ਬਾਬਰੀ ਮਸਜਿਦ ਕੇਸ: ਚਸ਼ਮਦੀਦ ਗਵਾਹ ਦੀ ਮੌਤ !    ਅਮਰੀਕਾ: ਸਿੱਖ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ !    ਮੁਕਾਬਲੇ ਵਾਲੀਆਂ ਥਾਵਾਂ ’ਤੇ ਆ ਕੇ ‘ਖ਼ੁਦਕੁਸ਼ੀ’ ਨਾ ਕਰਨ ਨੌਜਵਾਨ: ਵੈਦ !    ਬੰਗਲਾਦੇਸ਼: ਖ਼ੁਦਕੁਸ਼ ਹਮਲੇ ’ਚ ਪਰਿਵਾਰ ਦੇ 8 ਜੀਅ ਮਰੇ !    ਭੇਤਭਰੀ ਹਾਲਤ ਵਿੱਚ ਚੱਲੀ ਗੋਲੀ; ਮੁਲਾਜ਼ਮ ਜ਼ਖਮੀ !    ਬਦਨੌਰ ਵੱਲੋਂ ਸੈਨਿਕ ਬੋਰਡ ਨਾਲ ਮੀਟਿੰਗ !    ਯੂਨੀਵਰਸਿਟੀਆਂ ਦੀ ਭੂਮਿਕਾ ਨੂੰ ਪੁਨਰ ਪ੍ਰਭਾਸ਼ਿਤ ਕਰਨ ਦੀ ਲੋੜ: ਅਪੂਰਵਾਨੰਦ !    ਧੋਖਾਧੜੀ ਕਰਨ ਵਾਲੇ ਬਿਲਡਰਾਂ ਦੀ ਗ੍ਰਿਫ਼ਤਾਰੀ ਲਈ ਲੋਕਾਂ ਤੋਂ ਮੰਗਿਆ ਸਹਿਯੋਗ !    ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿੱਚ ਕਸੂਤੇ ਘਿਰੇ ਕੌਂਸਲ ਅਧਿਕਾਰੀ !    ਬੱਚਿਆਂ ਦੇ ਰਿਪੋਰਟ ਕਾਰਡ ਨਾ ਦੇਣ ਕਾਰਨ ਸਕੂਲ ਅੱਗੇ ਧਰਨਾ !    

ਚੋਣ ਚੰਦੇ ’ਤੇ ਮੋਦੀ ਦੀ ‘ਗੰਭੀਰਤਾ’

Posted On January - 8 - 2017

ਸਿਆਸੀ ਪਾਰਟੀਆਂ ਵੱਲੋਂ ਲਏ ਜਾਂਦੇ ਚੋਣ ਚੰਦੇ ਨੂੰ ਪਾਰਦਰਸ਼ੀ ਬਣਾਏ ਜਾਣ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਦਿਖਾਈ ਜਾ ਰਹੀ ਦਿਲਚਸਪੀ ਅਮਲੀ ਰੂਪ ਵਿੱਚ ‘ਹਾਥੀ ਦੇ ਦੰਦ ਖਾਣ ਦੇ ਹੋਰ, ਦਿਖਾਉਣ ਦੇ ਹੋਰ’ ਵਾਲੀ ਹੀ ਜਾਪਦੀ ਹੈ। ਪਹਿਲਾਂ ਨਵੇਂ ਸਾਲ ਦੀ ਪੂਰਵ ਸੰਧਿਆ ਮੌਕੇ ਅਤੇ ਫਿਰ ਲਖਨਊ ਵਿੱਚ ਭਾਜਪਾ ਦੀ ਮਹਾ ਰੈਲੀ ਦੌਰਾਨ ਉਨ੍ਹਾਂ ਨੋਟਬੰਦੀ ਦਾ ਵਿਰੋਧ ਕਰ ਰਹੀਆਂ ਪਾਰਟੀਆਂ ’ਤੇ ਤਿੱਖੀਆਂ ਚੋਟਾਂ ਕਰਦਿਆਂ ਪਾਰਟੀਆਂ ਵੱਲੋਂ ਲਏ ਜਾਂਦੇ ਚੋਣ ਫੰਡਾਂ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਏ ਜਾਣ ਦੀ ਵਕਾਲਤ ਕੀਤੀ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਵੀ ਸਿਆਸੀ ਪਾਰਟੀਆਂ ਨੂੰ 20 ਹਜ਼ਾਰ ਦੀ ਬਜਾਇ ਦੋ ਹਜ਼ਾਰ ਤੋਂ ਵੱਧ ਲਏ ਜਾਣ ਵਾਲੇ ਚੋਣ ਚੰਦੇ ਦਾ ਸਰੋਤ ਦੱਸਣ ਦੀ ਤਾਕੀਦ ਕੀਤੀ ਹੈ। ਚੋਣ ਕਮਿਸ਼ਨ ਨੇ ਉਮੀਦਵਾਰਾਂ ਵੱਲੋਂ ਸੰਪਤੀ ਸਬੰਧੀ ਦਾਇਰ ਕੀਤੇ ਜਾਂਦੇ ਹਲਫ਼ਨਾਮਿਆਂ ਵਿੱਚ ਆਪਣੀ, ਪਤਨੀ ਅਤੇ ਤਿੰਨ ਆਸ਼ਰਿਤਾਂ ਦੀ ਆਮਦਨ ਦੇ ਵਸੀਲਿਆਂ ਦਾ ਖ਼ੁਲਾਸਾ ਕਰਨ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ ਹੈ ਪਰ ਸਿਵਾਏ ਜਨਤਾ ਦਲ (ਯੂ) ਤੋਂ, ਭਾਜਪਾ ਸਮੇਤ ਕਿਸੇ ਵੀ ਪਾਰਟੀ ਨੇ ਕਮਿਸ਼ਨ ਦੀਆਂ ਇਨ੍ਹਾਂ ਤਰਜੀਹਾਂ ਵੱਲ ਕੋਈ ਹਾਂਦਰੂ ਹੁੰਗਾਰਾ ਨਹੀਂ ਭਰਿਆ। ਇਸ ਤੋਂ ਸਾਫ਼ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਸਿਆਸੀ ਪਾਰਟੀਆਂ ਵੱਲੋਂ ਚੋਣ ਚੰਦੇ ਵਿੱਚ ਪਾਰਦਰਸ਼ਤਾ ਲਿਆਉਣ ਲਈ ਕੀਤੀ ਜਾ ਰਹੀ ਬਿਆਨਬਾਜ਼ੀ ਲੋਕਾਂ ਨੂੰ ਗੁਮਰਾਹ ਕਰਨ ਤੋਂ ਵੱਧ ਕੁਝ ਨਹੀਂ।
ਸਿਆਸੀ ਪਾਰਟੀਆਂ ਭਾਵੇਂ ਚੋਣ ਚੰਦੇ ਵਿੱਚ ਪਾਰਦਰਸ਼ਤਾ ਸਮੇਤ ਕਈ ਹੋਰ ਅਹਿਮ ਚੋਣ ਸੁਧਾਰਾਂ ਤੋਂ ਫ਼ਿਲਹਾਲ ਪਾਸਾ ਵੱਟ ਰਹੀਆਂ ਹਨ ਪਰ ਵਧ ਰਹੀ ਜਨ ਚੇਤਨਾ ਤੋਂ ਜਾਪਦਾ ਹੈ ਕਿ ਭਵਿੱਖ ਵਿੱਚ ਇਨ੍ਹਾਂ ਨੂੰ ਇਹ ਤਜਵੀਜ਼ਾਂ ਮੰਨਣ ਲਈ ਮਜਬੂਰ ਹੋਣਾ ਹੀ ਪਵੇਗਾ। ਦਰਅਸਲ, ਭਾਰਤੀ ਜਮਹੂਰੀਅਤ ਨੂੰ ਧਨੀਆਂ, ਬਾਹੂਬਲੀਆਂ ਤੇ ਗ਼ੈਰ-ਸਮਾਜੀ ਅਪਰਾਧੀ ਤੱਤਾਂ ਨੇ ਉਧਾਲ ਰੱਖਿਆ ਹੈ। ਇਸ ਵਰਤਾਰੇ ਕਾਰਨ ਆਮ ਆਦਮੀ ਚੁਣੇ ਜਾਣ ਤਾਂ ਕੀ, ਵੋਟਾਂ ਵਿੱਚ ਖੜ੍ਹਾ ਹੋਣ ਦਾ ਵੀ ਸੁਪਨਾ ਨਹੀਂ ਲੈ ਸਕਦਾ। ਵੱਡੇ-ਵੱਡੇ ਪੂੰਜੀਪਤੀਆਂ ਵੱਲੋਂ ਸਿਆਸੀ ਪਾਰਟੀਆਂ ਨੂੰ ਚੋਣਾਂ ਜਿੱਤਣ ਲਈ ਦਿੱਤੀ ਜਾਂਦੀ ਵੱਡੀ ਮਾਤਰਾ ਵਿੱਚ ਪੂੰਜੀ, ਬਾਅਦ ਵਿੱਚ ਸੱਤਾਧਾਰੀਆਂ ਨੂੰ ਉਨ੍ਹਾਂ ਦੇ ਹਿੱਤਾਂ ਦੀ ਰਖਵਾਲੀ ਅਤੇ ਤਰਜਮਾਨੀ ਕਰਨ ਲਈ ਮਜਬੂਰ ਤੇ ਪਾਬੰਦ ਕਰਦੀ ਹੈ। ਇਸੇ ਤਰ੍ਹਾਂ ਚੋਣਾਂ ਸਮੇਂ ਬਾਹੂਬਲੀਆਂ ਅਤੇ ਅਤੇ ਗ਼ੈਰ-ਸਮਾਜੀ ਅਪਰਾਧੀ ਤੱਤਾਂ ਵੱਲੋਂ ਜਿਨ੍ਹਾਂ ਪਾਰਟੀਆਂ ਜਾਂ ਉਮੀਦਵਾਰਾਂ ਲਈ ਵੋਟਰਾਂ ਨੂੰ ਡਰਾ-ਧਮਕਾ ਕੇ ਵੋਟਾਂ ਪਵਾਈਆਂ ਜਾਂਦੀਆਂ ਹਨ; ਉਹ ਸੱਤਾ ਵਿੱਚ ਆਉਣ ’ਤੇ ਉਨ੍ਹਾਂ ਦਾ ਹੀ ਪੱਖ ਪੂਰਦੇ ਹਨ। ਇਸ ਤਰ੍ਹਾਂ ਮੌਜੂਦਾ ਲੋਕਰਾਜ ਧਨੀਆਂ, ਬਾਹੂਬਰਲੀਆਂ, ਅਪਰਾਧਿਕ ਤੱਤਾਂ ਅਤੇ ਸਿਆਸੀ ਨੇਤਾਵਾਂ ਦਾ ਗੱਠਜੋੜ ਹੋ ਨਿਬੜਿਆ ਹੈ ਅਤੇ ਇਸ ਵਿੱਚੋਂ ਜਮਹੂਰੀਅਤ ਮਨਫ਼ੀ ਹੋ ਚੁੱਕੀ ਹੈ। ਇਸ ਸੰਦਰਭ ਵਿੱਚ ਸਿਆਸੀ ਪਾਰਟੀਆਂ ਵੱਲੋਂ ਲਏ ਜਾਂਦੇ ਚੋਣ ਚੰਦੇ, ਉਮੀਦਵਾਰਾਂ ਦੇ ਆਮਦਨ ਸਰੋਤ, ਧਰਮ, ਜਾਤ ਅਤੇ ਫ਼ਿਰਕਿਆਂ ਦੇ ਨਾਂ ’ਤੇ ਵੋਟ ਮੰਗਣ, ਨਸ਼ਿਆਂ ਦੀ ਵਰਤੋਂ, ਅਪਰਾਧੀਆਂ ਦੇ ਚੋਣ ਲੜਨ ’ਤੇ ਪਾਬੰਦੀ, ਚੋਣ ਮੈਨੀਫੈਸਟੋ ਨੂੰ ਕਾਨੂੰਨ ਦੇ ਦਾਇਰੇ ਵਿੱਚ ਲਿਆਉਣ ਸਮੇਤ ਕਈ ਹੋਰ ਚੋਣ ਸੁਧਾਰਾਂ ਨੂੰ ਚੋਣ ਮੁੱਦੇ ਬਣਾਏ ਜਾਣ ਦੀ ਜ਼ਰੂਰਤ ਹੈ।
ਜਮਹੂਰੀਅਤ ਨੂੰ ਸਹੀ ਮਾਅਨਿਆਂ ਵਿੱਚ ਮਜ਼ਬੂਤ ਅਤੇ ਲੋਕ-ਪੱਖੀ ਬਣਾਉਣ ਲਈ ਚੋਣ ਕਮਿਸ਼ਨ ਅਤੇ ਸੁਪਰੀਮ ਕੋਰਟ ਨੇ ਪਿਛਲੇ ਕੁਝ ਸਮੇਂ ਦੌਰਾਨ ਚੋਣ ਸੁਧਾਰਾਂ ਵੱਲ ਕੁਝ ਪਹਿਲਕਦਮੀ ਕੀਤੀ ਹੈ ਪਰ ਬੁਨਿਆਦੀ ਸੁਧਾਰ ਕੇਵਲ ਲੋਕ ਪ੍ਰਤੀਨਿਧਤਾ ਕਾਨੂੰਨ ਵਿੱਚ ਸੋਧਾਂ ਕਰਨ ਨਾਲ ਹੀ ਸੰਭਵ ਹਨ। ਜੇ ਪ੍ਰਧਾਨ ਮੰਤਰੀ ਸੱਚਮੁੱਚ ਹੀ ਇਨ੍ਹਾਂ ਸੁਧਾਰਾਂ ਪ੍ਰਤੀ ਗੰਭੀਰ ਹਨ ਤਾਂ ਉਹ ਹੁਣ ਤਕ ਸੰਸਦ ਵਿੱਚ ਇਹ ਸੋਧ ਬਿਲ ਕਿਉਂ ਨਹੀਂ ਲੈ ਕੇ ਆਏ? ਭਾਜਪਾ ਨੇ ਆਪਣੇ ਚੋਣ ਫੰਡ ਦੇ ਵੇਰਵੇ ਜਨਤਕ ਕਿਉਂ ਨਹੀਂ ਕੀਤੇ? ਲੋਕਾਂ ਨੂੰ ਸਾਰਾ ਲੈਣ-ਦੇਣ ਨੋਟਾਂ ਦੀ ਥਾਂ ਡਿਜੀਟਲ ਢੰਗ ਤਰੀਕਿਆਂ ਨਾਲ ਕਰਨ ਦਾ ਉਪਦੇਸ਼ ਦੇਣ ਵਾਲੇ ਮੋਦੀ ਜੀ ਭਾਜਪਾ ਦੇ ਚੋਣ ਫੰਡ ਲਈ ਡਿਜੀਟਲ ਲੈਣ-ਦੇਣ ਤੋਂ ਕਿਉਂ ਮੁਨਕਰ ਹਨ? ਹੋਰ ਤਾਂ ਹੋਰ, ਭਾਜਪਾ ਸਮੇਤ ਸਾਰੀਆਂ ਪ੍ਰਮੁੱਖ ਪਾਰਟੀਆਂ ਸੂਚਨਾ ਦਾ ਅਧਿਕਾਰ ਕਾਨੂੰਨ ਹੇਠ ਆਉਣ ਤੋਂ ਵੀ ਮੁਨਕਰ ਹਨ। ਇਸ ਤੋਂ ਸਪਸ਼ਟ ਹੈ ਕਿ ਪ੍ਰਧਾਨ ਮੰਤਰੀ ਅਤੇ ਭਾਜਪਾ ਸਮੇਤ ਸਾਰੀਆਂ ਪ੍ਰਮੁੱਖ ਪਾਰਟੀਆਂ ਚੋਣਾਂ ਮੌਕੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਚੋਣ ਸੁਧਾਰਾਂ ਦੇ ਮੁੱਦੇ ਨੂੰ ਮਲਵੀਂ ਜੀਭ ਨਾਲ ਉਠਾਉਣ ਲਈ ਮਜਬੂਰ ਤਾਂ ਹਨ ਪਰ ਉਹ ਇਨ੍ਹਾਂ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਲਈ ਭੋਰਾ ਭਰ ਵੀ ਗੰਭੀਰ ਨਹੀਂ ਹਨ। ਧਨੀਆਂ, ਬਾਹੂਬਲੀਆਂ ਤੇ ਅਪਰਾਧਿਕ ਤੱਤਾਂ ਤੋਂ ਭਾਰਤੀ ਜਮਹੂਰੀਅਤ ਨੂੰ ਮੁਕਤ ਕਰਨ ਲਈ ਵਿਆਪਕ ਲੋਕ-ਪੱਖੀ ਚੋਣ ਸੁਧਾਰ ਅੱਜ ਦੇ ਸਮੇਂ ਦੀ ਅਹਿਮ ਲੋੜ ਹੈ। ਚੋਣ ਕਮਿਸ਼ਨ ਅਤੇ ਸੁਪਰੀਮ ਕੋਰਟ ਤੋਂ ਇਲਾਵਾ ਜਨਚੇਤਨਾ ਹੀ ਸਿਆਸੀ ਪਾਰਟੀਆਂ ਨੂੰ ਚੋਣ ਸੁਧਾਰਾਂ ਲਈ ਮਜਬੂਰ ਕਰ ਸਕਦੀ ਹੈ।


Comments Off on ਚੋਣ ਚੰਦੇ ’ਤੇ ਮੋਦੀ ਦੀ ‘ਗੰਭੀਰਤਾ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.