ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਨਵੀਂ ਇੱਕ ਡੁਗਡੁਗੀ ਲੈ ਕੇ ਮਦਾਰੀ ਆਉਣ ਵਾਲੇ ਨੇ…

Posted On January - 9 - 2017

ਗੁਰਬਿੰਦਰ ਸਿੰਘ ਮਾਣਕ   
10901CD _DUGDUGIਵਾਅਦਿਆਂ ਤੇ ਦਾਅਵਿਆਂ ਦੀ ਰੁੱਤ ਫਿਰ ਆ ਗਈ ਹੈ। ਇਹ ਅਕਸਰ ਉਦੋਂ ਹੀ ਆਉਂਦੀ ਹੈ ਜਦੋਂ ਚੋਣਾਂ ਸਿਰ ’ਤੇ ਹੋਣ। ਇਸ ਵਾਰ ਤਾਂ ਚੋਣਾਂ ਦੇ ਰਸਮੀ ਐਲਾਨ ਤੋਂ ਕਾਫ਼ੀ ਸਮਾਂ ਪਹਿਲਾਂ ਤੋਂ ਹੀ ਸਾਰੀਆਂ ਸਿਆਸੀ ਪਾਰਟੀਆਂ ਸੱਤਾ ਹਾਸਲ ਕਰਨ ਲਈ ਸਾਹੋ-ਸਾਹ ਹੋਈਆਂ ਪਈਆਂ ਹਨ। ਸਿਆਸੀ ਧਿਰਾਂ ਚੋਣ ਰੈਲੀਆਂ ਦਾ ਆਡੰਬਰ ਰਚ ਕੇ ਆਮ ਲੋਕਾਂ ਨੂੰ ਭਰਮਾਉਣ ਦਾ ਸਿਲਸਿਲਾ ਚਿਰੋਕਣਾ ਹੀ ਸ਼ੁਰੂ ਕਰ ਚੁੱਕੀਆਂ ਹਨ। ਦੌਲਤ, ਸ਼ਕਤੀ ਤੇ ਸ਼ੋਹਰਤ ਦੀ ਖਾਣ ਇਸ ਕੁਰਸੀ ਨੂੰ ਹਾਸਲ ਕਰਨ ਲਈ ਹੁਣ ਹਰ ਹੀਲਾ ਵਰਤਿਆ ਜਾਵੇਗਾ। ਇੱਕ ਵਾਰ ਫਿਰ ਰੰਗਲੇ ਵਾਅਦਿਆਂ ਤੇ ਦਾਅਵਿਆਂ ਦੇ ਅੰਬਾਰ ਲੱਗਣਗੇ। ਹਕੂਮਤ ਦੇ ਕਹਿਣ ਅਨੁਸਾਰ ਬੀਤੇ ਦਸ ਸਾਲਾਂ ਤੋਂ ਪੰਜਾਬ ਵਿੱਚ ‘ਵਿਕਾਸ ਦੀ ਹਨੇਰੀ’ ਵਗਦੀ ਰਹੀ ਹੈ। ਇਸ ਲਈ ਤਰਲਾ ਕੀਤਾ ਜਾ ਰਿਹਾ ਹੈ ਕਿ ਇੱਕ ਵਾਰ ਸੱਤਾ ਦੀ ਵਾਗਡੋਰ ਫਿਰ ਸਾਡੇ ਹੱਥ ਫੜਾਉ ਤਾਂ ਕਿ ‘ਵਿਕਾਸ’ ਦੀ ਰਹਿੰਦੀ ਕਸਰ ਵੀ ਪੂਰੀ ਕੀਤੀ ਜਾ ਸਕੇ। ਰਾਜ-ਭਾਗ ਦੀ ਐਸ਼ੋ-ਇਸ਼ਰਤ ਤੋਂ ਚਿਰਾਂ ਦੀਆਂ ਵਿਛੁੰਨੀਆਂ ਵਿਰੋਧੀ ਪਾਰਟੀਆਂ ਲੋਕਾਂ ਅੱਗੇ ਹਾੜੇ ਕੱਢ ਰਹੀਆਂ ਹਨ ਕਿ ਮੌਜੂਦਾ ਹਕੂਮਤ ਦੀ ਲੁੱਟ, ਕੁੱਟ, ਜ਼ੁਲਮ ਤੇ ਜਬਰ ਤੋਂ ਬਚਣਾ ਚਾਹੁੰਦੇ ਹੋ ਤਾਂ ਸੱਤਾ ਸਾਨੂੰ ਸੌਂਪਿਓ।
ਅਕਸਰ ਹੀ ਸੱਤਾਧਾਰੀ ਪਾਰਟੀ ਨੂੰ ਚੋਣਾਂ ਤੋਂ ਕੁਝ ਸਮਾਂ ਪਹਿਲਾਂ ‘ਕੁਰਸੀ’ ਦੀ ਫ਼ਿਕਰ ਹੋਣ ਲੱਗਦੀ ਹੈ। ਅਚਾਨਕ ਹੀ ਉਨ੍ਹਾਂ ਨੂੰ ਆਮ ਲੋਕਾਂ ਦੀ ਸੇਵਾ ਦੀ ‘ਚਿੰਤਾ’ ਹੋਣ ਲੱਗਦੀ ਹੈ। ਉਹ ਇੱਕ ਵਾਰ ਫਿਰ ‘ਲੋਕ ਸੇਵਕਾਂ’ ਦਾ ਨਕਾਬ ਪਹਿਨ ਕੇ ਵੋਟਰਾਂ ਦੇ ਦਰਾਂ ’ਤੇ ਆ ਹਾਜ਼ਰ ਹੁੰਦੇ ਹਨ। ਦਰਅਸਲ, ਰਾਜਨੀਤੀ ਨਿਰੋਲ ਨਿੱਜੀ ਹਿੱਤਾਂ, ਸੁਆਰਥਾਂ ਤੇ ਲਾਲਸਾਵਾਂ ਦੇ ਨਾਲ ਨਾਲ ਸ਼ਕਤੀ, ਸ਼ੋਹਰਤ ਤੇ ਦੌਲਤ ਹਾਸਲ ਕਰਨ ਦਾ ਵਸੀਲਾ ਬਣ ਕੇ ਰਹਿ ਗਈ ਹੈ। ਜੇ ਸਾਡੇ ਸਿਆਸੀ ਨੇਤਾਵਾਂ ਨੇ ਜ਼ਿੰਮੇਵਾਰੀ ਤੇ ਥੋੜ੍ਹੀ ਜਿਹੀ ਇਮਾਨਦਾਰੀ ਨਾਲ ਵੀ ਲੋਕਾਂ ਦੀਆਂ ਦੁਸ਼ਵਾਰੀਆਂ ਵੱਲ ਧਿਆਨ ਦਿੱਤਾ ਹੁੰਦਾ ਤਾਂ ਇਸ ਦੇਸ਼ ਦੇ ਕਰੋੜਾਂ ਲੋਕਾਂ ਦੀ ਸਥਿਤੀ ਬਿਹਤਰ ਹੁੰਦੀ। ਸਿਰਫ਼ ਰਾਜ ਭਾਗ ਬਦਲਣ ਨਾਲ ਆਮ ਲੋਕਾਂ ਦੀ ਜ਼ਿੰਦਗੀ ਵਿੱਚ ਕੋਈ ਪਰਿਵਰਤਨ ਆਉਣਾ ਹੁੰਦਾ ਤਾਂ ਇਹ ਬਹੁਤ ਪਹਿਲਾਂ ਆ ਜਾਣਾ ਸੀ। ਨੇਤਾਵਾਂ ਦੀ ਕਥਨੀ ਤੇ ਕਰਨੀ ਵਿੱਚ ਜ਼ਮੀਨ ਆਸਮਾਨ ਦਾ ਫ਼ਰਕ ਹੈ। ਹਰ ਫ਼ੈਸਲਾ ਜਾਂ ਨੀਤੀ ਵੋਟ ਰਾਜਨੀਤੀ ਨੂੰ ਸਾਹਮਣੇ ਰੱਖ ਕੇ ਬਣਾਈ ਜਾਂਦੀ ਹੈ ਤੇ ਸੱਤਾ ਪ੍ਰਾਪਤ ਕਰਨ ਤੋਂ ਬਾਅਦ ‘ਲੋਕ ਸੇਵਾ’ ਦਾ ‘ਨਕਾਬ’ ਲਾਹ ਦਿੱਤਾ ਜਾਂਦਾ ਹੈ।
ਗ਼ਰੀਬ ਲਗਾਤਾਰ ਗ਼ਰੀਬੀ ਦੀ ਦਲਦਲ ਵਿੱਚ ਧਸਦਾ ਜਾ ਰਿਹਾ ਹੈ। ਭੁੱਖਮਰੀ, ਅਨਪੜ੍ਹਤਾ, ਭਿਆਨਕ ਬਿਮਾਰੀਆਂ ਦੀ ਜਕੜ, ਬੇਰੁਜ਼ਗਾਰੀ ਦਾ ਸੰਤਾਪ ਤੇ ਅਨੇਕਾਂ ਦੁਸ਼ਵਾਰੀਆਂ ਦੇ ਪ੍ਰਕੋਪ ਨਾਲ ਤੜਪਦੇ ਕਰੋੜਾਂ ਲੋਕਾਂ ਦਾ ਜੀਵਨ ਬਦ ਤੋਂ ਬਦਤਰ ਹੁੰਦਾ ਜਾ ਰਿਹਾ ਹੈ। ਦੇਸ਼ ਦਾ ‘ਅੰਨਦਾਤਾ’ ਕਿਹਾ ਜਾਣ ਵਾਲਾ ਕਿਸਾਨ ਪਿਛਲੇ ਕਈ ਸਾਲਾਂ ਤੋਂ ਭੁੱਖਮਰੀ ਨਾਲ ਜੂਝ ਰਿਹਾ ਹੈ। ਬੇਬਸੀ ਤੇ ਲਾਚਾਰੀ ਦੀ ਹਾਲਤ ਵਿੱਚ ਕਿਸਾਨ ਖ਼ੁਦਕੁਸ਼ੀਆਂ ਕਰ ਰਿਹਾ ਹੈ, ਪਰ ਸਰਕਾਰਾਂ ਨੇ ਅਜਿਹੀਆਂ ਹਿਰਦਾ ਵਲੂੰਧਰਨ ਵਾਲੀਆਂ ਘਟਨਾਵਾਂ ਵਲ ਪਿੱਠ ਕੀਤੀ ਹੋਈ ਹੈ। ਪੰਜਾਬ ਵਿੱਚ ਕੁਝ ਸਮੇਂ ਤੋਂ ਤੀਰਥ ਯਾਤਰਾਵਾਂ, ਪਾਣੀ ਵਾਲੀਆਂ ਬੱਸਾਂ, ਵੱਡੇ ਵੱਡੇ ਗੇਟਾਂ ਤੇ ਡਰੀਮ ਪ੍ਰੋਜੈਕਟਾਂ ਦਾ ਕੰਨ-ਪਾੜਵਾਂ ਸ਼ੋਰ ਸੁਣਾਈ ਦੇ ਰਿਹਾ ਹੈ। ਆਰਥਿਕ ਤੌਰ ’ਤੇ ਲੀਹੋਂ ਲੱਥੇ ਪੰਜਾਬ ਦੇ ਕਰੋੜਾਂ ਰੁਪਏ ਫਜ਼ੂਲ ਗੱਲਾਂ ’ਤੇ ਖ਼ਰਚੇ ਜਾ ਰਹੇ ਹਨ, ਪਰ ਖ਼ੁਦਕੁਸ਼ੀ ਕਰ ਗਏ ਕਿਸਾਨ ਪਰਿਵਾਰਾਂ ਦੀਆਂ ਕੁਰਲਾਹਟਾਂ ਕਿਸੇ ਨੂੰ ਸੁਣਾਈ ਨਹੀਂ ਦੇ ਰਹੀਆਂ। ਨੌਕਰੀਆਂ ਲਈ ਸਿਰ ਧੜ ਦੀ ਬਾਜ਼ੀ ਲਾ ਰਹੇ ਬੇਰੁਜ਼ਗਾਰਾਂ ਦੇ ਦਰਦ ਦੀ ਥਾਹ ਪਾਉਣ ਵਾਲਾ ਕੋਈ ਨਹੀਂ ਦਿਸਦਾ।
ਵਾਅਦਿਆਂ ਤੇ ਦਾਅਵਿਆਂ ਦੀ ਇਸ ਰੁੱਤ ਵਿੱਚ ਸਿਆਸੀ ਪਾਰਟੀਆਂ ਵੋਟ ਪਰਚੀ ਵਾਲੇ ‘ਬਾਦਸ਼ਾਹ’ ਨੂੰ ਰਿਝਾਉਣ ਲਈ ਹਰ ਉਪਰਾਲਾ ਕਰਨ ਵਿੱਚ ਜੁਟ ਗਈਆਂ ਹਨ। ਜਿਨ੍ਹਾਂ ਕੋਲ ਸੱਤਾ ਤੇ ਰਾਜ ਦੇ ਖ਼ਜ਼ਾਨੇ ਦੀ ਚਾਬੀ ਹੈ, ਉਹ ਵੱਡੇ ਵੱਡੇ ਇਸ਼ਤਿਹਾਰਾਂ ਰਾਹੀਂ ਆਪਣੀਆਂ ‘ਪ੍ਰਾਪਤੀਆਂ’ ਦਾ ਢੰਡੋਰਾ ਪਿੱਟ ਰਹੇ ਹਨ। ਟੀਵੀ ਚੈਨਲਾਂ ਅਤੇ ਅਖ਼ਬਾਰਾਂ ਵਿੱਚ ਇਸ਼ਤਿਹਾਰਬਾਜ਼ੀ ’ਤੇ ਲੋਕਾਂ ਦਾ ਧਨ ਲੁਟਾਇਆ ਜਾ ਰਿਹਾ ਹੈ। ਸਿਆਸੀ ਪਾਰਟੀਆਂ ਵੱਲੋਂ ਲੋਕਾਂ ਨੂੰ ਕਈ ਤਰ੍ਹਾਂ ਦੇ ਲਾਲਚ ਦੇ ਕੇ ਆਪਣੇ ਹੱਕ ਵਿੱਚ ਭੁਗਤਾਉਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ। ਲੋਕਾਂ ਦੇ ਧਾਰਮਿਕ ਜਜ਼ਬਾਤ ਭੜਕਾ ਕੇ ਵੋਟ ਹਾਸਲ ਕਰਨ ਦੇ ਯਤਨ ਹੋ ਰਹੇ ਹਨ। ਸਾਡੇ ‘ਲੋਕ ਸੇਵਕ’ ਅੱਜਕੱਲ੍ਹ ਨਿਗੂਣੀਆਂ ਗੱਲਾਂ ਨੂੰ ਮੁੱਦੇ ਬਣਾ ਕੇ ਕੁਰਸੀ ਹਾਸਲ ਕਰਨ ਦੀ ਦੌੜ ਵਿੱਚ ਹਫੇ ਹੋਏ ਹਨ। ਅਧੋਗਤੀ ਦੇ ਰਾਹ ਤੁਰੇ ਪੰਜਾਬ ਨੂੰ ਸਹੀ ਅਰਥਾਂ ਵਿੱਚ ਵਿਕਾਸ ਦੇ ਰਾਹ ਤੋਰਨ ਲਈ ਕਿਸੇ ਵੀ ਪਾਰਟੀ ਕੋਲ ਕੋਈ ਪ੍ਰਪੱਕ ਨੀਤੀ ਨਹੀਂ ਹੈ।
ਸਿਆਸੀ ਪਾਰਟੀਆਂ ਵਿੱਚ ਸੀਟਾਂ ਦੀ ਵੰਡ ਨੇ ਕਲੇਸ਼ ਪਾਇਆ ਹੋਇਆ ਹੈ। ਸੀਟਾਂ ਵਿਕਣ ਦੇ ਸ਼ਰੇਆਮ ਦੋਸ਼ ਲਾਏ ਜਾ ਰਹੇ ਹਨ। ਵਫ਼ਾਦਾਰੀਆਂ ਬਦਲਣ ਦੀ ਹਨੇਰੀ ਵਗ ਰਹੀ ਹੈ। ਸੱਤਾ ਦੀ ਭੁੱਖ ਤੇ ਧਨ ਦੀ ਲਾਲਸਾ ਨੇ ਸਭ ਸਿਧਾਂਤਾਂ ਨੂੰ ਛਿੱਕੇ ਟੰਗ ਦਿੱਤਾ ਹੈ। ਚੋਣਾਂ, ਉਮੀਦਵਾਰਾਂ ਲਈ ਜ਼ਿੰਦਗੀ ਮੌਤ ਦਾ ਸੁਆਲ ਬਣ ਗਈਆਂ ਹਨ। ਹਰ ਸਿਆਸੀ ਧਿਰ ਆਪਣੇ ਆਪ ਨੂੰ ਪੰਜਾਬ ਦਾ ‘ਅਸਲੀ ਵਾਰਸ’ ਦੱਸਣ ਦਾ ਯਤਨ ਕਰ ਰਹੀ ਹੈ। ਸਾਲਾਂ ਤੋਂ ਲਟਕਦੇ ਪੰਜਾਬ ਦੇ ਮਸਲੇ ਇੱਕ ਵਾਰ ਫਿਰ ਝਾੜ ਪੂੰਝ ਕੇ ਲਿਸ਼ਕਾਏ ਜਾ ਰਹੇ ਹਨ ਤੇ ਇਨ੍ਹਾਂ ਦੀ ਪ੍ਰਾਪਤੀ ਲਈ ਖ਼ੂਨ ਦੇ ਆਖ਼ਰੀ ਕਤਰੇ ਤਕ ਲੜਨ ਦੇ ਦਮਗਜੇ ਮਾਰੇ ਜਾ ਰਹੇ ਹਨ। ਹਰ ਪਾਰਟੀ ਆਪਣੇ ਆਪ ਨੂੰ ਲੋਕ-ਹਿੱਤਾਂ ਦੀ ਪਹਿਰੇਦਾਰ, ਮਜ਼ਦੂਰਾਂ, ਕਿਸਾਨਾਂ ਤੇ ਮੁਲਾਜ਼ਮਾਂ ਦੀ ਹਮਦਰਦ, ਭ੍ਰਿਸ਼ਟਾਚਾਰ ਤੋਂ ਮੁਕਤ ਤੇ ਸਾਫ਼-ਸੁਥਰਾ ਪ੍ਰਸ਼ਾਸਨ ਦੇਣ ਦੇ ਵੱਡੇ-ਵੱਡੇ ਵਾਅਦਿਆਂ ਦੀ ਰੇਲ ਬਣਾਉਣ ਵਿੱਚ ਇੱਕ ਦੂਜੇ ਤੋਂ ਅੱਗੇ ਹੋਣ ਦਾ ਯਤਨ ਕਰ ਰਹੀ ਹੈ। ਅਕਸਰ ਲੋਕ ਸਿਆਸੀ ਨੇਤਾਵਾਂ ਵੱਲੋਂ ਫੈਲਾਏ ਭਰਮਜਾਲ ਵਿੱਚ ਫਸ ਜਾਂਦੇ ਹਨ। ਜਦੋਂ ਤਕ ਆਮ ਲੋਕ ਨਹੀਂ ਜਾਗਦੇ ਉਦੋਂ ਤਕ ਸਿਆਸੀ ਨਿਘਾਰ ਨੂੰ ਰੋਕਿਆ ਨਹੀਂ ਜਾ ਸਕਦਾ। ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਖੁੱਭੀਆਂ ਇਹ ਸਿਆਸੀ ਪਾਰਟੀਆਂ ਚੋਣ-ਦੰਗਲ ਵਿੱਚ ਕਿਹੜੇ ਰੂਪ ਵਿੱਚ ਵਿਚਰਨਗੀਆਂ ਇਸ ਨੂੰ ਅਮਰ ਸੂਫ਼ੀ ਦੀ ਗ਼ਜ਼ਲ ਦੇ ਇੱਕ ਸ਼ੇਅਰ ਨਾਲ ਬਾਖ਼ੂਬੀ ਸਮਝਿਆ ਜਾ ਸਕਦਾ ਹੈ:
ਨਵੀਂ ਇੱਕ ਡੁਗਡੁਗੀ ਲੈ ਕੇ
ਮਦਾਰੀ ਆਉਣ ਵਾਲੇ ਨੇ,
ਸੁਰੀਲੀ ਬੰਸਰੀ ਨੂੰ ਫੂਕ,
ਮਜਮਾ ਲਾਉਣ ਵਾਲੇ ਨੇ।
ਛੁਪਾ ਕੇ ਕੀ ਬਲਾ ਰੱਖੀ,
ਪਟਾਰੀ ਵਿੱਚ ਖ਼ੁਦਾ ਜਾਣੇ,
ਤੁਸੀਂ ਤਾਂ ਸੋਚ ਨਹੀਂ ਸਕਦੇ ਕਿ
ਕੀ ਵਿਖਲਾਉਣ ਵਾਲੇ ਨੇ।
    ਸੰਪਰਕ: 98153-56086


Comments Off on ਨਵੀਂ ਇੱਕ ਡੁਗਡੁਗੀ ਲੈ ਕੇ ਮਦਾਰੀ ਆਉਣ ਵਾਲੇ ਨੇ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.