ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

ਮਹਿਬੂਬਾ ਦੀ ਦਲੇਰੀ

Posted On January - 10 - 2017

ਮਹਿਬੂਬਾ ਮੁਫ਼ਤੀ ਨੂੰ ਇੱਕ ਸਿਆਸੀ ਆਗੂ ਵਜੋਂ ਕਸ਼ਮੀਰੀ ਇੰਤਹਾਪਸੰਦਾਂ ਪ੍ਰਤੀ ਨਰਮ ਮੰਨਿਆ ਜਾਂਦਾ ਸੀ ਪਰ ਬਤੌਰ ਮੁੱਖ ਮੰਤਰੀ ਉਨ੍ਹਾਂ ਦੀ ਭੂਮਿਕਾ ਇੱਕ ਅਜਿਹੀ ਦਲੇਰ ਨੇਤਾ ਵਾਲੀ ਰਹੀ ਹੈ ਜੋ ਕਸ਼ਮੀਰੀਆਂ ਦੇ ਹਿੱਤਾਂ ਉੱਤੇ ਪਹਿਰਾ ਦੇਣ ਦੇ ਨਾਲ ਨਾਲ ਸੰਘਰਸ਼ ਦੇ ਨਾਂ ਉੱਤੇ ਖ਼ੂਨ-ਖ਼ਰਾਬੇ ਦੀ ਖੇਡ ਦਾ ਡਟ ਕੇ ਵਿਰੋਧ ਕਰਦੀ ਆ ਰਹੀ ਹੈ। ਉਸ ਨੇ ਤਿੰਨ ਮਹੀਨੇ ਪਹਿਲਾਂ ਪੱਥਰਬਾਜ਼ਾਂ ਖ਼ਿਲਾਫ਼ ਡਟਵਾਂ ਸਟੈਂਡ ਲਿਆ ਅਤੇ ਹੁਣ ਫਿਰ ਵੱਖਵਾਦੀਆਂ ਤੇ ਹਿੰਸਕ ਅਨਸਰਾਂ ਵਿਰੁੱਧ ਅਜਿਹੇ ਹੀ ਰੁਖ਼ ਦਾ ਪ੍ਰਗਟਾਵਾ ਕੀਤਾ ਹੈ। ਸੋਮਵਾਰ ਨੂੰ ਰਿਆਸਤੀ ਅਸੈਂਬਲੀ ਵਿੱਚ ਇੱਕ ਕੰਮ-ਰੋਕੂ ਮਤੇ ਉੱਤੇ ਬਹਿਸ ਦਾ ਜਵਾਬ ਦਿੰਦਿਆਂ ਮਹਿਬੂਬਾ ਨੇ ਦਾਅਵਾ ਕੀਤਾ ਕਿ ਪਿਛਲੇ ਪੰਜ ਮਹੀਨਿਆਂ ਦੌਰਾਨ ਕਸ਼ਮੀਰ ਵਾਦੀ ਵਿਚਲੀ ਹਿੰਸਾ ਤੇ ਖ਼ੂਨ-ਖ਼ਰਾਬਾ ਇੱਕ ਵਿਉਂਤਬੰਦ ਸਾਜ਼ਿਸ਼ ਦਾ ਹਿੱਸਾ ਸੀ ਜਿਸ ਵਿੱਚ ਪਾਕਿਸਤਾਨ ਤੇ ਕਸ਼ਮੀਰੀ ਵੱਖਵਾਦੀ ਸ਼ਾਮਿਲ ਸਨ। ਇਹ ਲੋਕ-ਰੋਹ ਦਾ ਸੁਭਾਵਿਕ ਪ੍ਰਗਟਾਵਾ ਨਹੀਂ ਸੀ ਬਲਕਿ ਗਿਣੇ-ਮਿੱਥੇ ਢੰਗ ਨਾਲ ਨਿਰਦੋਸ਼ਾਂ ਨੂੰ ਮਰਵਾ ਕੇ ਲੋਕ-ਰੋਹ ਭੜਕਾਉਣ ਦੀ ਨਾਪਾਕ ਕਾਰਵਾਈ ਸੀ ਅਤੇ ਇਸ ਦਾ ਮਕਸਦ ਵਾਦੀ ਵਿੱਚ ਅਮਨ ਦੀ ਵਾਪਸੀ ਦੇ ਅਮਲ ਨੂੰ ਛਿੰਨ-ਭਿੰਨ ਕਰਕੇ ਪਾਕਿਸਤਾਨੀ ਉੱਲੂ ਸਿੱਧਾ ਕਰਨਾ ਸੀ। ਉਸ ਨੇ ਵਾਦੀ ਅੰਦਰਲੀ ਹਿੰਸਾ ਤੇ ਪੱਥਰਬਾਜ਼ੀ ਨੂੰ ਜਨ ਵਿਦਰੋਹ ਦੱਸਣ ਵਾਲਿਆਂ ਤੋਂ ਪੁੱਛਿਆ ਕਿ ਕੀ ਉਨ੍ਹਾਂ ਨੂੰ ਜਨ ਵਿਦਰੋਹ ਦੇ ਅਰਥ ਪਤਾ ਹਨ? ਕੀ ਜਨ ਵਿਦਰੋਹ ਮਾਸੂਮ ਬੱਚਿਆਂ ਨੂੰ ਢਾਲ ਬਣਾ ਕੇ ਉਭਾਰਿਆ ਜਾਂਦਾ ਹੈ? ਉਸ ਨੇ ਹੱਤਿਆਵਾਂ ਤੇ ਇਨ੍ਹਾਂ ਨਾਲ ਜੁੜੀ ਹਿੰਸਾ ਦੀ ਤਹਿ ਤਕ ਜਾਣ ਲਈ ਜ਼ਿਲ੍ਹਾ ਪੱਧਰ ’ਤੇ ਵਿਸ਼ੇਸ਼ ਪੜਤਾਲੀਆ ਟੀਮਾਂ ਕਾਇਮ ਕਰਨ ਦਾ ਐਲਾਨ ਵੀ ਕੀਤਾ।
ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਨੇ ਆਪਣੀ ਤਕਰੀਰ ਵਿੱਚ ਉਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਜੋ ਕਿ ਕੰਮ-ਰੋਕੂ ਮਤੇ ਉੱਤੇ ਬਹਿਸ ਦੌਰਾਨ ਉਠਾਏ ਗਏ ਸਨ। ਉਸ ਦਾ ਦਾਅਵਾ ਸੀ ਕਿ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਅਗਵਾਈ ਹੇਠਲੀ ਨੈਸ਼ਨਲ ਕਾਨਫਰੰਸ–ਕਾਂਗਰਸ ਕੁਲੀਸ਼ਨ ਸਰਕਾਰ ਸਮੇਂ ਪੱਥਰਬਾਜ਼ੀ ਤੇ ਜਨਤਕ ਬੇਚੈਨੀ ਦਾ ਜੋ ਦੌਰ ਚੱਲਿਆ ਸੀ, ਉਹ ਕੁਝ ਹਿੰਸਕ ਘਟਨਾਵਾਂ ਤੋਂ ਉਪਜੇ ਸੁਭਾਵਿਕ ਰੋਹ ਦਾ ਨਤੀਜਾ ਸੀ। ਪਰ 2016 ਦੌਰਾਨ ਚੱਲੀ ਹਿੰਸਾ ਤੇ ਪੱਥਰਬਾਜ਼ੀ ਸੋਚੀ-ਸਮਝੀ ਸਾਜ਼ਿਸ਼ ਦਾ ਸਿੱਟਾ ਸੀ ਜਿਸ ਦਾ ਇੱਕੋਇਕ ਮਕਸਦ ਮਾਸੂਮਾਂ ਨੂੰ ਬਲੀ ਦੇ ਬੱਕਰੇ ਬਣਾ ਕੇ ਪੂਰੀ ਵਾਦੀ ਵਿੱਚ ਖ਼ੂਨ-ਖ਼ਰਾਬੇ ਵਾਲਾ ਮਾਹੌਲ ਪੈਦਾ ਕਰਨਾ ਸੀ। ਪਹਿਲਾਂ ਕਸ਼ਮੀਰੀ ਪੰਡਿਤਾਂ ਲਈ ਕਾਲੋਨੀ ਤੇ ਫਿਰ ਸੈਨਿਕ ਕਾਲੋਨੀ ਦੀ ਸਥਾਪਨਾ ਵਰਗੇ ਮੁੱਦਿਆਂ ਖ਼ਿਲਾਫ਼ ਹਿੰਸਾ ਭੜਕਾਉਣ ਦੇ ਯਤਨ ਕੀਤੇ ਗਏ। ਜਦੋਂ ਇਨ੍ਹਾਂ ਯਤਨਾਂ ਨੂੰ ਜਨਤਕ ਹੁੰਗਾਰਾ ਨਹੀਂ ਮਿਲਿਆ ਤਾਂ ਬੁਰਹਾਨ ਵਾਨੀ ਦੀ ਹਲਾਕਤ ਨੂੰ ਵਿਆਪਕ ਪੱਧਰ ’ਤੇ ਹਿੰਸਾ ਭੜਕਾਉਣ ਲਈ ਵਰਤਿਆ ਗਿਆ। ਮੁੱਖ ਮੰਤਰੀ ਨੇ ਥਾਣਿਆਂ ਜਾਂ ਸੁਰੱਖਿਆ ਕੈਂਪਾਂ ’ਤੇ ਹਮਲਿਆਂ ਮੌਕੇ ਸੁਰੱਖਿਆ ਬਲਾਂ ਦੀ ਜਵਾਬੀ ਫਾਇਰਿੰਗ ਨੂੰ ਜਾਇਜ਼ ਦੱਸਿਆ ਅਤੇ ਪੁੱਛਿਆ ਕਿ ਅਜਿਹੇ ਹਮਲਿਆਂ ਸਮੇਂ ਕੀ ਸੁਰੱਖਿਆ ਬਲ ਹੱਥ ਬੰਨ੍ਹ ਕੇ ਖੜ੍ਹੇ ਰਹਿੰਦੇ।
ਮੁੱਖ ਮੰਤਰੀ ਦੀ ਅਜਿਹੀ ਦਲੇਰਾਨਾ ਪਹੁੰਚ ਤੋਂ ਉਨ੍ਹਾਂ ਦੀ ਸਰਕਾਰ ਵਿੱਚ ਭਾਈਵਾਲ ਭਾਰਤੀ ਜਨਤਾ ਪਾਰਟੀ ਨੂੰ ਤਸੱਲੀ ਮਿਲਣੀ ਸੁਭਾਵਿਕ ਹੈ। ਜੰਮੂ ਖ਼ਿੱਤੇ ਵਿਚਲੀਆਂ ਭਾਜਪਾ ਦੀਆਂ ਸਫ਼ਾਂ ਵਿੱਚ ਹਮੇਸ਼ਾਂ ਇਹ ਸ਼ਿਕਵਾ ਭਾਰੂ ਰਿਹਾ ਹੈ ਕਿ ਮਹਿਬੂਬਾ ਮੁਫ਼ਤੀ, ਇੰਤਹਾਪਸੰਦੀ ਖ਼ਿਲਾਫ਼ ਸਖ਼ਤ ਰੁਖ਼ ਅਖ਼ਤਿਆਰ ਨਹੀਂ ਕਰਦੀ। ਹਕੀਕਤ ਇਹ ਹੈ ਕਿ ਜੋ ਦਲੇਰੀ ਭਾਜਪਾ ਆਗੂ ਜਨਤਕ ਤੌਰ ’ਤੇ ਨਹੀਂ ਦਰਸਾ ਸਕੇ, ਉਹ ਮਹਿਬੂਬਾ ਮੁਫ਼ਤੀ ਖੁੱਲ੍ਹ ਕੇ ਦਰਸਾਉਂਦੀ ਆਈ ਹੈ। ਉਸ ਨੇ ਆਪਣੇ ਪਿਤਾ ਮੁਫ਼ਤੀ ਮੁਹੰਮਦ ਸਈਦ ਦੇ ਇੰਤਕਾਲ ਤੋਂ ਬਾਅਦ ਭਾਜਪਾ ਨਾਲ ਸਾਂਝ ਸੁਰਜੀਤ ਕਰਨ ਲਈ ਸਮਾਂ ਜ਼ਰੂਰ ਲਿਆ, ਪਰ ਇੱਕ ਵਾਰ ਸਾਂਝ ਦਾ ਫ਼ੈਸਲਾ ਲੈਣ ਤੋਂ ਬਾਅਦ ਉਸ ਨੇ ਆਪਣੇ ਕਦਮ ਨਹੀਂ ਥਿੜਕਣ ਦਿੱਤੇ। ਉਹ ਜੰਮੂ-ਕਸ਼ਮੀਰ ਦੀ ਨੇਤਾ ਵਜੋਂ ਵਿਚਰਦੀ ਆ ਰਹੀ ਹੈ, ਸਿਰਫ਼ ਕਸ਼ਮੀਰੀਆਂ ਦੀ ਸਰਬਰਾਹ ਵਜੋਂ ਨਹੀਂ। ਕਸਸ਼ਮੀਰੀਆਂ ਪ੍ਰਤੀ ਵੱਖਰੀ ਪਹੁੰਚ ਅਪਣਾ ਕੇ ਉਸ ਨੇ ਮੋਦੀ ਸਰਕਾਰ ਲਈ ਕਸੂਤੀ ਸਥਿਤੀ ਪੈਦਾ ਨਹੀਂ ਹੋਣ ਦਿੱਤੀ। ਕਸ਼ਮੀਰੀ ਨੇਤਾਵਾਂ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਕਸ਼ਮੀਰ ਵਿੱਚ ਬੋਲੀ ਹੋਰ ਹੁੰਦੀ ਹੈ, ਦਿੱਲੀ ਵਿੱਚ ਹੋਰ ਅਤੇ ਭਾਰਤ ਤੋਂ ਬਾਹਰ ਕੋਈ ਹੋਰ। ਮਹਿਬੂਬਾ ਮੁਫ਼ਤੀ ਨੇ ਤਿੰਨੇ ਥਾਈਂ ਇੱਕੋ ਬੋਲੀ ਬੋਲ ਕੇ ਦਰਸਾ ਦਿੱਤਾ ਹੈ ਕਿ ਜਿੱਥੇ ਉਹ ਰਿਆਸਤਪ੍ਰਸਤ ਹੈ, ਉੱਥੇ ਉਹ ਕੌਮਪ੍ਰਸਤ ਵੀ ਹੈ। ਉਸ ਦੀ ਰਿਆਸਤਪ੍ਰਸਤੀ ਮੁਲਾਇਮ ਸਿੰਘ ਜਾਂ ਮਮਤਾ ਬੈਨਰਜੀ ਦੀ ਸੂਬਾਪ੍ਰਸਤੀ ਤੋਂ ਵੱਖਰੀ ਨਹੀਂ। ਇਹ ਹੁਣ ਭਾਰਤੀ ਜਨਤਾ ਪਾਰਟੀ ਅਤੇ ਇਸ ਦੇ ਕੌਮੀ ਤੇ ਸੂਬਾਈ ਆਗੂਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਸੌੜੀ ਰਾਜਨੀਤੀ ਰਾਹੀਂ ਅਜਿਹੀ ਨੇਤਾ ਨੂੰ ਚੋਭਾਂ ਲਾਉਣ ਦੀ ਥਾਂ ਫਰਾਖ਼ਦਿਲੀ ਦਿਖਾਉਣ ਅਤੇ ਕਸ਼ਮੀਰ ਵਾਦੀ ਵਿੱਚ ਪੁਰਅਮਨ ਮਾਹੌਲ ਦੀ ਵਾਪਸੀ ਲਈ ਸਾਜ਼ਗਾਰ ਹਾਲਾਤ ਤਿਆਰ ਕਰਨ ਵਿੱਚ ਸਹੀ ਤੇ ਸੁਚੱਜਾ ਯੋਗਦਾਨ ਪਾਉਣ।


Comments Off on ਮਹਿਬੂਬਾ ਦੀ ਦਲੇਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.