ਬਾਬਰੀ ਮਸਜਿਦ ਕੇਸ: ਚਸ਼ਮਦੀਦ ਗਵਾਹ ਦੀ ਮੌਤ !    ਅਮਰੀਕਾ: ਸਿੱਖ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ !    ਮੁਕਾਬਲੇ ਵਾਲੀਆਂ ਥਾਵਾਂ ’ਤੇ ਆ ਕੇ ‘ਖ਼ੁਦਕੁਸ਼ੀ’ ਨਾ ਕਰਨ ਨੌਜਵਾਨ: ਵੈਦ !    ਬੰਗਲਾਦੇਸ਼: ਖ਼ੁਦਕੁਸ਼ ਹਮਲੇ ’ਚ ਪਰਿਵਾਰ ਦੇ 8 ਜੀਅ ਮਰੇ !    ਭੇਤਭਰੀ ਹਾਲਤ ਵਿੱਚ ਚੱਲੀ ਗੋਲੀ; ਮੁਲਾਜ਼ਮ ਜ਼ਖਮੀ !    ਬਦਨੌਰ ਵੱਲੋਂ ਸੈਨਿਕ ਬੋਰਡ ਨਾਲ ਮੀਟਿੰਗ !    ਯੂਨੀਵਰਸਿਟੀਆਂ ਦੀ ਭੂਮਿਕਾ ਨੂੰ ਪੁਨਰ ਪ੍ਰਭਾਸ਼ਿਤ ਕਰਨ ਦੀ ਲੋੜ: ਅਪੂਰਵਾਨੰਦ !    ਧੋਖਾਧੜੀ ਕਰਨ ਵਾਲੇ ਬਿਲਡਰਾਂ ਦੀ ਗ੍ਰਿਫ਼ਤਾਰੀ ਲਈ ਲੋਕਾਂ ਤੋਂ ਮੰਗਿਆ ਸਹਿਯੋਗ !    ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿੱਚ ਕਸੂਤੇ ਘਿਰੇ ਕੌਂਸਲ ਅਧਿਕਾਰੀ !    ਬੱਚਿਆਂ ਦੇ ਰਿਪੋਰਟ ਕਾਰਡ ਨਾ ਦੇਣ ਕਾਰਨ ਸਕੂਲ ਅੱਗੇ ਧਰਨਾ !    

ਪਾਠਕਾਂ ਦੇ ਖ਼ਤ

Posted On January - 8 - 2017

ਤੇਰਾ ਅੰਬਰਾਂ ’ਚ ਨਾਂ ਲਿਖਿਆ
ਓਮ ਪੁਰੀ ਦਾ ਸਰੀਰਕ ਵਿਛੋੜਾ ਬੇਸ਼ੁਮਾਰ ਲੋਕਾਂ ਨੂੰ ਉਦਾਸ ਕਰ ਗਿਆ ਹੈ, ਪਰ ਉਹ ਰੂਹ ਤਾਂ ਕਿਤੇ ਇੱਥੇ ਹੀ ਛੱਡ ਗਿਆ ਹੈ। ਵਿੱਲ ਡਿਊਰਾਂ ਆਪਣੀ ਚਰਚਿਤ ਪੁਸਤਕ ‘ਫਿਲਾਸਫ਼ੀ ਦੀ ਕਹਾਣੀ’ ਦੇ ਆਰੰਭ ਵਿੱਚ ਹੀ ਮਹਾਨ ਸੁਕਰਾਤ ਦੇ ਨੱਕ ਨੂੰ ‘ਖਿੜੇ ਹੋਏ ਫੁੱਲ’ ਨਾਲ ਤੁਲਨਾ ਕਰਕੇ ਉਸਦੀ ਅੰਦਰਲੀ ਖ਼ੁੂੂਬਸੂਰਤੀ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ। ਸਾਡੇ ਇਸ ਮਹਾਨ ਪੰਜਾਬੀ ਓਮ ਪੁਰੀ ਦਾ ਨੱਕ ਤੇ ਚਿਹਰਾ ਸੁਕਰਾਤ ਵਰਗਾ ਹੀ ਸੀ। ਪਰ ਉਸਨੇ ਇਹ ਚਮਤਕਾਰ ਕਰ ਵਿਖਾਇਆ ਕਿ ‘ਅੰਦਰ ਦਾ ਹੁਸਨ’ ਹੀ ਸਦਾਬਹਾਦਰ ਜੀਵਨ ਦਾ ਪ੍ਰਤੀਕ ਹੁੰਦਾ ਹੈ। ਇਹ ਕਰਾਮਾਤ ਨਜ਼ਲ ਵੀ ਉੱਥੇ ਹੀ ਹੋਈ, ਜਿੱਥੇ ਬਾਹਰਲਾ ਹੁਸਨ ਹੀ ਤੁਹਾਡੇ ਚਮਕਣ ਦੀ ਪਹਿਲੀ ਸ਼ਰਤ ਹੁੰਦੀ ਹੈ। ਓਮ ਪੁਰੀ ਕਿਸੇ ਕਿਰਦਾਰ ਨੂੰ ਆਪਣੇ ਅੰਦਰ ਕੁਝ ਇਸ ਤਰ੍ਹਾਂ ਜਜ਼ਬ ਕਰ ਲੈਂਦਾ ਸੀ ਕਿ ਉਸਦੀ ਆਪਣੀ ਹਸਤੀ ਹੀ ਖ਼ਤਮ ਹੋ ਜਾਂਦੀ ਸੀ। ਸ਼ਬਾਨਾ ਆਜ਼ਮੀ ਨੇ ਕਿਸੇ ਪਿਆਰ ਭਰੇ ਗੁੱਸੇ ਈਰਖਾ ਵਿੱਚ ਇੱਕ ਵਾਰ ਓਮ ਪੁਰੀ ਤੇ ਨਸੀਰੂਦੀਨ ਸ਼ਾਹ ਨੂੰ ਤਾਅਨਾ ਮਾਰਿਆ ਸੀ, ‘‘ਤੁਸੀਂ ਬਦਸੂਰਤ ਚਿਹਰੇ ਵਾਲਿਓ, ਤੁਸੀਂ ਸੋਚ ਹੀ ਕਿਵੇਂ ਲਿਆ ਕਿ ਬਾਲੀਵੁੱਡ ਤੁਹਾਡਾ ਸਵਾਗਤ ਕਰੇਗਾ!’’ ਕੌਣ ਜਾਣਦਾ ਸੀ ਕਿ ਇਤਿਹਾਸ ਦੂਜੇ ਪਾਸੇ ਹੀ ਘੁੰਮ ਜਾਏਗਾ। ਅਨੁੂਪਮ ਖੇਰ ਠੀਕ ਹੀ ਕਹਿੰਦਾ ਹੈ ਕਿ ਬੰਦਾ ਚਾਹੇ ਤਾਂ ‘ਸਭ ਕੁਝ ਹੋ ਸਕਦਾ ਹੈ।’ ਓਮ ਪੁਰੀ ਦਾ ਨਾਂ ਅੰਬਰਾਂ ਵਿੱਚ ਲਿਖਿਆ ਗਿਆ ਹੈ।
ਇੱਕ ਹੋਰ ਆਤਮਾ ਵੀ ਉਸੇ ਦਿਨ ਵਿਛੜੀ ਅਤੇ ਉਹ ਸੀ ਸੁਰਜੀਤ ਮਾਨ। ਜੇਕਰ ਓਮ ਪੁਰੀ ਰੂਹ ਨਾਲ ਜਿਉਂਦਾ ਸੀ ਤਾਂ ਦੂਜਾ ਬੰਦਿਆਂ ਦੀ ਜੀਵਨ ਕਹਾਣੀ ਰੂਹ ਨਾਲ ਲਿਖਦਾ ਸੀ।
-ਕਰਮਜੀਤ ਸਿੰਘ, ਚੰਡੀਗੜ੍ਹ
(2)
ਆਪਣੀ ਬੇਬਾਕ ਅਦਾਕਾਰੀ ਤੇ ਦਮਦਾਰ ਆਵਾਜ਼ ਕਾਰਨ ਫ਼ਿਲਮ ਜਗਤ ਵਿੱਚ ਲੋਹਾ ਮਨਵਾਉਣ ਵਾਲੇ ਓਮ ਪੁਰੀ ਦੀ ਮੌਤ ਦੀ ਖ਼ਬਰ ਸੁਣ ਕੇ ਮਨ ਨੂੰ ਬੜਾ ਧੱਕਾ ਲੱਗਾ। ਨਵੇਂ ਸਾਲ ਦੇ ਸ਼ੁਰੂਆਤੀ ਦੌਰ ਦੀਆਂ ਸੱਜਰੀਆਂ ਸਵੇਰਾਂ ਵਿੱਚ ਓਮ ਪੁਰੀ ਤੇ ਪੰਜਾਬੀ ਕਲਾਕਾਰ ਰਾਜ ਬਰਾੜ ਵਰਗੇ ਫ਼ਨਕਾਰਾਂ ਦੇ ਜਾਣ ਨਾਲ ਫ਼ਿਲਮ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
-ਮਲਕੀਤ ਸਿੰਘ ਕੀਤੂ, ਸਨੌਰ (ਪਟਿਆਲਾ)
(3)
ਨਸੀਰੂਦੀਨ ਸ਼ਾਹ ਦਾ ਮਿਡਲ ‘ਜ਼ਿੰਦਗੀ ਦੇ ਸੰਘਰਸ਼ ਵਿੱਚੋਂ ਉੱਭਰੀ ਸ਼ਖ਼ਸੀਅਤ ਓਮ ਪੁਰੀ’ (7 ਜਨਵਰੀ) ਵਿੱਚ ਓਮ ਪੁਰੀ ਦੇ ਜੀਵਨ ਦੇ ਕਈ ਅਜਿਹੇ ਪੱਖ ਉਜਾਗਰ ਹੋਏ, ਜਿਨ੍ਹਾਂ ਬਾਰੇ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ। ਓਮ ਪੁਰੀ ਨੇ ਪੰਜਾਬੀ ਫ਼ਿਲਮ ‘ਚੰਨ ਪਰਦੇਸੀ’ ਵਿੱਚ ਬੜਾ ਜ਼ਬਰਦਸਤ ਰੋਲ ਅਦਾ ਕੀਤਾ ਸੀ।
-ਡਾ. ਇਕਬਾਲ ਸਿੰਘ, ਸੰਗਰੂਰ
(4)
‘ਜ਼ਿੰਦਗੀ ਦੇ ਸੰਘਰਸ਼ ਵਿੱਚੋਂ ਉੱਭਰੀ ਸ਼ਖ਼ਸੀਅਤ’ ਤੋਂ ਓਮ ਪੁਰੀ ਦੀ ਨਿੱਜੀ ਜ਼ਿੰਦਗੀ ਅਤੇ ਸ਼ਖ਼ਸੀਅਤ ਬਾਰੇ ਕਈ ਕੁਝ ਜਾਨਣ ਨੂੰ ਮਿਲਿਆ। ਜ਼ਿੰਦਗੀ ਵਿੱਚ ਘੋਰ ਸੰਘਰਸ਼ ਕਰਨ ਅਤੇ ਨਿਵੇਕਲਾ ਮੁਕਾਮ ਬਣਾਉਣ ਵਾਲੇ ਓਮ ਪੁਰੀ ਨੂੰ ਫ਼ਿਲਮ ਜਗਤ ਦੇ ਲੋਕ ਅਤੇ ਸੁਭਾਵਿਕ ਅਦਾਕਾਰੀ ਦੇ ਸ਼ੈਦਾਈ ਹਮੇਸ਼ਾ ਸਲਾਮ ਕਰਦੇ ਰਹਿਣਗੇ।
-ਰਮਨਦੀਪ ਕੌਰ, ਕਲਾਨੌਰ (ਗੁਰਦਾਸਪੁਰ)
ਬਜਟ ਸੈਸ਼ਨ ਸਬੰਧੀ ਖਦਸ਼ੇ
5 ਜਨਵਰੀ ਦੇ ਸੰਪਾਦਕੀ ਅਨੁਸਾਰ ਵਿਰੋਧੀ ਧਿਰਾਂ ਦੇ ਕੁਝ ਖਦਸ਼ੇ ਹਨ ਕਿ ਪਹਿਲੀ ਫਰਵਰੀ ਨੂੰ ਪੇਸ਼ ਕੀਤੇ ਜਾਣ ਵਾਲੇ ਬਜਟ ਦੇ ਕੁਝ ਫ਼ੈਸਲੇ ਪੰਜ ਰਾਜਾਂ ਵਿੱਚ ਹੋਣ ਜਾ ਰਹੀਆਂ ਚੋਣਾਂ ਵਿੱਚ ਭਾਜਪਾ ਅਤੇ ਇਸਦੇ ਸਹਿਯੋਗੀ ਦਲਾਂ ਦੇ ਹੱਕ ਵਿੱਚ ਭੁਗਤ ਸਕਦੇ ਹਨ। ਇਹ ਖਦਸ਼ੇ ਮੈਨੂੰ ਨਿਰਮੂਲ ਜਾਪਦੇ ਹਨ ਕਿਉਂਕਿ ਸਾਡੇ ਦੇਸ਼ ਵਿੱਚ ਬਜਟ ਦਾ ਕੋਈ ਬਹੁਤਾ ਮਹੱਤਵ ਨਹੀਂ ਅਤੇ ਹਰ ਮਹੀਨੇ ਪੈਟਰੋਲ, ਡੀਜ਼ਲ, ਅਤੇ ਰਸੋਈ ਗੈਸ ਦੀਆਂ ਕੀਮਤਾਂ ਵਧਾਈਆਂ ਜਾਂਦੀਆਂ ਹਨ ਅਤੇ ਦਾਲਾਂ ਦੀਆਂ ਕੀਮਤਾਂ ਨੂੰ ਪਤਾ ਹੀ ਨਹੀਂ ਕੌਣ ਕੰਟਰੋਲ ਕਰਦਾ ਹੈ। ਇਸੇ ਤਰ੍ਹਾਂ ਪੰਜਾਬ ਵਿੱਚ ਜਦੋਂ ਮਰਜ਼ੀ ਬੱਸਾਂ ਦੇ ਕਿਰਾਏ ਅਤੇ ਬਿਜਲੀ ਦੇ ਬਿੱਲ ਵਧਾ ਦਿੱਤੇ ਜਾਂਦੇ ਹਨ। ਫਿਰ ਬਜਟ ਦਾ ਕੀ ਮਤਲਬ ਰਹਿ ਗਿਆ? ਜੇ ਆਮਦਨ ਕਰ ਵਿੱਚ ਛੋਟ ਦੇ ਵੀ ਦਿੱਤੀ ਤਾਂ ਵੀ ਬਹੁਤਾ ਫ਼ਰਕ ਨਹੀਂ ਪੈਣ ਲੱਗਾ ਕਿਉਂਕਿ ਕਰ ਦਾਤਾ ਜਾਣਦਾ ਹੈ ਕਿ ਸਰਕਾਰ ਇੱਕ ਹੱਥ ਦੇ ਕੇ ਦੂਜੇ ਹੱਥ ਖੋਹ ਵੀ ਲੈਂਦੀ ਹੈ।
-ਪ੍ਰਿੰ. ਗੁਰਮੁਖ ਸਿੰਘ ਪੋਹੀੜ, ਪਿੰਡ ਪੋਹੀੜ (ਲੁਧਿਆਣਾ)
ਗੁਰੂ ਸਾਹਿਬ ਤੇ ਭਾਈ ਨੰਦ ਲਾਲ
ਪ੍ਰੋਫ਼ੈਸਰ ਸੁਰਜੀਤ ਸਿੰਘ ਭੱਟੀ ਦਾ ਵਿਦਵਤਾ ਭਰਪੂਰ ਲੇਖ ‘ਭਾਈ ਨੰਦ ਲਾਲ ਤੇ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ’ (5 ਜਨਵਰੀ) ਵਧੀਆ ਲੱਗਾ। ਭਾਈ ਨੰਦ ਲਾਲ ਦੇ ਜੀਵਨ ਬਾਰੇ ਜਾਣਕਾਰੀ ਘੱਟ ਹੀ ਪੜ੍ਹਨ ਨੂੰ ਮਿਲਦੀ ਹੈ। ਇੱਥੇ ਇਹ ਗੱਲ ਵੀ ਜ਼ਿਕਰ ਕਰਨਯੋਗ ਹੈ ਕਿ ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਹੋਣ ਤੋਂ ਇਲਾਵਾ ਉਨ੍ਹਾਂ ਦੇ ਬੜੇ ਗੂੜ੍ਹੇ ਮਿੱਤਰ ਵੀ ਸਨ।
-ਡਾ. ਇਕਬਾਲ ਸਿੰਘ, ਸੰਗਰੂਰ
ਮੋਬਾਈਲ ਫ਼ੋਨਾਂ ਦੀ ਦੁਰਵਰਤੋਂ
4 ਜਨਵਰੀ ਦੇ ‘ਜਵਾਂ ਤਰੰਗ’ ਪੰਨੇ ’ਤੇ ਪ੍ਰੋ. ਜਸਪ੍ਰੀਤ ਕੌਰ ਦਾ ਮੋਬਾਈਲ ਫ਼ੋਨਾਂ ਦੀ ਦੁਰਵਰਤੋਂ ਬਾਰੇ ਛਪਿਆ ਲੇਖ ਜਾਣਕਾਰੀ ਭਰਪੂਰ ਸੀ। ਮੋਬਾਈਲ ਟਾਵਰ ਲਗਾਉਣ ਲਈ ਇਜਾਜ਼ਤ ਲੈਣ ਸਬੰਧੀ ਦਿੱਤੀ ਸਲਾਹ ਵੀ ਦਰੁਸਤ ਹੈ। ਇਸ ਦੇ ਨਾਲ ਹੀ ਅਜਿਹੇ ਟਾਵਰਾਂ ਦਾ ਨਿਰਮਾਣ ਕਰਨ ਦੀ ਜ਼ਰੂਰਤ ਹੈ ਜੋ ਮਨੁੱਖੀ ਜੀਵਨ ਤੇ ਪਸ਼ੂ-ਪੰਛੀਆਂ ਲਈ ਨੁਕਸਾਨਦਾਇਕ ਨਾ ਹੋਣ।
-ਹਰਪ੍ਰੀਤ ਕੌਰ ਪਬਰੀ, ਪਟਿਆਲਾ
ਨੈਤਿਕ ਜ਼ਿੰਮੇਵਾਰੀ ਤੇ ਸਾਰਥਿਕ ਨਤੀਜੇ
3 ਜਨਵਰੀ ਨੂੰ ‘ਲੋਕ ਸੰਵਾਦ’ ਪੰਨੇ ’ਤੇ ਅਵਤਾਰ ਸਿੰਘ ਚਲੈਲਾਂ ਦਾ ਲੇਖ ‘ਇੱਕ ਫਰਿਆਦ ਨਾਜਾਇਜ਼ ਸ਼ਰਾਬ ਦੀ ਵਿਕਰੀ ਦੇ ਖ਼ਿਲਾਫ਼’ ਪੜ੍ਹਿਆ ਜੋ ਲੇਖਕ ਦਾ ਸਿਸਟਮ ਨੂੰ ਬੇਪਰਦ ਕਰਨ ਦਾ ਚੰਗਾ ਉਪਰਾਲਾ ਸੀ। ਸ਼ਰਾਬ ਦੀ ਨਾਜਾਇਜ਼ ਵਿਕਰੀ ਪ੍ਰਤੀ ਚੇਤੰਨ ਸਮਾਜ ਨੂੰ ਆਵਾਜ਼ ਬੁਲੰਦ ਕਰਨੀ ਲਾਜ਼ਮੀ ਹੈ। ਪ੍ਰੰਤੂ ਕਾਰਵਾਈ ਲਈ ਲੇਖਕ ਵੱਲੋਂ ਕੇਵਲ ਪ੍ਰਸ਼ਾਸਨ ’ਤੇ ਨਿਰਭਰ ਹੋਣ ਤੋਂ ਮੈਨੂੰ ਇੰਜ ਜਾਪਦਾ ਹੈ ਕਿ ਇਹ ਇੱਕ ਨਾਗਰਿਕ ਦੀ ਆਪਣੀ ਨੈਤਿਕ ਜ਼ਿੰਮੇਵਾਰੀ ਤੋਂ ਸੁਰਖ਼ਰੂ ਹੋਣਾ ਹੈ। ਸਮਾਜਿਕ ਕੁਰੀਤੀਆਂ ਦੇ ਖ਼ਿਲਾਫ਼ ਸਮਾਜ ਤੇ ਪ੍ਰਸ਼ਾਸਨ ਦੋਵਾਂ ਦੀਆਂ ਭੂਮਿਕਾਵਾਂ ਇਕਸਾਰ ਉਜਾਗਰ ਕਰਨੀਆਂ ਲਾਜ਼ਮੀ ਹਨ ਤਾਂ ਹੀ ਸਾਰਥਿਕ ਨਤੀਜਿਆਂ ਦੀ ਕਲਪਨਾ ਕੀਤੀ ਜਾ ਸਕਦੀ ਹੈ।
-ਜਗਜੀਤ ਸਿੰਘ ਪੰਜੋਲੀ, ਪਟਿਆਲਾ
ਅਵਤਾਰ ਸਿੰਘ ਚਲੈਲਾਂ ਨੇ ਆਪਣੇ ਪਿੰਡ ਦੀ ਸਮੱਸਿਆ ਬਾਰੇ ‘ਪੰਜਾਬੀ ਟ੍ਰਿਬਿਊਨ’ ਨੂੰ ਖ਼ਤ ਲਿਖਿਆ ਸੀ। ਸਮੱਸਿਆ ਦੀ ਵਿਆਪਕਤਾ ਤੇ ਪਿੰਡ ਵਾਸੀਆ ਦੇ ਹੀਲੇ ਨੂੰ ਹੁਲਾਰਾ ਦੇਣ ਦੇ ਮੱਦੇਨਜ਼ਰ ਅਸੀਂ ਇਸ ਖ਼ਤ ਨੂੰ ਲੇਖ ਦੇ ਰੂਪ ਵਿੱਚ ਛਾਪਣਾ ਬਿਹਤਰ ਸਮਝਿਆ।                                       -ਸੰਪਾਦਕ

10301CD _MARIAGEਇਹ ਕਿਹੋ ਜਿਹੀ ਤਰਕਸ਼ੀਲਤਾ
ਰਾਮ ਸਵਰਨ ਲੱਖੇਵਾਲੀ ਦਾ ਮਿਡਲ ਪੜ੍ਹਿਆ। ਇਸ ਵਿੱਚ ਸਾਦੇ ਵਿਆਹ ਦੀ ਗੱਲ ਕੀਤੀ ਗਈ ਹੈ। ਇਹ ਵਿਆਹ ਸਾਦਾ ਕਿਵੇਂ ਹੋਇਆ? ਵਿਆਹ ਬੈਂਕੁਏਟ ਹਾਲ ਵਿੱਚ ਹੋਇਆ। ਮੇਲੀਆਂ ਤੇ ਬਰਾਤੀਆਂ ਦੀ ਚੰਗੀ ਖ਼ਾਤਿਰ ਹੋਈ। ਗਾਉਣ ਵਾਲੇ ਬੁਲਾਏ। ਬੈਂਕੁਏਟ ਹਾਲ ਦਾ ਤਾਂ ਕਿਰਾਇਆ ਹੀ ਲੱਖਾਂ ਵਿੱਚ ਹੁੰਦਾ ਹੈ। ਖਾਣਾ ਵੀ ਮਹਿੰਗਾ ਹੁੰਦਾ ਹੈ। ਸਿਰਫ਼ ਸ਼ਗਨ ਹੀ ਤਾਂ ਨਹੀਂ ਲਏ ਗਏ। ਬਾਕੀ ਸਭ ਮਹਿੰਗੀਆਂ ਗੱਲਾਂ ਹੋਈਆਂ। ਮੇਰੇ ਖਿਆਲ ਵਿੱਚ ਲਾਵਾਂ – ਫੇਰੇ ਤੋਂ ਬਗ਼ੈਰ ਵਿਆਹ, ਵਿਆਹ ਹੁੰਦਾ ਹੀ ਨਹੀਂ। ਇਹ ਤਾਂ ਗੁਰੂਆਂ ਵੱਲੋਂ ਬਣਾਈ ਗਈ ਰੀਤ ਦੀ ਬੇਅਦਬੀ ਹੈ। ਇਹ ਕਿਹੋ ਜਿਹੀ ਤਰਕਸ਼ੀਲਤਾ ਲਹਿਰ ਹੈ।
-ਗੁਰਸ਼ਰਨ ਸਿੰਘ ਘਈ (ਈ-ਮੇਲ)


Comments Off on ਪਾਠਕਾਂ ਦੇ ਖ਼ਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.