ਪੰਥ ਵਿਰੋਧੀ ਤਾਕਤਾਂ ਨੇ ਘਟਾਈ ਦਿੱਲੀ ਗੁਰਦੁਆਰਾ ਚੋਣਾਂ ਦੀ ਵੋਟ ਫ਼ੀਸਦ: ਮਾਨ !    ਪਾਵਰਕੌਮ ਵੱਲੋਂ ਕੱਟਿਆ ਟੈਂਕੀ ਦਾ ਕੁਨੈਕਸ਼ਨ ਪਿੰਡ ਵਾਸੀਆਂ ਨੇ ਜੋੜਿਆ !    ਟਰੰਪ ਭਲਕੇ ਕਰੇਗਾ ਨਵੇਂ ਆਵਾਸ ਹੁਕਮ ’ਤੇ ਹਸਤਾਖ਼ਰ !    ਬਸਪਾ ’ਚ ਸ਼ਾਮਲ ਹੋਣ ਵਾਲਾ ਯੂਪੀ ਦਾ ਮੰਤਰੀ ਬਰਤਰਫ਼ !    ਪੰਜਾਬ ਵਿੱਚ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਅੱਜ ਤੋਂ !    ਗੁਰਮਿਹਰ ਦੇ ਹੱਕ ਵਿੱਚ ਸਮਾਜਿਕ ਸ਼ਖ਼ਸੀਅਤਾਂ ਦੀ ਬਣਨ ਲੱਗੀ ਲਹਿਰ !    ਮਹਿੰਦੀ ਭਰਾਵਾਂ ਖ਼ਿਲਾਫ਼ ਕੇਸ ’ਚ ਗਵਾਹਾਂ ਦੇ ਬਿਆਨ ਦਰਜ !    ਰੁਲਦਾ ਸਿੰਘ ਕਤਲ ਕੇਸ ’ਚ ਗੋਲਡੀ ਨੇ ਪੇਸ਼ੀ ਭੁਗਤੀ !    ਪੜ੍ਹਾਈ ਦੇ ਨਾਲ ਵਿਦਿਆਰਥੀਆਂ ਲਈ ਅਕਾਦਮਿਕ ਸਰਗਰਮੀਆਂ ਵੀ ਜ਼ਰੂਰੀ: ਉੱਭਾ !    ਧਰਮ, ਸਿਆਸਤ ਤੇ ਸੁਆਰਥ !    

ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ

Posted On January - 11 - 2017

ਗੁਰਦੀਪ ਸਿੰਘ ਢੁੱਡੀ

ਪਿਛਲੇ ਸਮੇਂ ਵਿੱਚ ਸਿਰਫ਼ ਸਿਵਲ ਸੇਵਾਵਾਂ ਪ੍ਰੀਖਿਆਵਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦਾ ਨਾਮ ਦਿੱਤਾ ਜਾਂਦਾ ਸੀ। ਇਨ੍ਹਾਂ ਪ੍ਰੀਖਿਆਵਾਂ ਨੂੰ ਪਾਸ ਕਰਕੇ ਹੀ ਆਈਏਐੱਸ, ਪੀਸੀਐੱਸ ਤੇ ਇਨ੍ਹਾਂ ਦੀਆਂ ਅਲਾਈਡ ਸੇਵਾਵਾਂ ਆਦਿ ਪ੍ਰਾਪਤ ਕੀਤੀਆਂ ਜਾ ਸਕਦੀਆਂ ਸਨ। ਬਾਕੀ ਅਸਾਮੀਆਂ ਲਈ ਮੁਢਲੀ ਯੋਗਤਾ ਪ੍ਰਾਪਤ ਵਿਅਕਤੀ ਵਿਦਿਅਕ ਸਰਟੀਫ਼ਿਕੇਟਾਂ ਦੇ ਆਧਾਰ ਉਤੇ ਨੌਕਰੀ ਲਈ ਯੋਗ ਹੁੰਦੇ ਸਨ। ਜੇ ਕਿਧਰੇ ਨੌਬਤ ਆਉਂਦੀ ਸੀ ਤਾਂ ਮੁਢਲੀ ਯੋਗਤਾ ਵਾਲੀਆਂ ਜਮਾਤਾਂ ਵਿੱਚ ਪ੍ਰਾਪਤ ਅੰਕਾਂ ਦੀ ਮੈਰਿਟ ਬਣਾ ਲਈ ਜਾਂਦੀ ਸੀ ਅਤੇ ਇਸੇ ਆਧਾਰ ’ਤੇ ਚੋਣ ਕਰ ਲਈ ਜਾਂਦੀ ਸੀ। ਇਸ ਤੋਂ ਬਾਅਦ ਕਈ ਵਾਰ ਉਚੇਰੀ ਯੋਗਤਾ ਅਤੇ ਜਾਂ ਫਿਰ ਤਜਰਬੇ ਦੇ ਅੰਕ ਜੋੜ ਲਏ ਜਾਂਦੇ ਸਨ। ਕਿਤੇ ਕਿਤੇ ਮੌਖਿਕ ਇੰਟਰਵਿਊ ਲੈ ਕੇ ਇਸ ਦੇ ਅੰਕ ਜੋੜ ਕੇ ਮੈਰਿਟ ਤਿਆਰ ਕਰ ਕੇ ਚੋਣ ਕੀਤੀ ਜਾਂਦੀ ਸੀ। ਅੱਜ ਦੇ ਸਮੇਂ ਵਿੱਚ ਪੜ੍ਹਿਆਂ-ਲਿਖਿਆਂ ਦੇ ਮੁਕਾਬਲੇ ਸਰਕਾਰੀ ਨੌਕਰੀਆਂ ਘਟ ਗਈਆਂ ਹਨ। ਪ੍ਰਾਈਵੇਟ ਸੰਸਥਾਵਾਂ ਵਿੱਚ ਪੈਕੇਜ ਆਧਾਰ ਉਤੇ ਨੌਕਰੀਆਂ ਦਿੱਤੀਆਂ ਜਾਂਦੀਆਂ ਹਨ। ਪ੍ਰਾਈਵੇਟ ਸੰਸਥਾਵਾਂ ਗੁਣਵੱਤਾ ਵੱਲ ਵਿਸ਼ੇਸ਼ ਤਵੱਜੋਂ ਦਿੰਦੀਆਂ ਹਨ। ਇਸ ਕਰਕੇ ਜਿੱਥੇ ਉਮੀਦਵਾਰ ਦੀ ਵਿਦਿਅਕ ਯੋਗਤਾ ਦਾ ਮੁਲਾਂਕਣ ਕੀਤਾ ਜਾਂਦਾ ਹੈ, ਉੱਥੇ ਹੀ ਇੰਟਰਵਿਊ ਨਾਲ ਵਿਅਕਤੀਤਵ ਦੀ ਪਛਾਣ ਕੀਤੀ ਜਾਂਦੀ ਹੈ। ਬਹੁਤ ਸਾਰੀਆਂ ਕੰਪਨੀਆਂ ਵਿਦਿਅਕ ਅਦਾਰਿਆਂ ਵਿੱਚ ਜਾ ਕੇ ਉਮੀਦਵਾਰਾਂ ਦੀ ਚੋਣ ਕਰਦੀਆਂ ਹਨ। ਇਸ ਤਰ੍ਹਾਂ ਮੁਕਾਬਲਾ ਸਖ਼ਤ ਹੋ ਗਿਆ ਹੈ। ਪਹਿਲਾਂ ਕਾਲਜ ਕੇਡਰ ਵਿੱਚ ਅਧਿਆਪਕ (ਲੈਕਚਰਾਰ) ਭਰਤੀ ਕਰਨ ਲਈ ਯੂਨੀਵਰਸਿਟੀਆਂ ਨੇ ਮੁਕਾਬਲੇ ਦੀ ਪ੍ਰੀਖਿਆ (ਯੂਜੀਸੀ ਨੈੱਟ) ਲੈਣੀ ਸ਼ੁਰੂ ਕੀਤੀ। ਇਸ ਤੋਂ ਅੱਗੇ ਸਕੂਲਾਂ ਵਿੱਚ ਅਧਿਆਪਕ ਭਰਤੀ ਕਰਨ ਲਈ ਸਕੂਲ ਸਿੱਖਿਆ ਵਿਭਾਗ ਨੇ ਅਧਿਆਪਕ ਯੋਗਤਾ ਪ੍ਰੀਖਿਆ (ਟੈੱਟ) ਸ਼ੁਰੂ ਕਰ ਦਿੱਤੀ। ਹੁਣ ਐਮ.ਏ, ਐਮ.ਫਿੱਲ., ਬੀ.ਐੱਡ., ਐਮ.ਐੱਡ. ਆਦਿ ਦਾ ਉਦੋਂ ਤੱਕ ਮੁੱਲ ਨਹੀਂ ਪੈਂਦਾ, ਜਦੋਂ ਤੱਕ ਨੈੱਟ ਜਾਂ ਟੈੱਟ ਦੀ ਪ੍ਰੀਖਿਆ ਪਾਸ ਨਹੀਂ ਕੀਤੀ ਜਾਂਦੀ। ਇਹ ਸਖ਼ਤ ਪ੍ਰੀਖਿਆਵਾਂ ਪਾਸ ਕਰਨ ਤੋਂ ਬਾਅਦ ਹੀ ਵੱਡੀਆਂ ਅਕਾਦਮਿਕ ਡਿਗਰੀਆਂ ਵਾਲੇ ਉਮੀਦਵਾਰ ਕਾਲਜ ਜਾਂ ਸਕੂਲਾਂ ਵਿੱਚ ਅਧਿਆਪਕ ਲੱਗਣ ਦੇ ਯੋਗ ਬਣਦੇ ਹਨ। ਬਾਰ੍ਹਵੀਂ ਤੋਂ ਅੱਗੇ ਮੈਡੀਕਲ, ਇੰਜਨੀਅਰਿੰਗ, ਖੇਤੀਬਾੜੀ, ਕਾਨੂੰਨ ਜਾਂ ਹੋਰ ਪੇਸ਼ਾਵਰ ਕੋਰਸਾਂ ਲਈ ਕਾਲਜਾਂ ਵਿੱਚ ਵੀ ਦਾਖ਼ਲਾ ਪ੍ਰੀਖਿਆ ਲਈ ਜਾਂਦੀ ਹੈ।
ਅੰਕੜਿਆਂ ਅਨੁਸਾਰ 90 ਫ਼ੀਸਦੀ ਤੋਂ ਵੀ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਮੈਡੀਕਲ ਅਤੇ ਇੰਜਨੀਅਰਿੰਗ ਕਾਲਜਾਂ ਵਿੱਚ ਦਾਖ਼ਲੇ ਵਾਸਤੇ ਪ੍ਰਵੇਸ਼ ਪ੍ਰੀਖਿਆ ਵਿੱਚ 50 ਫ਼ੀਸਦੀ ਅੰਕ ਵੀ ਹਾਸਲ ਨਹੀਂ ਕਰ ਸਕਦੇ। ਬੀ.ਐੱਡ, ਐਮ.ਐੱਡ. ਐਮ.ਫਿੱਲ. ਪ੍ਰਾਪਤ ਡਿਗਰੀਆਂ ਵਾਲੇ ਜੇਕਰ ਸਕੂਲਾਂ ਜਾਂ ਕਾਲਜਾਂ ਵਿੱਚ ਅਧਿਆਪਕ ਲੱਗਣ ਵਾਲੀ ਦਾਖ਼ਲਾ ਪ੍ਰੀਖਿਆ ਪਾਸ ਨਹੀਂ ਕਰ ਸਕਦੇ ਜਾਂ ਫਿਰ ਬਾਰ੍ਹਵੀਂ ਜਮਾਤ ਵਿੱਚ 90 ਫ਼ੀਸਦੀ ਤੋਂ ਵੀ ਵੱਧ ਅੰਕ ਹਾਸਲ ਕਰਨ ਵਾਲੇ ਮੈਡੀਕਲ ਜਾਂ ਇੰਜਨੀਅਰਿੰਗ ਕਾਲਜਾਂ ਵਿੱਚ ਦਾਖ਼ਲੇ ਦੀ ਪ੍ਰੀਖਿਆ ਵਿੱਚ 50 ਫ਼ੀਸਦੀ ਅੰਕ ਹਾਸਲ ਨਹੀਂ ਕਰ ਸਕਦੇ ਤਾਂ ਇਹ ਗੱਲ ਉਭਰਦੀ ਹੈ ਕਿ ਵਿਦਿਆਰਥੀ ਪਾਠਕ੍ਰਮ ਦੀਆਂ ਬਾਰੀਕੀਆਂ ਤੋਂ ਪੂਰੀ ਤਰ੍ਹਾਂ ਜਾਣੂੰ ਨਹੀਂ ਹਨ। ਹੁਣ ਤਾਂ ਦਫ਼ਤਰਾਂ ਵਿੱਚ ਕਲਰਕ, ਪੰਚਾਇਤ ਸਕੱਤਰ ਤੇ ਪਟਵਾਰੀ ਆਦਿ ਦੀ ਨੌਕਰੀ ਹਾਸਲ ਕਰਨ ਲਈ ਵੀ ਮੁਕਾਬਲੇ ਦੀ ਪ੍ਰੀਖਿਆ ਦੇ ਇਮਤਿਹਾਨ ਵਿੱਚੋਂ ਲੰਘਣਾ ਜ਼ਰੂਰੀ ਹੋ ਗਿਆ ਹੈ। ਗਰੈਜੂਏਸ਼ਨ ਅਤੇ ਪੋਸਟ ਗਰੈਜੂਏਸ਼ਨ ਵਿੱਚ ਪ੍ਰਾਪਤ ਅੰਕ ਸਿਰਫ਼ ਮੁਢਲੀ ਯੋਗਤਾ ਹੀ ਨਿਰਧਾਰਿਤ ਕਰਦੇ ਹਨੇ ਇਸ ਤੋਂ ਅੱਗੇ ਉਮੀਦਵਾਰ ਦੁਆਰਾ ਮੁਕਾਬਲੇ ਦੀ ਪ੍ਰੀਖਿਆ ਵਿੱਚ ਪ੍ਰਾਪਤ ਅੰਕ ਹੀ ਨੌਕਰੀ ਲਈ ਮੈਰਿਟ ਦਾ ਆਧਾਰ ਬਣਦੇ ਹਨ। ਇਸ ਲਈ ਜ਼ਰੂਰੀ ਹੈ ਕਿ ਸਕੂਲ ਪੱਧਰ ਤੋਂ ਹੀ ਵਿਦਿਆਰਥੀਆਂ ਨੂੰ ਮੁਕਾਬਲੇ ਦੀ ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰਵਾ ਦਿੱਤੀ ਜਾਵੇ।
ਅਜੋਕੀ ਵਿਦਿਅਕ ਪ੍ਰਣਾਲੀ ਵਿੱਚ ਵੀ ਸੁਧਾਰ ਦੀ ਲੋੜ ਹੈ। ਪ੍ਰਾਈਵੇਟ ਸਕੂਲਾਂ ਵਿੱਚ ਰੱਟੇ ਉਤੇ ਜ਼ੋਰ ਦਿੱਤਾ ਜਾਂਦਾ ਹੈ ਪਰ ਅਸਲ ਗਿਆਨ ਬਹੁਤ ਘੱਟ ਦਿੱਤਾ ਜਾਂਦਾ ਹੈ। ਅਜਿਹਾ ਜਾਪਦਾ ਹੈ ਕਿ ਅਧਿਆਪਕ ਦਾ ਆਪਣਾ ਗਿਆਨ ਵੀ ਸੀਮਤ ਦਾਇਰੇ ਦਾ ਸ਼ਿਕਾਰ ਹੋ ਗਿਆ ਹੈ। ਬਹੁਗਿਣਤੀ ਅਧਿਆਪਕ ਅਖ਼ਬਾਰ ਵੀ ਨਹੀਂ ਪੜ੍ਹਦੇ ਹਨ ਤੇ ਕਈ ਅਧਿਆਪਕ ਆਪਣੇ ਵਿਸ਼ੇ ਵਿੱਚ ਵੀ ਨਿਪੁੰਨ ਨਹੀਂ ਹੁੰਦੇ। ਕਈ ਸਕੂਲਾਂ ਵਿੱਚ ਲਾਇਬ੍ਰੇਰੀਆਂ ਨਹੀਂ ਹਨ ਅਤੇ ਜੇ ਹੁੰਦੀਆਂ ਵੀ ਹਨ ਤਾਂ ਅਧਿਆਪਕਾਂ ਜਾਂ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਜਾਣ ਦਾ ਸਮਾਂ ਨਸੀਬ ਨਹੀਂ ਹੁੰਦਾ। ਬਹੁਤੇ ਵਿਦਿਅਕ ਅਦਾਰਿਆਂ ਵਿੱਚ ਪ੍ਰਯੋਗਸ਼ਾਲਾਵਾਂ ਵੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਆਮਦ ਨੂੰ ਤਰਸਦੀਆਂ ਹਨ। ਇੱਕ ਪਾਸੇ ਅਸੀਂ ਗੁਣਵੱਤਾ ਭਾਲਦੇ ਹਾਂ ਤੇ ਦੂਜੇ ਪਾਸੇ ਰੱਟੇ ਨਾਲ 90 ਫ਼ੀਸਦੀ ਤੋਂ ਵਧੇਰੇ ਅੰਕ ਹਾਸਲ ਕਰਕੇ ਮਾਣ ਮਹਿਸੂਸ ਕਰਦੇ ਹਾਂ। ਵਿਦਿਆ ਪ੍ਰਣਾਲੀ ਵਿੱਚ ਸੁਧਾਰ ਕਰਕੇ ਵਿਦਿਆਰਥੀਆਂ ਨੂੰ ਸਕੂਲ ਪੱਧਰ ਤੋਂ ਹੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਯੋਗ ਬਣਾਉਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦਾ ਭਵਿਖ ਰੋਸ਼ਨ ਹੋ ਸਕੇ।

ਸੰਪਰਕ: 95010-20731


Comments Off on ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.