ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਪੰਜਾਬੀ ਸ਼ਾਇਰੀ ਦਾ ਮਾਣ – ਬਿਸਮਿਲ ਫ਼ਰੀਦਕੋਟੀ

Posted On January - 7 - 2017

scan0007ਪ੍ਰਿੰ. ਨਵਰਾਹੀ ਘੁਗਿਆਣਵੀ
ਸਾਹਿਤ ਸਭਾ ਫ਼ਰੀਦਕੋਟ ਦਾ ਮੋਢੀ ਕਵੀ ਬਿਸਮਿਲ ਫ਼ਰੀਦਕੋਟੀ 14 ਦਸੰਬਰ  1974 ਨੂੰ ਟੀ.ਬੀ. ਸੈਨੋਟੋਰੀਅਮ ਅੰਮ੍ਰਿਤਸਰ ਵਿਖੇ ਸਾਨੂੰ ਅਲਵਿਦਾ ਕਹਿ ਗਿਆ। ਉਸ ਨੇ ਸਾਰੀ ਹਯਾਤੀ ਸੰਘਰਸ਼ ਕੀਤਾ ਤੇ ਲੋਕ ਮਾਰੂ ਤਾਕਤਾਂ ਨੂੰ ਵੰਗਾਰਿਆ। ਕਥਨੀ ਤੇ ਕਰਨੀ ਦਾ ਸੁਮੇਲ ਹੋਣ ਕਰਕੇ ਉਸ ਦੀ ਤਮਾਮ ਸ਼ਾਇਰੀ ਖ਼ਰਾ ਸੋਨਾ ਹੈ। ਛੰਦਬੱਧ ਕਵਿਤਾ ਦਾ ਹਾਮੀ ਸੀ ਤੇ ਖੁੱਲ੍ਹੀ ਕਵਿਤਾ ਨੂੰ ‘ਚੀਚੀ ਉੱਤੇ ਲਹੂ ਲਗਾ ਕੇ, ਸ਼ਹੀਦਾਂ ਵਿੱਚ ਰਲਣ ਵਾਲੀ ਗੱਲ ਦੱਸਦਾ ਸੀ। ਕਬੀਲਦਾਰੀ ਦੇ ਚੱਕਰਾਂ ’ਚ ਉਹ ਪਿਆ ਨਹੀਂ। ਸਾਰੀ ਉਮਰ ਉਹ ਲੋਕ-ਸੰਘਰਸ਼ਾਂ ਨਾਲ ਜੁੜਿਆ ਰਿਹਾ। ਇਸੇ ਕਰਕੇ ਉਸ ਦੀ ਕਵਿਤਾ ਸਥਾਪਤੀ ਨਾਲ ਸਮਝੌਤਾ ਨਾ ਕਰ ਸਕੀ। ਇੱਕ ਅਣਖੀ ਮਨੁੱਖ ਤੇ ਜੁਝਾਰੂ ਸ਼ਾਇਰ ਹੋਣ ਕਰਕੇ ਉਸ ਨੇ ਨਾਢੂ ਖਾਂ ਦੀ ਟੈਂ ਨਹੀਂ ਮੰਨੀ। ਇੱਕ ਥਾਂ ਉਹ ਲਿਖਦਾ ਹੈ:
ਮੰਡੀ ਥਾਂ-ਥਾਂ ਵਪਾਰੀਆਂ  ਲਗਾਈ।
ਸਾਨੂੰ ਵਿਕਣੇ ਦੀ ਜਾਚ ਨਾ ਆਈ।
scan0008ਉਸ ਦੇ ਦੇਹਾਂਤ ਤੋਂ ਬਾਅਦ ਸਾਹਿਤ ਸਭਾ ਫ਼ਰੀਦਕੋਟ ਨੇ ਹੋਰ ਸਭਾਵਾਂ ਅਤੇ ਬਿਸਮਿਲ ਦੇ ਪ੍ਰਸੰਸਕਾਂ ਦੇ ਸਹਿਯੋਗ ਨਾਲ ਉਸ ਦੇ ਠੋਸ ਕਲਾਮ ਨੂੰ ‘ਖੌਲਦੇ ਸਾਗਰ’ ਕਾਵਿ-ਸੰਗ੍ਰਹਿ ਦੇ ਨਾਂ ਹੇਠ ਛਾਪ ਕੇ  ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ, ਜਿਸ ਦੀ ਸਾਹਿਤਕ ਹਲਕਿਆਂ ਵਿੱਚ ਭਰਪੂਰ ਚਰਚਾ ਹੋਈ।
ਬਾਅਦ ਵਿੱਚ ਬਿਸਮਿਲ ਦੀ ਯਾਦ ਵਿੱਚ ਹਰ ਸਾਲ ਸਾਹਿਤ ਸਭਾ ਫ਼ਰੀਦਕੋਟ ਵੱਲੋਂ ਸ਼ਾਨਦਾਰ ਸਾਹਿਤਕ ਸਮਾਗਮ ਹੋਣ ਲੱਗਾ। ਦਸੰਬਰ 1978 ਵਿੱਚ ਸਰਕਾਰੀ ਬਰਜਿੰਦਰਾ ਕਾਲਜ ਵਿਖੇ ਇਕ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਪੰਜਾਬੀ ਦੇ ਸਿਰਮੌਰ ਕਵੀਆਂ ਨੇ ਸ਼ਿਰਕਤ ਕੀਤੀ ਅਤੇ ਸਰੋਤਿਆਂ ਨੂੰ ਮੰਤਰ-ਮੁਗਧ ਕੀਤਾ। ਸੱਚ ਤਾਂ ਇਹ ਹੈ ਕਿ ਪੰਜਾਬੀ ਦੇ ਸਾਰੇ ਸਿਰਕੱਢ ਸ਼ਾਇਰ ਬਿਸਮਿਲ ਦੀ ਬਰਸੀ ਮੌਕੇ ਸ਼ਾਮਲ ਹੋ ਕੇ ਫ਼ਖ਼ਰ ਮਹਿਸੂਸ ਕਰਨ ਲੱਗੇ। ਕੁਝ ਸਮਾਂ ਠਹਿਰ ਕੇ ‘ਬਿਸਮਿਲ ਫ਼ਰੀਦਕੋਟੀ ਐਵਾਰਡ’ ਸਥਾਪਤ ਹੋਇਆ ਜੋ ਹੁਣ ਵੀ ਜਾਰੀ ਹੈ। ਲਗਪਗ 40 ਉੱਘੇ ਲੇਖਕ ਇਹ ਵੱਕਾਰੀ ਪੁਰਸਕਾਰ ਪ੍ਰਾਪਤ ਕਰ ਚੁੱਕੇ ਹਨ, ਜਿਨ੍ਹਾਂ ਵਿੱਚ ਸੁਰਜੀਤ ਰਾਮਪੁਰੀ, ਸੰਤੋਖ ਸਿੰਘ ਧੀਰ, ਦੀਪਕ ਜੈਤੋਈ, ਇੰਦਰਜੀਤ ਹੁਸਨਪੁਰੀ, ਪ੍ਰੋ. ਕਿਰਪਾਲ ਸਿੰਘ ਕਸੇਲ, ਬੀਬੀ ਪ੍ਰਕਾਸ਼ ਕੌਰ ਹਮਦਰਦ, ਡਾ. ਤੇਜਵੰਤ ਮਾਨ, ਅਜਾਇਬ ਚਿਤਰਕਾਰ  ਤੇ ਅਜੀਤ ਸਿੰਘ ਪੱਤੋ ਸ਼ਾਮਲ ਹਨ।
ਬਿਸਮਿਲ ਦੀ ਸਮੁੱਚੀ ਸ਼ਾਇਰੀ ਵਿੱਚ ਭਰਤੀ ਨਹੀਂ। ਉਸ ਦੀਆ ਮਕਬੂਲ ਹੋਈਆਂ ਨਜ਼ਮਾਂ ਜਿਵੇਂ ‘ਚਾਂਦ ਬੀਬੀ’, ‘ਸਰਘੀ ਦਾ ਤਾਰਾ’, ‘ਦਰਦਾਂ ਦੀ ਰਿਆਸਤ’, ‘ਹਾਏ! ਕਵਿਤਾ ਦਾ ਫ਼ਤੂਰ ਓਡ ‘ਵੈਸ਼ਿਆ’ ਆਦਿ ਉੱਚ ਪਾਏ ਦੀਆਂ ਰਚਨਾਵਾਂ ਹਨ। ਗ਼ਜ਼ਲ ਵੀ ਉਹ ਬਹੁਤ ਸੁੰਦਰ ਲਿਖਦਾ ਸੀ। ਉਸ ਦੇ ਇਕ ਦੋ ਸ਼ਿਅਰ ਦੇਖੋ:-
ਆਏ ਖ਼ਬਰ ਨੂੰ ਨਾਲ ਪਰ ਲੈ ਕੇ ਰਕੀਬ ਨੂੰ;
ਪੀਣਾ ਪਿਆ ਏ ਜ਼ਹਿਰ ਵੀ,
ਦਿਲ ਦੀ ਦਵਾ ਦੇ ਨਾਲ।
ਕਿਸੇ ਚੇਤੰਨ ਰੂਹ ਦਾ ਸਾਰ ਗ਼ਜ਼ਲ, ਸੁਰ ਸ਼ਬਦ, ਸ਼ਰਾਬ  ਆਕਾਰ ਗ਼ਜ਼ਲ;
ਕਿਸੇ ਛੋਲੇ ਚੱਬਦੇ ਮੂਰਖ ਦੀ,
ਵਾਹਵਾ ਦਾ ਹੁੰਗਾਰਾ ਕੀ ਜਾਣੇ?
ਗਰਦਿਸ਼ ਮੇਰੇ ਪਿੱਛੇ ਫਿਰੇ ਮਿੱਟੀ ਨੂੰ ਛਾਣਦੀ;
ਇੱਕ ਤੂੰ ਕਿ ਮੈਨੂੰ ਮਾਰਿਆ ਮਿੱਟੀ ’ਚ ਰੋਲ ਕੇ।
ਜਿੱਥੋਂ ਤੱਕ ਰੁਬਾਈ ਦਾ ਸਬੰਧ ਹੈ, ਪੰਜਾਬੀ ਵਿੱਚ ਉਸ ਦਾ ਕੋਈ ਸਾਨੀ ਨਹੀਂ। ਉਸ ਦੀ ਰੁਬਾਈ ਦਾ ਮੀਟਰ ਉਰਦੂ, ਫਾਰਸੀ ਵਾਲਾ ਹੈ ਜੋ ਰੁਬਾਈ ਲਈ ਬੜਾ ਢੁੱਕਵਾਂ ਹੈ। ਨਿਵੇਕਲੀਆਂ, ਪੇਂਡੂ ਤਸ਼ਬੀਹਾਂ ਅਤੇ ਕਾਟਵਾਂ ਵਿਅੰਗ ਉਸ ਦੀ ਰੁਬਾਈ ਲਈ ਸੋਨੇ ਉਪਰ ਸੁਹਾਗੇ ਦਾ ਕੰਮ ਕਰਦੇ ਹਨ।      ਮਿਸਾਲ ਵਜੋਂ:
ਅੰਨ੍ਹੇ ਦਿਆਂ ਨੈਣਾਂ ’ਚ ਖ਼ੁਮਾਰ ਆਇਆ ਏ!
ਗੰਜੀ ਨੂੰ ਵੀ ਕੰਘੀ ’ਤੇ ਪਿਆਰ ਆਇਆ ਏ!
ਵੇਚੇ ਸੀ ਜਿਨ੍ਹਾਂ ਆਪਣੇ ਸ਼ਹੀਦਾਂ ਦੇ ਕਫ਼ਨ;
ਉਨ੍ਹਾਂ ਦਾ ਵਜ਼ੀਰਾਂ ’ਚ ਸ਼ੁਮਾਰ ਆਇਆ ਏ!

ਹੱਕ ਸੱਚ ਦੀ ਪ੍ਰਭਾਤ ਬਣੇ ਫਿਰਦੇ ਨੇ!
ਪੀਰਾਂ ਦੀ ਕਰਾਮਾਤ ਬਣੇ ਫਿਰਦੇ ਨੇ!
ਸਰਮਾਏ ਦੇ ਜਾਦੂ ਦਾ ਤਮਾਸ਼ਾ ਵੇਖੋ; ਜਲਾਦ ਵੀ ਸੁਕਰਾਤ ਬਣੇ ਫਿਰਦੇ ਨੇ!

ਸੰਪਰਕ: 98150-02302.


Comments Off on ਪੰਜਾਬੀ ਸ਼ਾਇਰੀ ਦਾ ਮਾਣ – ਬਿਸਮਿਲ ਫ਼ਰੀਦਕੋਟੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.