ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਤਖ਼ਤੂਪੁਰਾ: ਇਸ ਵਾਰ ਮਾਘੀ ਮੇਲੇ ਦਾ ਦਿਖੇਗਾ ਪੁਰਾਤਨ ਰੰਗ-ਢੰਗ

Posted On January - 10 - 2017

11001CD _TAKHTUPURAਮਾਘੀ ਦੇ ਪ੍ਰਸੰਗ ਵਿੱਚ

ਮਹਿੰਦਰ ਸਿੰਘ ਰੱਤੀਆਂ

ਪੰਜਾਬ ਵਿੱਚ ਚੋਣ ਜ਼ਾਬਤਾ ਹੋਣ ਕਾਰਨ ਇਸ ਵਾਰ ਤਿੰਨ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਧਰਤੀ ਤਖ਼ਤੂਪੁਰਾ ਵਿੱਚ  ਮਾਘੀ ਮੇਲੇ ਮੌਕੇ ਸਿਆਸੀ ਕਾਨਫ਼ਰੰਸਾਂ ’ਚ ਹੁੰਦੀ ਦੂਸ਼ਣਬਾਜ਼ੀ ਅਤੇ ਸ਼ੋਰ-ਸ਼ਰਾਬਾ ਸੁਣਾਈ ਨਹੀਂ ਦੇਵੇਗਾ, ਸਗੋਂ ਇਸ ਮੇਲੇ ਮੌਕੇ ਪੁਰਾਤਨ ਰੰਗ ਢੰਗ ਦੇਖਣ ਨੂੰ ਮਿਲੇਗਾ। ਜ਼ਿਲ੍ਹਾ ਪ੍ਰਸ਼ਾਸਨ ਨੇ 5 ਦਿਨ 13 ਤੋਂ 17 ਜਨਵਰੀ ਤਕ ਚੱਲਣ ਵਾਲੇ ਜੋੜ ਮੇਲੇ ਲਈ ਪੁਖ਼ਤਾ ਪ੍ਰਬੰਧ ਕੀਤੇ ਹਨ।
ਇਹ  ਇਤਿਹਾਸਕ ਪਿੰਡ  ਤਖ਼ਤੂਪੁਰਾ ਮੋਗਾ ਤੋਂ ਤਕਰੀਬਨ 40 ਕਿਲੋਮੀਟਰ ਅਤੇ ਨਿਹਾਲ ਸਿੰਘ ਵਾਲਾ ਤੋਂ ਤਕਰੀਬਨ 10 ਕਿਲੋਮੀਟਰ ਦੀ ਵਿੱਥ ’ਤੇ ਘੁੱਗ ਵਸਦਾ ਹੈ। ਇੱਥੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ, ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਅਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਾਹਿਬ ਨੇ ਆਪਣੇ ਮੁਬਾਰਕ ਚਰਨ ਪਾਏ ਅਤੇ ਇਸ ਧਰਤੀ ਨੂੰ ਭਾਗ ਲਾਏ। ਇਨ੍ਹਾਂ ਤਿੰਨ ਗੁਰੂ ਸਾਹਿਬਾਨ ਦੀ ਯਾਦ ਵਿੱਚ ਇੱਥੇ ਗੁਰਦੁਆਰਾ ਗੁਰੂ ਨਾਨਕ ਦੇਵ, ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਤੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਸੁਸ਼ੋਭਿਤ ਹਨ। ਇੱਥੇ ਮੱਸਿਆ ਤੋਂ ਇਲਾਵਾ ਮਾਘੀ ਤੇ ਵਿਸਾਖੀ ਮੌਕੇ ਭਾਰੀ ਜੋੜ ਮੇਲਾ ਲੱਗਦਾ ਹੈ। ਇਸ ਮੌਕੇ ਲੱਖਾਂ ਦੀ ਗਿਣਤੀ ਵਿੱਚ ਦੇਸ-ਵਿਦੇਸ਼ਾਂ ਤੋਂ ਸੰਗਤਾਂ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਅਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਪੁੱਜਦੀਆਂ ਹਨ।
ਮੁਕਤਸਰ ਵਿੱਚ ਮਾਘੀ ਮੌਕੇ ਸਿਆਸੀ ਪਾਰਟੀਆਂ ਵੱਲੋਂ ਕਾਨਫ਼ਰੰਸਾਂ ਬਾਅਦ ਅਗਲੇ ਦਿਨ ਇੱਥੇ ਵੀ ਵੱਡੀਆਂ ਸਿਆਸੀ ਕਾਨਫ਼ਰੰਸਾਂ ਕੀਤੀਆਂ ਜਾਂਦੀਆਂ ਹਨ ਪਰ ਇਸ ਵਾਰ ਚੋਣ ਜ਼ਾਬਤਾ ਹੋਣ ਕਾਰਨ ਕਾਨਫ਼ਰੰਸਾਂ ਵਿੱਚ ਹੁੰਦੀ ਦੂਸ਼ਣਬਾਜ਼ੀ ਅਤੇ ਸ਼ੋਰ-ਸ਼ਰਾਬੇ ਤੋਂ ਰਾਹਤ ਰਹੇਗੀ।
ਗੁਰੂ ਗੋਬਿੰਦ ਸਿੰਘ ਜੀ ਰਾਏਕੋਟ, ਲੰਮੇ ਜੱਟਪੁਰਾ ਅਤੇ ਚਕਰ ਆਦਿ ਸਥਾਨਾਂ ਤੋਂ ਹੁੰਦੇ ਹੋਏ ਇਸ ਪਿੰਡ ਵਿੱਚ ਪੁੱਜੇ ਸਨ। ਇਤਿਹਾਸ ਮੁਤਾਬਿਕ ਉਨ੍ਹਾਂ ਦੇ ਘੋੜੇ ਨੂੰ ਪਿਆਸ ਲੱਗੀ ਤਾਂ ਘੋੜੇ ਨੇ ਸੁੰਮ ਮਾਰ ਕੇ ਪਾਣੀ ਕੱਢਿਆ ਅਤੇ ਸਰੋਵਰ ਪ੍ਰਗਟ ਕੀਤਾ। ਇਸ ਸਰੋਵਰ ਵਿੱਚ ਗੁਰੂ ਜੀ ਨੇ ਸਣੇ ਘੋੜੇ ਇਸ਼ਨਾਨ ਕੀਤਾ ਅਤੇ ਨਾਲ ਦੇ ਸਿੰਘਾਂ ਸਮੇਤ ਜਲ ਛਕਿਆ। ਇੱਥੋਂ ਗੁਰੂ ਜੀ ਪਾਕਾ ਸਾਹਿਬ ਪਿੰਡ ਮਧੇ-ਕੇ ਹੁੰਦੇ ਹੋਏ ਦੀਨਾਂ ਸਾਹਿਬ ਪੁੱਜੇ, ਜਿਥੇ ਉਨ੍ਹਾਂ ਜ਼ਫ਼ਰਨਾਮਾ ਲਿਖਿਆ। ਇੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਨੂੰ ਦਰਸਾਉਂਦਾ ਗੁਰਦੁਆਰਾ ਬਣਿਆ ਹੋਇਆ ਹੈ। ਸਿੱਖ ਪੰਥ ਦੇ ਉੱਘੇ ਜਰਨੈਲ ਬਘੇਲ ਸਿੰਘ ਨੇ ਦਿੱਲੀ ਫ਼ਤਹਿ ਕਰਨ ਤੋਂ ਬਾਅਦ ਇੱਥੇ ਇੱਕ ਖੂਹ ਲਵਾਇਆ ਸੀ, ਜੋ ਅੱਜ ਵੀ ਮੌਜੂਦ ਹੈ। ਇਨ੍ਹਾਂ ਗੁਰਦੁਆਰਿਆਂ ਦੇ ਨਾਮ ਕਾਫ਼ੀ ਜਾਇਦਾਦ ਹੈ ਅਤੇ ਇਨ੍ਹਾਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਅਧੀਨ ਲੋਕਲ ਕਮੇਟੀ ਵੱਲੋਂ ਚਲਾਇਆ ਜਾ ਰਿਹਾ ਹੈ।
ਇਤਿਹਾਸਕਾਰਾਂ ਅਨੁਸਾਰ ਗਰੂ ਨਾਨਕ ਦੇਵ ਜੀ ਆਪਣੀ ਦੂਜੀ ਉਦਾਸੀ ਸਮੇਂ ਸੁਲਤਾਨਪੁਰ ਤੋਂ ਧਰਮਕੋਟ, ਤਖ਼ਤੂਪੁਰਾ, ਮੱਤੇ ਦੀ ਸਰਾਂ, ਬਠਿੰਡਾ, ਸਿਰਸਾ, ਬੀਕਾਨੇਰ, ਅਜਮੇਰ ਅਤੇ ਰਾਜਪੁਤਾਨੇ ਵਿੱਚੋਂ ਹੁੰਦੇ ਹੋਏ ਸੰਗਲਾਦੀਪ ਤਕ ਗਏ। ਇਸੇ ਦੌਰਾਨ ਗੁਰੂ ਜੀ ਤਖ਼ਤੂਪੁਰਾ ਵਿੱਚ ਰੁਕੇ। ਇੱਥੇ ਇੱਕ ਝਿੜੀ ਸੀ, ਜਿਸ ਵਿੱਚ ਭਰਥਰੀ ਅਤੇ ਗੋਪੀ ਚੰਦ ਤੋਂ ਇਲਾਵਾ ਹੋਰ ਬਹੁਤ ਸਾਰੇ ਸਾਧੂ ਤਪੱਸਿਆ ਕਰਦੇ ਸਨ। ਮਿੱਥ ਅਨੁਸਾਰ ਗੁਰੂ ਨਾਨਕ ਦੇਵ ਜੀ ਜੋਗੀਆਂ ਕੋਲ ਸੁਮੇਰ ਪਰਬਤ ’ਤੇ ਗਏ ਤਾਂ ਉਥੇ ਭਰਥਰੀ ਨੂੰ ਦੱਸਿਆ ਕਿ ਉਸ ਦਾ ਸੰਯੋਗ ਜੂਨਾਗੜ੍ਹ ਦੀ ਰਾਜਕੁਮਾਰੀ ਨਾਲ ਹੈ ਪਰ ਉੱਥੇ ਪਹੁੰਚਣ ਲਈ ਉਸ ਕੋਲ ਸਿਰਫ਼ ਅੱਠ ਪਹਿਰ ਦਾ ਸਮਾਂ ਹੈ। ਇਸ ਸਮੇਂ ਦੌਰਾਨ ਉੱਥੇ ਨਾ ਪੁੱਜਿਆ ਤਾਂ ਉਸ ਦੀ ਮੌਤ ਹੋ ਜਾਵੇਗੀ। ਇਸ ਪਿੱਛੋਂ ਰਾਜਕੁਮਾਰੀ ਨਾਲ ਵਿਆਹ ਰਚਾਉਣ ਲਈ ਉਸ ਨੂੰ ਦੂਜਾ ਜਨਮ ਲੈਣਾ ਪਵੇਗਾ। ਭਰਥਰੀ ਨੇ ਸਿੱਧਾਂ ਨੂੰ ਬੇਨਤੀ ਕੀਤੀ ਕਿ ਉਹ ਉਸ ਨੂੰ ਉੱਥੇ ਪਹੁੰਚਾ ਦੇਣ। ਜਦੋਂ ਵੱਡੇ ਵੱਡੇ ਸਿੱਧ ਜਵਾਬ ਦੇ ਗਏ ਤਾਂ ਭਰਥਰੀ ਦੀ ਬੇਨਤੀ ’ਤੇ ਗੁਰੂ ਜੀ ਨੇ ਉਸ ਨੂੰ ਇੱਕ ਪਹਿਰ ’ਚ ਜੂਨਾਗੜ੍ਹ  ਪਹੁੰਚਾ ਦਿੱਤਾ।  ਭਰਥਰੀ ਦਾ ਵਿਆਹ ਰਾਜਕੁਮਾਰੀ ਨਾਲ ਕਰਵਾ ਕੇ ਗੁਰੂ ਜੀ ਨੇ ਉਸ ਨੂੰ ਇੱਥੇ ਹੀ ਵਸਣ ਦੀ ਸਿੱਖਿਆ ਦਿੱਤੀ ਅਤੇ ਨਾਮ ਦਾਨ, ਸਿੱਖੀ ਦਾ ਉਪਦੇਸ਼ ਦਿੱਤਾ। ਇੱਥੇ ਗੁਰੂ ਜੀ ਦੇ ਇੱਕ ਸਿੱਖ ਭਾਈ ਜੱਕੋ ਨੇ ਭਰਥਰੀ ਨੂੰ ਚੁਭਵੇਂ ਬੋਲ ਬੋਲ ਦਿੱਤੇ ਤਾਂ ਗੁਰੂ ਜੀ ਨੇ ਆਪਣੇ ਪੰਜੇ ਨੂੰ ਅੱਗੇ ਕਰ ਕੇ ਭਾਈ ਜੱਕੋ ਨੂੰ ਭਰਥਰੀ ਦੇ ਕ੍ਰੋਧ ਤੋਂ ਬਚਾਇਆ। ਫਿਰ ਵੀ ਭਰਥਰੀ ਦੀਆਂ ਕਟੀਲੀਆਂ ਨਜ਼ਰਾਂ ਨੇ ਭਾਈ ਜੱਕੋ ਦੇ ਚਿਹਰੇ ’ਤੇ ਦਾਗ਼ ਕਰ ਦਿੱਤੇ। ਗੁਰੂ ਜੀ ਦੇ ਕਹਿਣ ’ਤੇ ਭਾਈ ਜੱਕੋ ਨੇ ਉੱਥੇ ਬਣੇ ਤਲਾਬ ਵਿੱਚ ਇਸ਼ਨਾਨ ਕੀਤਾ ਤਾਂ ਦਾਗ਼ ਦੂਰ ਹੋ ਗਏ ਅਤੇ ਇਹ ਤਲਾਬ ਹੀ ਨਾਨਕਸਰ ਹੋਇਆ। ਇਸ ਤੋਂ ਬਾਅਦ ਭਰਥਰੀ ਗੁਰੂ ਜੀ ਦਾ ਉਪਦੇਸ਼ ਪਾ ਕੇ ਸਿੱਖੀ ਦਾ ਪ੍ਰਚਾਰ ਕਰਨ ਲੱਗਾ ਪਿਆ।  ਇੱਥੇ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਗੁਰਦੁਆਰਾ ਸੁਸ਼ੋਭਿਤ ਹੈ ਅਤੇ ਭਰਥਰੀ ਦਾ ਸਥਾਨ ਵੀ ਮੌਜੂਦ ਹੈ।
ਮੀਰੀ-ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਭਾਈਕੀ ਡਰੋਲੀ ਤੋਂ ਮਹਿਰਾਜ ਜਾਂਦੇ ਹੋਏ ਇਸ ਸਥਾਨ ’ਤੇ ਗੁਰੂ ਨਾਨਕ  ਦੇਵ ਜੀ ਦੇ ਪਾਵਨ ਸਥਾਨ ਦੇ ਨਜ਼ਦੀਕ ਹੀ ਬਿਰਾਜੇ ਸਨ। ਉਨ੍ਹਾਂ ਨੇ ਸਵਾ ਮਹੀਨਾ ਇੱਥੇ ਰੁਕ ਕੇ ਸਿੱਖੀ ਦਾ ਪ੍ਰਚਾਰ ਕੀਤਾ। ਉਨ੍ਹਾਂ ਦੀ ਯਾਦ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਇੱਥੇ ਸੇਵਾ ਕਰਵਾਈ। ਇੱਥੋਂ ਗੁਰੂ ਜੀ ਪਿੰਡ ਮਹਿਰਾਜ ਗਏ।
ਵਧੀਕ ਡਿਪਟੀ ਕਮਿਸ਼ਨਰ  ਅਜੇ ਕੁਮਾਰ ਸੂਦ ਅਨੁਸਾਰ ਇੱਥੇ ਮਾਘੀ ਮੇਲਾ 13 ਤੋਂ 17 ਜਨਵਰੀ ਤਕ ਚੱਲੇਗਾ। ਇੱਥੇ  ਸਿਵਲ ਤੇ ਪੁਲੀਸ ਕੰਟਰੋਲ ਰੂਮ ਸਥਾਪਿਤ ਕਰਨ ਤੋਂ ਇਲਾਵਾ ਐਸਡੀਐਮ ਨਿਹਾਲ ਸਿੰਘ ਵਾਲਾ  ਸੁਖਪ੍ਰੀਤ ਸਿੰਘ ਸਿੱਧੂ ਮੇਲੇ ਦੇ ਇੰਚਾਰਜ ਅਫ਼ਸਰ ਵਜੋਂ ਕੰਮ ਕਰਨਗੇ।

ਸੰਪਰਕ: 98143-94633


Comments Off on ਤਖ਼ਤੂਪੁਰਾ: ਇਸ ਵਾਰ ਮਾਘੀ ਮੇਲੇ ਦਾ ਦਿਖੇਗਾ ਪੁਰਾਤਨ ਰੰਗ-ਢੰਗ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.