ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

ਪੰਜਾਬ ਦਾ ਸਿਆਸੀ ਭੇੜ ਤੇ ਕੇਜਰੀਵਾਲ

Posted On January - 9 - 2017

ਬਲਕਾਰ ਸਿੰਘ (ਡਾ.)
10901CD _MAXRESDEFAULTਅਕਾਦਮਿਕ ਭਾਈਚਾਰੇ ਵਿੱਚੋਂ ਸਿੱਖ ਐਕਟੀਵਿਸਟ ਵਜੋਂ ਮੈਂ ਆਪਣੇ ਜਾਣਕਾਰਾਂ ਦੀ ਹਿਟ ਲਿਸਟ ’ਤੇ ਰਹਿੰਦਾ ਹਾਂ। ਮੈਨੂੰ ਇਸ ਤਰ੍ਹਾਂ ਸੰਵਾਦ ਵਿੱਚ ਰਹਿਣਾ ਚੰਗਾ ਲੱਗਦਾ ਹੈ। ਮਸਲਾ ਉਦੋਂ ਪੈਦਾ ਹੁੰਦਾ ਹੈ ਜਦੋਂ ਚੁਫ਼ੇਰੇ ਫੈਲੇ ਸਿਆਸੀ ਭੇੜ ਵਿੱਚ ਗ਼ਲਤੀ ਜਾਂ ਵਧੀਕੀ ਕਿਸੇ ਤੋਂ ਵੀ ਹੋਵੇ, ਕਟਹਿਰੇ ਵਿੱਚ ਮੈਨੂੰ ਖੜ੍ਹਨਾ ਪੈ ਜਾਂਦਾ ਹੈ। ਸਿਰ ’ਤੇ ਆ ਗਈਆਂ ਪੰਜਾਬ ਦੀਆਂ ਚੋਣਾਂ ਨੂੰ ਲੈ ਕੇ ਅਜਬ ਅਜਬ ਸਵਾਲਾਂ ਦਾ ਸਾਹਮਣਾ ਕਰਦਿਆਂ ਕਈ ਵਾਰ ਮੇਰੇ ਹਾਮੀ ਤੇ ਹਿਤੈਸ਼ੀ ਨਾਰਾਜ਼ ਹੋ ਜਾਂਦੇ ਹਨ ਕਿਉਂਕਿ ਮੇਰੀ ਗੱਲਬਾਤ ਤੋਂ ਉਹ ਅੰਦਾਜ਼ਾ ਲਾ ਲੈਂਦੇ ਹਨ ਕਿ ਮੈਂ ਕੇਜਰੀਵਾਲ ਦੇ ਖ਼ਿਲਾਫ਼ ਹਾਂ। ਇਹੋ ਜਿਹੇ ਵੇਲੇ ਸਭ ਨਾਲੋਂ ਵੱਧ ਇਹ ਸਵਾਲ ਪੁੱਛਿਆ ਜਾਣ ਲੱਗ ਪੈਂਦਾ ਹੈ ਕਿ ਮੈਂ ਕੇਜਰੀਵਾਲ ਖ਼ਿਲਾਫ਼ ਕਿਉਂ ਹਾਂ? ਹੱਕ ਵਿੱਚ ਨਾ ਹੋਣ ਅਤੇ ਖ਼ਿਲਾਫ਼ ਹੋਣ ਵਿੱਚ ਫ਼ਰਕ ਕਰਨ ਵਾਸਤੇ ਲੋੜੀਂਦੀ ਚੇਤਨਾ ਵੱਲ ਕੋਈ ਤੁਰਨਾ ਹੀ ਨਹੀਂ ਚਾਹੁੰਦਾ। ਪੰਜਾਬ ਦੀ ਸਿਆਸਤ ਨਾਲ ਜੁੜੇ ਮੁੱਦੇ ਪਹਿਲਾਂ ਹੀ ਬਹੁਤ ਸਨ ਅਤੇ ਸਿਆਸੀ ਧੜਿਆਂ ਵੱਲੋਂ ਪੈਦਾ ਕੀਤੇ ਗਏ ਗ਼ਲਤ ਸਵਾਲਾਂ ਦਾ ਕੋਈ ਵੀ ਜਵਾਬ ਸਾਰਿਆਂ ਲਈ ਠੀਕ ਕਿਵੇਂ ਹੋ ਸਕਦਾ ਹੈ? ਕਿਸੇ ਵੀ ਰੰਗ ਦੇ ਸਿਆਸਤਦਾਨ ਨੂੰ ਹੱਕ ਵਿੱਚ ਨਾ ਭੁਗਤਣ ਵਾਲੀ ਸੁਰ ਬੁਰੀ ਲੱਗਣੀ ਕੁਦਰਤੀ ਹੈ, ਪਰ ਇਸ ਨੂੰ ਵਿਰੋਧ ਸਮਝਣ ਵਾਲਿਆਂ ਦਾ ਕੋਈ ਕੀ ਕਰੇ? ਸਿਆਸੀ ਮੁੱਦਿਆਂ ’ਤੇ ਚਰਚਾ ਚੰਗੀ ਗੱਲ ਹੈ, ਪਰ ਸਿਆਸੀ ਮੁੱਦਿਆਂ  ਦੀ ਥਾਂ ਸਿਆਸੀ ਬੰਦਿਆਂ ਬਾਰੇ ਚਰਚਾ ਧੜੇਬੰਦੀ ਵੱਲ ਤੁਰ ਪੈਂਦੀ ਹੈ। ਇਸ ਵੇਲੇ ਪੰਜਾਬ ਦੀ ਸਿਆਸਤ ਦੀ ਇਹੋ ਮਜਬੂਰੀ ਹੈ।
ਮੁੱਦਾ ਇਹ ਹੋਣਾ ਚਾਹੀਦਾ ਹੈ ਕਿ ਪੰਜਾਬ ਦੀ ਸਿਆਸੀ ਜ਼ਿੰਮੇਵਾਰੀ ਅਕਾਲੀ, ਕਾਂਗਰਸ ਅਤੇ ‘ਆਪ’ ਵਿੱਚੋਂ ਕਿਸ ਨੂੰ ਮਿਲਣੀ ਚਾਹੀਦੀ ਹੈ? ਮੁੱਦੇ ਦੀ ਥਾਂ ਤਿੰਨਾਂ ਹੀ ਪਾਰਟੀਆਂ ਦੀਆਂ ਆਗੂ ਸ਼ਖ਼ਸੀਅਤਾਂ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ। ਮਸਲਾ ਇੱਥੋਂ ਹੀ ਪੈਦਾ ਹੋ ਜਾਂਦਾ ਹੈ ਕਿਉਂਕਿ ਜਿਸ ਤਰ੍ਹਾਂ ਪੰਜਾਬ ਦੇ ਲੋਕ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਭੇਤੀ ਹਨ, ਉਸ ਤਰ੍ਹਾਂ ਕੇਜਰੀਵਾਲ ਦੇ ਭੇਤੀ ਨਹੀਂ ਹਨ। ਕੇਜਰੀਵਾਲ ਨੂੰ ਬਦਲਾਓ ਦੀ ਰਾਜਨੀਤੀ ਦੇ ਪ੍ਰਤੀਨਿਧ ਵਜੋਂ ਦੇਖਿਆ ਜ਼ਰੂਰ ਜਾ ਰਿਹਾ ਹੈ ਅਤੇ ਇਸ ਨੂੰ ਸਥਾਪਤੀ ਵਿਰੁੱਧ ਬਦਲਾ ਲੈਣ ਦੀ ਮੁਹਿੰਮ ਵਾਂਗ ਉਸਾਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਲੋਕ ਫਤਵਾ ਜੋ ਵੀ ਹੋਵੇਗਾ, ਸਵੀਕਾਰ ਹੋ ਜਾਵੇਗਾ। ਪਰ ਲੋਕਾਂ ਸਾਹਮਣੇ ਉਹ ਸਾਰੇ ਤੱਥ ਆਉਣੇ ਚਾਹੀਦੇ ਹਨ ਜਿਹੜੇ ਪੰਜਾਬ ਦੀ ਵਰਤਮਾਨ ਸਥਿਤੀ ਨਾਲ ਜੁੜੇ ਹੋਏ ਹਨ। ਵਰਤਮਾਨ ਸਥਿਤੀ ਬਹੁਤ ਸਾਰੀਆਂ ਸਥਿਤੀਆਂ ਵਿੱਚੋਂ ਲੰਘ ਕੇ ਇੱਥੇ ਪਹੁੰਚੀ ਹੈ ਅਤੇ ਅੱਗੇ ਵੱਲ ਵਧਣ ਦੀ ਸਿਆਸਤ ਦੀ ਥਾਂ ਪਿੱਛੇ ਵੱਲ ਮੁੜਨ ਦੀ ਸਿਆਸਤ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਸੁਤੰਤਰ ਭਾਰਤ ਵਿੱਚ ਪੰਜਾਬ ਦੀ ਰਾਜਨੀਤੀ ਸਿੱਖਾਂ ਦੀਆਂ ਸਿਆਸੀ ਅਕਾਂਖਿਆਵਾਂ ਦੇ ਇਰਦ ਗਿਰਦ ਘੁੰਮਦੀ ਰਹੀ ਹੈ ਅਤੇ ਇਸ ਨੂੰ ਸਿੱਖਾਂ ਦੀ ਬਹੁਸੰਮਤੀ ਵਾਲੇ ਖਿੱਤੇ ਦੀ ਸਿਆਸਤ ਵਜੋਂ ਪੇਸ਼ ਕੀਤਾ ਜਾਂਦਾ ਰਿਹਾ ਹੈ। ਪੰਜਾਬੀ ਬੋਲਦੇ ਖਿੱਤੇ ਦੀ ਨਿਸ਼ਾਨਦੇਹੀ ਨਾਲ ਇਹ ਅਕਾਂਖਿਅਤ-ਖਿੱਤਾ ਪੰਜਾਬੀ ਸੂਬੇ ਦੇ ਰੂਪ ਵਿੱਚ ਸਾਹਮਣੇ ਆ ਵੀ ਗਿਆ ਹੈ। ਇਸ ਵਾਸਤੇ ਪੰਜਾਬੀਆਂ ਨੂੰ ਬਹੁਤ ਕੀਮਤ ਦੇਣੀ ਪਈ ਹੈ। ਹਿਮਾਚਲ ਅਤੇ ਪੰਜਾਬ ਨੂੰ ਬਿਨਾਂ ਮੰਗਿਆਂ ਅਤੇ ਬਿਨਾਂ ਕੋਈ ਕੀਮਤ ਦਿੱਤਿਆਂ ਪੰਜਾਬ ਦੇ ਕੁਦਰਤੀ ਅਸਾਸੇ ਅਤੇ ਸਨਅਤੀ ਅਸਾਸੇ ਜਿਸ ਮਾਤਰਾ ਵਿੱਚ ਮਿਲ ਗਏ ਹਨ, ਉਸ ਮਾਤਰਾ ਵਿੱਚ ਪੰਜਾਬੀ ਸੂਬਾ ਗ਼ਰੀਬ ਹੋ ਗਿਆ ਹੈ। ਜਿਹੋ ਜਿਹਾ ਭਾਸ਼ਾਈ ਸੂਬਾ, ਪੰਜਾਬ ਨੂੰ ਸਿਆਸੀ ਸੰਘਰਸ਼ ਨਾਲ ਮਿਲਿਆ ਹੈ, ਉਹੋ ਜਿਹਾ ਭਾਸ਼ਾਈ ਸੂਬਾ ਹਿਮਾਚਲੀ ਅਤੇ ਹਰਿਆਣਵੀ ਨੂੰ ਬਿਨਾਂ ਮੰਗਿਆਂ ਮਿਲ ਚੁੱਕਿਆ ਹੈ। ਪੰਜਾਬ ਦੇ ਪਾਣੀਆਂ ਦੀ ਲੜਾਈ ਵੀ ਸੂਬਾਈ ਹਿੱਤਾਂ ਨਾਲ ਹੀ ਜੁੜੀ ਹੋਈ ਹੈ। ਇਸ ਨੂੰ ਧਿਆਨ ਵਿੱਚ ਰੱਖ ਕੇ ਹੀ ਪੰਜਾਬ ਦੀ ਸਿਆਸਤ ਬਾਰੇ ਸੋਚਿਆ ਜਾਣਾ ਚਾਹੀਦਾ ਹੈ। ਇਸ ਹਾਲਤ ਵਿੱਚ ਇਹ ਤੱਥ ਵੀ ਅੱਖੋਂ ਓਹਲੇ ਨਹੀਂ ਹੋਣਾ ਚਾਹੀਦਾ ਕਿ ਕੇਂਦਰੀਕਰਨ ਦੀ ਸਿਆਸਤ ਸੂਬਾਈ ਸਿਆਸਤ ਨੂੰ ਨਾ ਕਦੇ ਪਹਿਲਾਂ ਰਾਸ ਆਈ ਸੀ, ਨਾ ਇਸ ਵੇਲੇ ਆ ਰਹੀ ਹੈ ਅਤੇ ਨਾ ਹੀ ਭਵਿੱਖ ਵਿੱਚ ਰਾਸ ਆ ਸਕਣੀ ਹੈ। ਅਕਾਲੀ, ਕਾਂਗਰਸ ਨੂੰ ਇਸੇ ਨੁਕਤੇ ’ਤੇ ਹਰਾਉਂਦੇ ਰਹੇ ਹਨ। ਪੰਜਾਬ ਵਿੱਚ ਕਾਂਗਰਸ, ਕੇਂਦਰੀ ਲੀਡਰਸ਼ਿਪ ਦੇ ਸਿਰ ’ਤੇ ਕਦੇ ਵੀ ਨਹੀਂ ਜਿੱਤੀ ਅਤੇ ਜਦੋਂ ਵੀ ਜਿੱਤੀ ਹੈ, ਕਾਂਗਰਸ ਦੀ ਸਥਾਪਿਤ ਸੂਬਾਈ ਲੀਡਰਸ਼ਿਪ ਦੀ ਅਗਵਾਈ ਵਿੱਚ ਹੀ ਜਿੱਤੀ ਹੈ। ਇਸ ਵੇਲੇ ਵੀ ਕਾਂਗਰਸ ਦੀ ਸਿਆਸਤ, ਕੈਪਟਨ ਅਮਰਿੰਦਰ ਸਿੰਘ ਦੇ ਆਸਰੇ ਹੀ ਖੜ੍ਹੀ ਹੈ। ਪ੍ਰਕਾਸ਼ ਸਿੰਘ ਬਾਦਲ ਵੀ ਬੇਸ਼ੱਕ ਇਸੇ ਤਰ੍ਹਾਂ ਅਕਾਲੀ ਸਿਆਸਤ ਦੀ ਧਰੋਹਰ ਹਨ, ਪਰ ਕਿਸੇ ਵੀ ਰੰਗ ਦੀ ਸਿੱਖ ਸਿਆਸਤ ਪੰਜਾਬ ਦੀ ਵਿਰਾਸਤੀ ਸਿਆਸਤ ਵਾਂਗ ਵੇਖੀ ਜਾਂਦੀ ਰਹੀ ਹੈ। ਬਾਦਲ ਵੀ ਇਸ ਨੂੰ ਆ ਰਹੀਆਂ ਚੋਣਾਂ ਵਿੱਚ ਭੁੰਨਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕੈਪਟਨ ਇਸ ਦੇ ਬਦਲ ਵਜੋਂ ਲੋਕਾਂ ਵਿੱਚ ਜਾ ਰਹੇ ਹਨ। ਦੋਵੇਂ ਲੀਡਰ, ਆਮ ਪੰਜਾਬੀ ਦੀ ਮਾਨਸਿਕਤਾ ਨਾਲ ਕਿਸੇ ਨਾ ਕਿਸੇ ਤਰ੍ਹਾਂ ਜੁੜੇ ਹੋਏ ਹਨ ਅਤੇ ਮੁਕਾਬਲਾ ਵੀ ਇਨ੍ਹਾਂ ਦੋਵਾਂ ਵਿਚਕਾਰ ਲੱਗਦਾ ਹੈ। ਇਸ ਨਾਲ ਮੁੱਦਾ ਇਹ ਪੈਦਾ ਹੋ ਗਿਆ ਹੈ ਕਿ ਕੇਜਰੀਵਾਲ ਦੀ ਅਗਵਾਈ ਵਿੱਚ ਪੈਦਾ ਹੋਈ ਤੀਜੀ ਧਿਰ ਨੂੰ ਕਿਸ ਤਰ੍ਹਾਂ ਵੇਖਿਆ ਜਾਵੇ? ਵਾਰਸੀ ਸਿਆਸਤ ਵਿੱਚ ਟਿਕਾ ਕੇ ਤਾਂ ਇਸ ਨੂੰ ਵੇਖਿਆ ਨਹੀਂ ਜਾ ਸਕਦਾ। ਇਸ ਨਾਲ ਇਹ ਵੇਖੇ ਜਾਣ ਦੀ ਲੋੜ ਪੈ ਗਈ ਹੈ ਕਿ ਕੇਜਰੀਵਾਲ ਨਾਲ ਜੁੜੇ ਪੰਜਾਬੀਆਂ ਦੀ ਸਿਆਸਤ ਕੀ ਹੈ ਜਾਂ ਇਸ ਨੂੰ ਸਿਆਸਤ ਕਹਿ ਵੀ ਸਕਦੇ ਹਾਂ ਜਾਂ ਨਹੀਂ?
ਇਹ ਠੀਕ ਹੈ ਕਿ ਕੇਜਰੀਵਾਲ ਨੂੰ ਪੰਜਾਬੀਆਂ ਨੇ ਪਾਰਲੀਮੈਂਟ ਦੀਆਂ ਚਾਰ ਸੀਟਾਂ ਜਿਤਾ ਕੇ ਅਣਭੋਲ ਹੀ ਨਿਮੰਤ੍ਰਿਤ ਕਰ ਲਿਆ ਹੈ ਅਤੇ ਇਸ ਨਾਲ ਪੈਦਾ ਹੋਇਆ ਸਿਆਸੀ ਭਰਮ ਹੀ ਕੇਜਰੀਵਾਲ ਦੀ ਸਿਆਸਤ ਹੋ ਗਿਆ ਹੈ। ਸਿਧਾਂਤਮੁਕਤ ਸਿਆਸਤ ਦੀ ਇਸ ਨਾਲੋਂ ਵਧੀਆ ਮਿਸਾਲ ਹੋਰ ਕੋਈ ਨਹੀਂ ਹੋ ਸਕਦੀ। ਕੇਜਰੀਵਾਲ ਦੀ ਸਿਆਸਤ, ਨਾਅਰੇਬਾਜ਼ੀ ਦੀ ਸਿਆਸਤ ਹੈ, ਉਧੜਧੁੰਮੀ ਦੀ ਸਿਆਸਤ ਹੈ ਅਤੇ ਅਪਹਰਣ ਦੀ ਸਿਆਸਤ ਹੈ। ਇਸ ਨਾਲ ਕਿਸੇ ਦਾ ਕੀ ਭਲਾ ਹੋ ਸਕਦਾ ਹੈ, ਇਹ ਵਿਚਾਰੇ ਜਾਣ ਦੀ ਲੋੜ ਹੈ। ਇਸ ਵਿਸਥਾਰ ਵਿੱਚ ਜਾਣ ਦੀ ਲੋੜ ਨਹੀਂ ਹੈ ਕਿ ਕੇਜਰੀਵਾਲ ਦੀ ਸਿਆਸਤ ਉਖੜੇ ਹੋਏ ਕੁਹਾੜੇ ਵਾਂਗ ਸ਼ੁਰੂ ਹੋਈ ਸੀ ਅਤੇ ਉਸ ਨੂੰ ਕੁਹਾੜੇ ਦਾ ਦਸਤਾ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੀ ਜਿੱਤ ਨਾਲ ਮਿਲ ਗਿਆ ਸੀ। ਜਿਸ ਭਾਲ ਵਿੱਚ ਉਹ ਭਟਕ ਰਿਹਾ ਸੀ, ਉਹ ਉਸ ਨੂੰ ਦਿੱਲੀ ਨਾਲੋਂ ਵੱਧ ਪੰਜਾਬ ਵਿੱਚ ਨਜ਼ਰ ਆਉਣ ਲੱਗ ਪਈ ਸੀ। ਪੰਜਾਬ ਵਿੱਚ ‘ਆਪ’ ਦੀ ਅਣਕਿਆਸੀ ਜਿੱਤ ਦਾ ਲੇਖਾ-ਜੋਖਾ ਅਜੇ ਹੋਣਾ ਹੈ ਅਤੇ ਇਸ ਨਾਲ ਮੁੱਦਾਹੀਣ ਸ਼ੋਰੀਲੀ ਸਿਆਸਤ ਦੀਆਂ ਬਹੁਤ ਸਾਰੀਆਂ ਪਰਤਾਂ ਸਾਹਮਣੇ ਆ ਵੀ ਸਕਦੀਆਂ ਹਨ, ਪਰ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਕੇਜਰੀਵਾਲ ਤੋਂ ਇਹ ਤਾਂ ਪੁੱਛਿਆ ਹੀ ਜਾਣਾ ਚਾਹੀਦਾ ਹੈ ਕਿ ਉਹ ਪੰਜਾਬ ਦੀ ਸਿਆਸਤ ਨੂੰ ਕਿਧਰ ਨੂੰ ਤੋਰਨਾ ਚਾਹੁੰਦਾ ਹੈ? ਚੰਗਾ ਹੋਵੇ ਜੇ ਤਿੰਨਾਂ ਧਿਰਾਂ ਦੇ ਮੁਖੀਆਂ ਦਾ ਜਾਂ ਮੁਖੀਆਂ ਦੇ ਪ੍ਰਤੀਨਿਧਾਂ ਦਾ ਜਨਤਕ ਸੰਵਾਦ ਕਰਵਾ ਲਿਆ ਜਾਵੇ, ਪਰ ਇਸ ਵਾਸਤੇ ਸਮਾਂ ਹੀ ਕਿੱਥੇ ਰਹਿ ਗਿਆ ਹੈ!
ਮੁੱਦਾ ਇਹ ਹੋ ਗਿਆ ਹੈ ਕਿ ਜਿਹੜੀਆਂ ਧਿਰਾਂ ਤੋਂ ਕੇਜਰੀਵਾਲ ਨੂੰ ਹੁੰਗਾਰਾ ਮਿਲ ਰਿਹਾ ਹੈ, ਕੀ ਉਨ੍ਹਾਂ ਦੀਆਂ ਰੀਝਾਂ ਅਤੇ ਸੁਪਨਿਆਂ ਦੀ ਪਹਿਲਤਾਜ਼ਗੀ ਨੂੰ ਉਹ ਕਾਇਮ ਰੱਖ ਸਕੇਗਾ? ਪੰਜਾਬੀਆਂ ਦੀ ਸ਼ਰੀਕੇਬਾਜ਼ੀ ਤੋਂ ਉਹ ਜੇ ਵਾਕਫ਼ ਨਹੀਂ ਹੈ ਤਾਂ ਉਸ ਦੀ ਮਾਅਰਕੇਬਾਜ਼ੀ, ਉਸ ਨੂੰ ਪੁੱਠੀ ਵੀ ਪੈ ਸਕਦੀ ਹੈ। ਇਹ ਪੰਜਾਬ, ਗੁਰੂ ਦੇ ਨਾਮ ’ਤੇ ਜਿਊਂਦਾ ਹੈ ਅਤੇ ਕੇਜਰੀਵਾਲ ਤੇ ਉਸ ਦੇ ਸੰਗੀਆਂ ਨੂੰ ਇਸ ਦੀ ਬਿਲਕੁਲ ਸਮਝ ਨਹੀਂ ਹੈ। ਇਸ ਦਾ ਪ੍ਰਗਟਾਵਾ ਲਗਾਤਾਰ ਹੁੰਦਾ ਆ ਰਿਹਾ ਹੈ। ਪੰਜਾਬੀਆਂ ਨੂੰ ਜਿਹੋ ਜਿਹੇ ਸਿੱਧੜ ਇਸ ਗਰੁੱਪ ਨੇ ਸਮਝ ਲਿਆ ਹੈ, ਇਸ ਦੀ ਕੀਮਤ ਦੇਣ ਲਈ ਕੇਜਰੀਵਾਲ ਨੂੰ ਤਿਆਰ ਰਹਿਣਾ ਚਾਹੀਦਾ ਹੈ। ਪੰਜਾਬੀਆਂ ਨੂੰ ਪੰਜਾਬ ਹਿਤੈਸ਼ੀ ਹੋਣ ਦੀ ਸਿਆਸਤ ਦੀ ਲੋੜ ਨਹੀਂ, ਪੰਜਾਬ ਹਿਤੈਸ਼ੀ ਹੋਣ ਲਈ ਸਿਰ ਦੇਣ ਵਾਲਿਆਂ ਦੀ ਲੋੜ ਹੈ। ਅਜੇ ਤਕ ਕੇਜੀਵਾਲ ਨੇ ਇਸ ਪਾਸੇ ਤੁਰਨਾ ਹੈ ਅਤੇ ਜੋ ਇਸ ਪਾਸੇ ਪਹਿਲਾਂ ਹੀ ਤੁਰੇ ਹੋਏ ਹਨ, ਉਨ੍ਹਾਂ ਨੂੰ ਮਹਿਜ਼ ਵੋਟ ਬੈਂਕ ਸਮਝ ਕੇ ਸਿਆਸੀ ਸ਼ੋਸ਼ਣ ਕਰਨ ਦੀ ਰਾਜਨੀਤੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
10901CD _BALKAR SINGHਕੇਜਰੀਵਾਲ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਵਿੱਚ ਬਹੁਤ ਸਾਰੇ ਤਜਰਬੇ ਹੋ ਚੁੱਕੇ ਹਨ। ਮਾਇਆਵਤੀ ਦੀ ਜਾਤੀਵਾਦੀ ਸਿਆਸਤ ਪੰਜਾਬ ਵਿੱਚ ਇਸ ਕਰਕੇ ਪੈਰ ਨਹੀਂ ਜਮਾਅ ਸਕੀ ਕਿਉਂਕਿ ਉਹ ਆਪਣੀ ਪਾਰਟੀ ਦਾ ਕੋਈ ਪੰਜਾਬੀ ਚਿਹਰਾ ਪੈਦਾ ਹੀ ਨਹੀਂ ਕਰ ਸਕੀ। ਖੱਬੇ-ਪੱਖੀ ਸਿਧਾਂਤਕ ਸਿਆਸਤ ਵੀ ਪੰਜਾਬ ਵਿੱਚ ਇਸੇ ਕਰਕੇ ਫੇਲ੍ਹ ਹੋਈ ਹੈ ਕਿਉਂਕਿ ਉਹ ਵੀ ਪੰਜਾਬੀ ਚਿਹਰਾ ਪੈਦਾ ਨਹੀਂ ਕਰ ਸਕੇ। ਕੇਜਰੀਵਾਲ ਨੇ ਤਾਂ ਪੈਦਾ ਹੁੰਦੇ ਪੰਜਾਬੀ ਚਿਹਰਿਆਂ ਦਾ ਰਾਹ ਜਿਸ ਤਰ੍ਹਾਂ ਰੋਕਿਆ ਹੈ, ਉਸ ਨਾਲ ਉਹ ਘੁਸਪੈਠੀਆ ਸਿਆਸਤ ਦਾ ਪ੍ਰਤੀਨਿਧ ਹੋ ਗਿਆ ਹੈ ਅਤੇ ਇਸ ਗੱਲ ਦੀ ਸਮਝ ਉਸ ਦੇ ਪੰਜਾਬੀ ਸਮਰਥਕਾਂ ਨੂੰ ਵੀ ਆਉਣ ਲੱਗ ਪਈ ਹੈ।
ਪੰਜਾਬ ਦੀ ਸਿਆਸਤ, ਸ਼ੇਰ ਦੀ ਸਵਾਰੀ ਕਰਨ ਵਰਗੀ ਰਹੀ ਹੈ ਅਤੇ ਇਸ ਨੂੰ ਸੰਭਲ ਕੇ ਹੱਥ ਪਾਏ ਜਾਣ ਦੀ ਲੋੜ ਹੈ। ਕੇਜਰੀਵਾਲ ਦੀ ਸਿਆਸੀ ਮੰਡਲੀ ਇਹ ਸਮਝ ਨਹੀਂ ਸਕੀ। ਵਰਤਮਾਨ ਵਿੱਚ ਸਿਆਸਤਦਾਨਾਂ ਦੀ ਸਾਖ ਆਮ ਲੋਕਾਂ ਦੀਆਂ ਨਿਗਾਹਾਂ ਵਿੱਚ ਬਹੁਤ ਡਿੱਗ ਚੁੱਕੀ ਹੈ। ਇਸ ਹਾਲਤ ਵਿੱਚ ਬਿਨਾਂ ਜਾਣਿਆਂ ਤੇ ਸਮਝਿਆਂ ਕੇਜਰੀਵਾਲ ਦੇ ਮਗਰ ਲੱਗਣਾ ਖ਼ਤਰਨਾਕ ਸਾਬਤ ਹੋ ਸਕਦਾ ਹੈ। ਇਸ ਕਰਕੇ ਮੁੱਦਿਆਂ ਤੋਂ ਭਟਕੀ ਹੋਈ ਪੰਜਾਬ ਦੀ ਸਿਆਸਤ ਵਾਸਤੇ ਲੀਡਰਸ਼ਿਪ ਦੀ ਚੋਣ ਕਰਨ ਲੱਗਿਆਂ ਇਹ ਧਿਆਨ ਵਿੱਚ ਰਹਿਣਾ ਚਾਹੀਦਾ ਹੈ ਕਿ ਦਿੱਲੀ ਤੋਂ ਸਿੱਧੇ ਜਾਂ ਅਸਿੱਧੇ ਢੰਗ ਨਾਲ ਨਿਰਦੇਸ਼ਤ ਸਿਆਸਤ, ਨਾ ਪੰਜਾਬ ਨੂੰ ਕਦੇ ਰਾਸ ਆਈ ਹੈ ਅਤੇ ਨਾ ਹੀ ਆਉਣੀ ਹੈ।
* ਲੇਖਕ ਪੰਜਾਬੀ ਯੂਨੀਵਰਸਿਟੀ ਤੋਂ ਸੇਵਾਮੁਕਤ ਪ੍ਰੋਫ਼ੈਸਰ ਤੇ ਪੰਜਾਬ ਮਾਮਲਿਆਂ ਦਾ ਵਿਸ਼ਲੇਸ਼ਕ ਹੈ।
ਸੰਪਰਕ: 93163-01328


Comments Off on ਪੰਜਾਬ ਦਾ ਸਿਆਸੀ ਭੇੜ ਤੇ ਕੇਜਰੀਵਾਲ
1 Star2 Stars3 Stars4 Stars5 Stars (1 votes, average: 3.00 out of 5)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.