ਗੈਂਗਵਾਰ ਦਾ ਹਿੱਸਾ ਬਣ ਚੁੱਕਾ ਹੈ ।
ਕੁਝ ਅਜਿਹੇ ਹੀ ਹਾਲਾਤ ਅੱਜ ਸਾਡੇ ਪੰਜਾਬ ਦੇ ਬਣ ਚੁੱਕੇ ਹਨ। ਖ਼ਾਸਕਰ ਨੌਜਵਾਨ ਤਬਕਾ ਇਸ ਵਿੱਚ ਦਿਨੋਂ ਦਿਨ ਗਰਕ ਹੁੰਦਾ ਜਾ ਰਿਹਾ ਹੈ। ਇਸ ਲਈ ਦੋਸ਼ੀ ਕਈ ਤੱਥ ਹਨ। ਸਭ ਤੋਂ ਵੱਡੀ ਛਾਂ ਇਨ੍ਹਾਂ ਨੂੰ ਹੋਛੇ ਸਿਆਤਦਾਨਾਂ ਦੀ ਹੀ ਹੁੰਦੀ ਹੈ ਜੋ ਕਿ ਇਨ੍ਹਾਂ ਨੂੰ ਕਾਲਜਾਂ, ਯੂਨੀਵਰਸਟੀਆਂ ਵਿੱਚੋਂ ਲੱਭ-ਲੱਭ ਕੇ ਇਨ੍ਹਾਂ ਨੂੰ ਇਸ ਦਲਦਲ ਵਿੱਚ ਹੋਰ ਗਰਕ ਕਰਦੇ ਹਨ। ਸਿਆਸਤ ਬਣੀ ਤਾਂ ਲੋਕਾਂ ਦਾ ਭਲਾ ਕਰਨ ਲਈ ਹੈ, ਪਰ ਇਹ ਭਲਾ ਨਹੀਂ, ਚਿੱਟੇ ਕੱਪੜਿਆਂ ਵਿੱਚ ਗੁੰਡਾਗਰਦੀ ਕਰਦੇ ਹਨ। ਕਿਸੇ ਘਰ, ਸਕੂਲ, ਕਾਲਜ ਜਾਂ ਯੂਨੀਵਰਸਿਟੀ ਵਿੱਚ ਗੁੰਡਾਗਰਦੀ ਦਾ ਪਾਠ ਨਹੀਂ ਪੜ੍ਹਾਇਆ ਜਾਂਦਾ। ਇਹ ਸਿਆਸਤਦਾਨਾਂ ਦੇ ਬਣਾਏ ਮਾਹੌਲ ਤੇ ਉਨ੍ਹਾਂ ਦੀਆਂ ਕੂਟਨੀਤੀਆਂ ਕਰਕੇ ਹੀ ਪੈਦਾ ਹੁੰਦਾ ਹੈ। ਅੱਜ ਹਾਲਾਤ ਇਹ ਹਨ ਕਿ ਨੌਜਵਾਨ ਪੜ੍ਹਦਾ ਕੁਝ ਹੋਰ ਹੈ ਤੇ ਉਸ ਨੂੰ ਕੰਮ ਧੱਕੇ ਖਾ ਕੇ ਕੁਝ ਹੋਰ ਕਰਨਾ ਪੈਂਦਾ ਹੈ। ਅਜਿਹੀਆਂ ਹਜ਼ਾਰਾਂ ਹੀ ਉਦਾਹਰਣਾਂ ਤੁਹਾਡੇ ਆਲੇ ਦੁਆਲੇ ਹੋਣਗੀਆਂ ਕਿ ਉਹ ਪੜ੍ਹਿਆ ਕੀ ਸੀ ਤੇ ਕੰਮ ਕੀ ਕਰਨ ਲੱਗ ਗਿਆ।
ਅਜੋਕੀ ਗਾਇਕੀ ਦਾ ਵੀ ਇਸ ਨੌਜਵਾਨ ਤਬਕੇ ’ਤੇ ਬਹੁਤ ਜ਼ਿਆਦਾ ਅਸਰ ਹੈ। ਪਿਛਲੇ ਦਿਨੀਂ ਇੱਕ ਵਿਆਹ ਸਮਾਗਮ ਵਿੱਚ ਸਟੇਜ ਡਾਂਸਰ ਕੁੜੀ ਦੀ ਅਚਨਚੇਤ ਗੋਲੀ ਚੱਲਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ ਸੀ। ਉਸ ਸਮਾਗਮ ਦੌਰਾਨ ਜਦੋਂ ਇੱਕ ਗੀਤ ਹਥਿਆਰਾਂ ਵਾਲਾ ਚੱਲਿਆ ਤਾਂ ਇੱਕ ਨੌਜਵਾਨ ਦਿਖਾਵੇ ਵੱਜੋਂ ਹਵਾਈ ਫਾਇਰ ਕਰਨ ਲੱਗਾ। ਇਸੇ ਦੌਰਾਨ ਗੋਲੀ ਸਟੇਜ ’ਤੇ ਨੱਚ ਰਹੀ ਕੁੜੀ ਦੇ ਲੱਗੀ ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇੱਥੇ ਵਿਚਾਰਨਯੋਗ ਹੈ ਕਿ ਸਾਡੀ ਗਾਇਕੀ ਕਿੰਨੇ ਗ਼ਲਤ ਰਾਹ ’ਤੇ ਜਾ ਚੁੱਕੀ ਹੈ। ਜੇ ਹੁਣ ਵੀ ਅਸੀਂ ਨਾ ਸਮਝੇ ਤਾਂ ਅਸੀਂ ਇਸ ਤੋਂ ਵੀ ਦਰਦਨਾਕ ਹਾਲਾਤ ਦਾ ਸ਼ਿਕਾਰ ਹੋ ਸਕਦੇ ਹਾਂ। ਅੱਜਕੱਲ੍ਹ ਵਿਆਹਾਂ ਵਿੱਚ ਆਮ ਤੌਰ ’ਤੇ ਹੀ ਵੇਖਿਆ ਜਾਂਦਾ ਹੈ ਕੇ ਜਦੋਂ ਵੀ ਕੋਈ ਗੀਤ ਗੋਲੀਆਂ ਬੰਦੂਕਾਂ ਵਾਲਾ ਵੱਜਦਾ ਹੈ ਤਾਂ ਅਸਲਾਧਾਰੀ ਬੰਦੂਕਾਂ ਤੇ ਰਿਵਾਲਵਰ ਆਮ ਤੌਰ ’ਤੇ ਹਵਾ ਵਿੱਚ ਲਹਿਰਾਉਣ ਲੱਗ ਪੈਂਦੇ ਹਨ। ਮੇਰੇ ਵਰਗਾ ਬੰਦਾ ਜਿਹੜਾ ਇਸ ਕੰਮ ਦੇ ਨਾਂ ਤੋਂ ਹੀ ਕੰਬਦਾ, ਉਹ ਵੀ ਡੀ.ਜੇ. ’ਤੇ ਜਦੋਂ ਗੀਤ ਚੱਲ ਰਿਹਾ ਹੁੰਦਾ ‘‘ਵੈਲੀਆਂ ਦੇ ਲਾਣੇ ’ਚ ਸੁਣੀ ਦਾ ਗੱਭਰੂ, ਮਾੜਾ ਮੋਟਾ ਤਾਂ ਰਹੂਗਾ ਰੌਲਾ ਗੌਲਾ ਅੱਲੜੇ’’ ਓਦੋਂ ਆਪਣੇ ਦੋਸਤ ਦੀ ਖਾਲੀ ਰਿਵਾਲਵਰ ਫੜ ਕੇ ਹਵਾ ਵਿੱਚ ਲਹਿਰਾਉਣ ਲੱਗ ਪੈਂਦਾ ਹੈ। ਕਿਤੇ ਨਾ ਕਿਤੇ ਸਾਡੀ ਅਜੋਕੀ ਗਾਇਕੀ ਇਨ੍ਹਾਂ ਨੂੰ ਉਕਸਾਉਂਦੀ ਹੈ। ਮੇਰੇ ਕਈ ਦੋਸਤ ਹਨ ਜਿਨ੍ਹਾਂ ਕੋਲ ਲਾਇਸੈਂਸੀ ਅਸਲਾ ਹੈ ਤੇ ਜਦੋਂ ਵੀ ਅਸੀਂ ਕਦੇ ਕਿਸੇ ਦੇ ਵਿਆਹ ਜਾਂ ਹੋਰ ਮੌਕੇ ’ਤੇ ਮਿਲਦੇ ਹਾਂ ਤਾਂ ਉਨ੍ਹਾਂ ਦੇ ਡੱਬ ’ਚ ਅਸਲਾ ਹਰ ਵੇਲੇ ਹੀ ਰਹਿੰਦਾ ਹੈ। ਉਹ ਜਦੋਂ ਵੀ ਜੱਫੀ ਪਾ ਕੇ ਮਿਲਦੇ ਹਨ ਤਾਂ ਡਰ ਹੀ ਲੱਗਦਾ ਕਿ ਕਿਧਰੇ ਡੱਬ ਵਾਲੀ ਅੰਦਰੋਂ ਅੰਦਰੀ ਹਾ ਨਾ ਚੱਲ ਜਾਵੇ।
ਮੇਰੇ ਇੱਕ ਦੋਸਤ ਦਾ ਵਿਆਹ ਸੀ ਜਿੱਥੇ ਅਸੀਂ ਸਿਰਫ਼ ਤਿੰਨ ਚਾਰ ਹੀ ਬਿਨਾਂ ਅਸਲੇ ਤੋਂ ਹੋਵਾਂਗੇ। ਹੁਣ ਸਾਰਿਆਂ ਕੋਲ ਅਸਲਾ ਸੀ ਤੇ ਡਰ ਤਾਂ ਹੁੰਦਾ ਹੀ ਹੈ ਕਿ ਕਿਧਰੇ ਕੋਈ ਗੜਬੜੀ ਨਾ ਹੋ ਜਾਵੇ। ਦਾਰੂ ਪੀਤੀ ਵਿੱਚ ਕਿਸੇ ਬੰਦੇ ਨੂੰ ਸਮਝਾਉਣਾ ਮੂਰਖਤਾ ਹੀ ਹੁੰਦੀ ਹੈ। ਇਸ ਲਈ ਸ਼ਰਾਬੀ ਤੇ ਉਹ ਵੀ ਅਸਲੇ ਵਾਲਾ ਉਸ ਤੋਂ ਬਚਣਾ ਹੀ ਚਾਹੀਦਾ ਹੈ। ਮੇਰੇ ਦੋਸਤ ਨੇ ਅਜਿਹੀ ਸਕੀਮ ਲਾਈ ਕਿ ਜਿਸ ਨਾਲ ਸਭ ਕੁਝ ਬਹੁਤ ਆਸਾਨੀ ਨਾਲ ਕੰਟਰੋਲ ਵਿੱਚ ਆ ਗਿਆ। ਉਸ ਨੇ ਡੀ.ਜੇ. ਵਾਲੇ ਨੂੰ ਸਖ਼ਤ ਸ਼ਬਦਾਂ ਵਿੱਚ ਤਾੜਨਾ ਕਰ ਦਿੱਤੀ ਕਿ ਕੋਈ ਵੀ ਗੀਤ ਲੜਾਈਆਂ ਵਾਲਾ ਜਾਂ ਗੋਲੀਆਂ ਬੰਦੂਕਾਂ ਵਾਲਾ ਨਹੀਂ ਚੱਲਣਾ ਚਾਹੀਦਾ। ਉਸ ਦੀ ਇਹ ਸਕੀਮ ਪੂਰਾ ਕੰਮ ਕਰ ਰਹੀ ਸੀ। ਉਸ ਰਾਤ ਕਿਸੇ ਨੇ ਬੇਸੁਰਤੀ ਵਿੱਚ ਕੋਈ ਫਾਇਰ ਨਹੀਂ ਕੀਤਾ, ਪਰ ਇੱਕ ਅੰਕਲ ਜੀ ਨੂੰ ਆਪਣੀ ਬੰਦੂਕ ਬਹੁਤ ਪਿਆਰੀ ਸੀ। ਉਹ ਡੀ.ਜੇ. ਦੇ ਬੰਦ ਹੋਣ ਤੋਂ ਬਾਅਦ ਫਾਇਰ ਕਰ ਹੀ ਗਏ। ਖੈਰ, ਮੇਰਾ ਮਕਸਦ ਇਹ ਦੱਸਣਾ ਹੈ ਕਿ ਕਿਤੇ ਨਾ ਕਿਤੇ ਅਜੋਕੀ ਗਾਇਕੀ ਵੀ ਨੌਜਵਾਨ ਵਰਗ ਨੂੰ ਗ਼ਲਤ ਰਾਹ ’ਤੇ ਲੈ ਕੇ ਜਾਣ ਲਈ ਦੋਸ਼ੀ ਹੈ।
ਯੂਨੀਵਰਸਿਟੀ ਵਿੱਚ ਪੜ੍ਹਦੇ ਸਮੇਂ ਇੱਕ ਦਿਨ ਜਦੋਂ ਮੈਂ ਸਵੇਰੇ ਆਪਣੇ ਹੋਸਟਲ ਤੋਂ ਬਾਹਰ ਵਿਭਾਗ ਵੱਲ ਆਇਆ ਤਾਂ ਇੱਕ ਮੁੰਡਾ ਜਿਸ ਦੇ ਕਾਲਾ ਕੁੜਤਾ ਪਜਾਮਾ ਪਾਇਆ ਹੋਇਆ ਸੀ, ਉਸ ਦੇ ਪਿੱਛੇ ਨੌਜਵਾਨਾਂ ਦਾ ਇੱਕ ਲਾਮ ਲਸ਼ਕਰ ਚੱਲ ਰਿਹਾ ਸੀ। ਉਸ ਨਾਲ ਅਤਿਆਧੁਨਿਕ ਹਥਿਆਰਾਂ ਨਾਲ ਲੈਸ ਉਸ ਦੇ ਨਿੱਜੀ ਤੇ ਸਰਕਾਰੀ ਸੁਰੱਖਿਆ ਕਰਮਚਾਰੀ ਮੌਜੂਦ ਸਨ। ਮੈਂ ਹੈਰਾਨ ਸੀ ਕਿ ਉਹ ਸ਼ਖ਼ਸ ਕੌਣ ਹੈ। ਪਤਾ ਕਰਨ ’ਤੇ ਮੇਰੇ ਇੱਕ ਦੋਸਤ ਨੇ ਦੱਸਿਆ ਕਿ ਇਹ ਲੱਖਾ ਸਿਧਾਣਾ ਹੈ ਜਿਸ ਨੂੰ ਸਿਆਸਤ ਨੇ ਗੈਂਗਸਟਰ ਬਣਾ ਦਿੱਤਾ ਤੇ ਹੁਣ ਉਹ ਉਨ੍ਹਾਂ ਸਿਆਸਤਦਾਨਾਂ ਦੇ ਵਿਰੁੱਧ ਹੀ ਆਪਣੀ ਆਵਾਜ਼ ਬੁਲੰਦ ਕਰ ਰਿਹਾ ਹੈ। ਓਦੋਂ ਤੋਂ ਹੀ ਮੈਂ ਇਸ ਸ਼ਖ਼ਸ ਨੂੰ ਸੁਣਨਾ ਚਾਹੁੰਦਾ ਸੀ। ਕੁਝ ਦਿਨ ਪਹਿਲਾਂ ਫੇਸਬੁੱਕ ’ਤੇ ਇੱਕ ਸਟੋਰੀ ਵਾਰ-ਵਾਰ ਘੁੰਮ ਰਹੀ ਸੀ ਜਿਸ ਵਿੱਚ ਇੱਕ ਸਾਬਕਾ ਗੈਂਗਸਟਰ ਆਪਣੀ ‘ਹੱਡਬੀਤੀ’ ਦੱਸ ਰਿਹਾ ਸੀ। ਉਹ ਦੱਸ ਰਿਹਾ ਸੀ ਕਿ ਕਿਸ ਤਰ੍ਹਾਂ ਨੌਜਵਾਨ ਕਿਸੇ ਸਿਆਸੀ ਛਾਂ ਹੇਠ ਇਸ ਦਲਦਲ ਵਿੱਚ ਗਰਕ ਹੁੰਦੇ ਜਾ ਰਹੇ ਹਨ। ਉਹ ਕਿਵੇਂ ਇਸ ਤਰ੍ਹਾਂ ਇਸ ਦਲਦਲ ਵਿੱਚ ਫਸਿਆ? ਛੋਟੇ-ਛੋਟੇ ਮਸਲਿਆਂ ’ਤੇ ਲੜਨ ਵਾਲੇ ਜਦੋਂ ਸਿਆਸਤਦਾਨਾਂ ਦੇ ਘੋੜੇ ’ਤੇ ਚੜ੍ਹ ਕੇ ਲੜਦੇ ਹਨ ਤਾਂ ਗੈਂਗਸਟਰ ਬਣਦੇ ਹਨ।
ਨੌਜਵਾਨਾਂ ਨੂੰ ਲੋੜ ਆਪਣੀ ਕਾਬਲੀਅਤ ਨੂੰ ਪਛਾਨਣ ਦੀ ਹੈ। ਉਨ੍ਹਾਂ ਨੂੰ ਆਪਣੀ ਪਛਾਣ ਨੂੰ ਕਿਸੇ ਦੀ ਮੁਹਤਾਜ਼ ਨਹੀਂ ਬਣਾਉਣਾ ਚਾਹੀਦਾ। ਨੌਜਵਾਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਆਪਣੇ ਮਾਂ-ਬਾਪ ਦੇ ਦੇਣਦਾਰ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਖ਼ੂਬਸੁਰਤ ਦੁਨੀਆਂ ਵਿੱਚ ਲਿਆਂਦਾ ਹੈ। ਰਾਜਸੀ ਆਗੂਆਂ ਅਤੇ ਭੜਕੀਲੀ ਅਤੇ ਘਟੀਆ ਗਾਇਕੀ ਤੋਂ ਦੂਰੀ ਬਣਾਉਂਦਿਆਂ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਫੋਕੇ ਦਿਖਾਵਿਆ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਦਾ ਕੰਮ ਸਿਰਫ਼ ਨੌਜਵਾਨਾਂ ਨੂੰ ਇੱਕ ਵਾਰ ਇਸ ਚਾਟ ’ਤੇ ਲਾਉਣਾ ਹੁੰਦਾ ਹੈ। ਬਾਕੀ ਬੰਦਾ ਬਾਅਦ ਵਿੱਚ ਫਿਰ ਇਸ ਜਾਲ ਵਿੱਚ ਹੀ ਉਲਝ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਬੈਠਦਾ ਹੈ। ਜਦੋਂ ਉਹ  ਇਨ੍ਹਾਂ ਦੀਆਂ ਚਾਲਾਂ ਸਮਝਣ ਦੇ ਕਾਬਲ ਹੁੰਦੇ ਹਨ, ਉਦੋਂ ਸਮਾਂ ਹੱਥੋਂ ਲੰਘ ਚੁੱਕਿਆ ਹੁੰਦਾ ਹੈ।

ਸੰਪਰਕ: 94657-33311


Comments Off on ਗੈਂਗਸਟਰਾਂ, ਸਿਆਸਤ ਤੇ ਗਾਇਕੀ ਨੇ ਝੰਭੇ ਨੌਜਵਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.