ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਫਲਦਾਰ ਬੂਟਿਆਂ ਦੀ ਘਰੇਲੂ ਬਗੀਚੀ ਵਿੱਚ ਕਾਸ਼ਤ

Posted On January - 6 - 2017

ਬਿਕਰਮਜੀਤ ਸਿੰਘ* ਤੇ ਨਵਪ੍ਰੇਮ ਸਿੰਘ**

10601cd _gardenਫਲ ਸੰਤੁਲਿਤ ਭੋਜਨ ਦਾ ਅਨਿੱਖੜਵਾਂ ਅੰਗ ਹਨ। ਇਹ ਵਿਟਾਮਿਨ ‘ਏ’, ‘ਬੀ’ ਤੇ ‘ਸੀ’, ਐਂਟੀਔਕਸੀਡੈਂਟ, ਖਣਿਜ, ਪ੍ਰੋਟੀਨ, ਐਨਥੋਸਾਇਨੀਨ, ਧਾਤਾਂ ਜਿਵੇਂ ਕਿ ਕੈਲਸ਼ੀਅਮ, ਫ਼ਾਸਫ਼ੋਰਸ ਅਤੇ ਲੋਹਾ ਆਦਿ ਦਾ ਸਰੋਤ ਹਨ। ਫਲਾਂ ਤੋਂ ਮੁਰੱਬਾ, ਆਚਾਰ, ਚਟਣੀ, ਸੁਕੈਸ਼, ਨੈਕਟਰ ਅਤੇ ਆਰ.ਟੀ.ਐੱਸ. (ਬੀਵਰੇਜ਼) ਅਤੇ ਡੱਬਾਬੰਦੀ ਵਰਗੇ ਪਦਾਰਥ ਤਿਆਰ ਕੀਤੇ ਜਾਂਦੇ ਹਨ। ਫਲ ਸਾਡੇ ਸਰੀਰ ਨੂੰ ਬਿਮਾਰੀਆਂ ਦੇ ਖ਼ਿਲਾਫ਼ ਲੜਨ ਦੀ ਤਾਕਤ ਦੇਣ ਅਤੇ ਦਿਮਾਗ਼ੀ ਤੌਰ ’ਤੇ ਚੁਸਤ-ਦਰੁਸਤ ਬਣਾਉਂਦੇ ਹਨ। ਡਾਕਟਰਾਂ ਦੇ ਮੁਤਾਬਿਕ ਘੱਟੋ-ਘੱਟ 120 ਗ੍ਰਾਮ ਫਲ ਸਾਡੇ ਰੋਜ਼ਾਨਾ ਦੇ ਭੋਜਨ ਵਿੱਚ ਸ਼ਾਮਿਲ ਹੋਣੇ ਚਾਹੀਦੇ ਹਨ। ਇਹ ਆਮ ਵੇਖਣ ਵਿੱਚ ਆਇਆ ਹੈ ਕਿ ਜਿਹੜੇ ਲੋਕ ਖੇਤੀਬਾੜੀ ਦੇ ਧੰਦੇ ਨਾਲ ਸਬੰਧ ਰੱਖਦੇ ਹਨ ਉਹ ਵੀ ਆਪਣੀ ਵਰਤੋਂ ਲਈ ਫਲ ਬਾਜ਼ਾਰ ਤੋਂ ਖ਼ਰੀਦਦੇ ਹਨ।  ਉਨ੍ਹਾਂ ਨੂੰ ਘੱਟੋ-ਘੱਟ ਚਾਹੀਦਾ ਹੈ ਕਿ ਉਹ ਆਪਣੀ ਲੋੜ ਦੀ ਪੂਰਤੀ ਲਈ ਫਲ ਖ਼ੁਦ ਪੈਦਾ ਕਰਨ। ਬੂਟੇ ਲਾਉਣ ਲਈ ਘਰਾਂ ਅਤੇ ਟਿਊਬਵੈਲਾਂ ਦੇ ਨੇੜੇ ਕਾਫ਼ੀ ਜਗ੍ਹਾ ਖਾਲੀ ਹੁੰਦੀ ਹੈ।
ਫਲਦਾਰ ਬੂਟੇ ਲਗਾਉਣ ਲਈ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਜਿੱਥੇ ਫਲਦਾਰ ਬੂਟੇ ਲਗਾਉਣੇ ਹੋਣ ਉਸ ਜਗ੍ਹਾ ਦੀ ਮਿੱਟੀ ਵਿੱਚ 2 ਮੀਟਰ ਤਕ ਕੋਈ ਸਖ਼ਤ ਤਹਿ ਨਹੀਂ ਹੋਣੀ ਚਾਹੀਦੀ। ਬੂਟੇ ਲਾਉਣ ਤੋਂ ਪਹਿਲਾਂ ਮਿੱਟੀ ਪਰਖ ਕਰਵਾ ਲੈਣੀ ਚਾਹੀਦੀ ਹੈ। ਜੇਕਰ ਜ਼ਮੀਨਾਂ ਡੂੰਘੀਆਂ, ਪਾਣੀ ਜਜ਼ਬ ਕਰਨ ਵਾਲੀਆਂ ਅਤੇ ਉਪਜਾਊ ਹੋਣ ਅਤੇ ਪੀ.ਐਚ. 7 ਤੋਂ 8.7 ਦੇ ਵਿੱਚ ਹੋਵੇ, ਫਲਾਂ ਦੀ ਕਾਸ਼ਤ ਲਈ ਲਾਭਕਾਰੀ ਸਿੱਧ ਹੁੰਦੀਆਂ ਹਨ। ਹਮੇਸ਼ਾਂ ਸਿਫ਼ਾਰਸ਼ ਕੀਤੀਆਂ ਜਾਂਦੀਆਂ ਕਿਸਮਾਂ ਦੇ  ਬੂਟੇ ਭਰੋਸੇਯੋਗ ਅਤੇ ਪ੍ਰਮਾਣਿਤ ਨਰਸਰੀ ਤੋਂ ਖ਼ਰੀਦੋ।
ਬੂਟਿਆਂ ਨੂੰ ਹਮੇਸ਼ਾਂ ਸਹੀ ਫ਼ਾਸਲੇ ’ਤੇ ਲਾਓ ਤਾਂ ਕਿ ਉਨ੍ਹਾਂ ਦਾ ਸਹੀ ਵਿਕਾਸ ਹੋ ਸਕੇ। ਘਰੇਲੂ ਬਗ਼ੀਚੀ ਵਿੱਚ ਬੂਟਿਆਂ ਵਿੱਚ ਫ਼ਾਸਲਾ ਘਟਾ ਦਿੱਤਾ ਜਾਂਦਾ ਹੈ। ਇਸ ਕਰਕੇ ਬੂਟਿਆਂ ਵਿੱਚ ਹਵਾ, ਪਾਣੀ ਅਤੇ ਖ਼ੁਰਾਕ ਲਈ ਮੁਕਾਬਲਾ ਵਧ ਜਾਂਦਾ ਹੈ ਜਿਸ ਕਾਰਨ ਉਹ ਸਹੀ ਵਧਦੇ ਫੁੱਲਦੇ ਨਹੀਂ।
ਬੂਟੇ ਲਾਉਣ ਲਈ ਵਿਉਂਤਬੰਦੀ: ਘਰੇਲੂ ਬਗ਼ੀਚੀ ਵਿੱਚ ਬੂਟੇ ਲਾਉਣ ਤੋਂ ਪਹਿਲਾਂ ਸਾਨੂੰ ਆਪਣੇ ਕੋਲ ਮੌਜੂਦ ਜਗ੍ਹਾ ਦਾ ਹਿਸਾਬ ਲਗਾ ਲੈਣਾ ਚਾਹੀਦਾ ਹੈ। ਜ਼ਿਆਦਾਤਰ ਛੋਟੇ ਕੱਦ ਵਾਲੇ ਅਤੇ ਛੇਤੀ ਫਲ ਦੇਣ ਵਾਲੇ ਬੂਟਿਆਂ ਨੂੰ ਪਹਿਲ ਦੇਣੀ ਚਾਹੀਦੀ ਹੈ। ਬੂਟਿਆਂ ਦੀ ਚੋਣ ਇਸ ਤਰ੍ਹਾਂ ਕਰੋ ਕਿ ਸਾਰਾ ਸਾਲ ਫਲ ਮਿਲ ਸਕਣ। ਬੂਟਿਆਂ ਦੀ ਗਿਣਤੀ ਜਗ੍ਹਾ ਅਤੇ ਪਰਿਵਾਰ ਦੇ ਜੀਆਂ ਦੇ ਹਿਸਾਬ ਨਾਲ ਘਟਾਈ-ਵਧਾਈ ਜਾ ਸਕਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਫਲਾਂ ਦੀ ਘਰੇਲੂ ਬਗ਼ੀਚੀ ਬਣਾਉਣ ਦਾ ਇੱਕ 625 ਵਰਗ ਮੀਟਰ ਦਾ ਮਾਡਲ ਵੀ ਦਿੱਤਾ ਹੈ, ਜਿਸ ਵਿੱਚ 21 ਵੱਖ ਵੱਖ ਤਰ੍ਹਾਂ ਦੇ ਫਲ  ਲਗਾਏ ਜਾ ਸਕਦੇ ਹਨ।
ਫਲਦਾਰ ਬੂਟੇ ਤੇ ਉਨ੍ਹਾਂ ਵਿੱਚ ਦੂਰੀ: ਅੰਬ (ਪਿਉਂਦੀ)/ਚੀਕੂ- 9 ਮੀਟਰ ਦੂਰੀ; ਨਿੰਬੂ ਜਾਤੀ/ ਬੱਗੂਗੋਸ਼ਾ/ ਅਲੂਚਾ- 6 ਮੀਟਰ; ਅਮਰੂਦ/ਅੰਜ਼ੀਰ/ਆੜੂ/ਲੁਕਾਠ- 6.5 ਮੀਟਰ; ਅੰਗੂਰ- 3 ਮੀਟਰ; ਨਾਸ਼ਪਾਤੀ/ਬੇਰ/ਲੀਚੀ- 7.5 ਮੀਟਰ; ਅਨਾਰ/ਕੰਧਾਰੀ- 4 ਮੀਟਰ; ਗਣੇਸ਼- 3 ਮੀਟਰ; ਪਪੀਤਾ/ਫਾਲਸਾ- 1.5 ਮੀਟਰ; ਕੇਲਾ- 1.8 ਮੀਟਰ ਦੂਰੀ ਰੱਖਣੀ ਚਾਹੀਦੀ ਹੈ।
ਟੋਏ ਪੁੱਟਣਾ ਅਤੇ ਭਰਨਾ: ਹਰ ਬੂਟੇ ਲਈ ਇੱਕ ਮੀਟਰ ਡੂੰਘੇ ਅਤੇ ਇੱਕ ਮੀਟਰ ਘੇਰੇ ਵਾਲੇ ਟੋਏ ਪੁੱਟੋ। ਇਨ੍ਹਾਂ ਟੋਇਆਂ ਵਿੱਚ ਉੱਪਰਲੀ ਮਿੱਟੀ ਅਤੇ ਰੂੜੀ ਦੀ ਖਾਦ ਬਰਾਬਰ ਮਾਤਰਾ ਵਿੱਚ ਪਾਓ ਤੇ ਟੋਏ ਜ਼ਮੀਨ ਤੋਂ ਉੱਚੇ ਭਰਨੇ ਚਾਹੀਦੇ ਹਨ। ਇਨ੍ਹਾਂ ਵਿੱਚ ਬੂਟੇ ਲਾਉਣ ਤੋਂ ਪਹਿਲਾਂ ਪਾਣੀ ਦੇਵੋ। ਪਾਣੀ ਦੇਣ ਤੋਂ ਬਾਅਦ ਜੇ ਟੋਏ ਵਿਚਲੀ ਮਿੱਟੀ ਬੈਠ ਗਈ ਹੋਵੇ ਤਾਂ ਉੱਪਰਲੀ ਸਤਿਹ ’ਤੇ ਮਿੱਟੀ ਪਾ ਕੇ ਜ਼ਮੀਨ ਦੇ ਬਰਾਬਰ  ਪੱਧਰ ਕਰ ਦਿਓ। ਹਰੇਕ ਟੋਏ ਵਿੱਚ 15 ਮਿਲੀਲਿਟਰ ਕਲੋਰੋਪਾਈਰੀਫ਼ਾਸ 20 ਈਸੀ 2 ਕਿਲੋ ਮਿੱਟੀ ਵਿੱਚ ਰਲਾ ਕੇ ਸਿਉਂਕ ਤੋਂ ਬਚਾਉਣ ਲਈ ਜ਼ਰੂਰ ਪਾਉਣੀ ਚਾਹੀਦੀ ਹੈ।
ਬੂਟੇ ਲਾਉਣ ਦਾ ਤਰੀਕਾ: ਜਦੋਂ ਮਿੱਟੀ ਵੱਤਰ ਆ ਜਾਵੇ ਤਾਂ ਬੂਟਾ ਲਾਉਣ ਲਈ ਇਸ ਟੋਏ ਦੇ ਵਿਚਕਾਰ ਬੂਟੇ ਦੀ ਗਾਚੀ ਨਾਲੋਂ ਥੋੜ੍ਹਾ ਜਿਹਾ ਵੱਡਾ ਟੋੋਇਆ ਬਣਾਓ ਅਤੇ ਉਸ ਵਿੱਚ ਬੜੇ ਧਿਆਨ ਨਾਲ ਬੂਟਾ ਲਾਓ ਤਾਂ ਜੋ ਗਾਚੀ ਨਾ ਟੁੱਟ ਜਾਵੇ। ਹੁਣ ਬੂਟੇ ਦੇ ਦੁਆਲੇ ਮਿੱਟੀ ਨੂੰ ਚੰਗੀ ਤਰ੍ਹਾਂ ਦਬਾ ਦਿਓ ਅਤੇ ਬੂਟਿਆਂ ਨੂੰ ਹਲਕਾ ਪਾਣੀ ਦਿਓ। ਬੂਟੇ ਲਗਾਉਣ ਵੇਲੇ ਇਹ ਧਿਆਨ ਰੱਖੋ ਕਿ ਪਿਉਂਦ ਵਾਲਾ ਹਿੱਸਾ ਜ਼ਮੀਨ ਤੋਂ 6 ਤੋਂ 9 ਇੰਚ ਤਕ ਜ਼ਰੂਰ ਉੱਚਾ ਹੋਵੇ।
ਬੂਟੇ ਲਾਉਣ ਦਾ ਢੁੱਕਵਾਂ ਸਮਾਂ-
ਸਦਾਬਹਾਰ ਫਲਦਾਰ ਬੂਟੇ: ਪੰਜਾਬ ਵਿੱਚ ਸਦਾਬਹਾਰ ਫਲਦਾਰ ਬੂਟੇ (ਅਮਰੂਦ, ਅੰਬ, ਮਾਲਟਾ, ਲੀਚੀ, ਨਿੰਬੂ, ਆਂਵਲਾ, ਪਪੀਤਾ, ਚੀਕੂ) ਲਗਾਉਣ ਦੇ ਦੋ ਮੌਸਮ ਹਨ- ਬਹਾਰ ਰੁੱਤ ਅਤੇ ਬਰਸਾਤ ਰੁੱਤ। ਬੂਟੇ ਲਗਾਉਣ ਲਈ ਬਹਾਰ ਰੁੱਤ ਦਾ ਸਮਾਂ 15 ਫਰਵਰੀ ਤੋਂ ਸ਼ੁਰੂ ਹੋ ਕੇ 15 ਮਾਰਚ ਤਕ ਹੈ। ਬਰਸਾਤ ਦੇ ਮੌਸਮ ਦਾ ਸਮਾਂ ਅੱਧ ਅਗਸਤ ਤੋਂ ਅਕਤੂਬਰ ਦੇ ਅਖ਼ੀਰ ਤਕ ਹੈ। ਇਨ੍ਹਾਂ ਮਹੀਨਿਆਂ ਵਿੱਚ ਪੰਜਾਬ ਦੇ ਮੈਦਾਨਾਂ ਵਿੱਚ ਤਾਪਮਾਨ ਕੁਝ ਘਟਿਆ ਹੁੰਦਾ ਹੈ ਅਤੇ ਜਲਵਾਯੂ ਵਿੱਚ ਸਿੱਲ੍ਹ ਕਾਫ਼ੀ ਹੁੰਦੀ ਹੈ ਜਿਸ ਕਰਕੇ ਫਲਦਾਰ ਬੂਟੇ ਲਗਾਏ ਜਾ ਸਕਦੇ ਹਨ। ਪਰ ਅੰਬ ਅਤੇ ਲੀਚੀ ਦੇ ਬੂਟੇ ਆਮ ਤੌਰ ’ਤੇ ਸਤੰਬਰ-ਅਕਤੂਬਰ ਵਿੱਚ ਲਾਉਣੇ ਚਾਹੀਦੇ ਹਨ ਜਦੋਂਕਿ ਮੌਸਮ ਆਮ ਤੌਰ ’ਤੇ ਠੰਢਾ ਹੋ ਜਾਵੇ।
ਪੱਤਝੜੀ ਫਲਦਾਰ ਬੂਟੇ: ਨਾਸ਼ਪਾਤੀ, ਆੜੂ ਅਤੇ ਅਲੂਚਾ ਫਲ ਦੀਆਂ ਕਿਸਮਾਂ ਜਿਨ੍ਹਾਂ ਨੂੰ 200-300 ਘੰਟੇ ਤੋਂ ਘੱਟ ਠੰਢ ਦੀ ਲੋੜ ਹੋਵੇ, ਪੰਜਾਬ ਵਿੱਚ ਕਾਮਯਾਬੀ ਨਾਲ ਉਗਾਈਆਂ ਜਾ ਸਕਦੀਆਂ ਹਨ। ਇਹ ਬੂਟੇ ਸਰਦੀਆਂ ਵਿੱਚ ਜਦੋਂ ਉਹ ਸਿੱਥਲ ਅਵਸਥਾ ਵਿੱਚ ਹੁੰਦੇ ਹਨ ਲਗਾਉਣੇ ਚਾਹੀਦੇ ਹਨ। ਆੜੂ ਤੇ ਅਲੂਚਾ ਦੇ ਬੂਟੇ ਨਵੀਂ ਫੁਟਾਰਾ ਸ਼ੁਰੂ ਹੋਣ ਤੋਂ ਪਹਿਲਾਂ ਅੱਧ ਜਨਵਰੀ ਤਕ  ਅਤੇ ਨਾਸ਼ਪਾਤੀ ਤੇ ਅੰਗੂਰ ਨੂੰ ਅੱਧ ਫਰਵਰੀ ਤਕ ਜ਼ਰੂਰ ਲਗਾ ਦਿਓ। (ਦੂਜੀ ਕਿਸ਼ਤ ਅਗਲੇ ਹਫ਼ਤੇ)

*ਕੇ.ਵੀ.ਕੇ. ਗੁਰਦਾਸਪੁਰ,
**ਫਲ ਵਿਭਾਗ, ਪੀਏਯੂ, ਲੁਧਿਆਣਾ।


Comments Off on ਫਲਦਾਰ ਬੂਟਿਆਂ ਦੀ ਘਰੇਲੂ ਬਗੀਚੀ ਵਿੱਚ ਕਾਸ਼ਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.