ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਪੰਜਾਬੀ ਗੀਤਾਂ ਵਿੱਚ ਸਵੈਇੱਛਤ ਜਲਾਵਤਨੀ ਦਾ ਦਰਦ

Posted On January - 7 - 2017

12712cd _mother_2ਡਾ. ਰਾਜਵੰਤ ਕੌਰ ਪੰਜਾਬੀ

ਰੁਜ਼ਗਾਰ ਦੇ ਚੰਗੇ ਸਾਧਨਾਂ ਦੀ ਪ੍ਰਾਪਤੀ ਜਾਂ ਪਰਿਵਾਰ ਦੀ ਆਰਥਿਕਤਾ ਦਾ ਪੱਧਰ ਉੱਚਾ ਚੁੱਕਣ ਦੀ ਲਾਲਸਾ ਹਿਤ ਜਦੋਂ ਕੋਈ ਵਿਅਕਤੀ ਦੇਸ਼ ਛੱਡ ਕੇ ਪਰਦੇਸ ਜਾਂਦਾ ਹੈ ਤਾਂ ਉਹ ਦੇਸ਼ ਵਾਸੀਆਂ ਲਈ ਪਰਦੇਸੀ ਬਣ ਜਾਂਦਾ ਹੈ। ਪਰਦੇਸੀ ਮੁੜ ਆਪਣੀ ਧਰਤੀ ਦਾ ਅੰਗ ਬਣਨ ਦੀ ਲੋਚਾ ਰੱਖਦਾ ਹੈ। ਉਸ ਦੀ ਇਹ ਇੱਛਾ ਆਪਣੇ ਘਰ-ਪਰਿਵਾਰ ਅਤੇ ਮਾਤ-ਭੂਮੀ ਨਾਲ ਮੋਹ ਕਾਰਨ ਹੁੰਦੀ ਹੈ। ਨਸਲੀ ਵਿਤਕਰੇ ਦਾ ਅਹਿਸਾਸ, ਵਿਦੇਸ਼ ਵਿੱਚ ਸਥਾਨਕ ਲੋਕਾਂ ਨਾਲ ਭਿੰਨ-ਭਿੰਨ ਧਰਾਤਲਾਂ ’ਤੇ ਹੁੰਦਾ ਟਕਰਾਅ, ਸੱਭਿਆਚਾਰਕ ਤਣਾਅ ਜਿਥੇ ਪਰਵਾਸੀ ਨੂੰ ਜਾਤ-ਪਾਤ, ਨਸਲ, ਧਰਮ ਆਦਿ ਦੇ ਤੰਗ ਦਾਇਰੇ ਤੋਂ ਬਾਹਰ ਨਿਕਲਣ ਲਈ ਮਜਬੂਰ ਕਰਦਾ ਹੈ, ਉੱਥੇ ਆਪਣੀ ਧਰਤੀ ’ਤੇ ਆਪਣੇ ਦੇਸ਼ ਨਾਲ ਜੋੜਦਾ ਵੀ ਹੈ।
ਸਵੈਇੱਛਤ ਜਲਾਵਤਨੀ ਨਾਲ ਸਬੰਧਤ ਫ਼ਿਲਮਾਂਕਿਤ ਪੰਜਾਬੀ ਗੀਤ ਵਿਭਿੰਨ ਪ੍ਰਕਾਰ ਦੇ ਸੰਕਟਾਂ ਨੂੰ ਆਪਣੇ ਕਲਾਵੇ ਵਿੱਚ ਲੈਂਦੇ ਹਨ। ਕਮਜ਼ੋਰ ਆਰਥਿਕ ਸਥਿਤੀ ਦੇ ਬਾਵਜੂਦ ਹੋਰ ਪਰਿਵਾਰਕ ਜੀਆਂ ਸਮੇਤ ਬਹੁ-ਗਿਣਤੀ ਮਾਪੇ ਆਪਣੀ ਨੌਜਵਾਨ ਔਲਾਦ ਨੂੰ ਪ੍ਰਦੇਸ ਭੇਜਣ ਦੀ ਇੱਛਾ ਨਹੀਂ ਰੱਖਦੇ। ਉਮਰ ਦੇ ਵਧਣ ਨਾਲ ਉਨ੍ਹਾਂ ਦੀ ਆਤਮ-ਨਿਰਭਰਤਾ ਘਟਦੀ ਜਾਂਦੀ ਹੈ। ਉਹ ਔਲਾਦ ਦੇ ਪਰਵਾਸ ਨੂੰ ਤਰਜੀਹ ਨਾ ਦਿੰਦੇ ਹੋਏ, ਉਸ ਨੂੰ ਆਪਣੇ ਕੋਲ ਰੱਖਣਾ ਉਚਿਤ ਸਮਝਦੇ ਹਨ। ਪਾਸਪੋਰਟ ਬਣਨ ਦੀ ਆਰੰਭਕ ਪ੍ਰਕਿਰਿਆ ਤੋਂ ਲੈ ਕੇ ਪਾਸਪੋਰਟ ਬਣਨ ਤਕ ਕਦੇ ਉਹ ਹਉਕੇ ਭਰਦੇ ਦਿਖਾਈ ਦਿੰਦੇ ਹਨ ਅਤੇ ਕਦੇ ਪਾਸਪੋਰਟ ਦੇ ਗੁੰਮ ਹੋ ਜਾਣ ਦੀ ਦੁਆ ਕਰਦੇ ਹਨ :
ਗੁੰਮ ਹੋ ਜੇ ਪੁੱਤਰਾ ਵੇ ਪਾਸਪੋਰਟ ਤੇਰਾ,
ਤੇਰੇ ਬਿਨਾਂ ਦਿਲ ਚੰਨ ਲੱਗਣਾ ਨੀ ਮੇਰਾ
ਦੇਊਗਾ ਰਿਜ਼ਕ ਰੱਬ ਘਰੇ ਹੀ ਬਥੇਰਾ,
ਬੁੱਢੀ ਮਾਂ ਦੀ ਵੀ ਤੱਕ ਲੈ ਵਰ੍ਹੇਸ ਨੂੰ,
ਨਾ ਜਾ ਵੇ ਪੁੱਤਰਾ ਨਾ ਜਾ,
ਨਾ ਜਾ ਵੇ ਤੂੰ ਪ੍ਰਦੇਸ ਨੂੰ।     – ਗਾਇਕ ਮਲਕੂ
ਮੋਹ-ਮਾਇਆ ਦੀਆਂ ਤੰਦਾਂ ਪ੍ਰਦੇਸ ਜਾਣ ਤੋਂ ਰੋਕਦੀਆਂ ਵਾਸਤੇ ਪਾਉਂਦੀਆਂ ਨਜ਼ਰ ਆਉਂਦੀਆਂ ਹਨ :
-ਡੋਲੀ ਤੇਰੀ ਭੈਣ ਦੀ ਨੂੰ ਕੌਣ ਹੱਥੀਂ ਚਾਊਗਾ।
ਪਿਉ ਤੇਰਾ ਬੁੱਢੇ ਵਾਰੇ ਕੀਹਨੂੰ ਗਲ ਲਾਊਗਾ।        – ਗਾਇਕ ਮਲਕੂ
ਵਿਦੇਸ਼ੀ ਸੁੱਖਾਂ ਦੀ ਚਕਾਚੌਂਧ ਕਾਰਨ ਚੰਗੇਰੇ ਭਵਿੱਖ ਤੇ ਖ਼ੁਸ਼ੀਆਂ-ਖੇੜਿਆਂ ਭਰਿਆ ਜੀਵਨ ਬਤੀਤ ਕਰਨ ਦੀ ਇੱਛੁਕ ਅਤੇ ਵਿਭਿੰਨ ਮਜਬੂਰੀਆਂ ਦਰਸਾਉਂਦੀ ਨੌਜਵਾਨ ਪੀੜ੍ਹੀ ਵਿਦੇਸ਼ ਜਾਣ ਲਈ ਬਜ਼ਿਦ ਨਜ਼ਰ ਆਉਂਦੀ ਹੈ। ਉਹ ਪਰਦੇਸ ਜਾਣ ਲਈ ਗ਼ੈਰ-ਕਾਨੂੰਨੀ ਢੰਗ ਅਪਣਾਉਣ ਲਈ ਤਿਆਰ ਰਹਿੰਦੀ ਹੈ। ਨਾਜਾਇਜ਼ ਤਰੀਕਿਆਂ ਨਾਲ ਬਾਹਰ ਜਾਂਦੇ ਪੰਜਾਬੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੀ-ਕੀ ਸੰਤਾਪ ਭੋਗਣੇ ਪੈਂਦੇ ਹਨ, ਇਹ ਹਕੀਕਤ ਜੱਗ ਜ਼ਾਹਿਰ ਹੈ, ਪਰ ਫਿਰ ਵੀ ਜਵਾਨੀ ਬਾਹਰ ਜਾਣ ਦੀ ਜ਼ਿੱਦ ਪੁਗਾ ਕੇ ਰਹਿੰਦੀ ਹੈ। ਵਿਛੋੜੇ ਦਾ ਸੱਲ ਸਭ ਤੋਂ ਮਾਰੂ ਹੁੰਦਾ ਹੈ। ਉਡਾਣ ਵਾਲੀ ਮਿੱਥੀ ਤਰੀਕ ਆ ਜਾਂਦੀ ਹੈ। ਇਸ ਸਥਿਤੀ ਵਿੱਚ ਮੂਲਵਾਸੀਆਂ ਦੀ ਤਰ੍ਹਾਂ ਪਰਵਾਸ ਧਾਰਨ ਕਰਨ ਵਾਲਾ ਵਿਅਕਤੀ ਵੀ ਡੋਲਦਾ ਨਜ਼ਰ ਆਉਂਦਾ ਹੈ:
-ਰੱਬਾ ਐਨਾ ਤੂੰ ਪੰਜਾਬ ਨੂੰ ਅਮੀਰ ਕਰ ਦੇ
ਪੁੱਤ ਕਦੇ ਵੀ ਕਿਸੇ ਦਾ ਪ੍ਰਦੇਸ ਜਾਵੇ ਨਾ।        (ਬਲਜੀਤ ਮਾਲਵਾ)
-ਸਾਡੇ ਦਿਲ ਤੋਂ ਪੁੱਛ ਸੱਜਣਾ, ਅਸੀਂ ਕਿਉਂ ਪਰਦੇਸੀ ਹੋਏ?
ਘਰ ਛੱਡਣੇ ਸੌਖੇ ਨਹੀਂ, ਘਰ ਛੱਡਣ ਵੇਲੇ ਰੋਏ।    (ਹਰਜੀਤ ਹਰਮਨ)
ਘਰੋਂ ਤੁਰਦਿਆਂ ਹੀ ਸਕੇ-ਸਬੰਧੀਆਂ ਅਤੇ ਯਾਰਾਂ-ਬੇਲੀਆਂ ਦੀਆਂ ਯਾਦਾਂ ਪਰਵਾਸੀ ਬਣ ਰਹੇ ਵਿਅਕਤੀ ਦੀ ਮਾਨਸਿਕਤਾ ਨੂੰ ਘੇਰ ਲੈਂਦੀਆਂ ਹਨ। ਪਰਵਾਸ ਉਪਰੰਤ ਭੂ-ਹੇਰਵੇ ਦੀ ਸੁਰ ਪੈਦਾ ਕਰਦੇ ਪਰਵਾਸੀ, ਗੁਆਚੇ ਘਰਾਂ ਨੂੰ ਤਲਾਸ਼ਦੇ ਨਜ਼ਰ ਆਉਂਦੇ ਹਨ। ਆਪਣੀ ਮਾਤ ਭੂਮੀ ਤੇ ਜੱਦੀ-ਪੁਸ਼ਤੀ ਘਰਾਂ ਦਾ ਵਿਗੋਚਾ ਉਨ੍ਹਾਂ ਦੇ ਦਿਲਾਂ ’ਤੇ ਭਾਰੂ ਰਹਿੰਦਾ ਹੈ। ਪੁਰਖ ਪ੍ਰਧਾਨ ਸਮਾਜ ਦੇ ਜਿਹੜੇ ਲਾਡਲੇ ਪੁੱਤਰ ਘਰੇਲੂ ਕੰਮਾਂ ਵਿੱਚ ਹੱਥ ਵਟਾਉਣ ਨੂੰ ਆਪਣੀ ਬੇਇਜ਼ਤੀ ਸਮਝਦੇ ਹਨ, ਪਰਵਾਸ ਦੌਰਾਨ ਚੁੱਲ੍ਹੇ-ਚੌਂਕੇ ਤੋਂ ਲੈ ਕੇ ਮਜ਼ਦੂਰੀ, ਡਰਾਈਵਰੀ, ਚੌਂਕੀਦਾਰੀ, ਫਲ ਤੋੜਨ, ਸਫ਼ਾਈ ਕਰਨ ਜਿਹੇ ਕਾਰਜ ਕਰਨ ਲਈ ਖ਼ੁਦ ਨਾਲ ਸਮਝੌਤਾ ਕਰਦੇ ਦਿਸਦੇ ਹਨ:
ਆਟੇ ਗੁੰਨ੍ਹਦੇ ਨੂੰ ਬੜਾ ਯਾਦ ਆਉਂਦੀ, ਨੀ ਬੇਬੇ ਤੇਰੀ ਆਟੇ ਦੀ ਚਿੜੀ          (ਸ਼ੈਰੀ ਮਾਨ)
ਪਰਵਾਸ ਉਪਰੰਤ ਆਰੰਭਕ ਪੜਾਅ ਦੌਰਾਨ ਪਰਵਾਸੀ ਪੰਜਾਬੀ, ਪਦਾਰਥਕ ਸੁੱਖ-ਸਹੂਲਤਾਂ ਦੀ ਪ੍ਰਾਪਤੀ ਵੱਲ ਤਵੱਜੋ ਦਿੰਦੇ ਹਨ। ਮੰਡੀ ਅਤੇ ਬਾਜ਼ਾਰ ਦੀ ਭਾਂਤੀ ਰਿਸ਼ਤੇ ਨਿਭਾਉਣ ਵਾਲੀ ਦੁਨੀਆਂ ਵਿੱਚ ਆਪਣਾ ਸੰਤੁਲਨ ਕਾਇਮ ਨਾ ਰੱਖ ਸਕਣ ਵਾਲੇ ਕੁਝ ਪਰਵਾਸੀ ਇਹ ਆਖਦੇ ਹੋਏ ਵਤਨ ਪਰਤ ਆਉਂਦੇ ਹਨ ਕਿ
‘ਮਨ ਦਾ ਪੰਛੀ ਕੈਦ, ਇੱਥੋਂ ਹੁਣ ਉੱਡਣਾ ਚਾਹਵੇ, ਇਸ ਨਿਰਮੋਹੀ ਨਗਰੀ ਦਾ, ਨੀ ਮਾਏ ਹੁਣ ਮੋਹ ਨਾ ਆਵੇ’
(ਹਰਜੀਤ ਹਰਮਨ)
ਡਾਲਰਾਂ ਦੀ ਚਕਾਚੌਂਧ ਜਾਂ ਪਿੱਛੇ ਗਹਿਣੇ ਰੱਖੀਆਂ ਜ਼ਮੀਨਾਂ ਨੂੰ ਛੁਡਾਉਣ ਦੀ ਮਜਬੂਰੀ ਵਸ ਸੰਘਰਸ਼ ਦੇ ਰਾਹ ਪਏ ਰਹਿੰਦੇ ਹਨ। ਉਹ ਵਤਨ ਪਰਤਣ ਜਾਂ ਨਾ ਪਰਤਣ ਦਾ ਫ਼ੈਸਲਾ ਨਹੀਂ ਕਰ ਪਾਉਂਦੇ। ਜਿਹੜੇ ਨਹੀਂ ਪਰਤਦੇ ਮਾਪਿਆਂ ਦੀ ਗੱਲ ਨਾ ਮੰਨਣ ਕਾਰਨ, ਖ਼ੁਦ ਨੂੰ ਮਾੜੇ ਨਸੀਬਾਂ ਵਾਲੇ ਕਰਾਰਦਿਆਂ ਪੱਲੇ ਪਏ ਨਾ ਮੁਕਣ ਵਾਲੇ ਰੋਣਿਆਂ ਦੀ ਗਾਥਾ ਬਿਆਨ ਕਰਦੇ ਹਨ। ਜਦੋਂ ਉਹ ਬਹੁਤ ਕੁਝ ਗੁਆ ਬਹਿੰਦੇ ਹਨ ਤਾਂ ਉਨ੍ਹਾਂ ਦਾ ਘਰ-ਪਰਿਵਾਰ, ਪੰਜਾਬ, ਦੇਸ਼, ਪ੍ਰਤੀ ਪਿਆਰ ਪੰਜਾਬੀ ਬੋਲਣ, ਪੜ੍ਹਨ, ਦੇਸ ਉਡਾਰੀ ਮਾਰਨ ਅਤੇ ਪੰਜਾਬੀ ਸੱਭਿਆਚਾਰ ਨੂੰ ਜੀਵਨ ਅੰਗ ਵਜੋਂ ਸਵੀਕਾਰਨ ਦੀ ਇੱਛਾ ਸਹਿਤ ਨਜ਼ਰ ਆਉਂਦਾ ਹੈ :
ਪ੍ਰਦੇਸੀਂ ਵਸਣ ਵਾਲਿਓ ਵੇ,
ਕਦੇ ਵਤਨੀਂ ਫੇਰਾ ਪਾ ਲਿਓ ਵੇ।
ਹੋਰ ਕਿਤੇ ਕੁਝ ਚੇਤੇ ਭਾਵੇਂ ਨਾ ਰੱਖਣਾ,
ਇੱਕ ਮਿੱਟੀ ਆਪਣੀ ਭੁੱਲਿਓ ਨਾ,
ਇੱਕ ਚੇਤੇ ਆਪਣੀ ਮਾਂ ਰੱਖਣਾ।     (ਅਮਰਿੰਦਰ ਗਿੱਲ)
-ਲੱਖ ਪ੍ਰਦੇਸੀ ਹੋਈਏ, ਆਪਣਾ ਦੇਸ ਨੀ ਭੰਡੀਦਾ, ਜਿਹੜੇ ਮੁਲਕ…                            (ਗੁਰਦਾਸ ਮਾਨ)
ਪਰਵਾਸ ਧਾਰਨ ਕਰਨ ਤੋਂ ਪਹਿਲਾਂ ਦੀਆਂ ਸਥਿਤੀਆਂ ਦਰਸਾਉਂਦੀਆਂ ਹਨ ਕਿ ਪਰਵਾਸੀ ਇਹ ਸੁਪਨਾ ਲੈ ਕੇ ਪਰਵਾਸ ਧਾਰਦਾ ਹੈ ਕਿ ਧਨ ਦੌਲਤ ਦੀ ਪ੍ਰਾਪਤੀ ਉਪਰੰਤ ਉਹ ਦੇਸ਼ ਪਰਤ ਆਵੇਗਾ ਅਤੇ ਪਰਿਵਾਰ ਸਮੇਤ ਸੁੱਖ-ਆਰਾਮ ਵਾਲੀ ਜ਼ਿੰਦਗੀ ਬਤੀਤ ਕਰੇਗਾ।
(ਬਾਕੀ ਅਗਲੇ ਹਫ਼ਤੇ)
ਹਕੀਕਤ ਵਿੱਚ ਅਜਿਹਾ ਨਹੀਂ ਹੋਣਾ ਹੁੰਦਾ। ਪਰਵਾਸ ਧਾਰਨ ਕਰਨ ਉਪਰੰਤ ਅਨੇਕ ਮਾਪਿਆਂ ਦੇ ਪਰਦੇਸੀ ਪੁੱਤ, ਪਤਨੀਆਂ ਦੇ ਪਤੀ ਜਾਂ ਭੈਣਾਂ ਦੇ ਵੀਰ ਲੰਮਾ ਸਮਾਂ ਵਤਨ ਫੇਰਾ ਨਹੀਂ ਮਾਰਦੇ।
–    ਵਤਨਾਂ ਦੀ ਯਾਦ ਭੁਲਾ ਕੇ, ਬੈਠਾ ਪ੍ਰਦੇਸੀਂ ਜਾ ਕੇ,
ਦਿਨਾਂ ਹਫ਼ਤਿਆਂ ਸਾਲਾਂ ਵਾਲਾ ਲਾ ਕੇ ਦੇਖ ਹਿਸਾਬ,
ਓ ਪੰਜਾਬੀ ਸ਼ੇਰਾ ਸੱਦਦਾ ਏ ਤੈਨੂੰ ਇਹ ਪੰਜਾਬ। (ਮਨਮੋਹਨ ਵਾਰਿਸ)
ਘਰ ਦੀ ਆਰਥਿਕ ਸਥਿਤੀ ਨੂੰ ਉੱਚਾ ਚੁੱਕਣ ਲਈ ਪਰਵਾਸੀ ਪੈਸੇ ਭਾਵੇਂ ਭੇਜਦੇ ਰਹਿੰਦੇ ਹਨ, ਪਰ ਪਰਿਵਾਰ ਦੇ ਦੁੱਖ-ਸੁੱਖ ਵਿੱਚ ਉਹ ਵੇਲੇ ਸਿਰ ਸ਼ਰੀਕ ਨਹੀਂ ਹੋ ਪਾਉਂਦੇ। ਫ਼ਰਜ਼ਾਂ ਨੂੰ ਪੂਰਾ ਕਰਨ ਦੀ ਚਾਹ ਰੱਖਣ ਵਾਲੇ ਮਜਬੂਰ, ਸੰਵੇਦਨਸ਼ੀਲ ਤੇ ਆਪਣੇ ਪਰਿਵਾਰ ਲਈ ਫ਼ਿਕਰਮੰਦ ਪਰਵਾਸੀ ਜਦੋਂ ਛੇਤੀ ਦੇਸ਼ ਫੇਰਾ ਨਹੀਂ ਮਾਰ ਸਕਦੇ ਤਾਂ ਉਨ੍ਹਾਂ ਪਰਵਾਸੀ ਵੀਰਾਂ ਰਾਹੀਂ ਘਰਦਿਆਂ ਨੂੰ ਸਿਰਫ਼ ਆਪਣੀ ਸੁਖ-ਸਾਂਦ ਦੀ ਖ਼ਬਰ ਭੇਜਦੇ ਹਨ, ਜਿਹੜੇ ਵਤਨ ਜਾ ਰਹੇ ਹੁੰਦੇ ਹਨ:
–    ਅੰਮੜੀ ਦੇ ਸੀਨੇ ਲੱਗਾਂ ਦਿਲ ਤਾਂ ਕਰ ਰਿਹਾ ਬਥੇਰਾ,
ਏਥੇ ਵੀ ਰਹਿਣਾ ਪੈਣੇ ਪੱਥਰ ਜਿਹਾ ਕਰਕੇ ਜੇਰਾ
ਮੈਨੂੰ ਗਲ ਲਾਉਣ ’ਚ ਹਾਲੇ, ਮੇਰੇ ਪਿੰਡ ਆਉਣ ’ਚ ਹਾਲੇ,
ਲੱਗਣੇ ਕਈ ਸਾਲ, ਮੇਰੀ ਮਾਂ ਨੂੰ ਨਾ ਦੱਸਿਓ।                                         (ਅਮਰਿੰਦਰ ਗਿੱਲ)
ਅਜਿਹੀ ਸਥਿਤੀ ਨਾਲ ਸਬੰਧਤ ਗੀਤਾਂ ਵਿੱਚ ਪਰਦੇਸੀ ਦੀ ਗ਼ੈਰਹਾਜ਼ਰੀ ਵਿੱਚ ਉਸ ਨੂੰ ਮਿਲਣ ਦੀਆਂ ਅਧੂਰੀਆਂ ਸੱਧਰਾਂ ਦਿਲ ਵਿੱਚ ਲੈ ਕੇ ਭੈਣ ਜਾਂ ਧੀ ਦੀ ਡੋਲੀ ਤੁਰ ਜਾਂਦੀ ਹੈ, ਮੰਗੇਤਰ ਉਸ ਦਾ ਇੰਤਜ਼ਾਰ ਕਰਦੀ ਕਰਦੀ ਹਾਰ ਜਾਂਦੀ ਹੈ, ਸਿਰ ਦੇ ਤਾਜ ਨੂੰ ਉਡੀਕਦੇ ਮਾਪੇ ਜ਼ਿੰਦਗੀ ਦਾ ਸਫ਼ਰ ਪੂਰਾ ਕਰਕੇ ਚਲੇ ਜਾਂਦੇ ਹਨ, ਉਨ੍ਹਾਂ ਦੀ ਅਰਥੀ ਨੂੰ ਮੋਢਾ ਸਾਕ-ਸਬੰਧੀ ਦਿੰਦੇ ਹਨ। ਪਤਨੀ ਹੋਵੇ ਤਾਂ ਘਰ-ਪਰਿਵਾਰ ਦੀਆਂ ਇਕੱਲਿਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਧੌਲੇ ਆ ਚੁੱਕੇ ਹੁੰਦੇ ਹਨ। ਵਾਅਦਿਆਂ ਅਤੇ ਭਰੋਸਿਆਂ ਦੇ ਬਾਵਜੂਦ ਪਰਵਾਸੀ ਲੰਮਾ ਸਮਾਂ ਘਰ-ਪਰਿਵਾਰ ਵਾਲਿਆਂ ਨੂੰ ਮਿਲਣ ਲਈ ਨਹੀਂ ਪਰਤਦੇ ਤਾਂ ਉਨ੍ਹਾਂ ਕੋਲ ਫੋਟੋਆਂ ਜਾਂ ਟੈਲੀਫੋਨ ਰਾਹੀਂ ਯਾਦਾਂ ਸਾਂਝੀਆਂ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ :
ਭੁੱਲ ਜਾਣ ਵਾਲਿਆ ਵਿਸਾਰ ਜਾਣ ਵਾਲਿਆ
ਜਿਉਂਦਾ ਰਵ੍ਹੇਂ ਜਿਉਂਦਿਆਂ ਨੂੰ ਮਾਰ ਜਾਣ ਵਾਲਿਆ।     (ਹਰਭਜਨ ਮਾਨ)
ਮੂਲਵਾਸੀਆਂ ਨੂੰ ਜਾਪਦਾ ਹੈ ਕਿ ਡਾਲਰਾਂ-ਪੌਂਡਾਂ ਕਾਰਨ ਉਸ ਦਾ ਪਰਿਵਾਰਕ ਰਿਸ਼ਤਿਆਂ ਤੇ ਦੇਸ਼ ਵੱਲੋਂ ਮੋਹ ਭੰਗ ਹੋ ਗਿਆ ਹੈ ਅਤੇ ਜਾਂ ਉਸ ਨੇ ਕਿਸੇ ਗੋਰੀ ਨਾਲ ਵਿਆਹ ਕਰਵਾ ਲਿਆ ਹੋਣਾ ਹੈ। ਬਹੁਤ ਸਾਰੇ ਗੀਤ ਮਾਪਿਆਂ ਦੇ ਇਨ੍ਹਾਂ ਸ਼ੰਕਿਆਂ ਦੇ ਸਹੀ ਹੋਣ ਦੀ ਗਵਾਹੀ ਭਰਦੇ ਹਨ :
–     ਆਏ ਸਾਂ ਕਮਾਈਆਂ ਲਈ ਤੇ ਚੱਕਰਾਂ ’ਚ ਪੈ ਗਏ
ਕਰਕੇ ਵਿਆਹ ਤੇ ਵਲੈਤ ਜੋਗੇ ਰਹਿ ਗਏ।              (ਅਕਰਮ ਰਾਹੀ)
ਵਿਆਹ ਕਰਵਾ ਕੇ ਉਥੇ ਸਿਰਜਿਆ ਪਰਿਵਾਰ, ਆਰਥਿਕ ਮਜਬੂਰੀਆਂ, ਖਪਤਕਾਰੀ ਸੱਭਿਆਚਾਰ ਅਤੇ ਆਪਣੇ ਦੇਸ਼ ਵਿਚਲਾ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਗ਼ਰੀਬੀ ਪਰਵਾਸੀ ਲਈ ਆਪਣਾ ਸੁਪਨਾ ਸਾਕਾਰ ਕਰਨ ਵਿੱਚ ਰੁਕਾਵਟ ਬਣਦੇ ਹਨ। ਅਜੀਬ ਕਿਸਮ ਦੀ ਸਰਾਪੀ ਜੂਨ ਭੋਗਦਾ ਪਰਵਾਸੀ ਦਾ ਪਰਿਵਾਰ ਇਹ ਵੀ ਸੋਚਦਾ ਹੈ ਕਿ ਉਸ ਨੇ ਆਪਣੇ ਪਿੰਡ ਦੇ ਪੌਣ-ਪਾਣੀ ਅਤੇ ਪਰਿਵਾਰ ਵੱਲੋਂ ਬੇਰੁਖੀ ਧਾਰ ਲਈ ਹੈ :
–    ਡਾਲਰਾਂ ਭੁਲਾਈਆਂ ਤੈਨੂੰ ਟਾਹਲੀਆਂ ਤੇ ਬੇਰੀਆਂ,
ਦੂਰ ਤੈਥੋਂ ਪਿੱਪਲਾਂ ਦੀ ਛਾਂ ਹੋਈ।    (ਅਬਰਾਰ-ਉਲ-ਹੱਕ)
ਜਿਉਂਦੇ ਜੀਅ ਇੱਕ ਵਾਰ ਪਿੰਡ ਦੀ ਜੂਹ ਵਿੱਚ ਵੜਨ ਦੀ ਸਿੱਕ ਕਈ ਪਰਵਾਸੀਆਂ ਦਾ ਮੂੰਹ ਦੇਸ਼ ਵੱਲ ਕਰ ਦਿੰਦੀ ਹੈ। ਮਾਪਿਆਂ ਨੂੰ ਅਚੰਭਿਤ ਕਰਨ ਹਿਤ ਜੇ ਪਰਦੇਸੀ ਅਚਾਨਕ ਦੇਸ਼ ਆਉਂਦਾ ਹੈ ਤਾਂ ਗੀਤਾਂ ਦੇ ਫ਼ਿਲਮਾਂਕਣ ਵੇਲੇ ਅਜਿਹੇ ਦ੍ਰਿਸ਼ ਫ਼ਿਲਮਾਏ ਜਾ ਰਹੇ ਹੁੰਦੇ ਹਨ ਜਿਨ੍ਹਾਂ ਵਿੱਚ ਜਾਂ ਪਿਉ ਉਸ ਦੇ ਹੇਰਵੇ ਵਿੱਚ ਲਾਚਾਰ ਬੈਠਾ ਹੁੰਦਾ ਹੈ ਜਾਂ ਉਸ ਦੀ ਮਾਂ ਦੀ ਲਾਸ਼ ਵਿਹੜੇ ਵਿੱਚ ਪਈ ਹੁੰਦੀ ਹੈ।
ਨਾਰੀ ਸੰਦਰਭ ਵਿੱਚ ਦੇਖੀਏ ਤਾਂ ਪਰਵਾਸੀ ਦੀ ਮੂਲਵਾਸ ’ਤੇ ਬੈਠੀ ਮਾਂ, ਪਤਨੀ, ਮੰਗੇਤਰ, ਪ੍ਰੇਮਿਕਾ ਜਾਂ ਭੈਣ ਦੇ ਨਾਰੀ ਭਾਵਾਂ ਦੀ ਤਰਜ਼ਮਾਨੀ ਕਰਦੇ ਗੀਤਾਂ ਦੇ ਬੋਲ ਵੀ ਵਧੇਰੇ ਕਰਕੇ ਗਾਇਕ ਪੇਸ਼ ਕਰਦੇ ਨਜ਼ਰ ਆਉਂਦੇ ਹਨ। ਗਾਇਕਾਵਾਂ ਵੱਲੋਂ ਗਾਏ ਗੀਤ ਘੱਟ ਗਿਣਤੀ ਵਿੱਚ ਮਿਲਦੇ ਹਨ। ਫਿਰ ਵੀ ਦੋਵਾਂ ਵੱਲੋਂ ਗਾਏ ਗੀਤਾਂ ਦੇ ਪ੍ਰਸੰਗ ਵਿੱਚ ਗੱਲ ਕਰਾਂ ਤਾਂ ਇਨ੍ਹਾਂ ਗਾਣਿਆਂ ਵਿੱਚ ਨਪੀੜੀ ਗਈ ਸਾਧਾਰਨ ਔਰਤ ਦੀ ਦਸ਼ਾ ਪ੍ਰਸਤੁਤ ਹੋਈ ਹੈ। ਉਸ ਲਈ ਤਾਂ ਦੇਸ ਵੀ ਪ੍ਰਦੇਸ ਦੀ ਭੂਮਿਕਾ ਨਿਭਾਉਂਦਾ ਹੈ। ਘਰ ਬੈਠੀ ਉਹ ਅਨੇਕ ਕਿਸਮ ਦੇ ਸੰਕਟਾਂ ਨਾਲ ਜੂਝਦੀ ਹੈ, ਸੰਤਾਪ ਹੰਢਾਉਂਦੀ ਹੈ ਅਤੇ ਬੰਦਿਸ਼ਾਂ ਨਾਲ ਭਰਪੂਰ ਜੀਵਨ ਜਿਉਂਦੀ ਹੈ। ਇਕਲਾਪਾ ਉਸ ਨੂੰ ਝੱਲਾ ਕਰ ਦਿੰਦਾ ਹੈ। ਆਪਣਿਆਂ ਦੀ ਦੂਰੀ, ਸ਼ਰੀਕਾਂ ਵੱਲੋਂ ਦਿੱਤੇ ਦੁੱਖ, ਤਾਅਨੇ ਅਤੇ ਪਰਵਾਸੀ ਵੱਲੋਂ ਦਿੱਤੇ ਜਾਂਦੇ ਵਾਪਸੀ ਦੇ ਢਾਰਸ, ਕਦੇ ਉਸ ਨੂੰ ਜੋੜਦੇ ਹਨ ਅਤੇ ਕਦੇ ਤੋੜਦੇ:
–    ਆ ਵੇ ਮਾਹੀਆ ਕਦੇ ਮੋੜ ਮੁਹਾਰਾਂ, ਵੇ ਤੂੰ ਮੁਲਕ ਵਸਾ ਲਿਆ ਕਿਹੜਾ
ਪੰਛੀ ਪਰਤ ਘਰਾਂ ਨੂੰ ਆ ਗਏ, ਕਿਉਂ ਜੀ ਨਹੀਂ ਕਰਦਾ ਤੇਰਾ ?     (ਜੀਤ ਜਗਜੀਤ)
ਕੁਝ ਵੀ ਹੋ ਜਾਵੇ, ਹਰ ਰੂਪ ਵਿੱਚ ਨਾਰੀ ਦੀ ਆਰਜ਼ੂ ਪ੍ਰਦੇਸੀ ਦੀ ਦੁਨੀਆਂ ਆਬਾਦ ਰਹਿਣ ਦੇ ਸੁਪਨੇ ਸੰਜੋਂਦੀ ਹੈ ਕਿਉਂਕਿ ਭਾਰਤੀ ਸਮਾਜ ਵਿੱਚ ਪਰਿਵਾਰ ਖੰਡਿਤ ਨਹੀਂ ਹੋਇਆ। ਵਿਆਹ ਨੂੰ ਸਮਾਜਿਕ-ਸੱਭਿਆਚਾਰਕ ਕਦਰਾਂ-ਕੀਮਤਾਂ ਅਨੁਸਾਰ ਸਾਰੀ ਉਮਰ ਨਿਭਾਇਆ ਜਾਣ ਵਾਲਾ ਬੰਧਨ ਸਵੀਕਾਰ ਕਰਦੀ ਹੋਈ, ਉਹ ਰਿਸ਼ਤਿਆਂ ਦੇ ਸੱਭਿਆਚਾਰ ਨੂੰ ਨਹੀਂ ਤਿਆਗਦੀ। ਮਰਦ ਸਵੈ-ਇੱਛਤ ਪਰਵਾਸ ਧਾਰਨ ਕਰਦਾ ਹੈ, ਪਰ ਨਾਰੀ ਲਈ ਸਵੈ-ਇੱਛਾ ਵਰਗਾ ਸ਼ਬਦ ਨਿਰਾਰਥਕ ਹੋਇਆ ਜਾਪਦਾ ਹੈ ਕਿਉਂਕਿ ਇਨ੍ਹਾਂ ਗੀਤਾਂ ਵਿੱਚ ਉਸ ਦੀ ਇੱਛਾ ਮੁਤਾਬਕ ਕੁਝ ਵਾਪਰਦਾ ਨਹੀਂ ਦਿਖਾਇਆ ਜਾਂਦਾ। ਪਤੀ ਦੇ ਪਰਵਾਸ ਕਰ ਜਾਣ ਉਪਰੰਤ ਭਾਵ ਪਤੀ-ਪਤਨੀ ਦੇ ਪਿਆਰ-ਸਬੰਧਾਂ ਦੀ ਅਣਹੋਂਦ ਦੇ ਬਾਵਜੂਦ ਸਮਾਜਿਕ ਜ਼ਿੰਮੇਵਾਰੀ ਕਬੂਲਦਿਆਂ ਉਹ ਘਰ-ਪਰਿਵਾਰ ਅਤੇ ਬੱਚੇ ਸੰਭਾਲਦੀ ਹੈ। ਅਜਿਹਾ ਕਰਦਿਆਂ ਭਾਵੇਂ ਉਸ ਦੀ ਮਾਨਸਿਕਤਾ ਪ੍ਰਭਾਵਿਤ ਹੁੰਦੀ ਹੈ ਤੇ ਹਾਲਤ ਤਰਸਯੋਗ ਬਣ ਜਾਂਦੀ ਹੈ ਫਿਰ ਵੀ ਗੀਤਾਂ ਵਿੱਚ ਉਹ ਨਾ ਤਾਂ ਵਿਆਹ ਬਾਹਰੀ ਸਬੰਧ ਬਣਾਉਂਦੀ ਹੈ ਅਤੇ ਨਾ ਪਰਿਵਾਰ ਵੱਲੋਂ ਬੇਪਰਵਾਹ ਹੁੰਦੀ ਨਜ਼ਰ ਆਉਂਦੀ ਹੈ। ਇਨ੍ਹਾਂ ਗੀਤਾਂ ਵਿੱਚ ਉਹ ਪਰਿਵਾਰ ਦੀ ਖੁਸ਼ਹਾਲੀ ਲਈ ਪਰੰਪਰਿਕ ਰਿਸ਼ਤਿਆਂ ਨੂੰ ਕਬੂਲ ਕਰਦੀ ਹੋਈ, ਤਣਾਅ ਨੂੰ ਭੋਗਣ ਤੋਂ ਕਿਨਾਰਾ ਕਰਨ ਦੀ ਥਾਂ ਸਹਿਣਸ਼ੀਲਤਾ ਦਾ ਗੁਣ ਅਪਣਾਉਂਦੀ ਅਤੇ ਆਪਣੀ ਹੋਂਦ ਨਾਲ ਭਾਰ ਢੋਂਦੀ ਵੀ ਨਜ਼ਰ ਆਉਂਦੀ ਹੈ। ਸਥਿਤੀ ਚਾਹੇ ਪੁੱਤ ਨੂੰ ਪਰਦੇਸ ਭੇਜਣ ਵੇਲੇ ਦੀ ਹੋਵੇ ਤੇ ਚਾਹੇ ਪਰਵਾਸ ਹੰਢਾ ਰਹੇ ਪਤੀ ਦੀ :
.     ਦੂਰੋਂ ਬੈਠ ਦੁਆਵਾਂ ਕਰਦੀ ਅੰਮੀ,
ਸਾਨੂੰ ਨਾ ਕੁਝ ਹੋ ਜਾਏ, ਡਰਦੀ ਅੰਮੀ।                (ਸਤਿੰਦਰ ਸਰਤਾਜ)
ਆਪਣੀਆਂ ਦੱਬੀਆਂ ਭਾਵਨਾਵਾਂ ਦੇ ਇਜ਼ਹਾਰ ਲਈ ਜਿਵੇਂ ਨਾਰੀ-ਮਨ ਲੋਕਗੀਤ ਘੜਦਾ ਰਿਹਾ, ਉਸੇ ਤਰ੍ਹਾਂ ਘਰ-ਪਰਿਵਾਰ ਅਤੇ ਆਪਣੇ ਭੂਗੋਲਿਕ ਚੌਗਿਰਦੇ ਤੋਂ ਦੂਰ ਬੈਠੇ ਪਰਵਾਸੀਆਂ ਅਤੇ ਉਸ ਦਾ ਵਿਛੋੜਾ ਜਰਦੇ ਮੂਲਵਾਸੀਆਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੇ ਫ਼ਿਲਮਾਂਕਿਤ ਪੰਜਾਬੀ ਗੀਤ ਕਈ ਧਿਰਾਂ ਨੂੰ ਆਪਣੇ ਨਾਲ ਜੋੜਦੇ ਪ੍ਰਤੀਤ ਹੁੰਦੇ ਹਨ। ਉਹ ਪ੍ਰਦੇਸਾਂ ਦੇ ਮੂਲਵਾਸੀਆਂ ਨਾਲ ਆਪਣੇ ਸਬੰਧਾਂ ਦੇ ਕੌੜੇ-ਮਿੱਠੇ ਅਨੁਭਵ, ਪਰਵਾਸੀ ਨੌਜਵਾਨਾਂ ਲਈ ਅਗਵਾਈ ਜਾਂ ਹਮਦਰਦੀ ਭਰੇ ਬੋਲ, ਪਰਿਵਾਰਕ ਵਿਛੋੜੇ ਦੇ ਸੱਲ, ਦੇਸ਼ ਨਾਲ ਜੁੜੀਆਂ ਯਾਦਾਂ, ਸੁਖ-ਦੁਖ, ਹਉਕੇ-ਹਾਵੇ ਅਤੇ ਦਿਲ ਦੇ ਗੁਬਾਰ ਨੂੰ ਆਪਣੇ ਵਰਗੇ ਹੋਰ ਪਰਵਾਸੀਆਂ ਤੇ ਦੇਸ਼ ਵਾਸੀਆਂ ਨਾਲ ਸਾਂਝਾ ਕਰਦੇ ਹਨ।
ਮੂਲਵਾਸ ਅਤੇ ਪਰਵਾਸ ਨਾਲ ਸਬੰਧਤ ਫ਼ਿਲਮਾਂਕਿਤ ਪੰਜਾਬੀ ਗੀਤਾਂ ਦੇ ਆਧਾਰ ’ਤੇ ਕਹਿ ਸਕਦੇ ਹਾਂ ਕਿ ਬਹੁਤੇ ਗੀਤ ਨੌਜਵਾਨ ਮੁੰਡਿਆਂ ਦੇ ਪਰਵਾਸ ਨਾਲ ਸਬੰਧਤ ਹਨ,  ਕੁੜੀਆਂ ਦੇ ਪਰਵਾਸ ਨਾਲ ਘੱਟ। ਗਰੀਨ ਕਾਰਡ ਪ੍ਰਾਪਤ ਕਰਨ ਦੀ ਵਿਵਸਥਾ ਹੋਣ ਉਪਰੰਤ ਮੱਧਵਰਗੀ ਪੜ੍ਹੇ-ਲਿਖੇ ਤੇ ਸਮਾਜਿਕ-ਮਾਨਸਿਕ ਤੌਰ ’ਤੇ ਜਾਗਰੂਕ ਲੋਕਾਂ ਵੱਲੋਂ ਕੀਤਾ ਪਰਵਾਸ ਅਤੇ ਬੁੱਧੀਜੀਵੀ ਲੋਕਾਂ ਦਾ ਪਰਵਾਸ ਇਨ੍ਹਾਂ ਗੀਤਾਂ ਦਾ ਕੇਂਦਰ-ਬਿੰਦੂ ਨਹੀਂ ਬਣਦਾ। ਇਨ੍ਹਾਂ ਗੀਤਾਂ ਦੀ ਸਿਰਜਣਾ ਮਜਬੂਰੀ ਵਿੱਚ ਕੀਤੇ ਪਰਵਾਸ, ਪਰਵਾਸੀ ਵਜੋਂ ਦਰਪੇਸ਼ ਸੰਕਟਾਂ ਨੂੰ ਉਭਾਰਦੀ ਹੋਈ ਅਤੇ ਜ਼ਿਹਨੀ ਤੌਰ ’ਤੇ ਆਪਣੀਆਂ ਜੜ੍ਹਾਂ ਦਾ ਆਸਰਾ ਲੈਂਦੇ ਪਰਵਾਸੀਆਂ ਅੰਦਰ ਮਿੱਟੀ ਦਾ ਮੋਹ ਨਾ ਘਟਦਾ ਦਿਖਾਉਂਦੀ ਹੈ। ਇਹ ਗੀਤ ਜੀਵਨ-ਪੱਧਰ ਉੱਚਾ ਚੁੱਕਣ ਲਈ ਉਨ੍ਹਾਂ ਦੇ ਓਵਰ-ਟਾਈਮ ਲਾ ਕੇ ਤਨ-ਮਨ ਦਾ ਸੁੱਖ ਵਾਰਨ ਨਾਲ ਵੀ ਸਬੰਧਤ ਹਨ। ਪਰਵਾਸੀ ਆਪਣੇ ਘਰ-ਪਰਿਵਾਰ ਦੇ ਨਿੱਘ ਤੋਂ ਵਿਰਵੇ ਰਹਿ ਕੇ ਤੇਜ਼ ਰਫ਼ਤਾਰ ਜ਼ਿੰਦਗੀ ਨਾਲ ਆਪਣਾ ਬਰ ਮੇਚਣ ਦੀ ਕੋਸ਼ਿਸ਼ ਕਰਦੇ ਹੋਏ ਉਦਾਸੀ, ਇਕੱਲਤਾ, ਨਿਰਾਸ਼ਾ, ਬੇਗਾਨਗੀ ਵਰਗੇ ਅਹਿਸਾਸਾਂ ਨਾਲ ਦੋ-ਚਾਰ ਹੁੰਦੇ ਨਜ਼ਰ ਆਉਂਦੇ ਹਨ। ਮੂਲਵਾਸੀ ਭਾਵੁਕ ਪੱਧਰ ’ਤੇ ਪਰਵਾਸੀਆਂ ਨਾਲੋਂ ਵਧਰੇ ਦੁੱਖ ਭੋਗਦੇ ਨਜ਼ਰ ਆਉਂਦੇ ਹਨ। ਇਸ ਲਈ ਪੰਜਾਬੀ ਮਾਨਸਿਕਤਾ ਅਨੁਸਾਰ ਬਹੁ-ਗਿਣਤੀ ਗਾਣਿਆਂ ਵਿੱਚ ਪਰਵਾਸੀ ਲਾਚਾਰ ਤੇ ਵਿਡੰਬਤ ਮਨੁੱਖ ਵਜੋਂ ਪ੍ਰਸਤੁਤ ਹੋਇਆ ਹੈ :
–    ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ, ਖਾਣ ਨੂੰ ਬੜਾ ਈ ਦਿਲ ਕਰਦੈ। (ਮਲਕੀਤ)


Comments Off on ਪੰਜਾਬੀ ਗੀਤਾਂ ਵਿੱਚ ਸਵੈਇੱਛਤ ਜਲਾਵਤਨੀ ਦਾ ਦਰਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.