ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਨਵੇਂ ਵਿਸ਼ਿਆਂ ਦੀ ਪਿਰਤ ਪਾ ਗਿਆ ਪੰਜਾਬੀ ਸਿਨਮਾ-2016

Posted On January - 7 - 2017
ਫ਼ਿਲਮ ‘ਅੰਬਰਸਰੀਆ’ ਵਿੱਚ ਦਲਜੀਤ ਦੁਸਾਂਝ ਇੱਕ ਸਾਥੀ ਕਲਾਕਾਰ ਨਾਲ

ਫ਼ਿਲਮ ‘ਅੰਬਰਸਰੀਆ’ ਵਿੱਚ ਦਲਜੀਤ ਦੁਸਾਂਝ ਇੱਕ ਸਾਥੀ ਕਲਾਕਾਰ ਨਾਲ

ਖੁਸ਼ਮਿੰਦਰ ਕੌਰ

ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਸਿਨਮਾ ਰਾਹੀਂ ਨਿਵੇਕਲੀਆਂ ਕਹਾਣੀਆਂ ’ਤੇ ਨਿਰਮਤ ਫ਼ਿਲਮਾਂ ਰਿਲੀਜ਼ ਹੋਈਆਂ ਹਨ। ਅੱਜ ਪੰਜਾਬੀ ਵਿੱਚ ਵੀ ਬੌਲੀਵੁੱਡ ਵਾਂਗ ਬਹੁਗਿਣਤੀ ’ਚ ਚੰਗੇ ਵਿਸ਼ਿਆਂ ਦੀਆਂ ਫ਼ਿਲਮਾਂ ਬਣ ਰਹੀਆਂ ਹਨ। ਪਿਛਲੇ ਵਰ੍ਹੇ ਲਗਭਗ 38 ਫ਼ਿਲਮਾਂ ਰਿਲੀਜ਼ ਹੋਈਆਂ। ਇਨ੍ਹਾਂ ਫ਼ਿਲਮਾਂ ਦੇ ਪ੍ਰਦਰਸ਼ਿਤ ਹੋਣ ਨੇ ਜਿੱਥੇ ਹਰ ਮਹੀਨੇ ਸਿਨਮਈ ਲੜੀ ਨੂੰ ਅੱਗੇ ਤੋਰੀ ਰੱਖਿਆ, ਉੱਥੇ ਕਈ ਨਵੇਂ ਰਿਕਾਰਡ ਵੀ ਕਾਇਮ ਕੀਤੇ ਹਨ। ਇਨ੍ਹਾਂ ਸਬੰਧੀ ਰੌਚਕ ਗੱਲ ਰਹੀ ਕਿ ਸਾਲ 2015 ਦੀ ਫੂਹੜ ਕਾਮੇਡੀ ਵਾਲੀਆਂ ਫ਼ਿਲਮਾਂ ਨੂੰ ਕੋਰੀ ਤਿਲਾਂਜਲੀ ਦੇ ਕੇ ਨਿਵੇਕਲੀਆਂ ਵਿਧਾਵਾਂ ਨਾਲ ਦਰਸ਼ਕਾਂ ਸਾਹਮਣੇ ਆਈਆਂ। ਇਸ ਵਾਰ ਕਈ ਨਿਰਦੇਸ਼ਕਾਂ ਨੇ ਪੰਜਾਬੀ ਖੇਤਰੀ ਸਿਨਮਾ ਵਿੱਚ ਫ਼ਿਲਮਾਂ ਜ਼ਰੀਏ ਵੱਖ-ਵੱਖ ਤਜਰਬੇ ਕੀਤੇ ਜੋ ਅਗਲੇ ਵਰ੍ਹਿਆਂ ਵਿੱਚ ਨਿਰਮਤ ਹੋਣ ਵਾਲੀਆਂ ਫ਼ਿਲਮਾਂ ਲਈ ਵੱਖਰੀ ਪਿਰਤ ਪਾ ਗਏ ਹਨ।
2016 ਦੀ ਸ਼ੁਰੂਆਤ ’ਚ ਫਰਵਰੀ ਵਿੱਚ ਰਿਲੀਜ਼ ਹੋਈ ਨਿਰਦੇਸ਼ਕ ਪੰਕਜ ਬੱਤਰਾ ਦੀ ‘ਚੰਨੋ ਕਮਲੀ ਯਾਰ ਦੀ’, ਗਗਨਦੀਪ ਸਿੰਘ ਦੀ ‘ਵੇਕ ਅੱਪ ਸਿੰਘ’, ਸੱਤਿਆਜੀਤ ਪੁਰੀ ਦੀ ‘ਬੌਰਨ ਟੂ ਬੀ ਕਿੰਗ’ ਲਗਭਗ ਮੱਠੀਆਂ ਹੀ ਰਹੀਆਂ। ਇਸ ਦੇ ਉਲਟ ਮਾਰਚ ’ਚ ਰਿਲੀਜ਼ ਹੋਈ ਨਿਰਦੇਸ਼ਕ ਗਿੱਪੀ ਗਰੇਵਾਲ ਦੀ ‘ਅਰਦਾਸ’ ਅਤੇ ਰਾਜੀਵ ਢੀਂਗਰਾ ਦੀ ‘ਲਵ ਪੰਜਾਬ’ ਨੇ ਸਿਨਮਾ ’ਚ ਰਿਕਾਰਡ ਤੋੜ ਦਰਸ਼ਕ ਲਿਆਉਣ ਦਾ ਕੰਮ ਕੀਤਾ। ਅਪਰੈਲ ’ਚ ਆਈ ਨਿਰਦੇਸ਼ਕ ਮਨਦੀਪ ਕੁਮਾਰ ਦੀ ‘ਅੰਬਰਸਰੀਆ’ ਬਹੁਤ ਹੀ ਵਧੀਆ ਅਤੇ ਅਲੱਗ ਥੀਮ ਦੀ ਫ਼ਿਲਮ ਸੀ। ਇਸੇ ਮਹੀਨੇ ਰੁਪੇਸ਼ ਰਾਏ ਸਿਕੰਦ ਦੀ ‘ਕੈਨੇਡਾ ਦੀ ਫਲਾਈਟ’, ਦੀਪ ਜੋਸ਼ੀ ਦੀ ‘ਬਠਿੰਡਾ ਐਕਸਪ੍ਰੈੱਸ’, ਜਗਮੀਤ ਸਮੁੰਦਰੀ ਦੀ ‘ਸਾਕਾ ਨਨਕਾਣਾ ਸਾਹਿਬ’ ਤੇ ਸਮੀਪ ਕੰਗ ਦੀ ‘ਵਿਸਾਖੀ ਲਿਸਟ’ ਵੀ ਰਿਲੀਜ਼ ਹੋਈਆਂ ਜੋ ਕਾਰੋਬਾਰ ਪੱਖੋਂ ਕਾਫ਼ੀ  ਮੱਧਮ ਰਹੀਆਂ। ਮਈ ਵਿੱਚ ਰਿਲੀਜ਼ ਹੋਈਆਂ ਚਾਰ ਫ਼ਿਲਮਾਂ ਵਿੱਚੋਂ ਪ੍ਰਚਾਰ ਪੱਖੋਂ ਵਿਨਿਲ ਮੱਕਰ ਦੀ ‘ਜ਼ੋਰਾਵਰ’, ਵਿਪਿਨ ਪਰਾਸ਼ਰ ਦੀ ‘ਸਾਡੇ ਸੀ.ਐੱਮ.ਸਾਹਿਬ’ ਅਤੇ ਮਨਦੀਪ ਕੁਮਾਰ ਦੀ ‘ਕਪਤਾਨ’ ਕਾਫ਼ੀ ਚਰਚਾ ਵਿੱਚ ਰਹੀਆਂ, ਪਰ ਕਾਰੋਬਾਰੀ ਪੱਧਰ ’ਤੇ ਇਨ੍ਹਾਂ ਦਾ ਕੰਮ ਕਾਫ਼ੀ ਔਸਤਨ ਰਿਹਾ।
ਸੰਗੀਤਕਾਰ ਤੇ ਰੈਪਰ ਹਨੀ ਸਿੰਘ ਰਾਹੀਂ ਪੀ.ਟੀ.ਸੀ. ਮੋਸ਼ਨ ਪਿਕਚਰ ਨੇ ਫ਼ਿਲਮ ‘ਜ਼ੋਰਾਵਰ’ ’ਚ ਕਾਫ਼ੀ ਵੱਡਾ ਬਜਟ ਅਤੇ ਤਕਨੀਕ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਦਰਸ਼ਕਾਂ ਨੇ ਉਸ ਦੇ ਗੀਤਾਂ ਪ੍ਰਤੀ ਜ਼ਾਹਿਰ ਗ਼ੈਰ-ਜ਼ਿੰਮੇਵਾਰੀ ਦਾ ਰੋਸ ਉਸ ਦੀ ਫ਼ਿਲਮ ਰਾਹੀਂ ਕੱਢਿਆ। ਇਸੇ ਤਰ੍ਹਾਂ ਲਖਬੀਰ ਬਾਂਸੀ ਦੀ ‘ਕਿੱਲਰ ਪੰਜਾਬੀ’ ਤਾਂ ਆਪਣੇ ਹਿੱਸੇ ਦੇ ਦਰਸ਼ਕ ਖਿੱਚਣ ’ਚ ਅਸਮਰੱਥ ਰਹੀ। ਜੂਨ ’ਚ ਰਿਲੀਜ਼ ਹੋਈਆਂ ਚਾਰ ਫ਼ਿਲਮਾਂ ਰਾਕੇਸ਼ ਮਹਿਤਾ ਦੀ ‘ਵਾਪਸੀ’, ਮਿਨਾਰ ਮਲਹੋਤਰਾ ਦੀ ‘ਰਾਏ ਅਬਦੁੱਲਾ ਭੱਟੀ’ ਤੇ ਹਰਜੀਤ ਸਿੰਘ ਰਿੱਕੀ ਦੀ ‘ਵੰਨਸ ਅਪੌਨ ਏ ਟਾਈਮ ਇਨ ਅੰਮ੍ਰਿਤਸਰ’ ਛੁੱਟੀਆਂ ਦੌਰਾਨ ਰਿਲੀਜ਼ ਹੋਣ ਕਾਰਨ ਚੰਗਾ ਕਾਰੋਬਾਰ ਕਰਨ ’ਚ ਸਫ਼ਲ ਰਹੀਆਂ। ਦੂਜੇ ਪਾਸੇ ਇਸੇ ਮਹੀਨੇ ਰਿਲੀਜ਼ ਹੋਈ ਨਿਰਦੇਸ਼ਕ ਰੋਹਿਤ ਜੁਗਰਾਜ ਦੀ ਫ਼ਿਲਮ ‘ਸਰਦਾਰ ਜੀ ਟੂ’ ਨੇ ਦਰਸ਼ਕਾਂ ਨੂੰ ਸਿਨਮਾ ਘਰਾਂ ਤਕ ਖਿੱਚਣ ਦਾ ਕੰਮ ਕੀਤਾ।

ਫ਼ਿਲਮ ‘ਅਰਦਾਸ’ ਦਾ ਇੱਕ ਦ੍ਰਿਸ਼।

ਫ਼ਿਲਮ ‘ਅਰਦਾਸ’ ਦਾ ਇੱਕ ਦ੍ਰਿਸ਼।

ਜੁਲਾਈ ਵਿੱਚ ਰਿਲੀਜ਼ ਹੋਈਆਂ ਤਿੰਨ ਫ਼ਿਲਮਾਂ ਵਿੱਚੋਂ ਨਿਰਦੇਸ਼ਕ ਕਵੀ ਰਾਜ ਦੀ  ‘ਹਾਈਵੇ 5’ ਲਗਭਗ ਫਲਾਪ ਰਹੀ ਜਦੋਂ ਕਿ ਜੈਵੀ ਢਾਂਡਾ ਦੀ ‘ਨਿਧੀ ਸਿੰਘ’ ਨੇ ਮੁਕਾਬਲਤਨ ਚੰਗੀ ਸ਼ੋਹਰਤ ਬਟੋਰੀ। ਜੁਲਾਈ ਵਿੱਚ ਨਿਰਦੇਸ਼ਕ ਪੰਕਜ ਬੱਤਰਾ ਦੀ ‘ਬੰੰਬੂਕਾਟ’ ਨੇ ਪੰਜਾਬੀ ਸਿਨਮਾ ਲਈ ਮੁੜ ਕਾਰੋਬਾਰੀ ਚਮਕ ਵਧਾ ਦਿੱਤੀ।
ਅਗਸਤ ’ਚ ਰਿਲੀਜ਼ ਹੋਈਆਂ ਫ਼ਿਲਮਾਂ ਵਿੱਚੋਂ ‘ਮੈਂ ਤੇਰੀ ਤੂੰ ਮੇਰਾ’ ਅਤੇ ਸਿਮਰਨਜੀਤ ਹੁੰਦਲ ਦੀ ‘25 ਕਿੱਲੇ’ ਨੇ ਸੋਹਣਾ ਕੰਮ ਕੀਤਾ। ਇੱਧਰ ਮਨਭਾਵਨ ਸਿੰਘ ਦੀ ਫ਼ਿਲਮ ‘ਗੇਲੋ’ ਅਤੇ ਗੁਰਵਿੰਦਰ ਦੀ ‘ਚੌਥੀ ਕੂਟ’ ਤਾਂ ਮਹਿਜ਼ ਆਰਟ ਸਿਨਮਾ ਦੇ ਨਾਮ ’ਤੇ ਬੁਰੀ ਤਰ੍ਹਾਂ ਮਸਲੀਆਂ ਗਈਆਂ ਜਿਸ ਕਰਕੇ ਕਾਰੋਬਾਰੀ ਸਫ਼ਲਤਾ ਤਾਂ ਦੂਰ ਦੀ ਗੱਲ ਸਕਰੀਨਿੰਗ ਲਈ ਸਿਨਮਾਘਰਾਂ ਵਿੱਚ ਅਢੁਕਵਾਂ ਸਮਾਂ ਤੇ ਡਿਸਟਰੀਬਿਊਟਰ ਵੀ ਮਸਾਂ ਮਿਲੇ।
ਸਤੰਬਰ ’ਚ ਰਿਲੀਜ਼ ਹੋਈਆਂ ਫ਼ਿਲਮਾਂ ਵਿੱਚੋਂ ਪਰਵੀਨ ਕੁਮਾਰ ਦੀ ‘ਦਾਰਾ’, ਸਰਤਾਜ ਸਿੰਘ ਪੰਨੂ ਦੀ ‘ਟਾਈਗਰ’, ਸੁਖਬੀਰ ਸਿੰਘ ਦੀ ‘ਟੇਸ਼ਨ’ ਨੇ ਔਸਤਨ ਕਾਰੋਬਾਰ ਕੀਤਾ, ਪਰ ਅਖ਼ੀਰਲੇ ਹਫ਼ਤੇ ਵਿੱਚ ਰਿਲੀਜ਼ ਹੋਈ ਸਿਮਰਜੀਤ ਸਿੰਘ ਦੀ ‘ਨਿੱਕਾ ਜ਼ੈਲਦਾਰ’ ਨੂੰ ਵੀ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ। ਅਕਤੂਬਰ ਵਿਚਲੀਆਂ ਚਾਰ ਫ਼ਿਲਮਾਂ ’ਚ ਅਮਿਤ ਸੁਭਾਸ਼ ਧਵਨ ਦੀ ‘ਆਤਿਸ਼ਬਾਜ਼ੀ ਇਸ਼ਕ’, ਸਮੀਪ ਕੰਗ ਦੀ ‘ਲੌਕ’, ਇੰਦਰਜੀਤ ਬਾਂਸਲ ਦੀ ‘ਦੇਸੀ ਮੁੰਡੇ’ ਤੇ ਵੰਡਰਲੈਂਡ ਪ੍ਰੋਡਕਸ਼ਨ ਦੀ ‘ਲਕੀਰਾਂ’ ਨੇ ਕਾਫ਼ੀ ਗਿਣਤੀ ’ਚ ਦਰਸ਼ਕਾਂ ਨੂੰ ਉਤਸ਼ਾਹਿਤ ਕਰਕੇ ਸਿਨਮਿਆਂ ਤੱਕ ਲਿਆਂਦਾ। ਇਸ ਸਬੰਧੀ ਮਾਹੀ ਗਿੱਲ ਦੀ ਪ੍ਰੋਡਕਸ਼ਨ ’ਚ ਬਣੀ ਨਵੇਂ ਵਿਸ਼ੇ ਦੀ ਰੁਮਾਂਟਿਕ ਡਰਾਮਾ ਫ਼ਿਲਮ ‘ਆਤਿਸ਼ਬਾਜ਼ੀ ਇਸ਼ਕ’ ਤਕਰੀਬਨ ਅਣਗੌਲੀ ਹੀ ਰਹੀ। ਨਵੰਬਰ ਦੀਆਂ ਤਿੰਨ ਫ਼ਿਲਮਾਂ ਹੈਰੀ ਬਵੇਜਾ ਦੀ ‘ਚਾਰ ਸਾਹਿਬਜ਼ਾਦੇ-2, ਰਾਈਜ਼ ਆਫ ਬੰਦਾ ਸਿੰਘ ਬਹਾਦਰ’, ਬੂਟਾ ਸਿੰਘ ਦੀ ‘ਕੱਚੇ ਧਾਗੇ’, ਬਲਰਾਜ ਸਾਗਰ ਅਤੇ ਇੰਦਰਜੀਤ ਮੋਗਾ ਦੀ ‘ਜਰਨੀ ਆਫ ਪੰਜਾਬ 2016’ ਨੇ ਸ਼ਮੂਲੀਅਤ ਕੀਤੀ ਜਿਸ ਵਿੱਚੋਂ ‘ਚਾਰ ਸਾਹਿਬਜ਼ਾਦੇ-2’ ਨੇ ਪਹਿਲੀ ਫ਼ਿਲਮ ਦੀ ਤਰਜ਼ ’ਤੇ ਸੀਕੁਇਲ ਰਿਲੀਜ਼ ਕੀਤਾ ਸੀ। ਇਸ ਤੋਂ ‘ਚਾਰ ਸਾਹਿਬਜ਼ਾਦੇ’ ਦੀ ਅਪਾਰ ਸਫ਼ਲਤਾ ਦੀਆਂ ਕਿਆਸ-ਰਾਈਆਂ ਲੱਗੀਆਂ ਸਨ, ਪਰ ਇਹ ਫ਼ਿਲਮ ਤੱਥਾਂ ਦੀ ਉੱਕੀ-ਪੁੱਕੀ ਪੇਸ਼ਕਾਰੀ ਤੇ ਵਧੇਰੇ ਵਾਇਸ ਓਵਰ ਹੋਣ ਕਾਰਨ ਕਿਆਸੀ ਸਫ਼ਲਤਾ ਹਾਸਲ ਕਰਨ ’ਚ ਕਾਮਯਾਬ ਨਹੀਂ ਹੋਈ। ਇਸੇ ਤਰ੍ਹਾਂ ਫ਼ਿਲਮ ‘ਕੱਚੇ ਧਾਗੇ’ ਦਾ ਕਾਰੋਬਾਰ ਸਕਰੀਨੀ ਸਫ਼ਲਤਾ ਦੀ ਬਜਾਏ ਅਖ਼ਬਾਰੀ ਪੋਸਟਰ ਚਰਚਾ ਅਤੇ ਟੀ.ਵੀ. ਟੀਜ਼ਰਾਂ ਤਕ ਹੀ ਸੀਮਿਤ ਰਿਹਾ। ਦੂਜੇ ਪਾਸੇ ਦਾ ‘ਜਰਨੀ ਆਫ ਪੰਜਾਬ 2016’ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀ ਗਰੁੱਪ ਰੈੱਡ ਆਰਟਸ ਵੱਲੋਂ ਭਾਵੇਂ ਥੋੜ੍ਹੇ ਬਜਟ ’ਚ ਬਣਾਈ ਗਈ ਸੀ, ਪਰ ਵਿਸ਼ੇ ਅਤੇ ਕੰਮ ਚੰਗਾ ਹੋਣ ਕਰਕੇ ਕਾਫ਼ੀ ਲੋਕਪ੍ਰਿਯਤਾ ਖੱਟਣ ’ਚ ਕਾਮਯਾਬ ਰਹੀ। ਸਾਲ ਦੇ  ਅਖੀਰਲੇ ਮਹੀਨੇ ਦਸੰਬਰ ’ਚ ਰਿਲੀਜ਼ ਹੋਈਆਂ ਦੋ ਫ਼ਿਲਮਾਂ ‘ਯਾਰ ਅਣਮੁੱਲੇ-2’ ਅਤੇ ਅਮਿਤੋਜ ਮਾਨ ਦੀ ‘ਮੋਟਰ ਮਿੱਤਰਾਂ ਦੀ’ ਵੀ ਨਵੇਂ ਵਿਸ਼ੇ ਰਾਹੀਂ ਚੰਗਾ ਕਾਰੋਬਾਰ ਕਰਨ ’ਚ ਸਫ਼ਲ ਹੋਣਗੀਆਂ।
ਸੰਪਰਕ: 98788-89217

‘ਚੌਥੀ ਕੂਟ’ ਅਤੇ ‘ਗੇਲੋ’ ਨੇ ਦਿਵਾਈ ਵੱਖਰੀ ਪਛਾਣ
ਪਿਛਲੇ ਵਰ੍ਹੇ ਪੰਜਾਬੀ ਸਿਨਮਾ ‘ਚੰਨੋ ਕਮਲੀ ਯਾਰ ਦੀ’, ‘ਨਿਧੀ ਸਿੰਘ’ ਅਤੇ ‘ਗੇਲੋ’ ਰਾਹੀਂ ਮਹਿਲਾ ਕਿਰਦਾਰ ਆਧਾਰਿਤ ਫ਼ਿਲਮਾਂ ਪੇਸ਼ ਕਰਨ ਵਿੱਚ ਵੀ ਅੱਗੇ ਆਇਆ ਹੈ। ਭਾਵੇਂ ਮਰਦ ਪ੍ਰਧਾਨ ਸਮਾਜ ਵਿੱਚ ਇਹ ਫ਼ਿਲਮਾਂ ਅਜੇ ਓਨੀ ਸਫ਼ਲਤਾ ਅਤੇ ਸ਼ੋਹਰਤ ਬਟੋਰਨ ਵਿੱਚ ਸਫ਼ਲ ਨਹੀਂ ਹੋਈਆਂ, ਪਰ ਪੰਜਾਬੀ ਫ਼ਿਲਮ ਸਨਅਤ ’ਚ ਇਹ ਚੰਗਾ ਕਦਮ ਮੰਨਿਆ ਜਾ ਸਕਦਾ ਹੈ। ਪਿਛਲੇ ਵਰ੍ਹੇ ਇੱਕ ਗੱਲ ਹੋਰ ਵੀ ਪੰਜਾਬੀ ਸਿਨਮਾ ਲਈ ਵਧਾਈ ਵਾਲੀ ਰਹੀ ਕਿ ਇਸ ਵਾਰ ਸਾਹਿਤਕ ਵਿਧਾਵਾਂ ’ਤੇ ਆਧਾਰਿਤ ਰਾਮ ਸਰੂਪ ਅਣਖੀ ਦੇ ਨਾਵਲ ’ਤੇ ਆਧਾਰਿਤ ਫ਼ਿਲਮ ‘ਗੇਲੋ’ ਅਤੇ ਵਰਿਆਮ ਸੰਧੂ ਦੀ ਕਹਾਣੀ ’ਤੇ ਆਧਾਰਿਤ ਫ਼ਿਲਮ ‘ਚੌਥੀ ਕੂਟ’ ਪੰਜਾਬੀ ਸਿਨਮਾ ਦੇ ਨਾਲ-ਨਾਲ ਸਾਹਿਤਕ ਹਲਕਿਆਂ ਵਿੱਚੋਂ ਵੀ ਸ਼ੋਭਾ ਖੱਟਣ ’ਚ ਸਫ਼ਲ ਹੋਈਆਂ। ਬੇਸ਼ੱਕ ਇਨ੍ਹਾਂ ਫ਼ਿਲਮਾਂ ਦੇ ਹਿੱਸੇ ਵਪਾਰਕ ਸਫ਼ਲਤਾ ਘੱਟ ਆਈ, ਪਰ ਗੁਰਵਿੰਦਰ ਵੱਲੋਂ ਬਣਾਈ ‘ਚੌਥੀ ਕੂਟ’ ਅੰਤਰਰਾਸ਼ਟਰੀ ਪੱਧਰ ’ਤੇ ਹੋਏ ਫ਼ਿਲਮੀ ਸਮਾਗਮਾਂ ਵਿੱਚ ਨਾਮਣਾ ਖੱਟਣ ਅਤੇ ਪੰਜਾਬੀ ਸਿਨਮਾ ਦੀ ਮਕਬੂਲੀਅਤ ਕਰਨ ਵਿੱਚ ਵੀ ਸਫ਼ਲ ਰਹੀ।


Comments Off on ਨਵੇਂ ਵਿਸ਼ਿਆਂ ਦੀ ਪਿਰਤ ਪਾ ਗਿਆ ਪੰਜਾਬੀ ਸਿਨਮਾ-2016
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.