ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਭਾਈ ਨੰਦ ਲਾਲ ਤੇ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ

Posted On January - 4 - 2017

ਪ੍ਰੋ. ਸੁਰਜੀਤ ਸਿੰਘ ਭੱਟੀ

10401cd _Guru and Nand Lalਵਿਸ਼ਵ ਇਤਿਹਾਸ ਤੇ ਧਰਮਾਂ ਦੇ ਇਤਿਹਾਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਸਮੁੱਚੀ ਮਾਨਵਤਾ ਨੂੰ ਦੇਣ ਲਾਸਾਨੀ ਹੈ।  ਧਰਮਾਂ ਦੇ ਇਤਿਹਾਸ ਵਿੱਚ ਕਿਸੇ ਇੱਕ ਪੈਗ਼ੰਬਰ ਨੇ ਆਪਣੇ ਧਰਮ ਜਾਂ ਸੰਪ੍ਰਦਾਇ ਲਈ ਵੱਧ ਤੋਂ ਵੱਧ ਆਪਣੀ ਜਾਨ ਕੁਰਬਾਨ ਕਰਨ ਦਾ ਪਰਉਪਕਾਰ ਕੀਤਾ ਹੋਵੇਗਾ, ਪਰ ਆਪਣਾ ਸਾਰਾ ਪਰਿਵਾਰ ਅਤੇ ਅੰਤ ਵਿੱਚ ਆਪਣੇ-ਆਪ ਨੂੰ ਆਪਣੀ ਇੱਛਾ ਨਾਲ ਵਾਰ ਦੇਣਾ, ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਦੇ ਹਿੱਸੇ ਹੀ ਆਇਆ ਹੈ। ਸੰਸਾਰ ਦੇ ਬਹੁਤ ਸਾਰੇ ਵਿਦਵਾਨਾਂ, ਕਵੀਆਂ, ਪ੍ਰਚਾਰਕਾਂ, ਚਿੰਤਕਾਂ ਅਤੇ ਗੰਧਰਭਾਂ ਨੇ ਗੁਰੂ ਸਾਹਿਬ ਦੀ ਅਜ਼ਮਤ ਦਾ ਗਾਇਨ ਆਪਣੀ-ਆਪਣੀ ਸਮਰੱਥਾ, ਸ਼ਰਧਾ ਅਤੇ ਪਿਆਰ ਨਾਲ ਕੀਤਾ ਹੈ, ਪਰ ਜੋ ਪ੍ਰੇਮ, ਸ਼ਰਧਾ, ਤਿਆਗ, ਵੈਰਾਗ ਅਤੇ ਸੇਵਾ ਭਾਵ ਭਾਈ ਨੰਦ ਲਾਲ ਦੇ ਹਿੱਸੇ ਆਇਆ ਹੈ, ਇਹ ਕਿਸੇ ਹੋਰ ਦੇ ਹਿੱਸੇ ਨਹੀਂ ਆਇਆ।
ਸਿੱਖ ਧਰਮ ਵਿੱਚ ਭਾਈ ਗੁਰਦਾਸ ਤੇ ਭਾਈ ਨੰਦ ਲਾਲ ਨੂੰ ਸਿੱਖ ਪੰਥ ਵੱਲੋਂ ਜੋ ਸਨਮਾਨ ਗੁਰੂ ਸਾਹਿਬ ਦੇ ਆਪਣੇ ਇਤਿਹਾਸਕ ਦੌਰ ਅਤੇ ਬਾਅਦ ਦੇ ਸਮੇਂ ਵਿੱਚ ਪ੍ਰਾਪਤ ਹੋਇਆ ਹੈ, ਇਹ ਆਪਣੀ ਮਿਸਾਲ ਆਪ ਹੈ। ਸੰਸਾਰ ਦੇ ਸ਼੍ਰੋਮਣੀ ਤੀਰਥ ਸ੍ਰੀ ਹਰਿਮੰਦਰ ਸਾਹਿਬ ਵਿੱਚ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਤੋਂ ਬਾਅਦ ਸਿਰਫ਼ ਦੋ ਗੁਰਸਿੱਖਾਂ ਭਾਈ ਗੁਰਦਾਸ ਅਤੇ ਭਾਈ ਨੰਦ ਲਾਲ ਦੇ ਕਲਾਮ ਦੇ ਕੀਰਤਨ ਦੀ ਪ੍ਰਵਾਨਗੀ ਸਨਮਾਨਯੋਗ ਅਤੇ ਇਤਿਹਾਸਕ ਪ੍ਰਾਪਤੀ ਹੈ। ਇਸ ਲੇਖ ਵਿੱਚ ਭਾਈ ਨੰਦ ਲਾਲ ਵੱਲੋਂ ਗੁਰੂ ਗੋਬਿੰਦ ਸਿੰਘ ਦੀ ਸ਼ਾਨ ਵਿੱਚ ਪੇਸ਼ ਕੀਤੇ ਕਲਾਮ ਦੇ ਪ੍ਰਸੰਗ ਵਿੱਚ ਦਸਮੇਸ਼ ਪਿਤਾ ਦੀ ਮਿਹਰ ਸਦਕਾ ਕੀਤੀ ਗਈ ਸ਼ਰਧਾਮਈ ਸਿਫ਼ਤ ਜਾਂ ਗੁਣਗਾਨ ਬਾਰੇ ਚਰਚਾ ਕੀਤੀ ਗਈ ਹੈ।
ਭਾਈ ਨੰਦ ਲਾਲ ਦੇ ਕਲਾਮ ਬਾਰੇ ਗੱਲ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਜੀਵਨ ਬਾਰੇ ਪ੍ਰਮੁੱਖ ਤੱਥਾਂ ਦੀ ਸਾਂਝ ਪਾਉਣੀ ਜ਼ਰੂਰੀ ਹੈ। ਉਨ੍ਹਾਂ ਦੇ ਮੂਲ ਵਤਨ ਬਾਰੇ ਭਰੋਸੇਯੋਗ ਜਾਣਕਾਰੀ ਨਹੀਂ ਮਿਲਦੀ। ਇਤਿਹਾਸਕ ਪੁਸਤਕਾਂ ਅਤੇ ਖ਼ਾਨਦਾਨੀ ਰਵਾਇਤਾਂ ਕੋਈ ਸਹਾਇਤਾ ਨਹੀਂ ਕਰਦੀਆਂ, ਪਰ ਸੰਕਟ ਸਮੇਂ ਪਨਾਹ ਲੈਣ ਲਈ ਉਨ੍ਹਾਂ ਦਾ ਪੰਜਾਬ ਵਿੱਚ ਆ ਕੇ ਗੁਰੂ ਗੋਬਿੰਦ ਸਿੰਘ ਦੇ ਹਜ਼ੂਰ ਪੁੱਜਣਾ, ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਉਨ੍ਹਾਂ ਦੇ ਖ਼ਾਨਦਾਨ ਦਾ ਪੰਜਾਬ ਅਤੇ ਸਿੱਖ ਗੁਰੂਆਂ ਨਾਲ ਪਹਿਲਾਂ ਤੋਂ ਹੀ ਸਬੰਧ ਸੀ। ਪਰਮਾਨੰਦ ਅਰੋੜਾ ਵੱਲੋਂ ਲਿਖੇ ਲੇਖ ‘ਭਾਈ ਨੰਦ ਲਾਲ ਦੀ ਜੀਵਨੀ ਅਤੇ ਰਚਨਾ’ ਅਨੁਸਾਰ ਉਨ੍ਹਾਂ ਦਾ ਜਨਮ 1633 ਨੂੰ ਗਜ਼ਨੀ ਵਿੱਚ ਹੋਇਆ। ਗੰਡਾ ਸਿੰਘ ਇਸ ਵਿਚਾਰ ਨਾਲ ਅਸਹਿਮਤੀ ਪ੍ਰਗਟ ਕਰਦਿਆਂ ਲਿਖਦੇ ਹਨ ਕਿ ਭਾਈ ਨੰਦ ਲਾਲ ਦਾ ਜਨਮ ਇਸ ਤੋਂ ਪਹਿਲਾਂ ਆਗਰੇ ਜਾਂ ਕਿਸੇ ਹੋਰ ਥਾਂ ਹੋ ਚੁੱਕਿਆ ਸੀ। ਮਾਤਾ ਪਿਤਾ ਦੇ ਦੇਹਾਂਤ ਤੋਂ ਬਾਅਦ ਉਹ ਗਜ਼ਨੀ ਤੋਂ ਮੁਲਤਾਨ ਆ ਵਸੇ। 1652 ਵਿੱਚ ਉਹ ਮੁਲਤਾਨ ਦੇ ਹਾਕਮ ਨਵਾਬ ਵੱਸਾਫ਼ ਖ਼ਾਨ ਦੇ ਦਫ਼ਤਰ ਵਿੱਚ ਮੁਨਸ਼ੀ ਨਿਯੁਕਤ ਹੋਏ।

ਪ੍ਰੋ. ਸੁਰਜੀਤ ਸਿੰਘ ਭੱਟੀ

ਪ੍ਰੋ. ਸੁਰਜੀਤ ਸਿੰਘ ਭੱਟੀ

ਭਾਈ ਨੰਦ ਲਾਲ ਨੇ  1682 ਵਿੱਚ ਆਨੰਦਪੁਰ ਸਾਹਿਬ ਵਿੱਚ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ ਅਤੇ ਸਿੱਖੀ ਧਾਰਨ ਕੀਤੀ। ਫਿਰ ਉਹ 1695 ਵਿੱਚ ਆਗਰਾ ਜਾ ਕੇ ਸ਼ਾਹਜ਼ਾਦਾ ਮੁਅੱਜ਼ਮ ਦੀ ਨੌਕਰੀ ਕਰਨ ਲੱਗੇ। 1695 ਵਿੱਚ ਜਦੋਂ ਕੁਰਾਨ ਦੀ ਇੱਕ ਆਇਤ ਦੇ ਅਰਥ ਪਤਾ ਕਰਨ ਲਈ ਬਾਦਸ਼ਾਹ ਔਰੰਗਜ਼ੇਬ ਨੇ ਸ਼ਾਹਜ਼ਾਦਾ ਮੁਅੱਜ਼ਮ ਨੂੰ ਜ਼ਿੰਮੇਵਾਰੀ ਦਿੱਤੀ ਅਤੇ ਕੁਰਾਨ ਦੀ ਆਇਤ ਦੇ ਜੋ ਅਰਥ ਭਾਈ ਨੰਦ ਲਾਲ ਨੇ ਕੀਤੇ, ਬਾਦਸ਼ਾਹ ਇਹ ਵੇਖ ਕੇ ਦੰਗ ਰਹਿ ਗਿਆ। ਉਸ ਨੇ ਸ਼ਾਹਜ਼ਾਦੇ ਨੂੰ ਇਸ਼ਾਰਾ ਕੀਤਾ ਕਿ ਇੰਨਾ ਵੱਡਾ ਵਿਦਵਾਨ ਇਸਲਾਮ ਵਿੱਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ। ਭਾਈ     ਨੰਦ ਲਾਲ ਉੱਥੋਂ ਚੁੱਪਚਾਪ ਨਿਕਲ ਕੇ ਬਰਾਸਤਾ ਲਾਹੌਰ ਗੁਰੂ ਸਾਹਿਬ ਦੇ ਹਜ਼ੂਰ ਆਨੰਦਪੁਰ  ਵਿੱਚ ਪੁੱਜ ਗਏ। 1713 ਵਿੱਚ ਉਹ ਮੁਲਤਾਨ ਵਿੱਚ ਸੰਸਾਰ ਤੋਂ ਰੁਖ਼ਸਤ ਹੋ ਗਏ।
ਗੁਰੂ ਸਾਹਿਬ ਨੇ ਆਨੰਦਪੁਰ ਸਾਹਿਬ ਵਿੱਚ ਵਿਦਵਾਨਾਂ, ਕਵੀਆਂ ਅਤੇ ਇਲਮ ਹੁਨਰ ਨਾਲ ਜੁੜੇ ਹੋਰ ਦਾਨਿਸ਼ਵਰਾਂ ਨੂੰ ਆਪਣੇ ਦਰਬਾਰ ਵਿੱਚ ਹਰ ਤਰ੍ਹਾਂ ਦੀ ਸਰਪ੍ਰਸਤੀ ਦੇ ਕੇ ਨਿਵਾਜਿਆ। ਭਾਈ ਨੰਦ ਲਾਲ ਗੁਰੂ ਜੀ ਦੇ 52 ਕਵੀਆਂ ਵਿੱਚੋਂ ਇੱਕ ਅਤੇ ਅਰਬੀ ਫ਼ਾਰਸੀ ਭਾਸ਼ਾ ਦੇ ਧੁਰੰਧਰ ਵਿਦਵਾਨ ਸਨ। ਇੱਥੇ ਹੀ ਉਨ੍ਹਾਂ ਨੇ ਆਪਣੀ ਪਹਿਲੀ ਰਚਨਾ ‘ਬੰਦਗੀਨਾਮਾ’ ਦੀ ਰਚਨਾ ਕਰ ਕੇ ਗੁਰੂ ਸਾਹਿਬ ਨੂੰ ਭੇਟ ਕੀਤੀ। ਗੁਰੂ ਦਰਬਾਰ ਵਿੱਚ ਇਸ ਰਚਨਾ ਦੀ ਕਥਾ ਜਦੋਂ ਸੰਗਤ ਨੂੰ ਸੁਣਾਈ ਗਈ ਤਾਂ ਸਾਰੀ ਸੰਗਤ ਅਤੇ ਗੁਰੂ ਪਾਤਸ਼ਾਹ ਇੰਨੇ ਉਮਾਹ ਵਿੱਚ ਆਏ ਕਿ ਉਨ੍ਹਾਂ ਇਸ ਰਚਨਾ ਦਾ ਨਾਂ ਬਦਲ ਕੇ ‘ਜ਼ਿੰਦਗੀਨਾਮਾ’ ਰੱਖ ਦਿੱਤਾ।
ਭਾਈ ਨੰਦ ਲਾਲ ਨੇ ਜਿਹੜੀਆਂ ਰਚਨਾਵਾਂ ਰਚੀਆਂ, ਉਨ੍ਹਾਂ ਵਿੱਚ ਉਨ੍ਹਾਂ ਦੀਆਂ ਦਸ ਪੁਸਤਕਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿੱਚ ਸੱਤ ਪੁਸਤਕਾਂ ਫ਼ਾਰਸੀ ਭਾਸ਼ਾ ਵਿੱਚ ਜਿਵੇਂ ਜ਼ਿੰਦਗੀਨਾਮਾ, ਗ਼ਜ਼ਲੀਆਤ ਅਰਥਾਤ ਦੀਵਾਨਿ ਗੋਯਾ, ਤੌਸੀਫ਼-ਓ-ਸਨਾ ਅਤੇ ਖ਼ਾਤਿਮਾ, ਗੰਜ ਨਾਮਾ, ਜੋਤ ਬਿਗਾਸ ਆਦਿ ਹਨ। ਪੰਜਾਬੀ ਵਿੱਚ ਉਨ੍ਹਾਂ ਦੀਆਂ ਰਚਨਾਵਾਂ ਹਨ, ਜੋਤ ਬਿਗਾਸ  (ਇਹ ਫ਼ਾਰਸੀ ਜੋਤ ਬਿਗਾਸ ਦਾ ਤਰਜ਼ਮਾ   ਨਹੀਂ ਹੈ) ਰਹਿਤਨਾਮਾ ਅਤੇ ਤਨਖ਼ਾਹ ਨਾਮਾ ਆਦਿ।  ਦਸਤੂਰੁਲ-ਇਨਸ਼ਾ (ਫ਼ਾਰਸੀ ਵਾਰਤਕ) ਭਾਈ ਨੰਦ ਲਾਲ ਵੱਲੋਂ ਲਿਖੇ ਪੱਤਰਾਂ ਦਾ ਸੰਗ੍ਰਹਿ ਹੈ। ਅਰਜ਼ੁਲ-ਅਲਫ਼ਾਜ਼ ਉਨ੍ਹਾਂ ਦੀ ਇੱਕ ਹੋਰ ਰਚਨਾ ਹੈ।
ਭਾਈ ਨੰਦ ਲਾਲ ਨੇ ਗੁਰੂ ਗੋਬਿੰਦ ਸਿੰਘ ਨਾਲ ਆਪਣੀ ਪਹਿਲੀ ਮੁਲਾਕਾਤ ਵਿੱਚ ਹੀ ਆਪਣੇ ਆਪ ਨੂੰ ਗੁਰੂ ਚਰਨਾਂ ਵਿੱਚ ਸਮਰਪਿਤ ਕਰ ਦਿੱਤਾ ਸੀ। ਇਸ ਸਮਰਪਣ ਦਾ ਹੀ ਨਤੀਜਾ ਅਤੇ ਗੁਰੂ ਬਖ਼ਸ਼ਿਸ਼ ਕਾਰਨ ਉਨ੍ਹਾਂ ਨੂੰ ਸਾਰੀ ਕਾਇਨਾਤ ਵਿੱਚੋਂ ਗੁਰੂ ਸਾਹਿਬ ਦੇ ਦੀਦਾਰ ਹੋਣ ਲੱਗੇ। ਗੰਜ ਨਾਮਾ ਵਿੱਚ ਉਨ੍ਹਾਂ ਦਾ ਇੱਕ ਸ਼ਿਅਰ ਉਨ੍ਹਾਂ ਦੀ ਆਤਮਿਕ ਬਿਰਤੀ ਅਤੇ ਆਤਮ ਉੱਥਾਨ ਨੂੰ ਖ਼ੂਬਸੂਰਤੀ ਨਾਲ ਪ੍ਰਗਟ ਕਰਦਾ ਹੈ:
ਰਾਕਿਮਾਨਿ ਵਸਫ਼ਿ ਗੁਰ ਗੋਬਿੰਦ ਸਿੰਘ
ਨਾਮਵਰ ਅਜ਼ ਲੁਤਫ਼ਿ ਗੁਰ ਗੋਬਿੰਦ ਸਿੰਘ।।
ਭਾਵ ਗੁਰੂ ਗੋਬਿੰਦ ਸਿੰਘ ਦੀ ਵਡਿਆਈ ਲਿਖਣ ਵਾਲੇ ਲੇਖਕ ਜਾਂ ਕਵੀ ਗੁਰੂ ਗੋਬਿੰਦ ਸਿੰਘ ਦੀ ਮਿਹਰ ਸਦਕਾ ਪ੍ਰਸਿੱਧ ਹੋ ਗਏ ਹਨ। ਗੁਰੂ ਸਾਹਿਬ ਦੀ ਉੱਚ ਅਧਿਆਤਮਿਕ ਅਵਸਥਾ ਨੂੰ ਨਿਰੰਕਾਰੀ ਰੂਪ ਪ੍ਰਦਾਨ ਕਰਦਿਆਂ ਭਾਈ ਸਾਹਿਬ ਲਿਖਦੇ ਹਨ:
ਆਲਿਮੁਲ ਅਸਤਾਰ ਗੁਰ ਗੋਬਿੰਦ ਸਿੰਘ
ਅਬਰ-ਇ-ਰਹਿਮਤ ਬਾਰ ਗੁਰ ਗੋਬਿੰਦ ਸਿੰਘ  (110)  
ਫ਼ਾਰਸੀ ਭਾਸ਼ਾ ਵਿੱਚ ਗੁਰੂ ਗੋਬਿੰਦ ਸਿੰਘ ਦੇ ਨਾਮ ਦੇ ਕੁੱਲ ਅੱਖਰਾਂ ਦੇ ਜੋੜ ਦੀ ਵਿਆਖਿਆ ਭਾਈ ਨੰਦ ਲਾਲ ਨਿਵੇਕਲੇ ਅੰਦਾਜ਼ ਵਿੱਚ ਕਰਦੇ ਹਨ। ਭਾਈ ਸਾਹਿਬ ਅਨੁਸਾਰ, ‘’ਅੰਤਮ ਸੱਚ ਵਾਲੇ ਨਾਮ ਦਾ ਫ਼ਾਰਸੀ ‘ਕਾਫ਼’ (ਗਾਫ਼) ਜ਼ਮਾਨੇ ਨੂੰ ਸਰ ਕਰਨ ਵਾਲਾ ਹੈ ਅਤੇ ਪਹਿਲੀ ‘ਵਾਓ’ ਜ਼ਮੀਨ ਅਤੇ ਜ਼ਮਾਨੇ ਦੀ ਸਥਿਤੀ ਜੋੜਨ ਵਾਲੀ ਹੈ। ਅਮਰ ਜ਼ਿੰਦਗੀ ਵਾਲੀ ‘ਬੇ’ ਸ਼ਰਨਾਰਥੀਆਂ ਨੂੰ ਬਖ਼ਸ਼ਣ ਵਾਲੀ ਹੈ ਅਤੇ ਉਸ ਦੇ ਨਾਮ ਦੀ ਮੁਬਾਰਕ ‘ਨੂੰਨ’ ਦੀ ਸੁਗੰਧੀ ਭਗਤਾਂ ਨੂੰ ਨਿਵਾਜਣਹਾਰੀ ਹੈ। ਉਸ ਦੀ ਵਡਿਆਈ ਅਤੇ ਸ਼ਾਨ ਸ਼ੌਕਤ ਦਾ ਰੂਪ ‘ਦਾਲ’ ਮੌਤ ਦੇ ਜਾਲ ਨੂੰ ਤੋੜ ਦੇਣ ਵਾਲਾ ਹੈ ਅਤੇ ਉਸ ਦੇ ਵੱਡੇ ਦਬਦਬੇ ਵਾਲੀ ‘ਸੀਨ’ ਜੀਵਨ ਦੀ ਪੂੰਜੀ ਹੈ। ਉਸ ਦੇ ਨਾਮ ਦਾ ‘ਨੂੰਨ’ ਸਦਾ ਉਸ ਸਰਬ ਸ਼ਕਤੀਮਾਨ ਦਾ ਸੰਗੀ ਸਾਥੀ ਹੈ ਅਤੇ ਦੂਜਾ ਫ਼ਾਰਸੀ ਦਾ ਕਾਫ਼ (ਗਾਫ਼) ਨਾ ਫ਼ਰਮਾਨੀ ਦੇ ਜੰਗਲ ਵਿੱਚ ਭਟਕਣ ਵਾਲੇ ਮਨਮੁਖਾਂ ਦੀ ਜਾਨ ਨੂੰ ਗਾਲ ਦੇਣ ਵਾਲਾ ਹੈ ਅਤੇ ਅੰਤਮ ‘ਹੇ’ ਦੋਹਾਂ ਜਹਾਨਾਂ ਦੀ ਸੱਚੀ ਰਾਹ ਵਿਖਾਊ ਹੈ ਅਤੇ ਉਸ ਦੀ ਸਿੱਖਿਆ ਅਤੇ ਆਗਿਆ ਦਾ ਨਗਾਰਾ ਨੌਂ ਤਬਕਾਂ ਵਿੱਚ ਵੱਜਦਾ ਹੈ। ਤਿੰਨਾਂ ਲੋਕਾਂ ਅਤੇ ਛੇ ਦਿਸ਼ਾਵਾਂ ਦੇ ਲੱਖਾਂ ਬੰਦੇ ਉਸ ਦੀ ਚਾਕਰੀ ਕਰਨ ਵਾਲੇ ਹਨ ਅਤੇ ਚੌਹਾਂ ਪਾਣੀਆਂ ਅਤੇ ਨੌਂ ਖੰਡਾਂ ਦੇ ਸੈਂਕੜੇ ਹਜ਼ਾਰਾਂ ਲੋਕ ਦਸਾਂ ਦਿਸਾਂ ਦੇ ਲੱਖਾਂ ਵਾਸੀ ਉਸ ਦੀ ਦਰਗਾਹ ਦੀ ਉਸਤਤ ਕਰਨ ਵਾਲੇ ਹਨ ਅਤੇ ਲੱਖਾਂ ਈਸ਼ਰ, ਬ੍ਰਹਮਾ, ਅਰਸ਼, ਕੁਰਸ਼, ਉਸ ਦੀ ਸ਼ਰਨ ਵਿੱਚ ਆਉਣਾ ਲੋਚਦੇ ਹਨ ਅਤੇ ਲੱਖਾਂ ਧਰਤ, ਆਕਾਸ਼ ਉਸ ਦੇ ਗ਼ੁਲਾਮ ਹਨ। ਸੈਂਕੜੇ ਹਜ਼ਾਰਾਂ ਚੰਨ ਸੂਰਜ ਉਸ ਦਾ ਸਿਰੋਪਾ ਪਹਿਨਣਹਾਰੇ ਹਨ ਅਤੇ ਲੱਖਾਂ ਅਸਮਾਨ ਅਤੇ ਤਬਕ ਉਸ ਦੇ ਨਾਮ ਦੇ ਗੋਲੇ ਅਤੇ ਬਿਰਹੋਂ ਕੁੱਠੇ ਹਨ।’’
ਭਾਈ ਨੰਦ ਲਾਲ ਆਪਣੇ ਕਲਾਮ ਵਿੱਚ ਗੁਰੂ-ਮਹਿਮਾ ਦੇ ਪ੍ਰਸੰਗ ਵਿੱਚ ਜਿਨ੍ਹਾਂ ਬੁਲੰਦੀਆਂ ਉਪਰ ਜਾ ਕੇ ਕਲਗੀਧਰ ਪਾਤਸ਼ਾਹ ਦੀ ਸ਼ਾਨ ਦੇ ਗੁਣਗਾਨ ਕਰਨ ਦਾ ਕਾਵਿਕ ਯਤਨ ਕਰਦੇ ਹਨ, ਉਹ ਆਪਣੀ ਮਿਸਾਲ ਆਪ ਹੈ। ਭਾਈ ਨੰਦ ਲਾਲ ਨੇ ਆਪਣੀ ਕਲਮ ਨਾਲ ਗੁਰੂ ਸਾਹਿਬ ਦੀ ਅਨੰਤ, ਅਗੰਮ ਅਤੇ ਅਗਾਧ ਜੀਵਨ-ਸੁਗੰਧ ਨੂੰ ਹਰ ਪੱਖੋਂ ਦੇਖਣ ਦਾ ਯਤਨ ਕੀਤਾ ਹੈ।
ਗੁਰੂ ਸਾਹਿਬ ਨੇ ਜਿਵੇਂ ਕਥਿਤ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਖ਼ਾਲਸਾ ਸਾਜ ਕੇ ਜ਼ੁਲਮ ਦੇ ਵਿਰੁੱਧ ਤਲਵਾਰਾਂ  ਬਣ ਕੇ ਉਠ ਖੜ੍ਹੇ ਹੋਣ ਦੀ ਸੂਰਬੀਰਤਾ ਬਖ਼ਸ਼ੀ, ਇਸ ਨਾਲ ਗ਼ਰੀਬ ਸਿੱਖਾਂ ਨੂੰ ਪਾਤਿਸ਼ਾਹੀ ਦੇਣ ਦਾ ਉਨ੍ਹਾਂ ਦਾ ਸੁਪਨਾ ਪੂਰਾ ਹੋਇਆ। ਇਸੇ ਕਾਰਨ ਭਾਈ ਨੰਦ ਲਾਲ ਨੇ ਗੁਰੂ ਸਾਹਿਬ ਨੂੰ ‘ਬੇਕਸਾਂ ਰਾ-ਯਾਰ ਗੁਰ ਗੋਬਿੰਦ ਸਿੰਘ’ ਕਹਿਣ ਦਾ ਮਾਣ ਪ੍ਰਾਪਤ ਕੀਤਾ।


Comments Off on ਭਾਈ ਨੰਦ ਲਾਲ ਤੇ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.