ਵਿਦੇਸ਼ ਸਕੱਤਰ ਦੇ ਅਹੁਦੇ ਦੀ ਮਿਆਦ ਵਧਾਈ !    ਸੁਪਰੀਮ ਕੋਰਟ ਨੇ ਨਸ਼ਿਆਂ ਖ਼ਿਲਾਫ਼ ਚੁੱਕੇ ਕਦਮਾਂ ਬਾਰੇ ਪੁੱਛਿਆ !    ਗੁਪਤ ਕੋਡਾਂ ਰਾਹੀਂ ਵੋਟਰਾਂ ਨੂੰ ਆਟਾ, ਚਾਵਲ ਤੇ ਸ਼ਰਾਬ ਵੰਡਣ ਦੀ ਚਰਚਾ !    ਟੈਸਟ ਰੈਂਕਿੰਗਜ਼: ਪਾਕਿਸਤਾਨ ਨੂੰ ਪਛਾੜ ਕੇ ਨਿਊਜ਼ੀਲੈਂਡ ਪੰਜਵੇਂ ਨੰਬਰ ’ਤੇ !    ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਹਰਾ ਕੇ ਕੀਤਾ ‘ਕਲੀਨ ਸਵੀਪ’ !    ਪੰਜਾਬ ’ਚ ਤਿੰਨ-ਧਿਰੀ ਮੁਕਾਬਲਾ ਦੱਸਣ ਪਿੱਛੇ ਡੂੰਘੀ ਸਾਜ਼ਿਸ਼: ਅਨੰਦ ਸ਼ਰਮਾ !    ਹੈਰੋਇਨ ਸਮੇਤ ਨੌਜਵਾਨ ਕਾਬੂ !    ਸ਼੍ਰੋਮਣੀ ਅਕਾਲੀ ਦਲ ਦੀ ਸਿਧਾਂਤਕ ਅਸਪੱਸ਼ਟਤਾ !    ਸਦਾ ਹੀ ਲੱਗਿਆ ਰਹੇ ਚੋਣ ਜ਼ਾਬਤਾ !    ਸਿੱਖਿਆ ਦੇ ਪਸਾਰ ਤੋਂ ਅਵੇਸਲੇ ਰਾਜਨੀਤਕ ਦਲ !    

ਪੰਜਾਬੀਏ ਜ਼ੁਬਾਨੇ, ਫਿੱਕੀ ਪੈ ਗਈ ਤੇਰੇ ਚਿਹਰੇ ਦੀ ਨੁਹਾਰ

Posted On January - 7 - 2017

Mera Pind-Cover of the 8th editionਡਾ. ਬਲਦੇਵ ਸਿੰਘ ਧਾਲੀਵਾਲ

ਪਿਛਲੇ ਕੁਝ ਵਰ੍ਹਿਆਂ ਤੋਂ ਪੰਜਾਬੀ ਭਾਸ਼ਾ ਬਾਰੇ ਇਹ ਭਵਿੱਖ ਬਾਣੀ ਆਮ ਹੀ ਕੀਤੀ ਜਾਣ ਲੱਗੀ ਹੈ ਕਿ ਆਉਂਦੇ ਪੰਜਾਹ ਕੁ ਸਾਲਾਂ ਬਾਅਦ ਇਹ ਲੋਪ ਹੋਣ ਲੱਗ ਪਵੇਗੀ। ਪ੍ਰਸਿੱਧ ਪੰਜਾਬੀ ਕਵੀ ਸੁਰਜੀਤ ਪਾਤਰ ਵੀ ਆਪਣੇ ਕਾਵਿਕ ਅੰਦਾਜ਼ ਵਿਚ ਕੁਝ ਅਜਿਹੇ ਅਹਿਸਾਸ ਸਾਂਝੇ ਕਰਦਾ ਹੈ, “ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ ਸ਼ਬਦ… ਵਾਕ ਵਾਕ…।’’ ਦੂਜੇ ਪਾਸੇ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਬਹੁਤ ਸਾਰੇ ਹਵਾਲਿਆਂ ਨਾਲ ਇਹ ਸਿੱਧ ਕੀਤਾ ਜਾਂਦਾ ਹੈ ਕਿ ਅੰਤਰਰਾਸ਼ਟਰੀ ਪੱਧਰ ਦੀ ਇਸ ਸਮਰੱਥ ਭਾਸ਼ਾ ਨਾਲ ਅਜਿਹਾ ਨਹੀਂ ਵਾਪਰ ਸਕਦਾ। ਵਿਸ਼ਵ ਵਿਚ ਗਿਆਰ੍ਹਵੇਂ-ਬਾਰ੍ਹਵੇਂ ਥਾਂ ਉਤੇ ਗਿਣੀ ਜਾਂਦੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮਾਧਿਅਮ ਬਣਨ ਵਾਲੀ ਪੰਜਾਬੀ ਭਾਸ਼ਾ ਆਪਣੇ ਦਰਪੇਸ਼ ਸਭ ਤਰ੍ਹਾਂ ਦੀਆਂ ਚੁਣੌਤੀਆਂ ਨੂੰ ਪਾਰ ਕਰਦਿਆਂ ਵਿਕਾਸ ਦੀਆਂ ਮੰਜ਼ਿਲਾਂ ਨਿਰੰਤਰ ਸਰ ਕਰਦੀ ਰਹੇਗੀ।
ਮੌਜੂਦਾ ਵਿਸ਼ਵੀਕਰਨ ਦੇ ਦੌਰ ਵਿਚ ਪੰਜਾਬੀ ਭਾਸ਼ਾ ਦੀਆਂ ਪ੍ਰਮੁੱਖ ਤੌਰ ’ਤੇ ਚਾਰ ਧਾਰਾਵਾਂ ਹਨ, ਜਿਵੇਂ ਭਾਰਤੀ ਪੰਜਾਬ, ਪੰਜਾਬੋਂ ਬਾਹਰਲਾ ਭਾਰਤ (ਵਿਸ਼ੇਸ਼ ਕਰਕੇ ਦਿੱਲੀ, ਜੰਮੂ ਅਤੇ ਕੁਰੂਕਸ਼ੇਤਰ), ਪਰਵਾਸੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ। ਦੂਜੇ ਸ਼ਬਦਾਂ ਵਿਚ ਅੰਤਰਰਾਸ਼ਟਰੀ ਪਾਸਾਰਾਂ ਵਾਲਾ ਪੰਜਾਬ ਹੁਣ ਕਿਸੇ ਵੀ ਪੱਖੋਂ ਬੱਝਵੀਂ ਇਕਾਈ ਨਹੀਂ ਹੈ। ਇਸ ਲਈ ਸਭ ਥਾਵਾਂ ’ਤੇ ਪੰਜਾਬੀ ਦੇ ਵਿਕਾਸ ਦੀ ਸਥਿਤੀ ਇਕੋ ਜਿਹੀ ਨਹੀਂ ਹੋ ਸਕਦੀ। ਇਨ੍ਹਾਂ ਸਾਰੀਆਂ ਧਾਰਾਵਾਂ ਦੇ ਪੰਜਾਬੀ ਬੁਲਾਰਿਆਂ ਦੀ ਗਿਣਤੀ ਦੇ ਆਧਾਰ ਤੇ ਪੰਜਾਬੀ ਨੂੰ ਵਿਸ਼ਵ ਦੀ ਗਿਆਰਵੇਂ-ਬਾਰ੍ਹਵੇਂ ਥਾਂ ਦੀ ਬੋਲੀ ਹੋਣ ਦਾ ਮਾਣ ਤਾਂ ਨਿਰਸੰਦੇਹ ਮਿਲਦਾ ਹੈ ਪਰ ਸਮੂਹ ਪੱਖਾਂ ਤੋਂ ਵਿਕਾਸ ਦੀ ਦਰ ਦੇ ਹਿਸਾਬ ਨਾਲ ਵੇਖੀਏ ਤਾਂ ਪੰਜਾਬੀ ਭਾਸ਼ਾ ਦਾ ਗ੍ਰਾਫ਼ ਹੇਠਾਂ ਵੱਲ ਖਿਸਕਦਾ ਜਾਂਦਾ ਦਿਸਦਾ ਹੈ।
10701CD _AUTHORPICਕਿਸੇ ਭਾਸ਼ਾ ਦੇ ਵਿਕਾਸ ਨੂੰ ਮਾਪਣ ਦੇ ਮੁੱਖ ਤਿੰਨ ਮਾਪਦੰਡ ਹਨ – ਇਸ ਨੂੰ ਬੋਲਣ, ਪੜ੍ਹਨ ਅਤੇ ਲਿਖਣ ਵਾਲਿਆਂ ਦੀ ਗਿਣਤੀ ਅਤੇ ਸਮਰੱਥਾ। ਪੰਜਾਬੀ ਭਾਸ਼ਾ ਦੀ ਤਸੱਲੀਜਨਕ ਸਥਿਤੀ ਬਹੁਤੀ ਬੁਲਾਰਿਆਂ ਦੇ ਪੱਖ ਤੋਂ ਹੈ। ਪੜ੍ਹਨ ਅਤੇ ਲਿਖਣ ਦੇ ਖੇਤਰ ਵਿਚ ਦਿਨੋ ਦਿਨ ਨਿਘਾਰ ਆ ਰਿਹਾ ਪ੍ਰਤੀਤ ਹੁੰਦਾ ਹੈ। ਇਸ ਤੋਂ ਵੀ ਅੱਗੇ ਗੁਣਵੱਤਾ ਦੇ ਲਿਹਾਜ਼ ਨਾਲ ਵੇਖੀਏ ਤਾਂ ਪੰਜਾਬੀ ਵਿਚ ਵਿਸ਼ਵ ਪੱਧਰ ਦਾ ਕੰਮ ਅਸਲੋਂ ਨਿਗੂਣੀ ਮਾਤਰਾ ਵਿਚ ਹੋ ਰਿਹਾ ਹੈ।
ਪਾਕਿਸਤਾਨ ਵਿਚ ਪੰਜਾਬੀ ਦੇ ਬੁਲਾਰਿਆਂ ਦੀ ਗਿਣਤੀ ਸਭ ਤੋਂ ਵੱਧ ਯਾਨੀ ਅੱਠ-ਨੌਂ ਕਰੋੜ ਹੈ ਪਰ ਸਰਕਾਰੇ-ਦਰਬਾਰੇ ਉਰਦੂ-ਅੰਗਰੇਜ਼ੀ ਦਾ ਦਬਦਬਾ ਹੋਣ ਕਾਰਨ ਪੰਜਾਬੀ ਅਕਾਦਮਿਕ ਖੇਤਰਾਂ ਤੋਂ ਬਾਹਰ ਸਿਰਫ ਬੋਲ-ਚਾਲ ਦੀ ਭਾਸ਼ਾ ਬਣ ਕੇ ਰਹਿ ਗਈ ਹੈ। ਹਾਲਾਂਕਿ ਜਨ-ਸਾਧਾਰਣ ਦੇ ਰੋਜ਼ਾਨਾ ਦੇ ਕਾਰ-ਵਿਹਾਰ ਦੀ ਬੋਲੀ ਹੋਣ ਕਾਰਨ ਇਸ ਦਾ ਠੇਠ ਲਹਿਜ਼ਾ ਬਰਕਰਾਰ ਹੈ ਜੋ ਉਥੋਂ ਦੇ ਸਿਰਜਣਾਤਮਕ ਸਾਹਿਤ ਅਤੇ ਫ਼ਿਲਮਾਂ-ਨਾਟਕਾਂ ਦੀ ਬੋਲੀ ਵਿਚੋਂ ਵੀ ਭਲੀ-ਭਾਂਤ ਉਜਾਗਰ ਹੁੰਦਾ ਹੈ ਪਰ ਇਹ ਲਹਿਜ਼ਾ ਅਜੇ ਵੀ ਜਗੀਰੂ ਸਭਿਆਚਾਰ ਦਾ ਧਾਰਨੀ ਹੀ ਹੈ, ਆਧੁਨਿਕਤਾ ਦੇ ਪ੍ਰਸੰਗ ਵਿਚ ਸੰਕਲਪਾਤਮਕ ਭਾਸ਼ਾਈ ਮੁਹਾਵਰਾ ਅਜੇ ਪਾਕਿਸਤਾਨੀ ਪੰਜਾਬ ਵਿਚ ਵਿਕਸਤ ਨਹੀਂ ਹੋ ਸਕਿਆ। ਪਾਕਿਸਤਾਨੀ ਪੰਜਾਬੀ, ਲਿਖਤ ਦੀ ਭਾਸ਼ਾ ਵਜੋਂ ਅਜੇ ਬਹੁਤ ਪਛੜੇਵੇਂ ਦੀ ਸ਼ਿਕਾਰ ਹੈ। ਹੈਰਾਨੀ ਦੀ ਗੱਲ ਹੈ ਕਿ ਏਨੀ ਵੱਡੀ ਪੰਜਾਬੀ ਵਸੋਂ ਲਈ ਕੋਈ ਉਚੇ ਮਿਆਰਾਂ ਵਾਲਾ ਪੰਜਾਬੀ ਅਖ਼ਬਾਰ ਨਹੀਂ ਛਪਦਾ, 2004 ਵਿਚ ਸ਼ੁਰੂ ਹੋਇਆ ਰੋਜ਼ਾਨਾ ‘ਖ਼ਬਰਾਂ’ ਸ਼ਾਇਦ ਅਪਵਾਦ ਵਰਗੀ ਗੱਲ ਹੈ। ਲਿੱਪੀ ਦੀ ਵੱਖਰਤਾ, ਅਕਾਦਮਿਕ ਪਛੜੇਵੇਂ ਅਤੇ ਦੋਪਾਸੜ ਤਣਾਅ ਕਾਰਨ ਪਾਕਿਸਤਾਨੀ ਪੰਜਾਬੀਆਂ ਦਾ ਭਾਰਤੀ ਪੰਜਾਬੀ ਪਰੰਪਰਾ ਨਾਲ ਵੀ ਬਹੁਤ ਪੇਤਲਾ ਸਬੰਧ ਹੀ ਹੈ। ਇਸ ਲਈ ਪਾਕਿਸਤਾਨੀ ਪੰਜਾਬੀ ਚੇਤਨਾ ਅਜੇ ਉਥੋਂ ਦੀ ਸੁਪਰਹਿੱਟ ਫ਼ਿਲਮ ‘ਮੌਲਾ ਜੱਟ’ ਵਾਲੀ ਪਰੰਪਰਿਕ ਸ਼ੈਲੀ ਉਤੇ ਹੀ ਅਟਕੀ ਹੋਈ ਹੈ। ਪਾਕਿਸਤਾਨੀ ਪੰਜਾਬੀ ਭਾਸ਼ਾ ਦੇ ਨਿਰੋਲ ਅਰਬੀ-ਫ਼ਾਰਸੀ ਸਰੋਤਾਂ ਨੇ ਇਸ ਨੂੰ ਉਂਜ ਵੀ ਭਾਰਤੀ ਪੰਜਾਬੀ ਲਹਿਜ਼ੇ ਤੋਂ ਵਿੱਥ ਉੱਤੇ ਕਰ ਦਿੱਤਾ ਹੈ ਅਤੇ ਇਕ ਵੱਖਰੀ ਪੰਜਾਬੀ ਧਾਰਾ ਬਣਨ ਦੀ ਦਿਸ਼ਾ ਵੱਲ ਤੋਰ ਦਿੱਤਾ ਹੈ।
ਨਵ-ਬਸਤੀਵਾਦੀ ਪੱਛਮੀ ਮੁਲਕਾਂ ਦੇ ਸਿੱਧੇ ਪ੍ਰਭਾਵ ਅਧੀਨ ਰਹਿ ਰਹੇ ਪਰਵਾਸੀ ਪੰਜਾਬੀਆਂ ਲਈ ਬਾਹਰੀ ਕਾਰ-ਵਿਹਾਰ ਅਤੇ ਰੁਜ਼ਗਾਰ ਦੀ ਭਾਸ਼ਾ ਅੰਗਰੇਜ਼ੀ ਹੈ। ਇਸ ਲਈ ਪੰਜਾਬੀ ਭਾਸ਼ਾ ਵਧੇਰੇ ਕਰਕੇ ਘਰ ਜਾਂ ਆਪਣੇ ਭਾਈਚਾਰੇ ਦੇ ਸੀਮਤ ਦਾਇਰੇ ਵਿਚ ਹੀ ਸੰਚਾਰ ਦੀ ਭਾਸ਼ਾ ਵਜੋਂ ਇਸਤੇਮਾਲ ਕੀਤੀ ਜਾਂਦੀ ਹੈ। ਇਸ ਤਰ੍ਹਾਂ ਪੰਜਾਬੀ ਭਾਸ਼ਾ ਦਾ ਮੁਹਾਵਰੇਦਾਰ ਅਤੇ ਗਿਆਨਮੂਲਕ ਪੱਖ ਪੂਰੀ ਤਰ੍ਹਾਂ ਵਿਕਸਤ ਨਹੀਂ ਹੋ ਰਿਹਾ। ਪਰਵਾਸੀਆਂ ਦੀਆਂ ਪਹਿਲੀਆਂ ਪੀੜ੍ਹੀਆਂ ਸਿਰਜਣਾਤਮਕ ਸਾਹਿਤ ਅਤੇ ਅਤਿ ਸਾਧਾਰਨ ਪੱਧਰ ਦੀ ਪੱਤਰਕਾਰੀ ਸਦਕਾ ਭਾਵੇਂ ਅਜੇ ਗੁਰਮੁਖੀ ਲਿੱਪੀ ਨਾਲ ਜੁੜੀਆਂ ਹੋਈਆਂ ਹਨ ਪਰ ਹੁਣ ਨਵੀਂ ਪੀੜ੍ਹੀ ਲਈ ਗੁਰਮੁਖੀ ਜਾਂ ਸ਼ਾਹਮੁਖੀ ਲਿੱਪੀ ਮੂਲੋਂ ਓਪਰੀ ਅਤੇ ਨਾ ਅਪਨਾਉਣਯੋਗ ਵਸਤ ਬਣ ਗਈ ਹੈ। ਪਰਵਾਸੀ ਪੰਜਾਬੀਆਂ ਦੀ ਲਿਖਤਕਾਰੀ ਦਾ ਵੀ ਵਧੇਰੇ ਸਬੰਧ ਕਾਵਿ ਅਤੇ ਗਲਪ ਦੀਆਂ ਵੰਨਗੀਆਂ ਨਾਲ ਹੀ ਰਿਹਾ ਹੈ, ਵਾਰਤਕ ਅਤੇ ਗਿਆਨਤਮਕ ਵੰਨਗੀ ਦੀਆਂ ਲਿਖਤਾਂ ਅਲਪ ਮਾਤਰਾ ਵਿਚ ਹੀ ਵੇਖਣ ਨੂੰ ਮਿਲਦੀਆਂ ਹਨ। ਨਵੀਂ ਟੈਕਨਾਲੋਜੀ ਅਤੇ ਸੋਸ਼ਲ ਮੀਡੀਆ ਨੇ ਪਰਵਾਸੀ ਪੰਜਾਬੀਆਂ ਦੀ ਪੁਰਾਣੀ ਪੀੜ੍ਹੀ ਨੂੰ ਗੁਰਮੁਖੀ ਲਿੱਪੀ ਨਾਲ ਜੋੜੀ ਰੱਖਣ ਲਈ ਵਿਸ਼ੇਸ਼ ਭੂਮਿਕਾ ਨਿਭਾਈ ਹੈ ਪਰ ਅਜਿਹੀ ਵਰਤੋਂ ਅਜੇ ਗੰਭੀਰ ਗਿਆਨਾਤਮਕ ਕਿਸਮ ਦੇ ਉਪਯੋਗ ਤੋਂ ਦੂਰ ਹੈ। ਸਮੁੱਚੇ ਤੌਰ ’ਤੇ ਲਿਖਤ ਅਤੇ ਪੜ੍ਹਤ ਵਾਲਾ ਖੇਤਰ ‘ਪਰਵਾਸੀ ਪੰਜਾਬ’ ਵਿਚ ਵੀ ਮੱਧਮ ਪੈ ਰਿਹਾ ਨਜ਼ਰ ਆਉਂਦਾ ਹੈ।
ਪੰਜਾਬੋਂ ਬਾਹਰਲੇ ਭਾਰਤ ਵਿਚ ਪੰਜਾਬੀ ਭਾਸ਼ਾ ਦੀ ਹੋਂਦ ਅਤੇ ਹੋਣੀ ਵਿਸ਼ੇਸ਼ ਕਰਕੇ ਉਨ੍ਹਾਂ ਸੰਸਥਾਵਾਂ ਨਾਲ ਹੀ ਜੁੜੀ ਹੋਈ ਹੈ, ਜਿਹੜੀਆਂ ਭਾਰਤ ਦੀ ਬਹੁ-ਭਾਸ਼ੀ ਰਾਜਸੀ ਨੀਤੀ ਦੇ ਫਲਸਰੂਪ ਹੋਂਦ ਵਿਚ ਆਈਆਂ ਹੋਈਆਂ ਹਨ। ਮਿਸਾਲ ਵਜੋਂ ਦਿੱਲੀ ਯੂਨੀਵਰਸਿਟੀ ਦਾ ਆਧੁਨਿਕ ਭਾਰਤੀ ਭਾਸ਼ਾਵਾਂ ਦਾ ਵਿਭਾਗ ਅਤੇ ਪੰਜਾਬੀ ਅਕਾਦਮੀ ਦਿੱਲੀ, ਕੁਰੂਕਸ਼ੇਤਰ ਯੂਨੀਵਰਸਿਟੀ ਦਾ ਪੰਜਾਬੀ ਵਿਭਾਗ, ਜੰਮੂ ਯੂਨੀਵਰਸਿਟੀ ਦਾ ਪੰਜਾਬੀ ਵਿਭਾਗ ਅਤੇ ਜੰਮੂ ਤੇ ਕਸ਼ਮੀਰ ਦੀਆਂ ਭਾਸ਼ਾਵਾਂ ਦੇ ਵਿਕਾਸ ਲਈ ਬਣੀ ਅਕਾਦਮੀ ਆਦਿ ਕੁਝ ਅਜਿਹੀਆਂ ਸੰਸਥਾਵਾਂ ਹਨ, ਜਿਨ੍ਹਾਂ ਦੇ ਸਹਿਯੋਗ ਨਾਲ ਸਿਰਜਣਾਤਮਕ ਸਾਹਿਤ ਦੇ ਨਾਲ-ਨਾਲ ਗਿਆਨਾਤਮਕ ਸਮੱਗਰੀ ਦੇ ਵਿਕਾਸ ਦਾ ਰਾਹ ਵੀ ਖੁੱਲ੍ਹਿਆ ਹੋਇਆ ਹੈ। ਪਰ ਇਹ ਸੰਸਥਾਵਾਂ ਪੰਜਾਬੀਆਂ ਦੀ ਨਵੀਂ ਪੀੜ੍ਹੀ ਨੂੰ ਆਪਣੇ ਨਾਲ ਜੋੜਨ ਵਿਚ ਉਸ ਤਰ੍ਹਾਂ ਸਫਲ ਨਹੀਂ ਹੋ ਰਹੀਆਂ ਕਿ ਨਵੀਂ ਪੀੜ੍ਹੀ ਦੀ ਪ੍ਰਤਿਭਾ ਪੰਜਾਬੀ ਭਾਸ਼ਾ ਦੇ ਵਿਕਾਸ ਹਿਤ ਉਪਯੋਗੀ ਸਿੱਧ ਹੋਣ ਲੱਗ ਪਵੇ। ਇਸ ਲਈ ਇਨ੍ਹਾਂ ਸੰਸਥਾਵਾਂ ਵਿਚ ਖੋਜ ਅਤੇ ਸਮੀਖਿਆ ਦਾ ਜੋ ਕਾਰਜ ਹੋ ਰਿਹਾ ਹੈ ਉਸ ਵਿਚ ਵੀ ਬਹੁਤਾ ਭਾਗ ਭਾਰਤੀ ਪੰਜਾਬ ਦੇ ਬੁੱਧੀਜੀਵੀਆਂ ਦੀ ਸ਼ਮੂਲੀਅਤ ਨਾਲ ਹੀ ਨੇਪਰੇ ਚੜ੍ਹ ਰਿਹਾ ਹੈ। ਪੰਜਾਬੀ ਭਾਸ਼ਾ ਦੇ ਵਿਕਾਸ ਲਈ ਬਣੇ ਅਜਿਹੇ ਕੇਂਦਰ ਸੱਤਾ-ਪ੍ਰਾਪਤੀ ਜਾਂ ਰੁਜ਼ਗਾਰ ਦਾ ਸਾਧਨ-ਮਾਤਰ ਤਾਂ ਸਿੱਧ ਹੋ ਰਹੇ ਹਨ ਪਰ ਨਵੀਆਂ ਪਹਿਲ-ਕਦਮੀਆਂ ਕਰਨ ਵਾਲਾ ਉਤਸ਼ਾਹ ਇਥੇ ਬਹੁਤ ਘੱਟ ਨਜ਼ਰ ਆਉਂਦਾ ਹੈ। ਇਸ ਲਈ ਇਹ ਕੇਂਦਰ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਵਿਚ ਬਹੁਤ ਸੀਮਤ ਜਿਹਾ ਯੋਗਦਾਨ ਹੀ ਪਾ ਰਹੇ ਹਨ।
ਭਾਰਤੀ ਪੰਜਾਬ, ਇਕੋ ਇਕ ਅਜਿਹਾ ਖੇਤਰ ਹੈ, ਜਿਥੇ ਪੰਜਾਬੀ ਭਾਸ਼ਾ ਦੀ ਚਿਰਸਥਾਈ ਹੋਂਦ ਦੀ ਕਲਪਨਾ ਕੀਤੀ ਜਾ ਸਕਦੀ ਹੈ। ਇਸ ਇੱਛਾ ਨੂੰ ਯਥਾਰਥ ਵਿਚ ਬਦਲ ਸਕਣ ਲਈ ਬਹੁਤ ਸਾਰੀਆਂ ਪਦਾਰਥਕ, ਸਭਿਆਚਾਰਕ ਅਤੇ ਰਾਜਸੀ ਬੁਨਿਆਦਾਂ ਵੀ ਮੌਜੂਦ ਹਨ। ਸਭ ਤੋਂ ਅਹਿਮ ਗੱਲ ਇਥੇ ਪੰਜਾਬੀ ਭਾਸ਼ਾ ਨੂੰ ਰਾਜ-ਭਾਸ਼ਾ ਹੋਣ ਦਾ ਸੰਵਿਧਾਨਕ ਹੱਕ ਪ੍ਰਾਪਤ ਹੋ ਚੁੱਕਿਆ ਹੈ। ਭਾਵੇਂ ਇਹ ਹੱਕ ਅਜੇ ਪੂਰੀ ਤਰ੍ਹਾਂ ਮਿਲਨਾ ਹੈ ਫਿਰ ਵੀ ਪੰਜਾਬ ਵਿਚ ਸਕੂਲੀ ਪੱਧਰ ਤੋਂ ਲੈ ਕੇ ਉੱਚ-ਸਿੱਖਿਆ ਤੱਕ ਪੰਜਾਬੀ ਦੇ ਮਾਧਿਅਮ ਰਾਹੀਂ ਪੜ੍ਹਨ ਦੇ ਬਹੁਤ ਸਾਰੇ ਮੌਕੇ ਪ੍ਰਾਪਤ ਹਨ। ਅਖ਼ਬਾਰ, ਰਸਾਲੇ, ਕਿਤਾਬਾਂ ਦਾ ਪ੍ਰਕਾਸ਼ਨ ਲੋੜੀਂਦੀ ਮਾਤਰਾ ਵਿਚ ਹੋ ਰਿਹਾ ਹੈ। ਰੇਡੀਓ, ਟੀ.ਵੀ., ਫ਼ਿਲਮਾਂ ਅਤੇ ਇੰਟਰਨੈੱਟ ਦੇ ਮਾਧਿਅਮ ਪੰਜਾਬੀ ਦੇ ਵਿਕਾਸ ਲਈ ਸਹਾਇਕ ਸਿੱਧ ਹੋ ਰਹੇ ਹਨ। ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਪੰਜਾਬੀ ਨਾਲ ਸਬੰਧਤ ਵਿਭਾਗਾਂ ਕਰਕੇ ਲੋੜੀਂਦਾ ਅਕਾਦਮਿਕ ਮਾਹੌਲ ਵੀ ਬਣਿਆ ਹੋਇਆ ਹੈ। ਸੈਮੀਨਾਰਾਂ ਅਤੇ ਵਿਸ਼ਵ ਪੰਜਾਬੀ ਕਾਨਫਰੰਸਾਂ ਦੇ ਰੂਪ ਵਿਚ ਹੋ ਰਹੀਆਂ ਸਰਗਰਮੀਆਂ ਦੀ ਵੀ ਘਾਟ ਨਹੀਂ। ਸਮਰੱਥ ਭਾਸ਼ਾਵਾਂ ਵਾਂਗ ਆਪਣਾ ਵਿਕੀਪੀਡੀਆ ਤਿਆਰ ਕਰਨ ਦੇ ਵੀ ਪੁਰਜ਼ੋਰ ਯਤਨ ਹੋ ਰਹੇ ਹਨ।  ਉੱਚੇ ਮਿਆਰਾਂ ਵਾਲੇ ਸਿਰਜਣਾਤਮਕ ਸਾਹਿਤ ਅਤੇ ਬੁਨਿਆਦੀ ਸਮੱਗਰੀ ਦੀ ਉਪਜ ਵੀ ਲੋੜ ਅਨੁਸਾਰ ਹੋ ਰਹੀ ਹੈ। ਐਮ.ਫ਼ਿਲ, ਪੀ-ਐੱਚ.ਡੀ. ਪੱਧਰ ਦੇ ਖੋਜ-ਕਾਰਜ ਲਈ ਵੱਡੀ ਗਿਣਤੀ ਵਿਚ ਖੋਜਾਰਥੀ ਰੁਚੀ ਲੈ ਰਹੇ ਹਨ। ਹਰ ਵੰਨਗੀ ਦੇ ਲੇਖਕਾਂ ਲਈ ਮਾਣ-ਸਨਮਾਨ ਦੇ ਵੀ ਬਹੁਤ ਸਾਰੇ ਸਰਕਾਰੀ-ਗ਼ੈਰ-ਸਰਕਾਰੀ ਮੌਕੇ ਪ੍ਰਾਪਤ ਹਨ। ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਖੇਤਰ ਵਿਚ ਕੰਮ ਕਰਨ ਲਈ ਸੈਂਕੜੇ ਸਭਾਵਾਂ, ਜਥੇਬੰਦੀਆਂ ਅਤੇ ਅਕਾਦਮੀਆਂ ਸਰਗਰਮ ਹਨ। ਵਿਹਾਰਕ ਪੱਧਰ ਉੱਤੇ ਸਭ ਤੋਂ ਵੱਡੀ ਪ੍ਰਾਪਤੀ ਵਜੋਂ ਵੇਖੀਏ ਤਾਂ ਪੰਜਾਬੀ ਗੀਤ-ਸੰਗੀਤ ਨੇ ਆਪਣੇ ਬਲ ਨਾਲ ਅੰਤਰ-ਰਾਸ਼ਟਰੀ ਪੱਧਰ ਉੱਤੇ ਆਪਣੀ ਨਿਵੇਕਲੀ ਅਤੇ ਗੌਰਵਮਈ ਪਛਾਣ ਬਣਾਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਉਪਰੋਕਤ ਵਰਣਿਤ ਸਭ ਕੁਝ ਨਾਲ ਬਣਿਆਂ ਪੰਜਾਬੀ-ਪੱਖੀ ਮਹਾਂਦ੍ਰਿਸ਼ ਅਜਿਹਾ ਸੁਪਨਾ ਜਗਾਉਣ ਲਈ ਹਕੀਕੀ ਪ੍ਰੇਰਕ ਬਣਦਾ ਦਿਸਦਾ ਹੈ ਕਿ ਪੰਜਾਬੀ ਭਾਸ਼ਾ ਵਿਸ਼ਵ ਦੀਆਂ ਤਿੰਨਾਂ ’ਚ ਨਹੀਂ ਤਾਂ ਤੇਰਾਂ ’ਚ ਜ਼ਰੂਰ ਸ਼ਾਮਿਲ ਰਹੇਗੀ। ਪਰ ਪੰਜਾਬੀ-ਪੱਖੀ ਇਨ੍ਹਾਂ ਸਮੂਹ ਕਾਰਜਾਂ ਅਤੇ ਸਰਗਰਮੀਆਂ ਨੂੰ ਰਤਾ ਡੂੰਘਾਈ ਵਿਚ ਵਾਚੀਏ ਤਾਂ ਇਹ ਸਪੱਸ਼ਟ ਹੋਣ ਲਗਦਾ ਹੈ ਕਿ ਕਿਸੇ ਵੀ ਖੇਤਰ ਵਿਚ ਨਵ-ਬਸਤੀਵਾਦ ਅਤੇ ਉਸ ਦਾ ਮਾਧਿਅਮ ਬਣੀ ਹੋਈ ਅੰਗਰੇਜ਼ੀ ਭਾਸ਼ਾ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਵਿਚ ਪੰਜਾਬੀ ਭਾਸ਼ਾ ਸਫਲ ਨਹੀਂ ਹੋ ਰਹੀ। ਸਿੱਟੇ ਵਜੋਂ ਹਰੇਕ ਪੱਖ ਤੋਂ ਹੀ ਪੰਜਾਬੀ ਭਾਸ਼ਾ ਦਾ ਇਕ ਸਮਰੱਥ ਭਾਸ਼ਾ ਵਾਲਾ ਗੌਰਵ ਮੱਧਮ ਪੈਂਦਾ ਜਾ ਰਿਹਾ ਹੈ। ਦੂਜੇ ਸ਼ਬਦਾਂ ਵਿਚ ਇਸ ਦੇ ਵਿਨਾਸ਼ ਦੀ ਪ੍ਰਕਿਰਿਆ ਤੇਜ਼ ਹੋਣ ਦੇ ਚਿੰਨ੍ਹ ਦਿਖਾਈ ਦੇਣ ਲੱਗੇ ਹਨ ਜਿਨ੍ਹਾਂ ਦੀ ਨਿਸ਼ਾਨਦੇਹੀ ਹੇਠ ਲਿਖੇ ਅਨੁਸਾਰ ਕੀਤੀ ਗਈ ਹੈ :
1. ਕਿਸੇ ਭਾਸ਼ਾਈ ਸਮੂਹ ਦੇ ਬੁਲਾਰਿਆਂ ਦੀ ਵੱਡੀ ਗਿਣਤੀ ਦੇ ਨਾਲ ਨਾਲ ਉਸ ਸਮੂਹ ਦੀਆਂ ਸਿਮਰਤੀਆਂ (ਅਤੀਤ, ਯਾਦਾਂ), ਵਰਤਮਾਨ ਸਰੋਕਾਰ ਅਤੇ ਭਵਿੱਖ ਦੇ ਸੁਪਨੇ ਸਾਂਝੇ ਹੋਣ ਤਾਂ ਉਹ ਸਮੂਹ ਆਪਣੀ ਵਿਲੱਖਣ ਪਛਾਣ ਦੇ ਸੰਘਰਸ਼ ਦੌਰਾਨ ਆਪਣੀ ਮਾਤ-ਭਾਸ਼ਾ ਦਾ ਵਿਕਾਸ ਵੀ ਵਧੇਰੇ ਸ਼ਿੱਦਤ ਨਾਲ ਕਰਦਾ ਹੈ। ਪੰਜਾਬੀ ਲੋਕ ਕਿਉਂਕਿ ਕਿਸੇ ਇਕ ਭੂਗੋਲਿਕ ਖਿੱਤੇ ਨਾਲ ਬੱਝੇ ਇਕਸੁਰ ਇਕਾਈ ਨਹੀਂ ਹਨ ਇਸ ਲਈ ਆਪਣੇ ਆਪਣੇ ਵਸੇਬੇ, ਧਰਮ, ਲਿੱਪੀ, ਸੰਸਕ੍ਰਿਤੀ ਅਤੇ ਰਾਜਸੀ ਪ੍ਰੇਰਕਾਂ ਅਨੁਸਾਰ ਆਪਣੀ ਆਪਣੀ ਵਿਲੱਖਣਤਾ ਉੱਤੇ ਵਧੇਰੇ ਬਲ ਦੇਣ ਲੱਗੇ ਹਨ ਅਤੇ ਬਿਖਰਾਵ ਦਾ ਸ਼ਿਕਾਰ ਹਨ।
2. ਕੋਈ ਭਾਸ਼ਾਈ ਮੁੱਖ-ਧਾਰਾ ਆਪਣੇ ਵਿਭਿੰਨ ਅੰਗਾਂ ਵਿਚ ਸਾਂਝ ਦੀ ਤੰਦ ਨੂੰ ਕਿੰਨੀ ਕੁ ਮਜ਼ਬੂਤ ਬਣਾ ਕੇ ਰੱਖਦੀ ਹੈ, ਇਸ ਗੱਲ ਦਾ ਡੂੰਘਾ ਪ੍ਰਭਾਵ ਉਸ ਭਾਸ਼ਾ ਦੇ ਵਿਕਾਸ ਉੱਤੇ ਪੈਂਦਾ ਹੈ। ਪੰਜਾਬੀ ਵਿਚ ਇਸ ਵਕਤ ਜੱਟ ਕਿਸਾਨੀ ਲਹਿਜ਼ਾ ਭਾਰੂ ਰੂਪ ਵਿਚ ਸਥਾਪਿਤ ਹੈ ਇਸ ਲਈ ਦੂਜੇ ਬਹੁਤ ਸਾਰੇ ਉਪ—ਅੰਗਾਂ ਜਿਵੇਂ ਭਾਪੇ, ਭਈਏ, ਖੁਸਰੇ, ਸੈਨਿਕ, ਪਨਾਹਗੀਰ, ਪਰਵਾਸੀ, ਬਾਣੀਏ, ਦਲਿਤ ਆਦਿ – ਦੇ ਉਚਾਰਣੀ ਲਹਿਜ਼ੇ ਨੂੰ ਪ੍ਰਮਾਣਿਕ ਨਾ ਮੰਨਦਿਆਂ ਮਜ਼ਾਕ ਦਾ ਵਿਸ਼ਾ ਬਣਾਇਆ ਜਾਂਦਾ ਹੈ। ਸਿੱਟੇ ਵਜੋਂ ਉਹ ਉਪ-ਅੰਗ ਓਪਰੇ ਬਣਨ ਲੱਗ ਜਾਂਦੇ ਹਨ ਅਤੇ ਹੌਲੀ ਪੰਜਾਬੀ ਤੋਂ ਦੂਰ ਚਲੇ ਜਾਂਦੇ ਹਨ।
3. ਵਿਸ਼ਵੀਕਰਨ ਦੇ ਨਵ-ਬਸਤੀਵਾਦੀ ਦੌਰ ਵਿਚ ਸਮੂਹ ਖੇਤਰੀ ਭਾਸ਼ਾਵਾਂ ਪੱਛਮੀ ਸਾਮਰਾਜ ਦੀ ਭਾਸ਼ਾ ਅੰਗਰੇਜ਼ੀ ਅੱਗੇ ਬੇਬੱਸ ਹੋ ਰਹੀਆਂ ਹਨ ਕਿਉਂਕਿ ਅੰਗਰੇਜ਼ੀ ਸੱਤਾ, ਬਾਜ਼ਾਰ  ਅਤੇ ਗਿਆਨ/ ਟੈਕਨਾਲੋਜੀ  ਦੀ ਭਾਸ਼ਾ ਸਿੱਧ ਹੋਣ ਕਰਕੇ ਵਿਸ਼ਵ-ਸੰਚਾਰ ਭਾਸ਼ਾ ਦਾ ਰੁਤਬਾ ਹਾਸਲ ਕਰ ਚੁੱਕੀ ਹੈ। ਪੰਜਾਬੀ ਕੋਲ ਇਹ ਸਭ ਕੁਝ ਬਹੁਤ ਸੀਮਿਤ ਮਾਤਰਾ ਵਿਚ ਹੋਣ ਕਰਕੇ ਪੰਜਾਬ ਦੇ ਸੱਤਾਵਾਨ ਅਤੇ ਉੱਚ-ਵਰਗ ਦਾ ਵਿਸ਼ੇਸ਼ ਕਰਕੇ ਅਤੇ ਨਿਮਨ ਵਰਗਾਂ ਦਾ ਆਮ ਕਰਕੇ ਰੁਝਾਣ ਅੰਗਰੇਜ਼ੀ ਦੀ ਸਿੱਖਿਆ ਵੱਲ ਹੈ।
4. ਕਿਸੇ ਵੀ ਭਾਸ਼ਾ ਦੇ ਅਗਲੇਰੇ ਵਿਕਾਸ ਵਾਸਤੇ ਇਹ ਜ਼ਰੂਰੀ ਹੁੰਦਾ ਹੈ ਕਿ ਪੀੜ੍ਹੀ-ਦਰ-ਪੀੜ੍ਹੀ ਨਿਰੰਤਰਤਾ ਨਾਲ ਉਸ ਨੂੰ ਅਪਣਾਉਂਦੀ ਜਾਵੇ। ਬਦਕਿਸਮਤੀ ਨੂੰ ਬਹੁਤ ਸਾਰੇ ਕਾਰਣਾਂ ਕਰਕੇ ਪੰਜਾਬੀ ਵਿਚ ਅਜਿਹਾ ਬਹੁਤ ਘੱਟ ਵਾਪਰ ਰਿਹਾ ਹੈ। ਅਜਿਹੀ ਨਿਰੰਤਰਤਾ ਵੱਧ ਤੋਂ ਵੱਧ ਪੇਂਡੂ ਪੰਜਾਬ ਵਿਚ ਹੀ ਦੇਖਣ ਨੂੰ ਮਿਲਦੀ ਹੈ। ਪਰਵਾਸੀ ਪੰਜਾਬੀਆਂ ਵਿਚ ਖਾਸ ਕਰਕੇ ਅਤੇ ਭਾਰਤੀ ਤੇ ਪਾਕਿਸਤਾਨੀ ਸ਼ਹਿਰੀ ਪੰਜਾਬ ਵਿਚ ਆਮ ਕਰਕੇ ਇਹ ਵਰਤਾਰਾ ਸ਼ੁਰੂ ਹੋ ਗਿਆ ਹੈ ਕਿ ਨਵੀਂ ਪੀੜ੍ਹੀ ਪੰਜਾਬੀ ਭਾਸ਼ਾ ਤੋਂ ਇਨਕਾਰੀ ਹੋਣ ਲੱਗ ਪਈ ਹੈ।
ਉਪਰੋਕਤ ਬਿਆਨ ਕੀਤੇ ਗਏ ਲੱਛਣ ਨਮੂਨੇ-ਮਾਤਰ ਹੀ ਹਨ ਪਰ ਇਨ੍ਹਾਂ ਰਾਹੀਂ ਇਹ ਭਲੀ-ਭਾਂਤ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਪੰਜਾਬੀ ਭਾਸ਼ਾ ਦੀ ਵਿਨਾਸ਼ਕਾਰੀ ਦਿਸ਼ਾ ਦੀ ਨਿਸ਼ਾਨਦੇਹੀ ਕਰਨ ਵਾਲੇ ਹਨ। ਜੇਕਰ ਇਨ੍ਹਾਂ ਅਲਾਮਤੀ ਚਿੰਨ੍ਹਾਂ ਨੂੰ ਅਣਗੌਲਿਆਂ ਕੀਤਾ ਗਿਆ ਤਾਂ ਇਹ ਬਹੁਤ ਛੇਤੀ ਪੰਜਾਬੀ ਦੀ ਸੰਕਟਮਈ ਹੋਣੀ ਦੇ ਸੂਚਕ ਬਣ ਜਾਣਗੇ। ਪਰ ਅਜੇ ਸਾਡੀ ਸੁਪਨਸਾਜੀ ਦ੍ਰਿਸ਼ਟੀ ਨੂੰ ਇਹ ਡਰ ਮੰਨਣਯੋਗ ਜਾਪਣ ਨਹੀਂ ਲੱਗਿਆ ਇਸ ਲਈ ਪੰਜਾਬੀ ਸਮਾਜ ਨੇ ਇਸ ਵਰਤਾਰੇ ਦਾ ਗੰਭੀਰ ਵਿਸ਼ਲੇਸ਼ਣ ਅਜੇ ਸ਼ੁਰੂ ਨਹੀਂ ਕੀਤਾ। ਅਜਿਹਾ ਨਾ ਕਰਨ ਦੇ ਕਾਰਨ ਪੰਜਾਬੀਆਂ ਦੇ ਸਭਿਆਚਾਰਕ ਵਤੀਰੇ ਵਿਚ ਪਏ ਹਨ। ਇਸ ਚੁਣੌਤੀ ਪ੍ਰਤੀ ਪੰਜਾਬੀਆਂ ਦਾ ਰਵੱਈਆ ਵਿਗਿਆਨਕ ਸੂਝ ਅਤੇ ਵਿਸ਼ਲੇਸ਼ਣਕਾਰੀ ਹੋਣ ਦੀ ਥਾਂ ਭਾਵੁਕ ਬੜ੍ਹਕਕਾਰੀ ਵਾਲਾ ਹੈ। ਦੂਜਾ ਸਾਡੀਆਂ ਪਦਾਰਥਮੁਖੀ ਪਹਿਲਤਾਵਾਂ ਕਰਕੇ ਜੀਵਨ ਦੇ ਸਭਿਆਚਾਰਕ ਅਤੇ ਕਲਾਤਮਕ ਪੱਖਾਂ ਪ੍ਰਤੀ ਨਾ ਸਾਡੀ ਚੇਤਨਤਾ ਜਾਗਦੀ ਹੈ ਅਤੇ ਨਾ ਹੀ ਸੰਵੇਦਨਸ਼ੀਲਤਾ ਵਲੂੰਧਰੀ ਜਾਂਦੀ ਹੈ।
ਭਾਸ਼ਾ ਦੀ ਅਜਿਹੀ ਜਾਨਦਾਰ ਹੋਂਦ ਇਸ ਦੇ ਬੁਲਾਰਿਆਂ ਅਤੇ ਲਿਖਾਰੀਆਂ ਦੇ ਉਸ ਵਤੀਰੇ ਉੱਤੇ ਨਿਰਭਰ ਕਰਦੀ ਹੈ, ਜਿਸ ਰਾਹੀਂ ਉਹ ਸ਼ਬਦਾਂ ਦੇ ਸਹਿਜ ਅਤੇ ਢੁੱਕਵੇਂ ਇਸਤੇਮਾਲ ਰਾਹੀਂ ਸ਼ਬਦ-ਚਿੱਤਰ ਉਲੀਕਦੇ ਹਨ। ਅਜਿਹੇ ਸ਼ਬਦ-ਚਿੱਤਰ ਸੁਣਨ-ਪੜ੍ਹਨ ਵਾਲੇ ਲਈ ਇਕ ਪਾਸੇ ਸੰਗੀਤਕ ਛੋਹ ਵਾਲੇ ਅਤੇ ਦੂਜੇ ਪਾਸੇ ਸਭਿਆਚਾਰਕ ਰਮਜ਼ਾਂ ਨਾਲ ਭਰੇ-ਭਕੁੰਨੇ ਹੁੰਦੇ ਹਨ। ਇਸ ਤਰ੍ਹਾਂ ਦੀ ਸਹਿਜ-ਸੁਭਾਵਕ ਭਾਸ਼ਾ ਦੀ ਪੈਦਾਇਸ਼ ਉਸ ਸਮੇਂ ਹੁੰਦੀ ਹੈ ਜਦੋਂ ਕੋਈ ਭਾਸ਼ਾ ਉਸ ਸਮੂਹ ਦੇ ਸਮੁੱਚੇ ਕਾਰ-ਵਿਹਾਰ ਅਤੇ ਸੋਚਾਂ-ਸੁਪਨਿਆਂ ਦੇ ਪ੍ਰਗਟਾਵੇ ਨਾਲ ਇਕਸੁਰ ਹੋ ਜਾਵੇ।  ਇਸ ਤਰ੍ਹਾਂ ਦੀ ਭਾਸ਼ਾ ਵਿਅਕਤੀ ਅਤੇ ਉਸਦੇ ਭਾਸ਼ਾਈ ਸਮੂਹ ਦੇ ਸਭਿਆਚਾਰ ਦੀ ਇਕਸੁਰਤਾ ਦਾ ਅਕਸ ਹੁੰਦੀ ਹੈ। ਮਿਸਾਲ ਵਜੋਂ ਪੰਜਾਬੀ ਵਿਚ ਅਜਿਹੀ ਜਾਨਦਾਰ ਭਾਸ਼ਾ ਦਾ ਨਮੂਨਾ ਪੇਸ਼ ਕਰਨ ਵਾਲੀ ਵਾਰਤਕ ਪੁਸਤਕ ਗਿਆਨੀ ਗੁਰਦਿੱਤ ਸਿੰਘ ਰਚਿਤ ‘ਮੇਰਾ ਪਿੰਡ’ ਹੈ, ਜਿਹੜੀ ਆਪਣੇ ਅੰਦਰ ਪੰਜਾਬੀ ਸੰਸਕ੍ਰਿਤੀ ਦੇ ਸਜੀਵ ਚਿਤਰਾਂ ਦੇ ਨਾਲ-ਨਾਲ ਪੰਜਾਬੀਪੁਣੇ ਦੀ ਰੂਹ ਵੀ ਸਾਂਭੀ ਬੈਠੀ ਹੈ।
ਪੰਜਾਬੀ ਭਾਸ਼ਾ ਦੀ ਹੋਂਦ ਅਤੇ ਹੋਣੀ ਦੇ ਪ੍ਰਸੰਗ ਵਿਚ ਬਹੁਤ ਵੱਡਾ ਸੰਕਟ ਦਰਪੇਸ਼ ਹੈ, ਇਸ ਲਈ ਹਰੇਕ ਪੰਜਾਬੀ ਨੂੰ ਆਪਣੇ ਵਰਗ-ਵਿਸ਼ੇਸ਼ ਤੋਂ ਉੱਪਰ ਉੱਠ ਕੇ ਨਿਰੋਲ ਪੰਜਾਬੀ ਭਾਵਨਾ ਨਾਲ ਇਸ ਸੰਕਟ ਬਾਰੇ ਚਿੰਤਾ ਅਤੇ ਚਿੰਤਨ ਕਰਨਾ ਚਾਹੀਦਾ ਹੈ। ਜੇ ਆਪਣੀ ਪਛਾਣ ਨੂੰ ਸੁਰਜੀਤ ਕਰਨ ਦੀ ਰਾਜਸੀ ਇੱਛਾ ਹੋਵੇ ਤਾਂ, ਇਜ਼ਰਾਈਲੀਆਂ ਦੁਆਰਾ ਜੜ੍ਹ ਹੋਈ ਹਿਬਰਿਊ ਭਾਸ਼ਾ ਨੂੰ ਪੁਨਰ-ਸੁਰਜੀਤ ਕਰਨ ਵਾਂਗ, ਆਪਣੀ ਪੰਜਾਬੀ ਭਾਸ਼ਾ ਨੂੰ ਨਵਾਂ ਜੀਵਨ ਦਿੱਤਾ ਜਾ ਸਕਦਾ ਹੈ।

ਸੰਪਰਕ: 98728-35835


Comments Off on ਪੰਜਾਬੀਏ ਜ਼ੁਬਾਨੇ, ਫਿੱਕੀ ਪੈ ਗਈ ਤੇਰੇ ਚਿਹਰੇ ਦੀ ਨੁਹਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.