ਬਾਬਰੀ ਮਸਜਿਦ ਕੇਸ: ਚਸ਼ਮਦੀਦ ਗਵਾਹ ਦੀ ਮੌਤ !    ਅਮਰੀਕਾ: ਸਿੱਖ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ !    ਮੁਕਾਬਲੇ ਵਾਲੀਆਂ ਥਾਵਾਂ ’ਤੇ ਆ ਕੇ ‘ਖ਼ੁਦਕੁਸ਼ੀ’ ਨਾ ਕਰਨ ਨੌਜਵਾਨ: ਵੈਦ !    ਬੰਗਲਾਦੇਸ਼: ਖ਼ੁਦਕੁਸ਼ ਹਮਲੇ ’ਚ ਪਰਿਵਾਰ ਦੇ 8 ਜੀਅ ਮਰੇ !    ਭੇਤਭਰੀ ਹਾਲਤ ਵਿੱਚ ਚੱਲੀ ਗੋਲੀ; ਮੁਲਾਜ਼ਮ ਜ਼ਖਮੀ !    ਬਦਨੌਰ ਵੱਲੋਂ ਸੈਨਿਕ ਬੋਰਡ ਨਾਲ ਮੀਟਿੰਗ !    ਯੂਨੀਵਰਸਿਟੀਆਂ ਦੀ ਭੂਮਿਕਾ ਨੂੰ ਪੁਨਰ ਪ੍ਰਭਾਸ਼ਿਤ ਕਰਨ ਦੀ ਲੋੜ: ਅਪੂਰਵਾਨੰਦ !    ਧੋਖਾਧੜੀ ਕਰਨ ਵਾਲੇ ਬਿਲਡਰਾਂ ਦੀ ਗ੍ਰਿਫ਼ਤਾਰੀ ਲਈ ਲੋਕਾਂ ਤੋਂ ਮੰਗਿਆ ਸਹਿਯੋਗ !    ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿੱਚ ਕਸੂਤੇ ਘਿਰੇ ਕੌਂਸਲ ਅਧਿਕਾਰੀ !    ਬੱਚਿਆਂ ਦੇ ਰਿਪੋਰਟ ਕਾਰਡ ਨਾ ਦੇਣ ਕਾਰਨ ਸਕੂਲ ਅੱਗੇ ਧਰਨਾ !    

ਮਾਸਟਰ ਭਾਗ ਸਿੰਘ ਨੇ ਬਣਾਇਆ ਪਿੰਡ ਨੂੰ ਸੁਭਾਗਾ

Posted On January - 9 - 2017

ਜਗਮੀਤ ਸਿੰਘ ਪੰਧੇਰ
10901CD _38814119ਉੱਨੀ ਸੌ ਛਪੰਜਾ ਵਿੱਚ ਮੈਂ ਚੌਥੀ ਜਮਾਤ ਵਿੱਚ ਪੜ੍ਹਦਾ ਸੀ। ਸਾਡੇ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਇੱਕ ਸੁਨੱਖਾ ਨੌਜਵਾਨ ਅਧਿਆਪਕ ਤਬਾਦਲਾ ਹੋ ਕੇ ਆਇਆ। ਅਸੀਂ ਸਾਰੇ ਵਿਦਿਆਰਥੀ ਇਸ ਨਵੇਂ ਅਧਿਆਪਕ ਵੱਲ ਲੁਕਵੀਆਂ ਜਿਹੀਆਂ ਝਾਤੀਆਂ ਮਾਰ ਰਹੇ ਸਾਂ। ਅਗਲੇ ਹੀ ਦਿਨ ਸਾਨੂੰ ਸਭ ਨੂੰ ਪਤਾ ਲੱਗ ਗਿਆ ਕਿ ਨਵੇਂ ਅਧਿਆਪਕ ਦਾ ਨਾਂ ਭਾਗ ਸਿੰਘ ਹੈ। ਉਹ ਸਾਡੀ ਚੌਥੀ ਜਮਾਤ ਦੇ ਇੰਚਾਰਜ ਬਣ ਗਏ। ਪਹਿਲੇ ਦਿਨ ਜਦੋਂ ਉਹ ਸਾਡੀ ਹਾਜ਼ਰੀ ਲਾਉਣ ਲੱਗੇ ਤਾਂ ਉਨ੍ਹਾਂ ਨੇ ਸਾਨੂੰ ਹਾਜ਼ਰੀ ਸਮੇਂ ਖੜ੍ਹੇ ਹੋ ਕੇ ‘ਹਾਜ਼ਰ ਜੀ’ ਬੋਲਣ ਲਈ ਆਖਿਆ। ਉਹ ਰੋਲ ਨੰਬਰ ਨਾਲ ਇਕੱਲੇ ਇਕੱਲੇ ਵਿਦਿਆਰਥੀ ਦਾ ਨਾਂ ਬੋਲ ਕੇ ਹਾਜ਼ਰੀ ਲਾਉਣ ਲੱਗੇ। ਜਿਹੜਾ ਵਿਦਿਆਰਥੀ ਖੜ੍ਹਾ ਹੋ ਕੇ ‘ਹਾਜ਼ਰ ਜੀ’ ਬੋਲਦਾ, ਮਾਸਟਰ ਜੀ ਦੀ ਨਿਗਾਹ ਝੱਟ ਉਸ ਦੇ ਚਿਹਰੇ ਵੱਲ ਉੱਠਦੀ। ਹਾਜ਼ਰੀ ਲਾਉਣ ਤੋਂ ਬਾਅਦ ਉਨ੍ਹਾਂ ਨੇ ਸਾਡੇ ਨਾਲ ਕੁਝ ਗੱਲਾਂ ਕੀਤੀਆਂ। ਹਿਸਾਬ ਦੇ ਕੁਝ ਸਵਾਲ ਪੁੱਛੇ। ਬਸ ਫਿਰ ਪੜ੍ਹਾਈ ਸ਼ੁਰੂ ਹੋ ਗਈ।
ਦਿਨ ਬੀਤਦੇ ਗਏ। ਨਵੇਂ ਮਾਸਟਰ ਜੀ ਸਾਨੂੰ ਬਹੁਤ ਚੰਗੇ ਲੱਗਣ ਲੱਗੇ। ਕੁਝ ਹੀ ਦਿਨਾਂ ਵਿੱਚ ਸਾਡੇ ਨਾਲ-ਨਾਲ ਸਾਡੇ ਮਾਪਿਆਂ ਦੇ ਨਾਂ ਵੀ ਉਨ੍ਹਾਂ ਨੂੰ ਜ਼ੁਬਾਨੀ ਯਾਦ ਹੋ ਗਏ ਸਨ। ਹਿਸਾਬ ਤੋਂ ਇਲਾਵਾ ਹੋਰ ਮਜ਼ਮੂਨਾਂ ਦੀ ਪੜ੍ਹਾਈ ਵੀ ਉਹ ਬਹੁਤ ਵਧੀਆ ਢੰਗ ਨਾਲ ਕਰਵਾਉਂਦੇ ਸਨ, ਪਰ ਹਿਸਾਬ ਵਿੱਚ ਉਨ੍ਹਾਂ ਨੂੰ ਖ਼ਾਸ ਮੁਹਾਰਤ ਸੀ। ਉਹ ਹਿਸਾਬ ਦੇ ਟੈਸਟ ਵਿੱਚ ਸਾਰੇ ਬੱਚਿਆਂ ਤੋਂ ਪੂਰੇ ਨੰਬਰਾਂ ਦੀ ਉਮੀਦ ਰੱਖਦੇ। ਜੇ ਕਿਸੇ ਵਿਦਿਆਰਥੀ ਦਾ ਇੱਕ ਵੀ ਨੰਬਰ ਘਟ ਜਾਂਦਾ ਤਾਂ ਉਨ੍ਹਾਂ ਨੂੰ ਦੁੱਖ ਹੁੰਦਾ ਅਤੇ ਉਸ ਵਿਦਿਆਰਥੀ ਨੂੰ ਸਜ਼ਾ ਵੀ ਦਿੰਦੇ।
ਹੌਲੀ ਹੌਲੀ ਮਾਸਟਰ ਭਾਗ ਸਿੰਘ ਸਕੂਲ ਵਿੱਚ ਹੀ ਨਹੀਂ ਸਗੋਂ ਸਾਰੇ ਪਿੰਡ ਵਿੱਚ ਵੀ ਹਰਮਨ ਪਿਆਰੇ ਹੁੰਦੇ ਗਏ। ਉਨ੍ਹਾਂ ਨੂੰ ਪਤਾ ਲੱਗਿਆ ਕਿ ਸਾਡੇ ਪਿੰਡ ਡਾਕਘਰ ਨਹੀਂ ਹੈ ਸਗੋਂ ਨਾਲ ਦੇ ਪਿੰਡ ਤੋਂ ਡਾਕ ਆਉਂਦੀ ਹੈ। ਉਨ੍ਹਾਂ ਨੇ ਪਿੰਡ ਦੇ ਕੁਝ ਬੰਦਿਆਂ ਨਾਲ ਗੱਲ ਕੀਤੀ ਅਤੇ ਦੱਸਿਆ ਕਿ ਆਪਾਂ ਸਾਰੇ ਮਿਲ ਕੇ ਕੋਸ਼ਿਸ਼ ਕਰੀਏ ਤਾਂ ਡਾਕਘਰ ਆਪਣੇ ਪਿੰਡ ਵਿੱਚ ਹੀ ਬਣਾਇਆ ਜਾ ਸਕਦਾ ਹੈ। ਡਾਕ ਮਹਿਕਮੇ ਤੋਂ ਸਾਰਾ ਭੇਤ ਲੈ ਕੇ ਉਨ੍ਹਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਪਿੰਡ ਦੇ ਲੋਕਾਂ ਨੂੰ ਸਮਝਾਇਆ ਕਿ ਆਪਣੇ ਪਿੰਡ ਦੀ ਡਾਕ ਦੀ ਗਿਣਤੀ ਵਧਣੀ ਚਾਹੀਦੀ ਹੈ। ਇਸ ਲਈ ਪਿੰਡ ਦੇ ਫ਼ੌਜੀਆਂ ਅਤੇ ਬਾਹਰ ਰਹਿੰਦੇ ਵਿਅਕਤੀਆਂ ਨੂੰ ਵੱਧ ਤੋਂ ਵੱਧ ਚਿੱਠੀਆਂ ਪਾਉਣ ਲਈ ਕਿਹਾ ਗਿਆ। ਮਾਸਟਰ ਭਾਗ ਸਿੰਘ ਨੇ ਕਾਫ਼ੀ ਸਾਰੇ ਪੋਸਟ ਕਾਰਡ ਇਕੱਠੇ ਹੀ ਲੈ ਆਂਦੇ। ਉਹ ਕੁਝ ਕਾਰਡ ਹਰ ਰੋਜ਼ ਬੱਚਿਆਂ ਨੂੰ ਵੰਡ ਕੇ ਉਨ੍ਹਾਂ ਤੋਂ ਲਿਖਾ ਲੈਂਦੇ ਅਤੇ ਖ਼ੁਦ ਹੀ ਉਨ੍ਹਾਂ ਦੇ ਪਤਿਆਂ ਉੱਪਰ ਵੱਖ ਵੱਖ ਥਾਵਾਂ ਤੋਂ ਪੋਸਟ ਕਰ ਦਿੰਦੇ। ਸਕੂਲ ਵਿੱਚ ਆਈ ਡਾਕ ਸਾਡੇ ਰਾਹੀਂ ਪਿੰਡ ਵਿੱਚ ਘਰੋ-ਘਰੀ ਪਹੁੰਚਾ ਦਿੰਦੇ। ਇਹ ਸਿਲਸਿਲਾ ਕਈ ਮਹੀਨੇ ਚਲਦਾ ਰਿਹਾ। ਕੁਝ ਹੀ ਸਮੇਂ ਵਿੱਚ ਡਾਕ ਵਿਭਾਗ ਦੀ ਸ਼ਰਤ ਪੂਰੀ ਹੋ ਗਈ। ਫਿਰ ਡਾਕ ਮਹਿਕਮੇ ਵੱਲੋਂ ਡਾਕ ਦਾ ਕੰਮ ਕਰਨ ਦੀ ਜ਼ਿੰਮੇਵਾਰੀ ਦਾ ਸਵਾਲ ਉੱਠਿਆ। ਉਹ ਜ਼ਿੰਮੇਵਾਰੀ ਵੀ ਮਾਸਟਰ ਭਾਗ ਸਿੰਘ ਨੇ ਆਪਣੇ ਉੱਪਰ ਲੈ ਲਈ। ਇਸ ਤਰ੍ਹਾਂ ਸਾਡੇ ਪਿੰਡ ਡਾਕਘਰ ਮਨਜ਼ੂਰ  ਹੋ ਗਿਆ।
ਸਾਰੀਆਂ ਚਿੱਠੀਆਂ, ਪਾਰਸਲਾਂ ਅਤੇ ਮਨੀਆਰਡਰਾਂ ’ਤੇ ਪਿੰਡ ਦੇ ਨਾਂ ਨਾਲ ਡਾਕਘਰ ਖ਼ਾਸ ਲਿਖਿਆ ਆਉਣ ਲੱਗਿਆ। ਆਲੇ ਦੁਆਲੇ ਦੇ ਪਿੰਡਾਂ ਦੀ ਡਾਕ ਵੀ ਸਾਡੇ ਪਿੰਡ ਰਾਹੀਂ ਆਉਣ ਲੱਗੀ ਜਿਸ ਨੂੰ ਵੰਡਣ ਦੀ ਜ਼ਿੰਮੇਵਾਰੀ ਵੀ ਉਹ ਖ਼ੁਦ ਹੀ ਨਿਭਾਉਂਦੇ ਰਹੇ। ਮਾਸਟਰ ਭਾਗ ਸਿੰਘ ਨੇ ਪੜ੍ਹਾਉਣ ਦੇ ਨਾਲ ਨਾਲ ਡਾਕ ਦੇ ਕੰਮ ਨੂੰ ਵੀ ਪੂਰੀ ਤਨਦੇਹੀ ਨਾਲ ਨਿਭਾਇਆ। ਇੱਥੋਂ ਤਕ ਕਿ ਛੁੱਟੀਆਂ ਵਿੱਚ ਵੀ ਡਾਕ ਦਾ ਕੰਮ ਕਰਨ ਸਾਡੇ ਪਿੰਡ ਆਉਂਦੇ ਰਹੇ। ਕਿਸੇ ਮਜਬੂਰੀ ਕਾਰਨ ਨਾ ਆ ਸਕਣ ਦੀ ਹਾਲਤ ਵਿੱਚ ਉਹ ਸਾਡੇ ਪਿੰਡ ਦੇ ਇੱਕ ਬਜ਼ੁਰਗ ਅਧਿਆਪਕ ਚਤਰ ਸਿੰਘ ਦੀ ਸਹਾਇਤਾ ਲੈਣ ਲੱਗੇ। ਸਾਡੇ ਪਿੰਡ ਵਿੱਚ ਹੀ ਨਹੀਂ ਸਗੋਂ ਆਲੇ-ਦੁਆਲੇ ਦੇ ਪਿੰਡਾਂ ਵਿੱਚ ਵੀ ਉਨ੍ਹਾਂ ਦੇ ਇਸ ਨੇਕ ਕੰਮ ਦੀ ਬਹੁਤ ਚਰਚਾ ਹੋਈ। ਉਦੋਂ ਦਾ ਪੱਕਾ ਹੋਇਆ ਡਾਕਘਰ ਅੱਜ ਵੀ ਬੜੀ ਸ਼ਾਨ ਨਾਲ ਚੱਲ ਰਿਹਾ ਹੈ।
ਸੰਪਰਕ: 98783-37222


Comments Off on ਮਾਸਟਰ ਭਾਗ ਸਿੰਘ ਨੇ ਬਣਾਇਆ ਪਿੰਡ ਨੂੰ ਸੁਭਾਗਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.