ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਮਾੜੇ ਪ੍ਰਬੰਧਾਂ ਦਾ ਆਮ ਜਨਤਾ ਉਪਰ ਪ੍ਰਭਾਵ

Posted On January - 9 - 2017

ਪ੍ਰੋ. ਵਿਨੋਦ ਗਰਗ
Bansal visits stampede siteਪ੍ਰਬੰਧਨ ਦਾ ਮਤਲਬ ਕੰਮਾਂ ਨੂੰ ਸਹੀ ਢੰਗ ਨਾਲ ਕਰਨਾ ਅਤੇ ਪ੍ਰਧਾਨਗੀ ਕਰਨਾ ਮਤਲਬ ਸਹੀ ਕੰਮ ਕਰਨਾ ਹੈ। ਅਜੋਕੇ ਦੌਰ ਵਿੱਚ ਮਨੁੱਖ ਸਹੀ ਕੰਮ ਜਾਂ ਤਾਂ ਕਰ ਹੀ ਨਹੀਂ ਰਿਹਾ, ਪਰ ਕੋਈ ਕਰਦਾ ਵੀ ਹੈ ਤਾਂ ਪ੍ਰਬੰਧਨ ਮਾੜਾ ਹੋਣ ਕਰਕੇ ਆਮ ਜਨਤਾ ਨੂੰ ਖ਼ਾਮਿਆਜ਼ਾ ਭੁਗਤਣਾ ਪੈਂਦਾ ਹੈ। ਅੱਜ ਦਾ ਸਮਾਜ ਇੰਨਾ ਗੰਧਲਾ ਹੋ ਚੁੱਕਿਆ ਹੈ ਕਿ ਰਾਜਨੀਤੀ ਦੇ ਮਾੜੇ ਕੰਮਾਂ ਅਤੇ ਨੇਤਾਵਾਂ ਦੇ ਮਾੜੇ ਪ੍ਰਬੰਧਾਂ ਕਰਕੇ ਵਿੱਦਿਅਕ ਅਦਾਰਿਆਂ, ਹਸਪਤਾਲਾਂ, ਸਰਕਾਰੀ ਵਿਭਾਗਾਂ ਦਾ ਬੇੜਾ ਗਰਕ ਹੋਣ ਵਿੱਚ ਕੋਈ ਕਸਰ ਬਾਕੀ ਨਹੀਂ ਰਹੀ।
ਮਾੜੇ ਪ੍ਰਬੰਧਨ ਕਾਰਨ ਹਰ ਪਾਸੇ ਖਾਨਾਪੂਰਤੀ  ਸ਼ਬਦ ਦੀ ਭੂਮਿਕਾ ਬਹੁਤ ਵਧ ਗਈ ਹੈ। ਰਿਸ਼ਵਤ ਦੇ ਕੇ ਹਰ ਗ਼ਲਤ ਕੰਮ ਨੂੰ ਸਹੀ ਅਤੇ ਸਹੀ ਕੰਮ ਨੂੰ ਗ਼ਲਤ ਠਹਿਰਾਇਆ ਜਾ ਸਕਦਾ ਹੈ। ਗਣਤੰਤਰ ਦਿਵਸ, ਵਾਤਾਵਰਨ ਦਿਵਸ, ਆਜ਼ਾਦੀ ਦਿਵਸ, ਮਹਿਲਾ ਦਿਵਸ ਜਿਹੇ ਦਿਵਸ ਮਨਾਏ ਜਾਂਦੇ ਹਨ, ਪਰ ਇਹ ਸਾਰੇ ਦਿਵਸ ਖਾਨਾਪੂਰਤੀ ਦੀ ਭੇਂਟ ਚੜ੍ਹ ਕੇ ਸਿਰਫ਼ ਭਾਸ਼ਣਾਂ ਤਕ ਹੀ ਸੀਮਿਤ ਰਹਿ ਜਾਂਦੇ ਹਨ।
ਆਮ ਜਨਤਾ ਨੂੰ ਕਦੇ ਵੋਟਰ ਕਾਰਡ, ਕਦੇ ਆਧਾਰ ਕਾਰਡ, ਕਦੇ ਰਾਸ਼ਨ ਕਾਰਡ, ਕਦੇ ਪੈਨ ਕਾਰਡ, ਕਦੇ ਨੀਲੇ-ਪੀਲੇ ਕਾਰਡਾਂ ਲਈ ਲਾਈਨਾਂ ਵਿੱਚ ਲਾ ਕੇ ਰੱਖਣ ਦਾ ਮੌਕਾ ਲੱਭ ਕੇ ਸਿਆਸਤਦਾਨ ਆਪਣੀ ਕਾਲੀ ਕਮਾਈ ਦਾ ਪ੍ਰਬੰਧ ਕਰ ਲੈਂਦੇ ਹਨ ਅਤੇ ਜਨਤਾ ਨੂੰ ਧੱਕੇ ਖਾਣ ਦੀ ਆਦਤ ਪਾਉਣ ਵਿੱਚ ਸਫਲ ਹੋ ਜਾਂਦੇ ਹਨ। ਮਾੜੇ ਪ੍ਰਬੰਧਨ ਕਾਰਨ ਨਾ ਤਾਂ ਭਾਰਤ ਸਵੱਛ ਹੋਇਆ ਅਤੇ ਨਾ ਹੀ ਚਿੱਟੇ ਲਿਬਾਸਾਂ ਵਿੱਚ ਕਾਲੇ ਕਾਰਨਾਮੇ ਕਰਨ ਵਾਲਿਆਂ ਦਾ ਕਾਲਾ ਧਨ ਬਾਹਰ ਆਇਆ, ਪਰ ਬੱਚਿਆਂ ਦੀ ਪੜ੍ਹਾਈ, ਵਿਆਹ ਆਦਿ ਜਾਂ ਰਹਿਣ ਲਈ ਆਸ਼ਿਆਨਾ ਖ਼ਰੀਦਣ ਦੇ ਸੁਪਨੇ ਸੰਜੋਈ ਬੈਠੇ ਉਨ੍ਹਾਂ ਲੋਕਾਂ ਦੀਆਂ ਉਮੀਦਾਂ ਖੇਰੂੰ ਖੇਰੂੰ ਹੋ ਗਈਆਂ ਜਿਨ੍ਹਾਂ ਨੇ ਪਤਾ ਨਹੀਂ ਕੀ ਕੀ ਪਾਪੜ ਵੇਲ ਕੇ ਚਾਰ ਛਿੱਲੜ ਜੋੜੇ ਸਨ। ਬਿਨਾਂ ਸਮਝ ਅਤੇ ਉਚੇਚੇ ਪ੍ਰਬੰਧ ਤੋਂ ਲਏ ਗਏ ਨੋਟਬੰਦੀ ਦੇ ਫ਼ੈਸਲੇ ਕਾਰਨ ਧੀਆਂ-ਪੁੱਤਾਂ ਦਾ ਵਿਆਹ ਰੱਖੀ ਬੈਠੇ ਆਮ ਲੋਕਾਂ ਵਿੱਚੋਂ ਕੁਝ ਨੂੰ ਜਾਨ ਤੋਂ ਵੀ ਹੱਥ ਧੋਣੇ ਪੈ ਗਏ, ਪਰ ਨੇਤਾਵਾਂ ਦੇ ਬੱਚਿਆਂ ਦੇ ਵਿਆਹਾਂ ਉਪਰ ਨੋਟਬੰਦੀ ਦਾ ਕੋਈ ਅਸਰ ਨਹੀਂ ਹੋਇਆ।
ਆਈਆਈਟੀ, ਆਈਆਈਐੱਮ ਜਾਂ ਮੈਡੀਕਲ ਕਾਲਜਾਂ ਵਿੱਚ ਦਾਖਲਾ ਲੈਣਾ ਜਨਰਲ ਕੈਟਾਗਰੀ ਨਾਲ ਸਬੰਧਿਤ ਆਮ ਵਿਦਿਆਰਥੀਆਂ ਲਈ ਸੁਪਨਾ ਬਣ ਕੇ ਰਹਿ ਗਿਆ ਹੈ ਕਿਉਂਕਿ ਵੋਟ ਬੈਂਕ ਨੂੰ ਸੁਰੱਖਿਅਤ  ਰੱਖਣ ਲਈ ਆਰਥਿਕਤਾ ਦੇ ਆਧਾਰ ’ਤੇ ਰਾਖਵਾਂਕਰਨ ਦੇਣ ਦੀ ਬਜਾਇ ਜਾਤੀਵਾਦ ਦੇ ਆਧਾਰ ’ਤੇ ਰਾਖਵਾਂਕਰਨ ਦਾ ਫ਼ਾਇਦਾ ਦਿੱਤਾ ਜਾ ਰਿਹਾ ਹੈ। ਰਾਖਵਾਂਕਰਨ ਦਾ ਫ਼ਾਇਦਾ ਵੀ ਰਸੂਖ ਵਾਲਿਆਂ ਨੂੰ ਜ਼ਿਆਦਾ ਮਿਲ ਰਿਹਾ ਹੈ। ਇਹ ਸਭ ਸਰਕਾਰਾਂ ਦੇ ਮਾੜੇ ਪ੍ਰਬੰਧਾਂ ਦਾ ਨਤੀਜਾ ਹੈ। ਅੱਜ ਹਾਲਾਤ ਇਹ ਹਨ ਕਿ ਜਿਨ੍ਹਾਂ ਨੂੰ ਸਭ ਕੁਝ ਮੁਆਫ਼ ਹੈ ਉਹ ਪੜ੍ਹਦੇ ਨਹੀਂ, ਜਿਨ੍ਹਾਂ ਦੀ ਪੜ੍ਹਨ ਦੀ ਲਾਲਸਾ ਹੈ ਉਨ੍ਹਾਂ ਕੋਲ ਫੀਸਾਂ ਭਰਨ ਲਈ ਪੈਸਾ ਨਹੀਂ। ਮੈਰਿਟ ਦੀ ਪ੍ਰਕਿਰਿਆ ਨੂੰ ਕੁਚਲ ਦਿੱਤਾ ਗਿਆ ਹੈ। ਕਾਲਜ ਵਿੱਦਿਆ ਦਾ ਮੰਦਿਰ ਨਹੀਂ ਰਹੇ। ਕਾਲਜਾਂ ਸਕੂਲਾਂ ਵਿੱਚ ਬਣਨ ਵਾਲੀਆਂ ਰਾਜਨੀਤਕ ਵਿਦਿਆਰਥੀ ਯੂਨੀਅਨਾਂ ਵੀ ਮਾੜੇ ਪ੍ਰਬੰਧਨ ਕਾਰਨ ਵਿੱਦਿਆ ਨੂੰ ਬਚਾਉਣ ਦਾ ਕੋਈ ਉਪਰਾਲਾ ਕਰਨ ਦੀ ਬਜਾਇ ਰਸਤਾ ਭਟਕ ਗਈਆਂ ਹਨ।
ਸਰਕਾਰਾਂ ਦੁਆਰਾ ਵੋਟਾਂ ਲਈ ਵਰਤਿਆ ਜਾਣ ਵਾਲਾ ਜ਼ਾਤ ਆਧਾਰਿਤ ਰਾਖਵਾਂਕਰਨ ਵੀ ਮਾੜੇ ਪ੍ਰਬੰਧਨ ਦਾ ਸ਼ਿਕਾਰ ਹੈ।  ਇਸ ਮਾੜੇ ਪ੍ਰਬੰਧ ਕਰਕੇ 80 ਤੋਂ 100 ਫ਼ੀਸਦੀ ਨੰਬਰਾਂ ਨਾਲ ਪਾਸ ਜਨਰਲ ਵਿਦਿਆਰਥੀ ਮੋਟੀਆਂ ਫੀਸਾਂ ਦੇਣ ਦੇ ਬਾਵਜੂਦ ਸਰਕਾਰੀ ਨੌਕਰੀਆਂ ਲੈਣ ਤੋਂ ਅਸਮਰੱਥ ਹਨ ਜਦੋਂਕਿ ਰਾਖਵਾਂਕਰਨ ਪ੍ਰਾਪਤ ਪਰਿਵਾਰਾਂ ਵਿੱਚ ਛੇ-ਛੇ ਮੈਂਬਰ ਸਰਕਾਰੀ ਨੌਕਰੀ ’ਤੇ ਕਾਬਜ਼ ਹਨ।
ਚੋਣਾਂ ਰਾਹੀਂ ਲੀਡਰ ਚੁਣ ਕੇ ਬਣਾਈ ਸਰਕਾਰ ਨੇ ਸੂਬਾ ਚਲਾਉਣਾ ਹੁੰਦਾ ਹੈ। ਇਹ ਅਮਲ ਵੀ ਮਾੜੇ ਪ੍ਰਬੰਧਾਂ ਦਾ ਸ਼ਿਕਾਰ ਹੈ। ਚੋਣਾਂ ਵੇਲੇ ਲੀਡਰਾਂ ਵੱਲੋਂ ਵੰਡੇ ਜਾਣ ਵਾਲੇ ਆਟਾ, ਦਾਲ, ਚਾਵਲ ਆਦਿ ਉਪਰ ਕਾਨੂੰਨੀ ਰੋਕ ਲੱਗਣੀ ਚਾਹੀਦੀ ਹੈ ਅਤੇ ਲੋਕਾਂ ਨੂੰ ਆਟਾ, ਦਾਲ, ਚਾਵਲ ਖ਼ਰੀਦਣ ਦੇ ਯੋਗ ਬਣਾਉਣਾ ਚਾਹੀਦਾ ਹੈ। ਸਰਕਾਰ ਵਿੱਚ ਸਿੱਖਿਆ ਮੰਤਰੀ ਕਾਲਜ ਜਾਂ ਯੂਨੀਵਰਸਿਟੀ ਦੇ ਪ੍ਰੋਫ਼ੈਸਰਾਂ ਵਿੱਚੋਂ, ਸਿਹਤ ਮੰਤਰੀ ਡੀ.ਐੱਮ ਡਾਕਟਰਾਂ ਵਿੱਚੋਂ, ਸੁਰੱਖਿਆ ਮੰਤਰੀ ਸੈਨਾਵਾਂ ਦੇ ਸੇਵਾਮੁਕਤ ਅਧਿਕਾਰੀਆਂ ਵਿੱਚੋਂ ਚੁਣੇ ਜਾਣੇ ਚਾਹੀਦੇ ਹਨ। ਪਾਰਟੀਆਂ ਵੱਲੋਂ ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਅਦਾਲਤ ਵਿੱਚ ਪ੍ਰਮਾਣਿਤ ਹੋਣੇ ਚਾਹੀਦੇ ਹਨ ਅਤੇ ਹਰ ਵਾਅਦੇ ਦੀ ਸਮਾਂ ਸੀਮਾ ਤੈਅ ਹੋਣੀ ਚਾਹੀਦੀ ਹੈ। ਵਾਅਦਾ ਪੂਰਾ ਨਾ ਕਰਨ ਦੀ ਸੂਰਤ ਵਿੱਚ ਨੇਤਾ ਨੂੰ ਕਾਨੂੰਨੀ ਤੌਰ ’ਤੇ ਅਹੁਦੇ ਤੋਂ ਹਟਾ ਕੇ ਦੁਬਾਰਾ ਚੋਣ ਕਰਵਾਉਣੀ ਚਾਹੀਦੀ ਹੈ। ਲੀਡਰਾਂ ਵੱਲੋਂ ਕੀਤੇ ਜਾਣ ਵਾਲੇ ਵਾਅਦੇ ਸਮਾਜ ਨੂੰ ਬਰਬਾਦੀ ਦੇ ਰਾਹ ਲਿਜਾਣ ਵਾਲੇ ਨਹੀਂ ਹੋਣੇ ਚਾਹੀਦੇ। ਦਰਅਸਲ, ਤਰਕਹੀਣ ਵਾਅਦੇ ਕਰਕੇ ਲੋਕਾਂ ਦੀ ਸੋਚ ਨੂੰ ਪਛਾੜਿਆ ਜਾ ਰਿਹਾ ਹੈ ਅਤੇ ਸਕੂਲਾਂ, ਕਾਲਜਾਂ ਵਿੱਚੋਂ ਪੜ੍ਹਾਈ ਨੂੰ ਖ਼ਤਮ ਕੀਤਾ ਜਾ ਰਿਹਾ ਹੈ।
ਪੁਲੀਸ ਦੀ ਗੱਲ ਕਰੀਏ ਤਾਂ ਇਹ ਵੀ ਮਾੜੇ ਪ੍ਰਬੰਧਨ ਦੀ ਵੱਡੀ ਉਦਾਹਰਣ ਹੈ। ਪਾਸਪੋਰਟ ਦੀ ਵੈਰੀਫਿਕੇਸ਼ਨ ਕਰਵਾਉਣ, ਸ਼ਿਕਾਇਤ ਦਰਜ ਕਰਾਉਣ, ਨਾਕੇ ਤੋਂ ਬਿਨਾਂ ਬਿਲ ਦਾ ਮਾਲ ਪਾਰ ਕਰਵਾਉਣ ਅਤੇ ਨਾਕੇ ’ਤੇ ਚਲਾਨ ਤੋਂ ਬਚਣ ਲਈ ਰਿਸ਼ਵਤ ਦਾ ਬੋਲਬਾਲਾ ਹੈ। ਪੁਲੀਸ ਦਾ ਮਕਸਦ ਅਪਰਾਧ ਖ਼ਤਮ ਕਰਨਾ ਹੋਵੇ ਤਾਂ ਜੇਲ੍ਹਾਂ ’ਚੋਂ ਅਪਰਾਧੀ ਭੱਜਣਾ ਤਾਂ ਦੂਰ ਕੋਈ ਧਾਰਮਿਕ ਸਥਾਨਾਂ ’ਚੋਂ ਕਿਸੇ ਦੀ ਚੱਪਲ ਚੁੱਕਣ ਦੀ ਹਿੰਮਤ ਵੀ ਨਹੀਂ ਕਰ ਸਕਦਾ।
ਮੀਡੀਆ ਵੀ ਮਾੜੇ ਪ੍ਰਬੰਧਨ ਤੋਂ ਨਹੀਂ ਬਚਿਆ। ਨਿਰਆਧਾਰ ਖ਼ਬਰਾਂ ਲਗਾਉਣਾ ਅਖ਼ਬਾਰਾਂ ਦਾ ਅਟੁੱਟ ਅੰਗ ਬਣ ਚੁੱਕਿਆ ਹੈ। ਕੁਝ ਲੋਕਾਂ ਦੀ ਮਸ਼ਹੂਰੀ ਲਈ ਬਹੁਤ ਹੀ ਹਾਸੋਹੀਣੀਆਂ ਖ਼ਬਰਾਂ ਲਗਾਈਆਂ ਜਾਂਦੀਆਂ ਹਨ। ਟੀਵੀ ਚੈਨਲ ਖ਼ਬਰਾਂ ਨੂੰ ਤੋੜ-ਮਰੋੜ ਕੇ ਆਮ ਜਨਤਾ ਦਾ ਮਾਨਸਿਕ ਸ਼ੋਸ਼ਣ ਕਰਦੇ ਹਨ। ਸੈਂਸਰ ਬੋਰਡ ਵੀ ਮਾੜੇ ਪ੍ਰਬੰਧਨ ਕਾਰਨ ਅੱਜ ਸ਼ਰਮਸਾਰ ਕਰਨ ਵਾਲੀਆਂ ਫ਼ਿਲਮਾਂ ਦਰਸ਼ਕਾਂ ਨੂੰ ਪਰੋਸ ਰਿਹਾ ਹੈ। ਮੀਡੀਆ ਨੂੰ ਸੱਚ ਦੇ ਰਾਹ ’ਤੇ ਚੱਲ ਕੇ ਸਮਾਜ ਨੂੰ ਸਹੀ ਸੇਧ ਦੇਣੀ ਚਾਹੀਦੀ ਹੈ।
ਸਾਡਾ ਸਮਾਜਿਕ ਢਾਂਚਾ ਅਤੇ ਪ੍ਰਬੰਧਨ ਮਾੜੀ ਸੋਚ ਦਾ ਧਾਰਨੀ ਹੋ ਚੁੱਕਾ ਹੈ ਜਿਸ ਦੀ ਜੜ੍ਹ ਮਾੜੀ ਸੋਚ ਵਾਲੀ ਰਾਜਨੀਤੀ ਅਤੇ ਮਾੜੀ ਵਿੱਦਿਅਕ ਪ੍ਰਣਾਲੀ ਹੈ।
ਸੰਪਰਕ: 98763-71788


Comments Off on ਮਾੜੇ ਪ੍ਰਬੰਧਾਂ ਦਾ ਆਮ ਜਨਤਾ ਉਪਰ ਪ੍ਰਭਾਵ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.