ਬਾਬਰੀ ਮਸਜਿਦ ਕੇਸ: ਚਸ਼ਮਦੀਦ ਗਵਾਹ ਦੀ ਮੌਤ !    ਅਮਰੀਕਾ: ਸਿੱਖ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ !    ਮੁਕਾਬਲੇ ਵਾਲੀਆਂ ਥਾਵਾਂ ’ਤੇ ਆ ਕੇ ‘ਖ਼ੁਦਕੁਸ਼ੀ’ ਨਾ ਕਰਨ ਨੌਜਵਾਨ: ਵੈਦ !    ਬੰਗਲਾਦੇਸ਼: ਖ਼ੁਦਕੁਸ਼ ਹਮਲੇ ’ਚ ਪਰਿਵਾਰ ਦੇ 8 ਜੀਅ ਮਰੇ !    ਭੇਤਭਰੀ ਹਾਲਤ ਵਿੱਚ ਚੱਲੀ ਗੋਲੀ; ਮੁਲਾਜ਼ਮ ਜ਼ਖਮੀ !    ਬਦਨੌਰ ਵੱਲੋਂ ਸੈਨਿਕ ਬੋਰਡ ਨਾਲ ਮੀਟਿੰਗ !    ਯੂਨੀਵਰਸਿਟੀਆਂ ਦੀ ਭੂਮਿਕਾ ਨੂੰ ਪੁਨਰ ਪ੍ਰਭਾਸ਼ਿਤ ਕਰਨ ਦੀ ਲੋੜ: ਅਪੂਰਵਾਨੰਦ !    ਧੋਖਾਧੜੀ ਕਰਨ ਵਾਲੇ ਬਿਲਡਰਾਂ ਦੀ ਗ੍ਰਿਫ਼ਤਾਰੀ ਲਈ ਲੋਕਾਂ ਤੋਂ ਮੰਗਿਆ ਸਹਿਯੋਗ !    ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿੱਚ ਕਸੂਤੇ ਘਿਰੇ ਕੌਂਸਲ ਅਧਿਕਾਰੀ !    ਬੱਚਿਆਂ ਦੇ ਰਿਪੋਰਟ ਕਾਰਡ ਨਾ ਦੇਣ ਕਾਰਨ ਸਕੂਲ ਅੱਗੇ ਧਰਨਾ !    

ਚਿੰਤਾਜਨਕ ਹੈ ਹਿੰਸਕ ਰੁਝਾਨ

Posted On January - 10 - 2017

ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਨਾਲ ਪੰਜਾਬ ਅੰਦਰ ਸਿਆਸੀ ਸਰਗਰਮੀਆਂ ਵਿੱਚ ਤੇਜ਼ੀ ਆਉਣੀ ਤਾਂ ਸੁਭਾਵਿਕ ਹੈ ਪਰ ਕੁਝ ਭੜਕਾਊ ਕਿਸਮ ਦੀਆਂ ਲੜਾਈ-ਝਗੜੇ ਵਾਲੀਆਂ ਘਟਨਾਵਾਂ ਦੀ ਸ਼ੁਰੂਆਤ ਅਫ਼ਸੋਸਨਾਕ ਹੋਣ ਦੇ ਨਾਲ ਨਾਲ ਨਿੰਦਣਯੋਗ ਵੀ ਹੈ। ਭਾਵੇਂ ਪ੍ਰਮੁੱਖ ਪਾਰਟੀਆਂ ਵੱਲੋਂ ਹਾਲੇ ਤਕ ਸੂਬਾ ਵਿਧਾਨ ਸਭਾ ਦੀਆਂ ਸਾਰੀਆਂ ਸੀਟਾਂ ਲਈ ਆਪੋ-ਆਪਣੇ ਉਮੀਦਵਾਰਾਂ ਦਾ ਐਲਾਨ ਵੀ ਨਹੀਂ ਕੀਤਾ ਗਿਆ ਅਤੇ ਨਾਮਜ਼ਦਗੀ ਪੱਤਰ ਵੀ ਭਰੇ ਜਾਣੇ ਸ਼ੁਰੂ ਨਹੀਂ ਹੋਏ; ਇਸ ਦੇ ਬਾਵਜੂਦ ਕੁਝ ਥਾਵਾਂ ’ਤੇ ਲੜਾਈ-ਝਗੜੇ ਦੀਆਂ ਹੋਈਆਂ ਦਰਜਨ ਦੇ ਕਰੀਬ ਘਟਨਾਵਾਂ ਸਮੁੱਚੇ ਪੰਜਾਬੀਆਂ ਲਈ ਚਿੰਤਾ ਦਾ ਵਿਸ਼ਾ ਹਨ। ਇਹ ਘਟਨਾਵਾਂ ਭਾਵੇਂ ਲੋਕਾਂ ਦੇ ਸੁਭਾਵਿਕ ਪ੍ਰਤੀਕਰਮ ਵਿੱਚੋਂ ਵਾਪਰੀਆਂ ਜਾਪਦੀਆਂ ਹਨ ਅਤੇ ਕਿਸੇ ਵੀ ਸਿਆਸੀ ਪਾਰਟੀ ਜਾਂ ਆਗੂ ਦਾ ਇਨ੍ਹਾਂ ਪਿੱਛੇ ਪ੍ਰਤੱਖ ਹੱਥ ਨਹੀਂ ਜਾਪਦਾ, ਫਿਰ ਵੀ ਇਹ ਚੋਣ ਸਰਗਰਮੀਆਂ ਨੂੰ ਪ੍ਰਭਾਵਿਤ ਕਰਨ ਦੇ ਨਾਲ ਨਾਲ ਜਮਹੂਰੀਅਤ ਦੀ ਭਾਵਨਾ ਨੂੰ ਵੀ ਖ਼ੋਰਾ ਲਾਉਣ ਦਾ ਸਬੱਬ ਬਣ ਸਕਦੀਆਂ ਹਨ। ਕਿਸੇ ਖ਼ਾਸ ਖਿੱਤੇ ਜਾਂ ਪਿੰਡ ਵਿੱਚ ਇੱਕ ਹੀ ਪਾਰਟੀ ਦਾ ਵੱਧ ਬੋਲਬਾਲਾ ਹੋਣ ’ਤੇ ਦੂਜੀ ਵਿਰੋਧੀ ਧਿਰ ਦੇ ਵੱਖ-ਵੱਖ ਜਮਹੂਰੀ ਢੰਗ ਤਰੀਕਿਆਂ ਨਾਲ ਹੌਸਲੇ ਪਸਤ ਕਰਨ ਦਾ ਵਰਤਾਰਾ ਵੀ ਅਕਸਰ ਰਿਹਾ ਹੈ ਪਰ ਇਸ ਵਾਰ ਕੁਝ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਕੁਝ ਪਿੰਡਾਂ ਦੇ ਲੋਕਾਂ ਵੱਲੋਂ ਉਨ੍ਹਾਂ ਦੇ ਪਿੰਡ ਵਿੱਚ ਦਾਖ਼ਲ ਨਾ ਹੋਣ ਦੇ ਲਗਾਏ ਗਏ ਬੋਰਡ ਇੱਕ ਨਵੇਂ ਰੁਝਾਨ ਨੂੰ ਜਨਮ ਦੇ ਰਹੇ ਜਾਪਦੇ ਹਨ। ਇਹ ਵਰਤਾਰਾ ਜਿੱਥੇ ਲੋਕਾਂ ਦੇ ਇਨ੍ਹਾਂ ਰਵਾਇਤੀ ਪਾਰਟੀਆਂ ਤੋਂ ਮੋਹ ਭੰਗ ਹੋਣ ਦਾ ਸਪਸ਼ਟ ਸੰਕੇਤ ਹੈ, ਉੱਥੇ ਵਧ ਰਹੀ ਜਨ ਚੇਤਨਾ ਦਾ ਪ੍ਰਮਾਣ ਵੀ ਹੈ। ਬੇਸ਼ੱਕ, ਫ਼ਿਲਹਾਲ ਇਸ ਰੁਝਾਨ ਦਾ ਚੋਣ ਨਤੀਜਿਆਂ ’ਤੇ ਪ੍ਰਭਾਵ ਨਾ ਵੀ ਪਵੇ ਪਰ ਸਿਆਸੀ ਪਾਰਟੀਆਂ ਅਤੇ ਆਗੂਆਂ ਲਈ ਭਵਿੱਖ ਵਿੱਚ ਇਹ ਖ਼ਤਰੇ ਦੀ ਘੰਟੀ ਜ਼ਰੂਰ ਬਣ ਸਕਦਾ ਹੈ।
ਜਮਹੂਰੀ ਰਾਜ ਪ੍ਰਬੰਧ ਵਿੱਚ ਚੋਣਾਂ ਨੂੰ ਇੱਕ ਉਤਸਵ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ। ਇਹ ਅਜਿਹਾ ਮੌਕਾ ਹੁੰਦਾ ਹੈ ਜਦੋਂ ਲੋਕ ਆਪਣੀ ਵੋਟ ਸ਼ਕਤੀ ਨਾਲ ਸਰਕਾਰਾਂ ਨੂੰ ਬਦਲ ਸਕਣ ਦੇ ਸਮਰੱਥ ਹੁੰਦੇ ਹਨ। ਅਜਿਹਾ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਚੋਣਾਂ ਨਿਰਪੱਖ ਅਤੇ ਸੁਤੰਤਰਤਾ ਨਾਲ ਨੇਪਰੇ ਚੜ੍ਹ ਸਕਣ। ਚੋਣ ਕਮਿਸ਼ਨ ਦੀ ਇਸ ਪ੍ਰਕਿਰਿਆ ਵਿੱਚ ਅਹਿਮ ਭੂਮਿਕਾ ਹੁੰਦੀ ਹੈ। ਉਹ ਸਮੁੱਚੀ ਸੂਬਾਈ ਮਸ਼ੀਨਰੀ ਨੂੰ ਨਿਰਪੱਖ ਅਤੇ ਸੁਤੰਤਰ ਚੋਣਾਂ ਕਰਵਾਉਣ ਦੇ ਮੰਤਵ ਦੀ ਪੂਰਤੀ ਲਈ ਹਰ ਸੰਭਵ ਦਿਸ਼ਾ-ਨਿਰਦੇਸ਼ ਦੇਣ ਦੇ ਸਮਰੱਥ ਹੁੰਦਾ ਹੈ। ਇਸ ਪ੍ਰਸੰਗ ਵਿੱਚ ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਹੈ ਕਿ ਉਹ ਚੋਣਾਂ ਨਾਲ ਸਬੰਧਿਤ ਭੜਕਾਊ ਕਾਰਵਾਈਆਂ ਨੂੰ ਗੰਭੀਰਤਾ ਨਾਲ ਲਵੇ ਅਤੇ ਇਨ੍ਹਾਂ ਨੂੰ ਰੋਕਣ ਲਈ ਲੋੜੀਂਦੀ ਕਾਰਵਾਈ ਕਰੇ। ਕਾਰਜਕਾਰੀ ਸਰਕਾਰ, ਸਮੁੱਚੀ ਰਾਜ ਮਸ਼ੀਨਰੀ ਅਤੇ ਪੁਲੀਸ ਵੀ ਸੁਤੰਤਰ ਅਤੇ ਨਿਰਪੱਖ ਚੋਣਾਂ ਦੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ।
ਸਿਆਸੀ ਪਾਰਟੀਆਂ ਦੇ ਵਰਕਰਾਂ ਵੱਲੋਂ ਆਪਸ ਵਿੱਚ ਝਗੜੇ ਕਰਨ ਅਤੇ ਉਲਝਣ ਦੀਆਂ ਘਟਨਾਵਾਂ ਨਾ ਕੇਵਲ ਚੋਣ ਮਾਹੌਲ ਹੀ ਖ਼ਰਾਬ ਕਰਦੀਆਂ ਹਨ ਬਲਕਿ ਬਾਅਦ ਵਿੱਚ ਆਪਸੀ ਦੁਸ਼ਮਣੀ ਦਾ ਕਾਰਨ ਵੀ ਬਣ ਜਾਂਦੀਆਂ ਹਨ। ਪਾਰਟੀ ਵਰਕਰਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਤਾਂ ਨਾ ਕੇਵਲ ਹਮੇਸ਼ਾਂ ਹੀ ਆਪਸ ਵਿੱਚ ਘਿਉ-ਖਿਚੜੀ ਹੀ ਰਹਿੰਦੇ ਹਨ ਬਲਕਿ ਇਨ੍ਹਾਂ ਦੀਆਂ ਇੱਕ-ਦੂਜੇ ਨਾਲ ਰਿਸ਼ਤੇਦਾਰੀਆਂ ਅਤੇ ਵਪਾਰਕ ਭਾਈਵਾਲੀਆਂ ਵੀ ਹਨ। ਸਿਆਸੀ ਪਾਰਟੀਆਂ ਅਤੇ ਇਨ੍ਹਾਂ ਦੇ ਆਗੂਆਂ ਦੇ ਹਿੱਤ ਵੀ ਆਮ ਵਰਕਰਾਂ ਅਤੇ ਲੋਕਾਂ ਦੀ ਥਾਂ ਉਨ੍ਹਾਂ ਨੂੰ ਚੋਣ ਲੜਨ ਲਈ ਭਾਰੀ ਫੰਡ ਦੇਣ ਵਾਲੇ ਅਮੀਰ ਲੋਕਾਂ ਨਾਲ ਜੁੜੇ ਹੁੰਦੇ ਹਨ। ਅਜਿਹੇ ਮੌਕਾਪ੍ਰਸਤ ਆਗੂਆਂ ਅਤੇ ਪਾਰਟੀਆਂ ਦੀ ਖ਼ਾਤਿਰ ਇਨ੍ਹਾਂ ਦੇ ਸਾਧਾਰਨ ਸਮਰਥਕਾਂ ਅਤੇ ਆਮ ਲੋਕਾਂ ਨੂੰ ਆਪਣੀ ਸਮਾਜਿਕ ਤੇ ਭਾਈਚਾਰਕ ਸਾਂਝ ਦਾਅ ’ਤੇ ਲਾਉਣੀ ਉਚਿਤ ਨਹੀਂ। ਜੇ ਕਿਸੇ ਨੂੰ ਕਿਸੇ ਸਿਆਸੀ ਪਾਰਟੀ ਜਾਂ ਆਗੂ ਉੱਤੇ ਗੁੱਸਾ ਹੈ ਤਾਂ ਉਹ ਇਸ ਦਾ ਪ੍ਰਗਟਾਵਾ ਚਾਰ ਫਰਵਰੀ ਨੂੰ ਆਪਣੀ ਵੋਟ ਹੀ ਸਹੀ ਵਰਤੋਂ ਕਰਕੇ ਕਰ ਸਕਦਾ ਹੈ। ਜਮਹੂਰੀਅਤ ਵਿੱਚ ਆਪਣਾ ਵਿਰੋਧ ਦਰਜ ਕਰਵਾਉਣ ਦਾ ਇਹ ਇੱਕੋ-ਇੱਕ ਬਿਹਤਰ ਢੰਗ ਤਰੀਕਾ ਹੈ। ਗੁੱਸੇ ਵਿੱਚ ਆ ਕੇ ਉਲਾਰਪੁਣੇ ਵਿੱਚ ਝਗੜਾ ਕਰਨਾ ਕਈ ਵਾਰ ਕਾਫ਼ੀ ਮਹਿੰਗਾ ਪੈ ਜਾਂਦਾ ਹੈ। ਲੋਕਰਾਜੀ ਪ੍ਰਣਾਲੀ ਵਿੱਚ ਕਾਨੂੰਨ ਨੂੰ ਹੱਥ ਵਿੱਚ ਲੈਣਾ ਸਜ਼ਾ ਨੂੰ ਸੱਦਾ ਦੇਣਾ ਹੈ। ਉਂਜ ਵੀ, ਚੋਣਾਂ ਦੌਰਾਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਪੰਜਾਬ ਹਮੇਸ਼ਾਂ ਮੁਲਕ ਦੇ ਸਾਰੇ ਸੂਬਿਆਂ ਵਿੱਚੋਂ ਮੋਹਰੀ ਰਿਹਾ ਹੈ। ਸਾਰੇ ਪੰਜਾਬੀਆਂ ਨੂੰ ਪੰਜਾਬ ਦੀ ਇਹ ਸ਼ਾਨਦਾਰ ਰਵਾਇਤ ਹਰ ਹਾਲਤ ਵਿੱਚ ਬਣਾਈ ਰੱਖਣ ਲਈ ਭੜਕਾਊ ਕਾਰਵਾਈਆਂ ਕਰਨ ਤੋਂ ਗੁਰੇਜ਼ ਕਰਨ ਦੀ ਜ਼ਰੂਰਤ ਹੈ।


Comments Off on ਚਿੰਤਾਜਨਕ ਹੈ ਹਿੰਸਕ ਰੁਝਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.