ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਬਾਲ ਕਿਆਰੀ

Posted On January - 7 - 2017

12712cd _new yearਨਵਾਂ ਸਾਲ

ਨਵਾਂ ਸਾਲ 2017 ਆਇਆ,
ਬਾਲਾਂ ਲਈ ਸੁਗਾਤਾਂ ਲਿਆਇਆ।
ਬਾਰਾਂ ਮਹੀਨੇ ਵਿੱਦਿਆ, ਖੁਸ਼ੀ ਖੇੜੇ,
ਤਿੱਥ ਤਿਉਹਾਰਾਂ, ਮਨੋਰੰਜਨ ਕਰਵਾਇਆ।
ਜਨਵਰੀ ’ਚ ਗਣਤੰਤਰ ਮਨਾਇਆ,
ਫਰਵਰੀ ਬਸੰਤ ਰੁੱਤ ਲੈ ਆਇਆ।
ਮਾਰਚ ’ਚ ਆਇਆ ਰੰਗਾਂ ਦਾ ਤਿਉਹਾਰ,
ਹੋਲੀ ਹੈ ਹੋਲੀ, ਬਾਲ ਟੋਲੀਆਂ ਸ਼ੋਰ ਮਚਾਇਆ।
ਅਪਰੈਲ ਮਹੀਨੇ ਸੋਨ ਰੰਗੀ ਕਣਕ ਘਰ ਆਈ,
ਭੰਗੜੇ ਦੇ ਢੋਲ ’ਤੇ ਗੱਭਰੂਆਂ ਵਿਸਾਖੀ ਮਨਾਈ।
ਜ਼ਲ੍ਹਿਆਂ ਵਾਲੇ ਬਾਗ ਦੇ ਸ਼ਹੀਦਾਂ ਨੂੰ ਕਰ ਪ੍ਰਣਾਮ,
ਮਈ-ਜੂਨ ਮਹੀਨੇ ਗਰਮੀ ਦੀਆਂ ਛੁੱਟੀਆਂ ਮੇਰੇ
ਭਾਈ।
ਜੁਲਾਈ ’ਚ ਬਰਸਾਤ ਤੇ ਅੰਬ ਜਾਮਣ ਆਏ,
ਪੰਦਰਾਂ ਅਗਸਤ ਨੂੰ ਤਿਰੰਗਾ ਝੰਡਾ ਲਹਿਰਾਏ।
ਸਤੰਬਰ-ਅਕਤੂਬਰ ’ਚ ਆਏ ਤੀਜ ਤਿਉਹਾਰ,
ਦੁਸਹਿਰਾ, ਦੀਵਾਲੀ ਤੇ ਈਦ ਦੇ ਜਸ਼ਨ ਮਨਾਏ।
ਨਵੰਬਰ ’ਚ ਪੰਜਾਬੀ ਸੂਬਾ ਤੇ ਬਾਲ ਦਿਵਸ,
ਦਸੰਬਰ ’ਚ ਠੰਢ, ਧੁੰਦ, ਕੋਹਰਾ ਤੇ ਕ੍ਰਿਸਮਸ।
– ਮੁਖਤਾਰ ਗਿੱਲ

ਆਇਆ ਨਵਾਂ ਸਾਲ
ਆਇਆ ਨਵਾਂ ਸਾਲ, ਆਇਆ ਨਵਾਂ ਸਾਲ,
ਸਭ ਲਈ ਹੈ ਖੁਸ਼ੀਆਂ ਲਿਆਇਆ ਨਵਾਂ ਸਾਲ।
ਰਿੰਕੂ, ਟਿੰਕੂ, ਸੋਨੀ, ਮੰਨਾ ਗੀਤ ਪਏ ਗਾਉਂਦੇ,
ਜੱਸੇ ਦੇ ਵੀ ਦਿਲ ਨੂੰ ਹੈ ਭਾਇਆ ਨਵਾਂ ਸਾਲ।
ਟੀ.ਵੀ. ਵਿੱਚ ਨਵੇਂ-ਨਵੇਂ ਗੀਤ ਪਏ ਚਲਦੇ,
ਕਿਨੂੰ ਨੇ ਵੀ ਗੀਤ ਇੱਕ ਗਾਇਆ ਨਵਾਂ ਸਾਲ।
ਕੱਠੇ ਹੋ ਕੇ ਅਸਾਂ ਇੱਕ ਛੱਡਿਆ ਗੁਬਾਰਾ,
ਉੱਤੇ ਅਸੀਂ ਉਸ ਦੇ ਲਿਖਵਾਇਆ ਨਵਾਂ ਸਾਲ।
ਕਈ-ਕਈ ਰੰਗਾਂ ਵਾਲੇ ਕਾਰਡ ਵੀ ਆਏ,
ਰਲ ਮਿਲ ਅਸੀਂ ਹੈ ਮਨਾਇਆ ਨਵਾਂ ਸਾਲ।
ਆਇਆ ਨਵਾਂ ਸਾਲ, ਆਇਆ ਨਵਾਂ ਸਾਲ,
ਸਭ ਲਈ ਹੈ ਖੁਸ਼ੀਆਂ ਲਿਆਇਆ ਨਵਾਂ ਸਾਲ।
– ਮਦਨ ਬੰਗੜ

ਆਓ ਬੱਚਿਓ
ਆਓ ਬੱਚਿਓ, ਨਵਾਂ ਸਾਲ ਮਨਾਈਏ,
ਸਭਨਾਂ ਦੀ ਅਸੀਂ ਸੁੱਖ ਮਨਾਈਏ।
ਵੈਰ ਵਿਰੋਧ ਦਿਲੋਂ ਭੁਲਾਈਏ,
ਸਭਨਾਂ ਦੇ ਮਿੱਤਰ ਬਣ ਜਾਈਏ।
ਸਵੇਰੇ ਉੱਠ ਕੇ ਰੱਬ ਦਾ ਸ਼ੁਕਰ ਕਰੀਏ,
ਮਾਤਾ ਪਿਤਾ ਨੂੰ ਵੀ ਸਿਰ ਨਿਵਾਈਏ।
ਵੱਡਿਆਂ ਦਾ ਸਤਿਕਾਰ ਕਰੀਏ,
ਛੋਟਿਆਂ ਨਾਲ ਸਦਾ ਪਿਆਰ ਕਰੀਏ।
ਗ਼ਰੀਬ ਨਿਮਾਣੇ ਦੀ ਮਦਦ ਕਰੀਏ,
ਕਿੱਸੇ ਬੁੱਢੇ ਨਿਤਾਣੇ ’ਤੇ ਤਰਸ ਕਰੀਏ।
ਕਿਸੇ ਅਪਾਹਜ ਦਾ ਨਾ ਮਜ਼ਾਕ ਬਣਾਈਏ,
ਆਓ ਬੱਚਿਓ, ਨਵਾਂ ਸਾਲ ਮਨਾਈਏ।
ਬੋਲੀ ਆਪਣੀ ਦਾ ਕਰੀਏ ਸਤਿਕਾਰ,
ਨਾ ਭੁੱਲੀਏ ਆਪਣਾ ਸੱਭਿਆਚਾਰ।
ਨਸ਼ੇ, ਫੈਸ਼ਨ, ਨੰਗੇਜ਼ ਤੇ ਹੋਰ ਵਿਕਾਰ,
ਇਹ ਨੇ ਕਰਦੇ ਜੀਵਨ ਬੇਕਾਰ।
ਝੂਠ, ਚੋਰੀ ਤੇ ਠੱਗੀ ਠੋਰੀ,
ਬੇਇਮਾਨੀ, ਨਕਲ ਤੇ ਭ੍ਰਿਸ਼ਟਾਚਾਰ।
ਇਨ੍ਹਾਂ ਦੇ ਨਾ ਕਦੇ ਨੇੜੇ ਜਾਈਏ,
ਆਓ ਬੱਚਿਓ, ਨਵਾਂ ਸਾਲ ਮਨਾਈਏ।
ਜ਼ਿੰਦਗੀ ਸਾਡੀ ਹੈ ਬੜੀ ਅਨਮੋਲ,
ਇਸ ਦਾ ਨਹੀਂ ਬਣਾਉਣਾ ਮਖੌਲ।
ਮਿਠਾਸ, ਨਿਮਰਤਾ ਧਾਰਨ ਕਰੀਏ,
ਮਿੱਠੇ ਮਿੱਠੇ ਬੋਲੀਏ ਬੋਲ।
ਜ਼ਿੰਦਗੀ ਦਾ ਕੋਈ ਟੀਚਾ ਬਣਾਈਏ,
ਫਿਰ ਸਮਾਂ ਉਸ ਦੇ ਲੇਖੇ ਲਾਈਏ।
ਆਪਣਾ ਕੀਮਤੀ ਸਮਾਂ ਬਚਾਈਏ,
ਆਓ ਬੱਚਿਓ, ਨਵਾਂ ਸਾਲ ਮਨਾਈਏ।
ਚੰਗੇ ਇਨਸਾਨਾਂ ਦੀ ਸੰਗਤ ਕਰੀਏ,
ਸੱਚਾਈ ਕਹਿਣ ਤੋਂ ਕਦੇ ਨਾ ਡਰੀਏ।
ਕਿਸੇ ਦਾ ਨਾ ਕਰੀਏ ਨਿਰਾਦਰ,
ਦਈਏ ਆਦਰ ਤੇ ਲਈਏ ਆਦਰ।
ਅਧਿਆਪਕ ਤੋਂ ਅਸੀਂ ਸਿੱਖਿਆ ਲਈਏ,
-ਸੰਤੋਸ਼ ਕੌਰ ਨਈਅਰ

ਕਿਤਾਬਾਂ ਨਾਲ ਦੋਸਤੀ ਪਾਓ
ਬੱਚਿਓ ਕਿਤਾਬਾਂ ਨਾਲ ਦੋਸਤੀ ਪਾਓ,
ਪੜ੍ਹਨ ਨੂੰ ਆਪਣੀ ਆਦਤ ਬਣਾਓ।
ਕਿਤਾਬਾਂ ਪੜ੍ਹ ਕੇ ਬਣੋ ਹੁਸ਼ਿਆਰ,
ਸਾਹਿਤ ਪੜ੍ਹਨ ਲਈ ਰਹੋ ਤਿਆਰ।
ਜ਼ਿੰਦਗੀ ਨੂੰ ਆਪਣੀ ਸੁਹਿਰਦ ਬਣਾਓ,
ਬੱਚਿਓ ਕਿਤਾਬਾਂ ਨਾਲ ਦੋਸਤੀ ਪਾਓ।
ਲੇਖ, ਕਹਾਣੀਆਂ ਤੇ ਕਾਵਿਤਾਵਾਂ,
ਸੁਣੋ ਤੇ ਸੁਣਾਓ ਵਿੱਚੋਂ ਪੜ੍ਹ ਕੇ ਕਿਤਾਬਾਂ।
ਸਕੂਲ ਲਾਇਬ੍ਰੇਰੀ ਨੂੰ ਹੱਥੋਂ-ਹੱਥ ਸਜਾਓ,
ਬੱਚਿਓ ਕਿਤਾਬਾਂ ਨਾਲ ਦੋਸਤੀ ਪਾਓ।
ਕਿਤਾਬਾਂ ਨਾਲ ਬਣਾਓ ਰਿਸ਼ਤਾ ਕਸ ਕੇ,
ਲਾਇਬ੍ਰੇਰੀ ਵਾਲੇ ਮੈਡਮ ਵੱਲ ਜਾਓ ਨੱਸ ਕੇ।
ਕਿਤਾਬਾਂ ਦੀਆਂ ਸਿੱਖਿਆਵਾਂ ਨੂੰ ਅੰਜਾਈਂ ਨਾ       ਗਵਾਓ,
ਬੱਚਿਓ ਕਿਤਾਬਾਂ ਨਾਲ ਦੋਸਤੀ ਪਾਓ।
-ਸਿਮਰਨ

ਦਾਦੀ ਮਾਂ
ਮੇਰੀ ਪਿਆਰੀ ਦਾਦੀ ਮਾਂ,
ਸੁਬ੍ਹਾ ਸ਼ਾਮ ਲੈਂਦੀ ਰੱਬ ਦਾ ਨਾਂ।
ਮਾਲਾ ਫੇਰੇ ਨਾਮ ਰਹਿ ਜਪਦੀ,
ਬਾਣੀ ਪੜ੍ਹਦੀ ਕਦੇ ਨਾ ਅੱਕਦੀ।
ਰੋਜ਼ ਸਵੇਰੇ ਮੈਨੂੰ ਜਗਾਵੇ,
ਸਾਬਣ ਮਲਮਲ ਮੈਨੂੰ ਨਹਾਵੇ।
ਗਰਮ ਕਰਕੇ ਪਿਲਾਉਂਦੀ ਦੁੱਧ,
ਕਹਿੰਦੀ ਇਸ ਨਾਲ ਵਧਦੀ ਬੁੱਧ।
ਸਕੂਲ ਵਾਲੀ ਜਦ ਗੱਡੀ ਆਉਂਦੀ,
ਮੈਨੂੰ ਉਹਦੇ ਵਿੱਚ ਬਿਠਾਉਂਦੀ।
ਪੇਪਰਾਂ ਵਿੱਚ ਕਹਿੰਦੀ ਵਰਤੀ ਅਕਲ,
ਭੁੱਲ ਕੇ ਕਦੇ ਨਾ ਕਰੀਂ ਨਕਲ।
ਮੰਮੀ ਪਾਪਾ ਜਦ ਮੈਨੂੰ ਘੂਰੇ,
ਖੜ੍ਹ ਜਾਂਦੀ ਫਿਰ ਹੋ ਕੇ ਮੂਹਰੇ।
ਝਿੜਕਣ ਤੋਂ ਕਹਿੰਦੀ ਆ ਜੋ ਬਾਜ,
ਮੂਲ ਨਾਲੋਂ ਮੈਨੂੰ ਪਿਆਰਾ ਵਿਆਜ।
ਗੋਦੀ ਵਿੱਚ ਬਿਠਾਵੇ ਮੈਨੂੰ,
ਬਾਤਾਂ ਨਿੱਤ ਸੁਣਾਵੇ ਮੈਨੂੰ।
ਸਾਡਾ ਵੀ ਸਾਰਾ ਪਰਿਵਾਰ,
ਦਾਦੀ ਮਾਂ ਦਾ ਕਰੇ ਸਤਿਕਾਰ।
– ਬਾਜ ਸਿੰਘ ਮਹਿਲੀਆ

ਨਿੱਕਾ ਪੱਪੀ
ਜੋਜੋ ਸਾਡਾ ਨਿੱਕਾ ਪੱਪੀ,
ਹਰ ਕੋਈ ਇਸ ਨੂੰ ਫਿਰਦਾ ਚੱਕੀ।
ਪਟਾ ਨਿੱਕਾ ਗਲ਼ ਵਿੱਚ ਪਾਇਆ,
ਘੁੰਗਰੂਆਂ ਦੇ ਨਾਲ ਸਜਾਇਆ।
ਰੰਗ ਜੋਜੋ ਦਾ ਹੈ ਜੀ ਕਾਲਾ,
ਜੋ ਜੋਜੋ ਨੂੰ ਫੱਬਦਾ ਬਾਹਲਾ।
ਸਵੇਰੇ ਨਾਸ਼ਤਾ ਦੁੱਧ ਦਾ ਕਰਦਾ,
ਪੀ ਕੇ ਦੁੱਧ ਢਿੱਡ ਹੈ ਭਰਦਾ।
ਸਾਰਾ ਦਿਨ ਇਹ ਭੱਜਦਾ ਰਹਿੰਦਾ,
ਇੱਕ ਥਾਂ ਨਾ ਟਿਕ ਕੇ ਬਹਿੰਦਾ।
ਦੁਪਿਹਰੇ ਇਸ ਨੂੰ ਦਹੀਂ ਖੁਆਉਂਦੇ,
ਕਦੇ-ਕਦੇ ਹਾਂ ਲੱਸੀ ਪਿਆਉਂਦੇ।
ਜੋਜੋ ਨੂੰ ਸਾਬਣ ਨਾਲ ਨਹਾਇਆ,
ਸੁੱਕੇ ਵਾਲਾ ਵਿੱਚ ਪਾਊਡਰ ਪਾਇਆ।
ਜੋਜੋ ਸਾਡਾ ਪਿਆਰਾ-ਪਿਆਰਾ
ਸਾਡੀਆਂ ਅੱਖੀਆਂ ਦਾ ਹੈ ਤਾਰਾ।
-ਕੁਲਦੀਪ ਭਾਗ ਸਿੰਘ ਵਾਲਾ


Comments Off on ਬਾਲ ਕਿਆਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.