ਬੋਲਣ ਤੋਂ ਪਹਿਲਾਂ ਸੋਚਣਾ ਜ਼ਰੂਰੀ !    ਭਰ ਜਵਾਨੀ ਟੁੱਟਿਆ ਸਿਤਾਰਾ ਰਾਜ ਬਰਾੜ !    ਦੂਰ ਰਹਿ ਕੇ ਵੀ ਜੜ੍ਹਾਂ ਨਾਲ ਜੁੜਿਆ ਹੋਇਆ ਸਾਹਿਤਕਾਰ !    ਛੋਟਾ ਪਰਦਾ !    ਸਿੱਖ ਸ਼ਹਾਦਤਾਂ ਨੂੰ ਗੀਤਾਂ ਰਾਹੀਂ ਪੇਸ਼ ਕਰਨ ਵਾਲਾ ਚਰਨ ਸਿੰਘ ਸਫਰੀ !    ਪ੍ਰਿਅੰਕਾ ਚੋਪੜਾ ਦਾ ਪੰਜਾਬੀ ਸਿਨਮਾ ਨਾਲ ਜੁੜਨਾ ਵੱਡੀ ਗੱਲ : ਅਮਰਿੰਦਰ ਗਿੱਲ !    ਸਿੱਖ ਵਿਰਾਸਤ ਨੂੰ ਸਾਂਭਣ ਵਾਲਾ ਗੁਰਬਖਸ਼ ਸਿੰਘ ਅਲਬੇਲਾ !    ਮੈਂ ਅਭਿਨੇਤਰੀ ਪਹਿਲਾਂ ਹਾਂ, ਗਾਇਕਾ ਬਾਅਦ ਵਿੱਚ: ਸ਼੍ਰਧਾ ਕਪੂਰ !    ਪੰਜਾਬੀ ਸਿਨਮਾ: ਸਾਰਥਿਕਤਾ ਹੈ, ਸਥਿਰਤਾ ਨਹੀਂ !    ਪਹਿਲੀ ਵਾਰ ਪੂਰੀ ਫ਼ਿਲਮ ਵਿੱਚ ਨਿਭਾਇਆ ਆਦਮੀ ਦਾ ਕਿਰਦਾਰ: ਸੁਨੀਲ ਗਰੋਵਰ !    

ਪ੍ਰੋ. ਪ੍ਰੀਤਮ ਸਿੰਘ ਨੇ ਕਿਵੇਂ ਛੱਡੀ ਚਾਹ

Posted On January - 10 - 2017

11001CD _PRITAM SINGHਡਾ. ਹਰਸ਼ਿੰਦਰ ਕੌਰ

ਭਾਪਾ ਜੀ ਪ੍ਰੋ. ਪ੍ਰੀਤਮ ਸਿੰਘ, (ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਹੈ) ਚਾਹ ਕੌਫੀ ਬਿਲਕੁਲ ਨਹੀਂ ਸਨ ਪੀਂਦੇ। ਜਦੋਂ ਤੋਂ ਮੈਂ ਹੋਸ਼ ਸੰਭਾਲੀ, ਮੈਂ ਉਨ੍ਹਾਂ ਨੂੰ ਕਦੇ ਚਾਹ ਕੌਫੀ ਪੀਂਦਿਆਂ ਨਹੀਂ ਵੇਖਿਆ। ਮੈਂ ਇਕ ਦਿਨ ਆਪਣੇ ਮੰਮੀ ਨੂੰ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਪਹਿਲਾਂ ਚਾਹ ਪੀਂਦੇ ਸਨ, ਪਰ ਮੇਰੇ ਜਨਮ ਤੋਂ ਕੁਝ ਸਾਲ ਪਹਿਲਾਂ ਛੱਡ ਦਿੱਤੀ ਸੀ। ਉਹ ਵਿਗਿਆਨਕ ਸੋਚ ਦੇ ਮੁਦਈ ਸਨ। ਲਿਹਾਜ਼ਾ, ਚਾਹ ਛੱਡਣ ਦੀ ਵਜ੍ਹਾ ਸਾਨੂੰ ਸਮਝ ਨਹੀਂ ਸੀ ਆ ਸਕੀ।
ਮੈਂ ਭਾਪਾ ਜੀ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਮਜ਼ੇਦਾਰ ਗੱਲ ਸੁਣਾਈ। ਕਹਿਣ ਲੱਗੇ, ‘‘ਮੇਰਾ ਇਕ ਦੋਸਤ ਬੜੇ ਚਿਰਾਂ ਤੋਂ ਬਿਮਾਰ ਸੀ। ਜਦੋਂ ਮੇਰੀ ਕੋਈ ਮੀਟਿੰਗ ਹੁਸ਼ਿਆਰਪੁਰ ਵਾਲੇ ਪਾਸੇ ਹੁੰਦੀ ਤਾਂ ਮੈਂ ਜ਼ਰੂਰ ਆਪਣੇ ਦੋਸਤ ਨੂੰ ਮਿਲ ਕੇ ਆਉਂਦਾ ਹੁੰਦਾ ਸੀ। ਇਕ ਵਾਰ ਮੈਂ ਜਦੋਂ ਉਸਨੂੰ ਮਿਲਣ ਗਿਆ ਤਾਂ ਉਸ ਦੱਸਿਆ ਕਿ ਹੁਣ ਉਹ ਕਾਫ਼ੀ ਠੀਕ ਹੈ। ਮੈਨੂੰ ਹੈਰਾਨੀ ਹੋਈ ਕਿ ਏਨੇ ਸਾਲਾਂ ਦੀ ਬਿਮਾਰੀ ਕਿਵੇਂ ਠੀਕ ਹੋ ਗਈ। ਜਦੋਂ ਮੈਂ ਆਪਣੇ ਦੋਸਤ ਨੂੰ ਇਸ ਬਾਰੇ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਹ ਇਕ ਹਕੀਮ ਕੋਲੋਂ ਦਵਾਈ ਲੈ ਰਿਹਾ ਸੀ। ਮੈਨੂੰ ਇਹ ਸੁਣ ਕੇ ਹੈਰਾਨੀ ਹੋਈ ਪਰ ਮੈਂ ਕੁਝ ਨਾ ਕਿਹਾ। ਜਦੋਂ ਮੈਂ ਵਾਪਸ ਆਉਣ ਲੱਗਿਆ ਤਾਂ ਉਸਨੇ ਕਿਹਾ ਕਿ ਤੁਹਾਡੇ ਕੋਲ ਕਾਰ ਹੈ, ਮੈਨੂੰ ਅੱਧ ਰਾਹ ਤੱਕ ਨਾਲ ਹੀ ਲੈ ਚੱਲੋ। ਅੱਜ ਦਵਾਈ ਮੁੱਕੀ ਪਈ ਹੈ। ਮੈਂ ਹਕੀਮ ਕੋਲ ਰੁਕ ਜਾਵਾਂਗਾ, ਤੁਸੀਂ ਅਗਾਂਹ ਲੰਘ ਜਾਇਓ।’’
ਮੈਂ ਉਦੋਂ ਡਾਕਟਰੀ ਪੜ੍ਹ ਰਹੀ ਸੀ। ਇਸੇ ਲਈ ਆਪਣੇ ਵਿਗਿਆਨ ਨੂੰ ਉੱਤਮ ਜਤਾਉਣ ਦੇ ਚੱਕਰ ਵਿਚ ਮੈਂ ਭਾਪਾ ਜੀ ਨੂੰ ਸਮਝਾਉਣ ਲੱਗ ਪਈ ਕਿ ਹਕੀਮ ਨੇ ਵੀ ਅੰਗਰੇਜ਼ੀ ਦਵਾਈ ਹੀ ਘੋਲ ਕੇ ਪਿਆ ਦਿੱਤੀ ਹੋਣੀ ਹੈ। ਭਾਪਾ ਜੀ ਮੁਸਕੁਰਾ ਪਏ ਤੇ ਦੱਸਣ ਲੱਗੇ, ‘‘ਬੱਲਿਆ, ਮੈਂ ਸੌਖਿਆਂ ਕੋਈ ਗੱਲ ਮੰਨਦਾ ਨਹੀਂ। ਤੇਰਾ ਪਿਤਾ ਹਾਂ, ਸ਼ੱਕ ਮੈਨੂੰ ਵੀ ਅਜਿਹਾ ਹੀ ਸੀ। ਖੋਜੀ ਸੁਭਾਅ ਦਾ ਹਾਂ, ਇਸੇ ਲਈ ਜੜ੍ਹ ਤੱਕ ਜਾਂਦਾ ਹਾਂ। ਮੈਂ ਆਪਣੇ ਦੋਸਤ ਨੂੰ ਨਾਲ ਹੀ ਬਿਠਾ ਲਿਆ। ਉਸਦੇ ਨਾਲ ਹੀ ਹਕੀਮ ਦੇ ਦਵਾਖਾਨੇ ਵਿਚ ਗਿਆ। ਹਕੀਮ ਨੱਬੇ ਵਰ੍ਹਿਆਂ ਦਾ ਸੀ ਤੇ ਉਸ ਦਾ ਪੁੱਤਰ 60-65 ਕੁ ਸਾਲਾਂ ਦਾ। ਮੇਰੇ ਸਾਹਮਣੇ ਹੀ ਲੋਕ ਬੋਤਲ ਵਿਚ ਪਿਸ਼ਾਬ ਪਾ ਕੇ ਲਿਆ ਰਹੇ ਸਨ। ਹਕੀਮ ਉਸ ਸ਼ੀਸ਼ੀ ਨੂੰ ਵੇਖ ਕੇ ਬਿਨਾਂ ਮਰੀਜ਼ ਤੋਂ ਕੁੱਝ ਪੁੱਛੇ ਆਪੇ ਹੀ ਬਿਮਾਰੀ ਲੱਭ ਕੇ ਆਪਣੇ ਪੁੱਤਰ ਨੂੰ ਦਵਾਈ ਦੱਸ ਦਿੰਦਾ। ਪੁੱਤਰ ਦਵਾਈ ਕੱਢ ਕੇ ਮਰੀਜ਼ ਨੂੰ ਦੇ ਦਿੰਦਾ।’’
‘‘ਮੇਰੇ ਸਾਹਮਣੇ ਇਕ ਔਰਤ ਨੇ ਸ਼ੀਸ਼ੀ ਹਕੀਮ ਅੱਗੇ ਰੱਖੀ ਤਾਂ ਝਟਪਟ ਬਜ਼ੁਰਗ ਹਕੀਮ ਬੋਲ ਪਿਆ-ਇਹ ਤੇਰਾ ਪਿਸ਼ਾਬ ਨਹੀਂ। ਇਹ ਦੱਸ ਧੀ ਦਾ ਹੈ ਜਾਂ ਨੂੰਹ ਦਾ? ਜ਼ਰੂਰ ਨੂੰਹ ਦਾ ਹੋਵੇਗਾ, ਬਿਮਾਰੀ ਏਨੀ ਵਧੀ ਪਈ ਹੈ। ਧੀ ਦਾ ਹੁੰਦਾ ਤਾਂ ਝਟਪਟ ਪਹੁੰਚ ਜਾਂਦੀ। ਹੁਣ ਬਿਮਾਰੀ ਏਨੀ ਵਧਾ ਕੇ, ਮਰਨ ਕਿਨਾਰੇ ਕਰ ਕੇ ਨੂੰਹ ਦੇ ਇਲਾਜ ਲਈ ਆ ਗਈਂ ਹੈਂ! ਉਸ ਔਰਤ ਨੇ ਹੱਥ ਜੋੜ ਕੇ ਕਿਹਾ-ਹਕੀਮ ਜੀ, ਨੂੰਹ ਦਾ ਹੀ ਹੈ। ਤੁਸੀਂ ਇਲਾਜ ਸ਼ੁਰੂ ਕਰ ਦਿਓ। ਤੁਹਾਡੇ ਇਲਾਜ ਨਾਲ ਤਾਂ ਮੁਰਦਾ ਵੀ ਜ਼ਿੰਦਾ ਹੋ ਜਾਂਦੈ।’’
ਮੈਨੂੰ ਬੇਯਕੀਨੀ ਹੋ ਰਹੀ ਸੀ। ਇਸੇ ਲਈ ਮੈਂ ਪੁੱਛਿਆ,‘‘ਭਾਪਾ ਜੀ, ਇਸ ਸਾਰੀ ਗੱਲ ਦਾ ਤੁਹਾਡੀ ਚਾਹ ਨਾਲ ਕੀ ਸੰਬੰਧ ਹੈ?’’ ਉਹ ਕਹਿਣ ਲੱਗੇ, ‘‘ਮੇਰੇ ਸਾਹਮਣੇ ਉਸ ਹਕੀਮ ਨੇ ਬਥੇਰਿਆਂ ਦੀ ਬਿਮਾਰੀ ਲੱਭੀ। ਜਦੋਂ ਮੇਰੇ ਦੋਸਤ ਦੀ ਵਾਰੀ ਆਈ ਤਾਂ ਹਕੀਮ ਨੇ ਕਿਹਾ, ਹੁਣ 60 ਫੀਸਦੀ ਮਰਜ਼ ਖ਼ਤਮ ਹੋ ਗਈ ਹੈ। ਪਿੱਠ ਤੇ ਗੋਡੇ ਤੇਰੇ ਪੂਰੇ ਠੀਕ ਨੇ। ਮੇਰੇ ਦੋਸਤ ਨੇ ਹਾਮੀ ਭਰੀ। ਜਦੋਂ ਛੇ ਪੁੜੀਆਂ ਹਕੀਮ ਨੇ ਫੜਾਈਆਂ ਤਾਂ ਮੇਰੇ ਦੋਸਤ ਨੇ ਪੁੱਛਿਆ-ਚਾਹ ਨਾਲ ਲਵਾਂ ਕਿ ਦੁੱਧ ਨਾਲ? ਏਨਾ ਸੁਣਦੇ ਸਾਰ ਹਕੀਮ ਜ਼ੋਰ ਦੀ ਭੁੜਕਿਆ – ਸਾਰੀਆਂ ਆਂਦਰਾਂ ਸਾੜ ਲੈਂਦੇ ਓ ਚਾਹ ਪੀ ਪੀ ਕੇ। ਨੱਬੇ ਫੀਸਦੀ ਬਿਮਾਰੀਆਂ ਦੀ ਜੜ੍ਹ ਇਹੀ ਹੈ। ਚਾਹ ਕੌਫੀ ਪੀਣੀ ਐ ਤਾਂ ਮੇਰੀ ਦਵਾਈ ਖਾਣ ਦੀ ਲੋੜ ਨਹੀਂ।’’
ਭਾਪਾ ਜੀ ਨੇ ਹਕੀਮ ਤੋਂ ਉਸ ਦੇ ਯਕੀਨ ਦੀ ਵਜ੍ਹਾ ਤਾਂ ਨਹੀਂ ਪੁੱਛੀ, ਉਸ ਦਾ ਗੁੱਸਾ ਦੇਖ ਕੇ ਪੁੱਛਣ ਦੀ ਹਿੰਮਤ ਹੀ ਨਾ ਹੋਈ। ਪਰ ਉਸ ਦਿਨ ਤੋਂ ਚਾਹ ਪੂਰੀ ਤਰ੍ਹਾਂ ਛੱਡ ਦਿੱਤੀ। ਸੱਠ ਸਾਲ ਤਕ ਉਨ੍ਹਾਂ ਨੇ ਚਾਹ-ਕੌਫੀ ਨੂੰ ਮੂੰਹ ਨਹੀਂ ਲਾਇਆ। ਅਕਾਦਮਿਕ ਕਾਰਜ ਕਰਨ ਵਾਲੇ ਚਾਹ-ਕੌਫ਼ੀ ਦੇ ਸ਼ੌਕੀਨ ਹੁੰਦੇ ਹਨ, ਪਰ ਭਾਪਾ ਜੀ ਇਨ੍ਹਾਂ ਤੋਂ ਦੂਰ ਰਹਿ ਕੇ ਉਹ 60 ਸਾਲ ਬਾਬਾ ਫ਼ਰੀਦ ਬਾਰੇ ਖੋਜ ਕਾਰਜ ਕਰਦੇ ਰਹੇ।
ਮੈਂ ਪੇਸ਼ੇ ਵਜੋਂ ਐਲੋਪੈਥਿਕ ਡਾਕਟਰ ਹਾਂ। ਚਾਹ-ਕੌਫੀ ਦੇ ਗੁਣਾਂ-ਔਗੁਣਾਂ ਤੋਂ ਵਾਕਫ਼ ਹਾਂ। ਮੈਨੂੰ ਆਪਣੀ ਇਲਾਜ ਪ੍ਰਣਾਲੀ ’ਤੇ ਪੂਰਾ ਯਕੀਨ ਹੈ। ਪਰ ਇੱਕ ਗੱਲ ਸਮਝਦੀ ਹਾਂ ਕਿ ਕੁਝ ਪੁਰਾਣੇ ਵੈਦ-ਹਕੀਮ ਆਪਣੀ ਧਰਤੀ ਨਾਲ ਵੱਧ ਜੁੜੇ ਹੋਏ ਸਨ। ਉਹ ਜਾਣਦੇ ਸਨ ਕਿ ਸਾਡੇ ਲੋਕਾਂ ਨੂੰ ਕਿਹੜੀ ਮਰਜ਼ ਕਿਉਂ ਲੱਗਦੀ ਹੈ ਤੇ ਕਿਹੜੀ ਸ਼ਫ਼ਾ ਇਨ੍ਹਾਂ ਉੱਤੇ ਅਸਰ ਕਰਦੀ ਹੈ। ਸ਼ਾਇਦ ਇਸੇ ਕਾਰਨ ਅੱਜਕੱਲ੍ਹ ਕਈ ਨਾਮਵਰ ਡਾਕਟਰ ਆਧੁਨਿਕ ਐਲੋਪੈਥੀ ਤੇ ਪ੍ਰਾਚੀਨ ਭਾਰਤੀ ਇਲਾਜ ਪ੍ਰਣਾਲੀਆਂ ਦੇ ਸੁਮੇਲ ਨੂੰ ਭਾਰਤੀ ਰੋਗ ਚਕਿਤਸਾ ਪ੍ਰਬੰਧ ਦੀ ਵਿਸ਼ੇਸ਼ਤਾ ਵਜੋਂ ਉਭਾਰਨ ਦੀ ਵਕਾਲਤ ਕਰਨ ਲੱਗੇ ਹਨ।

ਸੰਪਰਕ: 0175-2216783


Comments Off on ਪ੍ਰੋ. ਪ੍ਰੀਤਮ ਸਿੰਘ ਨੇ ਕਿਵੇਂ ਛੱਡੀ ਚਾਹ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.