ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

ਪਾਠਕਾਂ ਦੇ ਖ਼ਤ

Posted On January - 11 - 2017

‘ਆਪ’ ਬਾਰੇ ਇਕਪਾਸੜ ਲੇਖ

ਮੈਂ ਆਮ ਆਦਮੀ ਪਾਰਟੀ (ਆਪ) ਦਾ ਪੱਕਾ ਸਮਰਥਕ ਨਹੀਂ ਹਾਂ, ਪਰ ਫਿਰ ਵੀ ਮਹਿਸੂਸ ਕਰਦਾ ਹਾਂ ਕਿ ਡਾ. ਬਲਕਾਰ ਸਿੰਘ ਦਾ ਲੇਖ ‘ਪੰਜਾਬ ਦਾ ਸਿਆਸੀ ਭੇੜ ਤੇ ਕੇਜਰੀਵਾਲ’ (10 ਜਨਵਰੀ) ਇੱਕਪਾਸੜ ਹੈ। ਜੇਕਰ ‘ਆਪ’ ਪੰਜਾਬ ਦੀ ਬਿਹਤਰੀ ਲਈ ਠੀਕ ਨਹੀਂ ਹੈ ਤਾਂ ਰਵਾਇਤੀ ਪਾਰਟੀਆਂ ਨੇ ਹੁਣ ਤਕ ਇਸ ਲਈ ਕਿਹੜੇ ਤੀਰ ਮਾਰੇ ਹਨ? ਜੇਕਰ ਇਹ ਪਾਰਟੀਆਂ ਲੋਕਾਂ ਦੇ ਹਿੱਤਾਂ ਲਈ ਲੜ ਰਹੀਆਂ ਹੁੰਦੀਆਂ ਜਾਂ ‘ਪੰਜਾਬ ਹਿਤੈਸ਼ੀ ਹੋਣ ਲਈ ਸਿਰ ਦੇਣ ਵਾਲਿਆਂ’ ਦੀ ਕਮੀ ਨਾ ਹੁੰਦੀ ਤਾਂ ਪੰਜਾਬ ਦੀ ਇਹ ਮੌਜੂਦਾ ਹਾਲਤ ਦੇਖਣ ਨੂੰ ਨਾ ਮਿਲਦੀ ਅਤੇ ਇੱਥੇ ‘ਕੇਜਰੀਵਾਲ ਕੇਜਰੀਵਾਲ, ਸਾਰਾ ਪੰਜਾਬ ਤੇਰੇ ਨਾਲ’ ਦੇ ਨਾਅਰੇ ਨਾ ਲੱਗਦੇ ਹੁੰਦੇ। ਇਹ ਗੱਲ ਠੀਕ ਹੈ ਕਿ ਪੰਜਾਬ, ਗੁਰੂ ਦੇ ਨਾਮ ’ਤੇ ਜ਼ਿੰਦਾ ਹੈ, ਪਰ ਜੇਕਰ ਪੰਜਾਬ ਦੇ ਲੋਕ ਗੁਰੂਆ ਦੇ ਪੂਰਨਿਆਂ ਉੱਪਰ ਚਲਦੇ ਹੋਏ ‘ਆਪ’ ਦੀ ਅਗਵਾਈ ਵਿੱਚ ਧਰਮ ਦੇ ਠੇਕੇਦਾਰਾਂ, ਧਨ ਕੁਬੇਰਾਂ ਅਤੇ ਕੁਨਬਾਪ੍ਰਸਤਾਂ ਤੋਂ ਛੁਟਕਾਰਾ ਪਾਉਣ ਲਈ ਕੋਸ਼ਿਸ਼ ਕਰ ਰਹੇ ਹਨ ਤਾਂ ਇਸ ਵਿੱਚ ਕੀ ਹਰਜ ਹੈ?
-ਤਰਸੇਮ ਸਿੰਘ, ਮਾਹਿਲਪੁਰ (ਹੁਸ਼ਿਆਰਪੁਰ)

(2)

ਡਾ. ਬਲਕਾਰ ਸਿੰਘ ਦਾ ਲੇਖ ਇਕਤਰਫ਼ਾ ਸੋਚ ਦਾ ਪ੍ਰਤੀਕ ਹੈ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਲੇਖਕ ਪੰਜਾਬ ਤੋਂ ਕਿਤੇ ਦੂਰ ਵਸਦਾ ਹੋਵੇ। ਜ਼ਮੀਨੀ ਹਕੀਕਤਾਂ ਤੋਂ ਅੱਖਾਂ ਮੀਚਣਾ ਚੰਗੀ ਸੋਚ ਨਹੀਂ ਕਹੀ ਜਾ ਸਕਦੀ। ਅੱਜ ਜੋ ਹਾਲ ਨੀਲੀਆਂ ਚਿੱਟੀਆਂ ਪਾਰਟੀਆਂ ਦੀ ਮਿਲੀ-ਭੁਗਤ ਨਾਲ ਪੰਜਾਬ ਦਾ ਹੋਇਆ ਹੈ, ਉਸ ਨੂੰ ਵੇਖ ਕੇ ਦਰੱਖਤ ਵੀ ਰੋ ਰਹੇ ਹਨ। ਸਿੱਖੀ ਸਰੂਪ ਵਿੱਚ ਛੁਪੇ ਹੋਏ ਮਸੰਦਾਂ ਨਾਲੋਂ ਕੇਜਰੀਵਾਲ ਕਰੋੜ ਗੁਣਾਂ ਚੰਗਾ ਹੈ।
-ਜਰਨੈਲ ਸਿੰਘ ਪਰਮਾਰ, ਪਟਿਆਲਾ

(3)

ਕੇਜਰੀਵਾਲ ਤੋਂ ਸਵਾਲ ਪੁੱਛਣ ਵਾਲਿਆਂ ਨੇ ਕਦੇ ਉਸਦੇ ਜਵਾਬ ਪੜ੍ਹੇ ਜਾਂ ਸੁਣੇ ਨਹੀਂ। ਮਸਲਾ ਚਾਹੇ ਪਾਣੀਆਂ ਦਾ  ਹੋਵੇ, ਚਾਹੇ 1984 ਅਤੇ ਚਾਹੇ ਡਰੱਗਜ਼ ਦਾ, ਤਿੰਨਾਂ ਪਾਰਟੀਆਂ ਦੇ ਜਵਾਬ ਜੇਕਰ ਡਾ. ਬਲਕਾਰ ਸਿੰਘ ਪੜ੍ਹ ਲੈਣ ਤਾਂ ਉਨ੍ਹਾਂ ਤੋਂ  ਹੀ ਉਨ੍ਹਾਂ ਨੂੰ ਅੰਦਾਜ਼ਾ ਹੋ ਜਾਵੇਗਾ ਕਿ ਕੇਜਰੀਵਾਲ ਦੀ ਸੋਚ ਕਿੰਨੀ ਸਪੱਸ਼ਟ ਹੈ।
-ਡਾ. ਆਕਾਸ਼ ਗਰਗ, ਸੰਗਰੂਰ

(4)

ਡਾ. ਬਲਕਾਰ ਸਿੰਘ ਨੇ ਪੰਜਾਬ ਦੀ ਦੁਖ਼ਦੀ ਰਗ਼ ਫੜੀ ਹੈ। ਪੰਜਾਬੀ ਸੂਬੇ ਦੀ ਸਥਾਪਨਾ ਦਾ ਉਦੇਸ਼ ਪੰਜਾਬੀਆਂ, ਖ਼ਾਸ ਕਰਕੇ ਸਿੱਖਾਂ ਨੂੰ ਪੰਜਾਬ ਦਾ ਰਾਜ-ਭਾਗ ਸੌਂਪਣਾ ਸੀ। ਇੱਥੇ ਕਿਸ ਗ਼ੈਰ-ਪੰਜਾਬੀ ਨੂੰ ਮੁੱਖ ਮੰਤਰੀ ਵਜੋਂ ਲਿਆਉਣਾ ਪੰਜਾਬੀਆਂ ਦੀ ਤੌਹੀਨ ਹੈ।
-ਰਤਨ ਸਿੰਘ ਪੰਧੇਰ (ਈ-ਮੇਲ)

(5)

ਵਿਦੇਸ਼ਾਂ ਵਿੱਚ ਪਰਵਾਸ ਕਰ ਗਏ ਪੰਜਾਬੀਆਂ ਨੂੰ ਇੰਪੋਰਟਡ ਚੀਜ਼ਾਂ ਨਾਲ ਖ਼ਾਸ ਮੋਹ ਹੈ। ਉਹ ਹੁਣ ਮੁੱਖ ਮੰਤਰੀ ਵੀ ਇੰਪੋਰਟ ਕਰਕੇ ਪੰਜਾਬ ਉੱਤੇ ਥੋਪਣਾ ਚਾਹੁੰਦੇ ਹਨ। ਕਦੇ ਖ਼ਾਲਿਸਤਾਨ ਦੇ ਮੁਦਈ ਰਹੇ ਅਨਸਰ ਹੀ ਹੁਣ ਕੇਜਰੀਵਾਲ ਰਾਹੀਂ ਪੰਜਾਬ ਉੱਪਰ ਆਪਣੀ ਗ਼ੈਰ-ਸਿਧਾਂਤਕ ਰਾਜਨੀਤੀ ਠੋਸਣਾ ਚਾਹੁੰਦੇ ਹਨ।
-ਜਤਿੰਦਰ ਸਿੰਘ ਹਾਂਸ, ਜਗਰਾਉਂ (ਲੁਧਿਆਣਾ)

ਪਰਵਾਸੀ ਪੰਜਾਬੀਆਂ ਬਾਰੇ ਭੁਲੇਖਾ

ਇਕਬਾਲ ਸਿੰਘ ਚੀਮਾ (ਨਵਾਂ ਸ਼ਹਿਰ) ਵੱਲੋਂ ‘ਚਲੋ ਪੰਜਾਬ’ ਮੁਹਿੰਮ ਦਾ ਵਿਰੋਧ ਕੀਤਾ ਗਿਆ ਹੈ। ਉਹ ਆਰ.ਕੇ. ਆਰੀਆ ਕਾਲਜ, ਨਵਾਂਸ਼ਹਿਰ ਵਿੱਚ ਮੇਰੇ ਸਤਿਕਾਰਤ ਅਧਿਆਪਕ ਰਹੇ ਹਨ। ਪਰ ਮੈਂ ਉਨ੍ਹਾਂ ਦੇ ਇਸ ਚਿੱਠੀ ਵਿਚਲੇ ਵਿਚਾਰ ਨਾਲ ਸਹਿਮਤ ਨਹੀਂ। ਕੋਈ ਵੀ ਇਨਸਾਨ ਖੁਸ਼ੀ ਨਾਲ ਆਪਣੇ ਵਤਨ ਤੋਂ ਦੂਰ ਨਹੀਂ ਜਾਂਦਾ। ਜਿਹੜੇ ਪਰਦੇਸੀ ਹੋਏ ਨੇ, ਉਨ੍ਹਾਂ ਨੂੰ ਪੁੱਛ ਕੇ ਵੇਖੋ: ਮਜਬੂਰੀਆਂ ਤੇ ਲਾਚਾਰੀਆਂ ਬੰਦੇ ਨੂੰ ਵਤਨ ਤੋਂ ਦੂਰ ਕਰਨ ਲਈ ਜ਼ਿੰਮੇਵਾਰ ਹਨ। ਸਾਰਿਆਂ ਨੂੰ ਇੱਕੋ ਰੱਸੇ ਨਹੀਂ     ਬੰਨ੍ਹਣਾ ਚਾਹੀਦਾ। ਪਰਵਾਸੀਆਂ ਦੇ ਭੈਣ ਭਾਈ ਪੰਜਾਬ ਵਿੱਚ ਵਸਦੇ ਨੇ। ਉਨ੍ਹਾਂ ਨੂੰ ਕੰਡਾ ਚੁੱਭਦਾ ਏ ਤਾਂ ਪੀੜ ਬਾਹਰ ਬੈਠਿਆਂ ਨੂੰ ਵੀ ਹੁੰਦੀ ਹੈ।
-ਇੰਦਰਜੀਤ ਸਿੰਘ, ਦਿੱਲੀ

(2)

ਵਿਦੇਸ਼ਾਂ ਵਿੱਚ ਜਾ ਵਸਿਆਂ ਨੂੰ ਕੋਸਣਾ ਠੀਕ ਨਹੀਂ। ਪਰ ਮੈਂ ਮਹਿਸੂਸ ਕਰਦਾ ਹਾਂ ਕਿ ਅਸੀਂ ਜਿਹੜੇ ਪੰਜਾਬ ਤੋਂ ਦੂਰ ਆ ਬੈਠੇ ਹਾਂ, ਸਾਨੂੰ ਉਸ ਰਾਜ ਦੀ ਸਿਆਸਤ ਵਿੱਚ ਬੇਲੋੜਾ ਦਖ਼ਲ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਪੰਜਾਬ ਵਿੱਚ ਬੈਠੇ ਲੋਕਾਂ ਨੂੰ ਆਪਣੇ ਜਮਹੂਰੀ ਹੱਕਾਂ ਦੀ ਖ਼ੁਦ ਵਰਤੋਂ ਕਰਨ ਦੇਣੀ ਚਾਹੀਦੀ ਹੈ।
-ਇੰਦਰਪ੍ਰੀਤ ਸਿੰਘ ਜਗੋਟਾ, ਮਿਆਮੀ (ਅਮਰੀਕਾ)

ਵਾਅਦਿਆਂ ਨਾਲ ਰਿਸ਼ਵਤ

10 ਜਨਵਰੀ ਦੇ ‘ਲੋਕ ਸੰਵਾਦ’ ਪੰਨੇ ਉੱਪਰ ਬੁੱਧ ਸਿੰਘ ਨੀਲੋਂ ਦੀ ਰਚਨਾ ‘ਵਾਅਦਿਆਂ ਤੇ ਮੁੱਦਿਆਂ ਵਿਚਕਾਰ ਲਟਕਿਆ ਪੰਜਾਬ’ ਵਿੱਚ ਸੱਚ ਨੂੰ ਪੇਸ਼ ਕੀਤਾ ਗਿਆ ਹੈ। ਹਰ ਸਿਆਸੀ ਪਾਰਟੀ ਦਾ ਰਿਸ਼ਵਤ ਦੇਣ ਦਾ ਤਰੀਕਾ ਬਦਲ ਚੁੱਕਿਆ ਹੈ। ਇਹ ਪਾਰਟੀਆਂ, ਵਾਅਦਿਆਂ ਨਾਲ ਰਿਸ਼ਵਤ ਦੇ ਰਹੀਆਂ ਹਨ। ਜਨਤਾ ਦੀਆਂ ਜ਼ਰੂਰਤਾਂ ਅਤੇ ਭਾਵਨਾਵਾਂ ਨਾਲ ਖੇਡ ਕੇ ਵੋਟਾਂ ਮੰਗੀਆਂ ਜਾ ਰਹੀਆਂ ਹਨ।
-ਪਰਵਿੰਦਰ ਕੌਰ, ਪਿੰਡ ਖੁਰਮਪੁਰ (ਈ-ਮੇਲ)

ਸਾਦਗ਼ੀ ਦੀ ਛਣਕਾਰ ਦਾ ਵਿਰੋਧ ਕਿਉਂ?

9 ਸਤੰਬਰ ਦੇ ਅੰਕ ਵਿੱਚ ਰਾਮ ਸਵਰਨ ਲੱਖੇਵਾਲੀ ਦੇ 3 ਜਨਵਰੀ ਨੂੰ ਛਪੇ ਮਿਡਲ ‘ਜਦੋਂ ਵਿਆਹ ’ਚ ਪਈ ਸਾਦਗ਼ੀ ਦੀ ਛਣਕਾਰ’ ਬਾਰੇ ਸੰਕੀਰਣ ਸੋਚ ਨੂੰ ਦਰਸਾਉਂਦਾ ਖ਼ਤ ਪੜ੍ਹ ਕੇ ਬੜੀ ਹੈਰਾਨੀ ਹੋਈ। ਕੀ ਬਗ਼ੈਰ ਰਹੁ-ਰੀਤਾਂ, ਲੈਣ-ਦੇਣ, ਵਿਖਾਵੇ ਅਤੇ ਅਸ਼ਲੀਲਤਾ ਤੋਂ ਮੁਕਤ ਵਿਆਹ ਸਾਦਾ ਨਹੀਂ ਹੁੰਦਾ? ਧਰਮ ਹਰੇਕ ਵਿਅਕਤੀ ਦਾ ਨਿੱਜੀ ਮਾਮਲਾ ਹੈ। ਕਿਸੇ ਚੰਗੇ ਕਾਰਜ ਦੀ ਇਸ ਗੱਲੋਂ ਨਿੰਦਾ ਕਰਨੀ ਕਿ ਧਾਰਮਿਕ ਰਹੁ-ਰੀਤਾਂ ਅਨੁਸਾਰ ਨਹੀਂ ਸੀ, ਬਚਕਾਨਾ ਤੇ ਪਿਛਾਂਹਖਿੱਚੂ ਸੋਚ ਦੀ ਨਿਸ਼ਾਨੀ ਹੈ। ਜਦੋਂ ਲਾਵਾਂ-ਫੇਰਿਆਂ ਨਾਲ ਵਿਆਹ ਕਰਵਾਉਣ ਵਾਲੇ ਮੈਰਿਜ ਪੈਲੇਸਾਂ ਵਿੱਚ ਕੁਲਵਿੰਦਰ ਵਰਗੀਆਂ ਬੇਬੱਸ ਧੀਆਂ ਨੂੰ ਸ਼ਰਾਬ ਦੇ ਨਸ਼ੇ ’ਚ ਧੁੱਤ ਹੋ ਕੇ ਗੋਲੀਆਂ ਨਾਲ ਮਾਰਦੇ ਹਨ ਤਾਂ ਉਦੋਂ ਅਜਿਹੇ ਆਲੋਚਕ ਕਿੱਧਰੇ ਨਜ਼ਰ ਨਹੀਂ ਕਿਉਂ ਨਹੀਂ ਆਉਂਦੇ?
-ਪ੍ਰੋ. ਅਰੀਤ ਪਾਲ, ਮੰਡੀ ਡੱਬਵਾਲੀ (ਸਿਰਸਾ)

11101cd __76248322_loudspeakerਗ਼ੈਰ-ਮਿਆਰੀ ਵਾਰਤਕ ਰਚਨਾ

10 ਜਨਵਰੀ ਦੇ ‘ਲੋਕ ਸੰਵਾਦ’ ਪੰਨੇ ਉੱਤੇ ਸਨੇਹਇੰਦਰ ਸਿੰਘ ਮੀਲੂ ਦੀ ਵਾਰਤਕ ਰਚਨਾ ‘ਕਿਉਂ ਸ਼ੋਰ-ਪਸੰਦ ਹੁੰਦੇ ਜਾ ਰਹੇ ਹਾਂ ਅਸੀਂ?’ ਗ਼ੈਰ-ਮਿਆਰੀ ਅਤੇ ਵਿਸ਼ੇ ਨਾਲ ਇਨਸਾਫ਼ ਨਾ ਕਰਦੀ ਹੋਈ ਮਹਿਸੂਸ ਹੋਈ। ਦੂਜੇ ਪੈਰੇ ਦੇ ਸ਼ੁਰੂ ਵਾਲੇ ਹਿੱਸੇ ਵਿੱਚ ਪਤਾ ਨਹੀਂ ਕਿਉਂ ਲੇਖਕ ਨੂੰ ਕੁਦਰਤ, ਦਰਖ਼ਤਾਂ ਅਤੇ ਪੰਛੀਆਂ ਨਾਲ ਹੇਜ ਆ ਗਿਆ ਅਤੇ ਵਿਸ਼ੇ ਤੋਂ ਬਾਹਰੀ ਗੱਲ ਕਰ ਦਿੱਤੀ। ਆਤਿਸ਼ਬਾਜ਼ੀ ਦੀ ਗੱਲ ਤਾਂ ਪਹਿਲੇ ਪੈਰੇ ਵਿੱਚ ਹੋ ਚੁੱਕੀ ਸੀ, ਫਿਰ ਅਖ਼ੀਰ ਵਿੱਚ ਉਸੇ ਗੱਲ ਦਾ ਰਾਗ਼ ਛੋਹ ਕੇ ਰਚਨਾ ਨੂੰ ਅਕਾਊ ਬਣਾ ਦਿੱਤਾ।
-ਕੁਲਦੀਪ ਸਿੰਘ, ਯੂਨੀਅਨ ਸਿਟੀ, ਕੈਲੀਫੋਰਨੀਆ (ਅਮਰੀਕਾ)


Comments Off on ਪਾਠਕਾਂ ਦੇ ਖ਼ਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.