ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਚਿੱਤਰ ਗੁਰੂ ਗੋਬਿੰਦ ਸਿੰਘ: ਇਕ ਅੰਦਾਜ਼

Posted On January - 4 - 2017

ਜਗਤਾਰਜੀਤ ਸਿੰਘ

10401cd _Guru Gobind Singh ji 03ਗੁਰੂ ਗੋਬਿੰਦ ਸਿੰਘ ਨੇ ‘ਨਾਨਕ ਪੰਥ’ ਨੂੰ ‘ਖ਼ਾਲਸਾ ਪੰਥ’ ਵਿੱਚ ਤਬਦੀਲ ਕਰ ਦਿੱਤਾ। ‘ਅੰਮ੍ਰਿਤਪਾਨ’ ਪਿੱਛੋਂ ਸਿੱਖ ‘ਗੁਰੂ ਦਾ ਸਿੰਘ’ ਕਿਹਾ ਜਾਣ ਲੱਗਾ। ਅਧਿਆਤਮਕ ਬਲ ਨਾਲ ਲੈਸ ਨਾਨਕ ਨਾਮਲੇਵਾ ਸਮੂਹ ਹੁਣ ਸ਼ਸਤਰਾਂ ਨਾਲ ਲੈਸ ਹੋ ਕੇ ‘ਨਿਜ ਅਤੇ ਧੁਰ’ ਦੀ ਰੱਖਿਆ ਪ੍ਰਤੀ ਜਾਗ੍ਰਿਤ ਹੋਇਆ।
ਗੁਰੂ ਗੋਬਿੰਦ ਸਿੰਘ ਦੀ ਅਦੁੱਤੀ ਸ਼ਖ਼ਸੀਅਤ ਬਾਰੇ ਸਮਕਾਲੀ ਕਵੀਆਂ, ਇਤਿਹਾਸਕਾਰਾਂ ਨੇ ਲਿਖਿਆ ਹੈ। ਉਂਜ ਗੁਰੂ ਸਾਹਿਬ ਨੇ ਖ਼ੁਦ ਵੀ ਆਪਣੇ ਬਾਬਤ ਲਿਖਿਆ ਹੈ। ਭਾਵੇਂ ਉਨ੍ਹਾਂ ਦੀਆਂ ਪ੍ਰਮਾਣਿਕ ਲਿਖਤਾਂ ਮੌਜੂਦ ਹਨ ਪਰ ਉਨ੍ਹਾਂ ਦੀ ਕੋਈ ਪ੍ਰਮਾਣਿਕ ਤਸਵੀਰ ਸਾਡੇ ਤਕ ਨਹੀਂ ਅੱਪੜਦੀ। ਜਿਹੜੀਆਂ ਤਸਵੀਰਾਂ ਉਪਲੱਬਧ ਹਨ, ਉਹ ਵੀ ਚਿਰ ਬਾਅਦ ਦੀਆਂ ਹਨ ਅਤੇ ਲਘੂ ਚਿੱਤਰਾਂ ਦੇ ਰੂਪ ਵਿੱਚ ਪਹਾੜੀ ਜਾਂ ਮੁਗ਼ਲ ਸ਼ੈਲੀ ਵਿੱਚ ਬਣੀਆਂ ਹੋਈਆਂ ਹਨ।
ਸੋਭਾ ਸਿੰਘ ਆਪਣੇ ਆਪ ਨੂੰ ਹੋਰ ਸਮਕਾਲੀ ਕਲਾਕਾਰਾਂ ਤੋਂ ਵੱਖ ਕਰਨ ਵਾਲਾ ਚਿਤੇਰਾ ਹੈ। ਉਸ ਨੇ ਸਿੱਖ ਗੁਰੂਆਂ ਨੂੰ ਜੋ ਚਿਹਰਾ-ਮੋਹਰਾ ਦਿੱਤਾ, ਉਸ ਦਾ ਬਦਲ ਪੇਸ਼ ਕਰਨਾ ਸੌਖਾ ਨਹੀਂ। ਉਸ ਨੇ ਗੁਰੂ ਗੋਬਿੰਦ ਸਿੰਘ ਦਾ ਰੂਪ ਅਨੇਕ ਵਾਰ ਕੈਨਵਸ ਉੱਤੇ ਉਤਾਰਿਆ। ਦਸਮ ਪਿਤਾ ਦੇ ਕੁਝ ਚਿੱਤਰ ਅਜਿਹੇ ਹਨ, ਜਿਨ੍ਹਾਂ ਥੱਲੇ ਉਨ੍ਹਾਂ ਦੀ ਬਾਣੀ ਦੀਆਂ ਤੁਕਾਂ ਨੂੰ ਵਰਤਿਆ ਗਿਆ ਹੈ। ਉਨ੍ਹਾਂ ਵਿੱਚੋਂ ਇੱਕ ਥੱਲੇ ਫ਼ਾਰਸੀ ਸ਼ਬਦ ਲਿਖੇ ਮਿਲਦੇ ਹਨ:
‘‘ਚੂੰ ਕਾਰ ਅਜ ਹਮਾ ਹਲਿਤੇ ਦਰ ਗੁਜ਼ਸ਼ਤ।
ਹਲਾਲ ਅਸਤ ਬੁਹਦਨ ਬ ਸ਼ਮਸ਼ੀਤ ਦਸਤ।’’
ਗੁਰੂ ਜੀ ਦੇ ਜੀਵਨ ਬਿਰਤਾਂਤ ਨੂੰ ਜਦੋਂ ਵੀ ਲਿਖਿਆ, ਬੋਲਿਆ, ਗਾਇਆ ਜਾਂਦਾ ਹੈ, ਇਹ ਪੰਕਤੀਆਂ ਆਪਣੇ-ਆਪ ਖ਼ੁਦ ਨੂੰ ਪ੍ਰਸੰਗਕ ਕਰ ਲੈਂਦੀਆਂ ਹਨ। ਸੋਭਾ ਸਿੰਘ ਇਨ੍ਹਾਂ ਤੁਕਾਂ ਤੋਂ ਪ੍ਰਭਾਵਿਤ ਹੋ ਕੇ ਗੁਰੂ ਗੋਬਿੰਦ ਸਿੰਘ ਦੇ ਰੂਪ ਨੂੰ ਕੈਨਵਸ ਉੱਪਰ ਪੇਂਟ ਕਰਦਾ ਹੈ। ਇਹ ਚਿੱਤਰ ਕਲਾ ਜਗਤ ਵਿੱਚ ਹੀ ਨਹੀਂ, ਸਗੋਂ ਉਸ ਦੇ ਹੋਰਨਾਂ ਚਿੱਤਰਾਂ ਵਿੱਚ ਵੀ ਵੱਖਰੀ ਥਾਂ ਰੱਖਦਾ ਹੈ। ਉਸ ਨੇ ਦਸਮੇਸ਼ ਪਿਤਾ ਦੇ ਵੱਖ ਵੱਖ ਚਿੱਤਰ ਵੱਖੋ-ਵੱਖ ਸਥਿਤੀਆਂ ਵਿੱਚ ਬਣਾਏ ਹਨ। ਕੁਝ ਰੂਪ ਤਾਂ ਕਈ ਵਾਰ ਹੂ-ਬ-ਹੂ ਪੇਂਟ ਕੀਤੇ ਗਏ। ਕਦੇ-ਕਦੇ ਥੋੜ੍ਹੀ-ਬਹੁਤ ਤਬਦੀਲੀ ਕਰ ਲਈ ਜਾਂਦੀ ਸੀ। ਚਿੱਤਰਕਾਰ ਆਪਣੀ ਸਮਰੱਥਾ ਅਨੁਸਾਰ ਗੁਰੂ ਜੀ ਦੀ ਤਸ਼ਬੀਹ ਤਿਆਰ ਕਰ ਕੇ ਦਰਸ਼ਕ ਨੂੰ ਸੰਕਲਪ ਦੇ ਨਾਲ-ਨਾਲ ਮੂਰਤ ਨਾਲ ਜੋੜਨ ਦਾ ਉਪਰਾਲਾ ਕਰਦਾ ਹੈ।
ਪੋਰਟਰੇਟ ਆਮ ਤੌਰ ’ਤੇ ਸਾਹਮਣੇ ਬੈਠੇ ਵਿਅਕਤੀ ਦਾ ਬਣਾਇਆ ਜਾਂਦਾ ਹੈ ਪਰ ਇਹ ਚਿੱਤਰ ਇਸ ਰੀਤ ਦਾ ਅਪਵਾਦ ਹੈ। ਇਹ ਪੇਂਟਿੰਗ 1971 ਦੀ ਬਣੀ ਹੈ ਅਤੇ ਇਸ ਦਾ ਆਕਾਰ ਅੰਡਾਕਾਰ ਹੈ। ਗੁਰੂ ਜੀ ਦੀ ਛਬਿ ਸਾਹਮਣਿਓਂ ਨਹੀਂ ਬਣਾਈ ਗਈ। ਚਿਹਰਾ ਸਾਹਮਣਿਓਂ ਦਿਖਣ ਦਾ ਪ੍ਰਭਾਵ ਦਿੰਦਿਆਂ ਹੋਇਆਂ ਵੀ ਖੱਬਿਓਂ ਸੱਜੇ ਵੱਲ ਘੁੰਮਿਆ ਹੋਇਆ ਹੈ। ਘੁੰਮਿਆ ਚਿਹਰਾ, ਅਸਲ ਵਿੱਚ, ਚਿਹਰੇ ਦੇ ਨਿੱਕੇ-ਵੱਡੇ ਉਤਾਰ-ਚੜ੍ਹਾਅ ਨੂੰ ਬਰੀਕੀ ਨਾਲ ਦੱਸ ਦਿੰਦਾ ਹੈ। ਧੜ ਵੀ ਖੱਬੇ ਵੱਲ ਜ਼ਿਆਦਾ ਘੁੰਮਿਆ ਹੋਇਆ ਹੈ।
ਪੋਰਟਰੇਟ ਆਮ ਕਰਕੇ ਆਪਣੇ ਸਮੇਂ-ਸਥਾਨ ਬਾਰੇ ਨਹੀਂ ਦੱਸਦਾ ਕਿਉਂਕਿ ਇੱਥੇ ਪ੍ਰਮੁੱਖਤਾ ਚਿਹਰੇ ਨੂੰ ਮਿਲੀ ਹੁੰਦੀ ਹੈ ਤਾਂ ਵੀ ਕੁਝ ਅਜਿਹੇ ਤੱਤ ਪੇਂਟਿੰਗ ਵਿੱਚ ਸਮਾ ਜਾਂਦੇ ਹਨ ਜਿਹੜੇ ਸਮੇਂ-ਸਥਾਨ ਜਾਂ ਦੋਹਾਂ ਵਿੱਚੋਂ ਇੱਕ ਬਾਰੇ ਦੱਸ ਦਿੰਦੇ ਹਨ। ਇਸ ਚਿੱਤਰ ਵਿੱਚ ਸਮੇਂ ਬਾਰੇ ਦੱਸਣ ਵਾਲੀ ਸਮੱਗਰੀ ਕਾਫ਼ੀ ਹੈ। ਸਮੱਗਰੀ ਰਾਹੀਂ ਅਸੀਂ ਉਸ ਕਾਲ ਤਕ ਸਹਿਜੇ ਹੀ ਪਹੁੰਚ ਸਕਦੇ ਹਾਂ। ‘ਵਿਅਕਤੀ ਚਿੱਤਰ’ ਵਿਅਕਤੀ ਦੀ ਸ਼ਖ਼ਸੀਅਤ ਨੂੰ ਉਭਾਰਨ ਲਈ ਰਚਿਆ ਜਾਂਦਾ ਹੈ ਪਰ ਇੱਥੇ ਗੁਰੂ ਜੀ ਦਾ ਕਲਪਿਆ ਰੂਪ ਅਤੇ ਉਨ੍ਹਾਂ ਦੀ ਰਚੀ ਬਾਣੀ ਦੋਵੇਂ ਹੀ ਹਾਜ਼ਰ ਹਨ।

ਜਗਤਾਰਜੀਤ ਸਿੰਘ

ਜਗਤਾਰਜੀਤ ਸਿੰਘ

ਗੁਰੂ ਗੋਬਿੰਦ ਸਿੰਘ ਕਹਿੰਦੇ ਹਨ ਕਿ ਜਦੋਂ ਜ਼ੁਲਮ ਦੀ ਹੱਦ ਹੋ ਜਾਵੇ ਤੇ ਗੱਲ ਜਾਂ ਦਲੀਲ ਦੀ ਹਰ ਕੋਸ਼ਿਸ਼ ਨਾਕਾਮ ਹੋ ਜਾਵੇ ਤਾਂ ਹਥਿਆਰ ਚੁੱਕਣਾ ਜਾਇਜ਼ ਹੈ। ਚਿੱਤਰਕਾਰ ਆਪਣੀ ਰਚਨਾ ਦੁਆਰਾ ਇਸ ਵਿਚਾਰ ਦੀ ਪੁਸ਼ਟੀ ਕਰ ਰਿਹਾ ਹੈ। ਚਿੱਤਰਕਾਰ ‘ਫਾਰਮ’ ਨੂੰ ਅਸਰਦਾਰ ਬਣਾਉਣ ਲਈ ਕੁਝ ਕੁ ਤੱਤ-ਤੱਥ ਆਪਣੇ ਵੱਲੋਂ ਵੀ ਜੋੜੇਗਾ। ਇਹ ਰਚਨਾ ਚਿੱਤਰਕਾਰ ਦਾ ਸੱਚ ਹੈ। ਚਿਹਰਾ ਸੁੰਦਰ ਦਿੱਖ ਵਾਲਾ ਹੈ। ਨੈਣ-ਨਕਸ਼ ਖਿੱਚ ਰੱਖਦੇ ਹਨ ਐਪਰ ਇਹ ਨਾਟਕੀ ਅਸਰ ਤੋਂ ਮੁਕਤ ਨਹੀਂ। ਅੱਖਾਂ ਨੂੰ ਸਧਾਰਨ ਤੋਂ ਵੱਧ ਤਰਜੀਹ ਮਿਲੀ ਹੈ ਕਿਉਂਕਿ ਇਨ੍ਹਾਂ ਰਾਹੀਂ ਹੀ ਸਾਰੀ ਗੱਲ ਦਾ ਸੰਚਾਰ ਹੋਣਾ ਹੈ। ਇਨ੍ਹਾਂ ਦੇ ਵੱਡੇ ਹੋਣ ਦਾ ਦੂਜਾ ਕਾਰਨ ਪੇਂਟਰ ਵੱਲੋਂ ਆਪਣੇ ਗੁਰੂ ਨੂੰ ਉਚੇਰਾ ਰੱਖਣ ਬਾਅਦ ਖ਼ੁਦ ਨੂੰ ਨੀਵਾਂ ਰੱਖ ਕੇ ਉੱਪਰ ਵੱਲ ਨੂੰ ਦੇਖਣਾ ਹੈ। ਆਮ ਤੌਰ ’ਤੇ ਚਿੱਤਰ ਬਣਵਾਉਣ ਵਾਲੇ ਅਤੇ ਉਸ ਨੂੰ ਬਣਾਉਣ ਵਾਲੇ ਦੀ ਦ੍ਰਿਸ਼ਟੀ ਬਰਾਬਰ ਉਚਾਈ ਦੀ ਹੁੰਦੀ ਹੈ। ਇੱਥੇ ਉਸ ਦਾ ਉਲੰਘਣ ਹੋਇਆ ਹੈ। ਗੁਰੂ ਜੀ ਦੇ ਸੀਸ ਉੱਪਰ ਕੇਸਰੀ-ਪੀਲੇ ਰੰਗ ਦੇ ਦਰਮਿਆਨ ਦੇ ਰੰਗ ਦਾ ਦੁਮਾਲਾ ਹੈ। ਇਸ ਦੇ ਥੱਲੇ ਨੀਲੇ ਰੰਗ ਦੀ ਕੇਸਕੀ ਹੈ, ਜੋ ਮੱਥੇ ’ਤੇ ਦਿਖਾਈ ਦੇ ਰਹੀ ਹੈ। ਦੁਮਾਲੇ ਦੇ ਪਿਛਲੇ ਪਾਸੇ ਫਰਲਾ ਹੈ। ਮੱਥੇ ਉਪਰ ਮੋਤੀਆਂ ਜੜ੍ਹਤ ਕਲਗੀ ਹੈ। ਆਲੇ ਦੁਆਲੇ ਲੋਹ-ਚੱਕਰ ਹਨ। ਇਹ ਤਲਵਾਰ ਦੇ ਵਾਰ ਨੂੰ ਰੋਕਣ, ਵੇਲਾ ਪੈਣ ’ਤੇ ਸ਼ਸਤਰ ਵਜੋਂ ਵਰਤੇ ਜਾਣ ਤੋਂ ਇਲਾਵਾ ਤਿਆਰ-ਬਰ-ਤਿਆਰ ਯੋਧੇ ਦੀ ਛਬਿ ਉਭਾਰਦੇ ਹਨ। ਚਿੱਤਰਕਾਰ ਨੇ ਚੱਕਰ ਸਜਾਵਟ ਵਜੋਂ ਹੀ ਨਹੀਂ ਬਣਾਏ, ਉਹ ਇਨ੍ਹਾਂ ਰਾਹੀਂ ਆਪਣੀ ਸੂਖਮ ਦ੍ਰਿਸ਼ਟੀ ਨੂੰ ਵੀ ਦਰਸਾ ਰਿਹਾ ਹੈ। ਚੱਕਰਾਂ ਦੇ ਆਸ-ਪਾਸ ਦੇ ਰੰਗਾਂ ਦਾ ਪਰਤੋ ਇਨ੍ਹਾਂ ਵਿੱਚ ਹਾਜ਼ਰ ਹੈ। ਇਹ ਪੱਖ ਚਿੱਤਰ ਵਿੱਚ ਸੋਹਜ ਸੰਚਾਰਦਾ ਹੈ।
ਗੁਰੂ ਜੀ ਦੀ ਦਸਤਾਰ ਚਿੱਤਰਕਾਰ ਆਪਣੀ ਇੱਛਾ ਅਨੁਰੂਪ ਬਣਾ ਰਿਹਾ ਹੈ। ਇਹ ਘੋਟਵੀਂ ਅਤੇ ਕੱਸਵੀਂ ਹੈ। ਤਤਕਾਲੀ ਸਰੋਤਾਂ ਤੋਂ ਗਿਆਤ ਹੁੰਦਾ ਹੈ ਕਿ ਦਸਤਾਰ ਸਜਾਉਣ ਦਾ ਤਰੀਕਾ ਉਸ ਵੇਲੇ ਇਸ ਤੋਂ ਭਿੰਨ ਸੀ। ਚਿਹਰੇ ਦੀ ਫੱਬਤ ਅਤੇ ਪ੍ਰਭਾਵ ਮੁੱਛਾਂ-ਦਾਹੜੀ ਸਦਕਾ ਹੈ, ਜੋ ਸੰਘਣੀ ਅਤੇ ਘੁੰਗਰਾਲੀ ਹੈ। ਇਹ ਨਾ ਵੱਡੀ ਤੇ ਨਾ ਛੋਟੀ ਹੈ। ਗੁਰੂ ਸਾਹਿਬ ਦੇ ਪਿੰਡੇ ਉੱਚੇ ਗਲਮੇ ਵਾਲਾ ਨੀਲੇ ਰੰਗ ਦਾ ਚੋਲਾ ਹੈ। ਗਲਮਾ ਕਢਾਈ ਨਾਲ ਸ਼ਿੰਗਾਰਿਆ ਹੈ, ਜੋ ਸੋਨ-ਰੰਗੀ ਹੈ। ਦੇਖਣ ਨੂੰ ਇਹ ਜ਼ਿਆਦਾ ਬਰੀਕ ਅਤੇ ਕੋਮਲ ਨਹੀਂ ਹੈ। ਇਸ ਤਸਵੀਰ ਵਿੱਚ ਸਿਰਫ਼ ਮੁੱਖ ਮੰਡਲ ਨੂੰ ਪ੍ਰਮੁੱਖਮਾ ਹਾਸਲ ਹੈ। ਇੱਥੋਂ ਤਕ ਕਿ ਛਾਤੀ ਨੂੰ ਵੀ ਪੂਰੀ ਤਰ੍ਹਾਂ ਚਿੱਤਰ ਦਾ ਅੰਗ ਨਹੀਂ ਬਣਾਇਆ ਗਿਆ। ਇਸੇ ਕਾਰਨ ਕਈ ਵਸਤਾਂ ਆਪਣੇ ਸੰਪੂਰਨ ਆਕਾਰ ਵਿੱਚ ਵਿਖਾਈ ਨਹੀਂ ਦਿੰਦੀਆਂ, ਜਿਵੇਂ ਗਲ ਪਈ ਮੋਤੀਆਂ ਦੀ ਮਾਲਾ ਜਾਂ ਮੋਢੇ ਰੱਖੀ ਕਮਾਨ। ਜੁਗਤ ਨਾਲ ਉੱਪਰੋਂ ਖੱਬੇ ਵੱਲੋਂ ਆ ਰਹੀ ਲੋਅ ਚਿਹਰੇ ਦੇ ਅੰਗ-ਅੰਸ਼ਾਂ ਨੂੰ ਪ੍ਰਕਾਸ਼ਿਤ ਕਰ ਰਹੀ ਹੈ। ਜਿੱਥੋਂ ਤਕ ਲੋਅ ਨਹੀਂ ਅੱਪੜ ਰਹੀ, ਉਹ ਹਿੱਸਾ ਪਹਿਲਾਂ ਦੀ ਤੁਲਨਾ ਵਿੱਚ ‘ਡਾਰਕ’ ਹੈ। ਗੁਰੂ ਜੀ ਦਾ ਮੁੱਖ ਮੰਡਲ, ਖੱਬੇ ਵੱਲ ਪ੍ਰਕਾਸ਼ਿਤ ਹੈ ਜਦੋਂਕਿ ਸੱਜੇ ਵੱਲ ਦਾ ਹਿੱਸਾ ਮੁਕਾਬਲਤਨ ਘੱਟ ਪ੍ਰਕਾਸ਼ਵਾਨ ਹੈ। ਲੋਅ ਸਦਕਾ ਚਿਹਰੇ ਦੀ ਬਣਾਵਟ ਅਤੇ ਸੁੰਦਰਤਾ ਉੱਭਰ ਰਹੀ ਹੈ। ਭਰਵੱਟੇ, ਪਲਕਾਂ ਦੀਆਂ ਝਿਮਨੀਆਂ ਨੂੰ ਵੀ ਕਲਾਕਾਰ ਨੇ ਰੀਝ ਨਾਲ ਬਣਾਇਆ ਹੈ। ਇਹੋ ਗੱਲ ਬੁੱਲਾਂ ਦੀ ਬਣਾਵਟ ਬਾਰੇ ਕਹਿ ਸਕਦੇ ਹਾਂ।
ਜ਼ਫ਼ਰਨਾਮੇ ਦੇ ਜਿਸ ਵਿਚਾਰ ਨੂੰ ਆਧਾਰ ਬਣਾ ਕੇ ਇਸ ਚਿੱਤਰ ਦੀ ਰਚਨਾ ਕੀਤੀ ਹੈ, ਉਸ ਦੀ ਤਰਜਮਾਨੀ ਅੱਖਾਂ ਰਾਹੀਂ ਕੀਤੇ ਜਾਣ ਦੀ ਕੋਸ਼ਿਸ਼ ਹੋਈ ਹੈ। ਉਨ੍ਹਾਂ ਦੇ ਦੇਖਣ ਦਾ ਅੰਦਾਜ਼ ਦੇਖਣ ਦੀ ਸਧਾਰਨ ਅਵਸਥਾ ਨੂੰ ਨਹੀਂ ਪ੍ਰਗਟਾਉਂਦਾ। ਤਿਰਛੀ ਨਜ਼ਰ ਦੀ ਜੱਦ ਵਿੱਚ ਕੋਈ ਦੁਨਿਆਵੀ ਵਸਤੂ ਨਹੀਂ ਹੈ। ਜਿਸ ਵਿੱਚ ਵੀ  ਉਹ ਸੇਧਤ ਹੈ, ਜਨ-ਸਧਾਰਨ ਦੀ ਪਹੁੰਚ ਜਾਂ ਪਕੜ ਤੋਂ ਪਰ੍ਹਾਂ ਹੈ। ਚਿਹਰਾ ਲਗਪਗ ਸ਼ਾਂਤ ਹੈ। ਮੱਥੇ ਉੱਪਰ ਕੋਈ ਤਿਊੜੀ ਨਹੀਂ, ਨਾ ਹੀ ਚਿਹਰੇ ਉੱਪਰ ਕੋਈ ਸ਼ਿਕਨ ਜਾਂ ਉਦਾਸੀ ਦਾ ਅਸਰ ਦਿਖਾਈ ਦਿੰਦਾ ਹੈ।  ਚਿਹਰਾ ਗੁੱਸੇ ਨਾਲ ਲਾਲ ਨਹੀਂ। ਅੱਖਾਂ ਵਿੱਚ ਲਹੂ ਨਹੀਂ ਉਤਰਿਆ ਹੋਇਆ। ਗੱਲਾਂ ਦੀ ਲਾਲਿਮਾ ਜ਼ਿਆਦਾ ਲੱਗ ਸਕਦੀ ਹੈ ਪਰ ਇਹ ਸਹਿਣਯੋਗ ਹੈ। ਜੋ ਵੀ ਬਣ-ਮਿਟ ਰਿਹਾ ਹੈ, ਉਹ ਅੰਦਰ ਹੈ, ਉਸ ਦਾ ਬਾਹਰੀ ਦਿਖਾਵਾ ਕਿਤੇ ਨਹੀਂ। ਇਹ ਚਿੱਤਰ ਦੀ ਤਾਕਤ ਹੈ।
ਮਨੋਬਣਤਰ ਦੇ ਅਨੁਕੂਲ ਬਾਣੀ ਰਚਨਾ ਅਤੇ ਉਸੇ ਅਨੁਸਾਰ ਸ਼ਸਤਰਾਂ ਦੀ ਹਰਦਮ ਮੌਜੂਦਗੀ, ਇਹ ਸੂਰਮੇ ਦਾ ਲੱਛਣ ਹੈ। ਇੱਕ ਨੂੰ ਦੂਜੇ ਤੋਂ ਪਰ੍ਹਾਂ ਨਹੀਂ ਕੀਤਾ ਜਾ ਸਕਦਾ। ਗੁਰੂ ਸਾਹਿਬ ਪਾਸ ਸ਼ਸਤਰਾਂ ਦੀ ਹਾਜ਼ਰੀ ਉਨ੍ਹਾਂ ਦੇ ਵਿਚਾਰ ਦਾ ਵਿਸਥਾਰ ਹੈ। ਸ਼ਸਤਰ ਰੂਪ ਵਿੱਚ ਗੁਰੂ ਜੀ ਕੋਲ ਚੱਕ, ਤੀਰ-ਕਮਾਣ ਅਤੇ ਕ੍ਰਿਪਾਨ ਹੈ। ਚੱਕਰਾਂ ਨੂੰ ਛੱਡ ਹੋਰ ਸਭ ਸ਼ਸਤਰ ਆਪਣੇ ਹੋਣ ਦਾ ਸੰਕੇਤ ਦਿੰਦੇ ਹਨ। ਤੀਰ ਭੱਥੇ ਵਿੱਚ ਪਏ ਹਨ ਪਰ ਭੱਥਾ ਦਿਖਦਾ ਨਹੀਂ। ਕ੍ਰਿਪਾਨ ਦਾ ਲਾਲ ਰੰਗ ਦਾ ਗਾਤਰਾ ਤਾਂ ਦਿਖਦਾ ਹੈ, ਪਰ ਕ੍ਰਿਪਾਨ ਨਜ਼ਰਾਂ ਤੋਂ ਪਰ੍ਹਾਂ ਹੈ। ਇਨ੍ਹਾਂ ਸ਼ਸਤਰਾਂ ਦੀ ਵਰਤੋਂ ਨਿੱਜ ਅਤੇ ਪਰ ਦੀ ਰੱਖਿਆ ਲਈ ਕੀਤੀ ਜਾਂਦੀ, ਹਮਲੇ ਜਾਂ ਕਿਸੇ ਨੂੰ ਡਰਾਉਣ ਵਾਸਤੇ ਨਹੀਂ, ਇਹ ਸਿੱਖੀ ਸਿਧਾਂਤ ਚੱਲਿਆ ਆ ਰਿਹਾ ਹੈ। ਗੁਰੂ ਗੋਬਿੰਦ ਸਿੰਘ ਨੇ ਇਸ ਵਿਚਾਰ ਨੂੰ ਆਪਣੀ ਬਾਣੀ ਵਿੱਚ ਦ੍ਰਿੜ੍ਹਾਇਆ ਹੈ।
ਰਾਜਸੀ ਠਾਠ-ਬਾਠ ਤੇ ਮਹਾਰਾਜਿਆਂ ਨੂੰ ਦਰਸਾਉਣ ਵਾਸਤੇ ਜਿਸ ਕਲਗੀ ਨੂੰ ਤਾਜ ਉੱਪਰ ਲਾਇਆ ਜਾਂਦਾ ਹੈ, ਉਹ ਸਿੱਧੀ ਅਤੇ ਉੱਚੀ ਹੁੰਦੀ ਸੀ। ਚਿੱਤਰ ਵਿੱਚ ਗੁਰੂ ਜੀ ਦੀ ਦਸਤਾਰ ਨਾਲ ਲੱਗੀ ਕਲਗੀ ਸਿੱਧੀ ਅਤੇ ਉੱਚੀ ਹੈ। ਇੰਜ ਚਿੱਤਰਕਾਰ ਗੁਰੂ ਗੋਬਿੰਦ ਸਿੰਘ ਨੂੰ ਰਾਜਿਆਂ ਵਜੋਂ ਚਿਤਰ ਰਿਹਾ ਹੈ।
ਸ਼ਿੰਗਾਰ ਵਜੋਂ ਦੂਜੀ ਵਸਤੂ ਮਹਿੰਗੇ ਮੋਤੀਆਂ ਦੀਆਂ ਗਲ ਪਈਆਂ ਮਾਲਾਵਾਂ ਹਨ। ਚਿੱਤਰ ਇਹ ਨਹੀਂ ਦੱਸਦਾ ਕਿ ਮਾਲਾਵਾਂ ਦੇ ਮਣਕੇ ਕਿਹੜੇ ਪੱਧਰ ਦੇ ਹਨ ਕਿਉਂਕਿ ਸਭ ਇੱਕ ਰੰਗੀ ਹਨ। ਇਹ ਪਹੁੰਚ ਵੀ ਗੁਰੂ ਜੀ ਦੀ ਸਾਦਗੀ ਦਾ ਅੰਗ ਹੈ। ਉਹ ਮਹਾਰਾਜੇ ਹਨ ਪਰ ਆਤਮ ਸੰਜਮੀ। ਚਿੱਤਰਕਾਰ ਸਾਰੇ ਚਿੱਤਰ ਨੂੰ ਇਕਸਾਰ ਨਹੀਂ ਬਣਾ ਰਿਹਾ। ਇਹ ਬਲ-ਅਬਲ ਦੀ ਪ੍ਰਕਿਰਿਆ ਰਾਹੀਂ ਗੁਜ਼ਰਿਆ ਲੱਗਦਾ ਹੈ। ਬਲ, ਦਸਤਾਰ ਅਤੇ ਚਿਹਰੇ ਉੱਪਰ ਹੈ। ਇਸ ਭਾਗ ਨੂੰ ਸੂਖਮਤਾ ਨਾਲ ਬਣਾਇਆ ਹੈ। ਐਪਰ ਇਹ ਸੂਖਮਤਾ ਉਹੋ ਜਿਹੀ ਨਹੀਂ ਜੋ ਪੱਛਮ ਦੇ ਚੰਗੇ ਚਿਤੇਰਿਆਂ ਦੇ ਕੰਮ ਵਿੱਚੋਂ ਦਿਖਦੀ ਹੈ।
ਪਿਛੋਕੜ ਤੋਂ ਸਰੀਰ ਨੂੰ ਵੱਖ ਕਰਨ ਦਾ ਤਰੀਕਾ, ਨੀਲੇ ਚੋਲੇ ਦੀ ਬਣਤਰ, ਭੱਥੇ ਵਿੱਚ ਪਏ ਤੀਰਾਂ ਨੂੰ ਦਰਸਾਉਣ ਵੇਲੇ ਚਿਤੇਰਾ ਅਬਲ ਪਹੁੰਚ ਅਪਣਾਉਂਦਾ ਹੈ। ਬੁਰਸ਼-ਛੋਹਾਂ ਸਪੱਸ਼ਟ, ਸਟੀਕ ਨਹੀਂ। ਚਿੱਤਰ ਦਾ ਚੌਗਿਰਦਾ ਵੀ ਕਿਸੇ ਵੇਲੇ ਚਿੱਤਰ ਨੂੰ ਵੱਖਰਾਪਨ ਦਿੰਦਾ ਹੈ। ਇੱਥੋਂ ਦਾ ਚੌਗਿਰਦਾ ਉਜਲਾ ਨਹੀਂ। ਚਿਤੇਰਾ ਰੰਗਾਂ ਦੀ ਮਦਦ ਨਾਲ ਦਬਵਾਂ ਮਾਹੌਲ ਰਚਦਾ ਹੈ। ਉਸ ਦਾ ਇਸ਼ਟ ਦੇਵ ਉਸ ਵਿੱਚੋਂ ਪ੍ਰਕਾਸ਼ਿਤ ਹੁੰਦਾ ਹੈ। ਅਜਿਹੇ ਗਹਿਰੇ ਵਾਤਾਵਰਨ ਵਾਲਾ ਸਾਡੇ ਪਾਸ ਹੋਰ ਕੋਈ ਚਿੱਤਰ ਨਹੀਂ। ਖ਼ੁਦ ਸੋਭਾ ਸਿੰਘ ਨੇ ਇਸ ਦਾ ਦੁਹਰਾਅ ਨਹੀਂ ਕੀਤਾ। ਗੁਰੂ ਜੀ ਦੇ ਸੀਸ ਪਿੱਛੇ ਹਲਕੇ ਰੰਗ ਦਾ ਦਾਇਰਾ ਹੈ, ਜੋ ‘ਹਾਲਾ’ ਦਾ ਸੂਚਕ ਹੈ।

ਸੰਪਰਕ: 98990-91186


Comments Off on ਚਿੱਤਰ ਗੁਰੂ ਗੋਬਿੰਦ ਸਿੰਘ: ਇਕ ਅੰਦਾਜ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.