ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਵਚਨਬੱਧਤਾ ਨਿਭਾਉਣ ਦਾ ਵੇਲ਼ਾ…

Posted On January - 1 - 2017
ਚਿੱਤਰ: ਸੰਦੀਪ ਜੋਸ਼ੀ

ਚਿੱਤਰ: ਸੰਦੀਪ ਜੋਸ਼ੀ

ਇੱਕ ਹੋਰ ਨਵਾਂ ਸਾਲ ਚੜ੍ਹ ਗਿਆ ਹੈ। ਪਰੰਤੂ ਸਮੇਂ ਦੀ ਜੰਤਰੀ ’ਚ ਆਏ ਇਸ ਬਦਲਾਉ ਤੇ ਇਸ ਨਾਲ ਜੁੜੀਆਂ ਖ਼ੁਸ਼ੀਆਂ ਮਨਾਉਣ ਦੇ ਨਾਲ-ਨਾਲ ਸਾਨੂੰ ਇਸ ਮੌਕੇ ਸਾਡੀ ਜਮਹੂਰੀਅਤ ਅਤੇ ਇਸ ਨਾਲ ਵਾਬਾਸਤਾ ਹੋਰ ਸੰਸਥਾਵਾਂ ਨੂੰ ਦਰਪੇਸ਼ ਵੰਗਾਰਾਂ ਪ੍ਰਤੀ ਹੋਰ ਵੀ ਜ਼ਿਆਦਾ ਜਾਗਰੂਕ ਹੋਣ ਦੀ ਜ਼ਰੂਰਤ ਹੈ। ਨਵਾਂ ਸਾਲ ਮੀਡੀਆ ਵਾਸਤੇ ਖ਼ਾਸ ਤੌਰ ’ਤੇ ਔਖਾ ਗੁਜ਼ਰਨ ਦੀ ਸੰਭਾਵਨਾ ਹੈ। ਇਮਾਨਦਾਰ ਪੱਤਰਕਾਰ ਉੱਪਰ ਇਸ ਸਾਲ ਦੌਰਾਨ ਆਪਣੀਆਂ ਪੇਸ਼ੇਵਰ ਜ਼ਿੰਮੇਵਾਰੀਆਂ ਵੱਧ ਸਿਰੜ ਤੇ ਸਿਦਕ-ਦਿਲੀ ਨਾਲ ਨਿਭਾਉਣ ਦੀ ਜ਼ਿੰਮੇਵਾਰੀ ਵਿਸ਼ੇਸ਼ ਤੌਰ ’ਤੇ ਭਾਰੂ ਰਹੇਗੀ।
ਕਿਸੇ ਵੀ ਗਤੀਸ਼ੀਲ ਲੋਕਤੰਤਰ ਲਈ ਆਲੋਚਨਾਤਮਕ ਮੀਡੀਆ ਦਾ ਹੋਣਾ ਬਹੁਤ ਲਾਜ਼ਮੀ ਹੈ। ਪਰ ਅਸੀਂ ਉਸ ਅਜਬ ਦੌਰ ਵਿੱਚੋਂ ਗੁਜ਼ਰ ਰਹੇ ਹਾਂ ਸਮੱਸਿਆ ਜਦੋਂ ਸਾਡੇ ਕੋਲੋਂ ਸਥਾਪਤੀ ਦੀ ਸੁਰ ਨਾਲ ਸੁਰ ਮਿਲਾਉਣ ਦੀ ਮੰਗ ਜਾਂ ਤਵੱਕੋ ਕੀਤੀ ਜਾ ਰਹੀ ਹੈ। ਅਸਹਿਣਸ਼ੀਲਤਾ ਦੀ ਨਵੀਂ ਤਹਿਜ਼ੀਬ ਨੂੰ ਸਰਕਾਰੀ ਥਾਪੜਾ ਮਿਲਿਆ ਹੋਣ ਕਰ ਕੇ ਮੀਡੀਆ ਨੂੰ ਨੁਕਤਾਚੀਨੀ ਕਰਨ ਤੋਂ ਪਰਹੇਜ਼ ਕਰਨ ਲਈ ਕਿਹਾ ਜਾ ਰਿਹਾ ਹੈ। ਉਂਜ, ਦੇਖਣ-ਸੁਣਨ ਨੂੰ ਤਰਕਸੰਗਤ ਜਾਪਦੀ ਪਰ ਬੁਨਿਆਦੀ ਤੌਰ ’ਤੇ ਬੇਤੁਕੀ ਜਿਹੀ ਮੱਤ ਇਹ ਦਿੱਤੀ ਜਾਂਦੀ ਹੈ ਕਿ ਮੀਡੀਆ ਨੂੰ ‘‘ਨਿਰਪੱਖ’’ ਰਹਿਣਾ ਚਾਹੀਦਾ ਹੈ। ਅੰਦਰਲੀ ਘੁਣਤਰ ਇਹ ਹੈ ਕਿ ਮੀਡੀਆ ਨਵੇਂ ਮਸੀਹਾ ਦੀ ਮਸੀਹਾਈ ਨੂੰ ਵੰਗਾਰਨ ਦੀ ਜੁਰੱਅਤ ਕਿਵੇਂ ਕਰ ਸਕਦਾ ਹੈ? ਸਰਕਾਰੀ ਤੌਰ ’ਤੇ ਜਾਰੀ ਮਹਿਮਾ ਜਾਂ ਉਸਤਤ-ਗਾਇਨ ਉੱਤੇ ਸ਼ੱਕ ਦੀ ਗੁੰਜਾਇਸ਼ ਹੀ ਕਿੱਥੇ ਹੈ?

ਕੌਫ਼ੀ ਤੇ ਗੱਪ-ਸ਼ੱਪ  ਹਰੀਸ਼ ਖਰੇ

ਕੌਫ਼ੀ ਤੇ ਗੱਪ-ਸ਼ੱਪ
ਹਰੀਸ਼ ਖਰੇ

ਸਾਰੇ ਮੁਲਕ ਵਿੱਚ ਅਖ਼ਬਾਰ ਵਿੱਤੀ ਕਿੱਲਤ ਨਾਲ ਜੂਝ ਰਹੇ ਹਨ। ਅਖ਼ਬਾਰ ਕੱਢਣਾ ਬੜਾ ਮਹਿੰਗਾ ਕਾਰੋਬਾਰ ਹੈ। ਛੋਟੇ ਅਤੇ ਦਰਮਿਆਨੇ ਅਖ਼ਬਾਰ ਹਮੇਸ਼ਾ ਤੋਂ ਹੀ ਸੂਬਾਈ ਜਾਂ ਕੇਂਦਰ ਸਰਕਾਰਾਂ ਦੀ ਸਰਪ੍ਰਸਤੀ ’ਤੇ ਨਿਰਭਰ ਰਹੇ ਹਨ। ਪਰ ਹੁਣ ਕਿਉਂਕਿ ਸਰਕਾਰ ਹੀ ਸਭ ਤੋਂ ਵੱਡੀ ਇਸ਼ਤਿਹਾਰਦਾਤਾ ਬਣ ਗਈ ਹੈ, ਇਸੇ ਲਈ ਵੱਡੇ ਅਖ਼ਬਾਰ ਵੀ ਲਾਲਚਵੱਸ ਆਪਣੀ ਸੁਰ ਧੀਮੀ ਕਰਨ ਲਈ ਮਜਬੂਰ ਹੋਏ ਪਏ ਹਨ।
ਬੀਤਿਆ ਵਰ੍ਹਾ ਮੀਡੀਆ ਵਾਸਤੇ ਕੋਈ ਬਹੁਤਾ ਵਧੀਆ ਨਹੀਂ ਗੁਜ਼ਰਿਆ। ਪੱਤਰਕਾਰਾਂ ਨੇ ਇਸ ਸਾਲ ਦੌਰਾਨ ਆਪਣੇ ਲਈ ਬਹੁਤਾ ਗੌਰਵ ਨਹੀਂ ਖੱਟਿਆ। ਬਲਕਿ ਇੱਕ ਪਾਰਖੂ ਦੇ ਕਹਿਣ ਮੂਜਬ, ‘‘ਭਾਰਤੀ ਮੀਡੀਆ ਮੰਚ ਸੱਚਾਈ ਪੇਸ਼ ਕਰਨ ਪੱਖੋਂ ਵੱਧ ਕਿਫ਼ਾਇਤੀ ਅਤੇ ਝੂਠ ਪਰੋਸਣ ਪੱਖੋਂ ਵੱਧ ਫਰਾਖ਼ਦਿਲ ਹੋ ਨਿਬੜੇ ਹਨ।’’
ਪਰ ਨਿਰਾਸ਼ ਹੋਣ ਦੀ ਕੋਈ ਜ਼ਰੂਰਤ ਨਹੀਂ। ਇਹ ਕੋਈ ਪਹਿਲੀ ਵਾਰ ਤਾਂ ਹੋਇਆ ਨਹੀਂ ਕਿ ਮੀਡੀਆ ਨੂੰ ਆਪਣੇ ਫ਼ਰਜ਼ ਇਮਾਨਦਾਰੀ ਨਾਲ ਨਿਭਾਉਣ ਤੋਂ ਵਰਜਿਆ ਅਤੇ ਹਾਕਮ ਜਮਾਤ ਦੀ ਬੋਲੀ ਬੋਲਣ ਲਈ ਕਿਹਾ ਗਿਆ ਹੋਵੇ। ਹੁਣੇ ਜਿਹੇ ਰਾਸ਼ਟਰਪਤੀ ਪ੍ਰਣਬ ਮੁਖ਼ਰਜੀ ਨੇ ਕੌਮ ਨੂੰ ਯਾਦ ਕਰਾ ਕੇ ਵਧੀਆ ਹੀ ਕੀਤਾ ਕਿ ‘‘ਸ਼ੱਕ-ਸ਼ੁਬ੍ਹਾ ਪ੍ਰਗਟਾਉਣ, ਸਹਿਮਤ ਨਾ ਹੋਣ ਅਤੇ ਬੌਧਿਕ ਤੌਰ ’ਤੇ ਵਿਰੋਧ ਕਰਨ ਦੀ ਆਜ਼ਾਦੀ ਸਾਡੇ ਜਮਹੂਰੀ ਅਤੇ ਸੰਵਿਧਾਨਕ ਨਿਜ਼ਾਮ ਦਾ ਹਿੱਸਾ ਹੈ।”
ਅਸੀਂ ਟ੍ਰਿਬਿਊਨ ਪਰਿਵਾਰ ਵਾਲੇ ਮਹਿਸੂਸ ਕਰਦੇ ਹਾਂ ਕਿ ਇਹ ਹਰ-ਦਿਲਅਜ਼ੀਜ਼ ਅਖ਼ਬਾਰ ਸਮੂਹ ਦੀ ਰਵਾਇਤ ਨੂੰ ਕਾਇਮ ਰੱਖਦਿਆਂ ਨਵਾਂ ਸਾਲ ਪੇਸ਼ੇਵਾਰਾਨਾ ਪੱਤਰਕਾਰੀ ਦੇ ਸੰਕਲਪ ਪ੍ਰਤੀ ਮੁਕੰਮਲ ਵਚਨਬੱਧਤਾ ਵਾਲਾ ਰਹਿਣਾ ਚਾਹੀਦਾ ਹੈ। ਆਮ ਤੌਰ ’ਤੇ ਹਾਕਮ ਨਿਜ਼ਾਮ ਦੇ ਪ੍ਰਤੀ ਪੜਚੋਲੀਆ ਅਤੇ ਨੁਕਤਾਚੀਨ ਰਵੱਈਏ ਰਾਹੀਂ ਦਿਖਾਈ ਜਾਂਦੀ ਫ਼ਰਜ਼-ਸ਼ਨਾਸੀ ਕਰ ਕੇ ਸਾਨੂੰ ਇਨ੍ਹਾਂ ਤਾਕਤਾਂ ਦੀ ਨਾਖੁਸ਼ੀ ਵੀ ਝੱਲਣੀ ਪੈਂਦੀ ਹੈ।
ਮੈਂ ਸਮਝਦਾ ਹਾਂ ਕਿ ਆਪਣੇ ਪਾਠਕਾਂ, ਅਤੇ ਖ਼ਾਸ ਤੌਰ ’ਤੇ ਪੰਜਾਬ ਦੇ ਪਾਠਕਾਂ ਨੂੰ ਯਕੀਨ ਦਿਵਾਉਣਾ ਜ਼ਰੂਰੀ ਹੈ ਕਿ ਸਾਡੇ ਕੋਈ ਲੁਕਵੇਂ ਹਿੱਤ ਨਹੀਂ ਅਤੇ ਆਉਂਦੀਆਂ ਅਸੈਂਬਲੀ ਚੋਣਾਂ ਦੌਰਾਨ ਨਾ ਹੀ ਸਾਡੀ ਕੋਈ ਪਸੰਦੀਦਾ ਪਾਰਟੀ ਜਾਂ ਨੇਤਾ ਹੋਵੇਗਾ। ਅਸੀਂ ਬਿਨਾ ਕਿਸੇ ਡਰ ਭਉ ਜਾਂ ਪੱਖਪਾਤ ਦੇ ਆਪਣਾ ਫ਼ਰਜ਼ ਆਪਣੀ ਸਮਰੱਥਾ ਅਨੁਸਾਰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਵਾਂਗੇ।

31 dec 3ਸਾਲ 2016 ਦਾ ਹਿੰਦੁਸਤਾਨੀ” ਖ਼ਿਤਾਬ ਲਈ ਮੇਰਾ ਵੋਟ ਵਿਰਾਟ ਕੋਹਲੀ ਨੂੰ ਜਾਂਦਾ ਹੈ। ਇਸ ਕਰ ਕੇ ਨਹੀਂ ਕਿ ਬਤੌਰ ਕ੍ਰਿਕਟਰ ਅਤੇ ਭਾਰਤੀ ਟੈਸਟ ਟੀਮ ਦੇ ਕਪਤਾਨ ਵਜੋਂ ਬੀਤੇ ਵਰ੍ਹੇ ਉਸ ਦੀ ਕਾਰਗੁਜ਼ਾਰੀ ਵਧੀਆ ਰਹੀ ਬਲਕਿ ਇਸ ਲਈ ਕਿ ਉਹ ਉੱਤਮਤਾ ਦੀ ਖੋਜ ਦਾ ਪ੍ਰਤੀਕ ਅਤੇ ਪਾਂਧੀ ਹੈ ਜਦੋਂ ਕਿ ਜ਼ਿਆਦਾਤਰ ਭਾਰਤੀਆਂ ਵਿੱਚ ਇਹ ਤਲਬ ਮਨਫ਼ੀ ਹੁੰਦੀ ਹੈ। ਅਸੀਂ ਅਕਸਰ ਦਰਮਿਆਨੇ ਜਿਹੇ ਅਤੇ ਦੂਸਰੇ ਦਰਜੇ ਤੱਕ ਦੇ ਪੱਧਰ ’ਤੇ ਹੀ ਸੰਤੁਸ਼ਟ ਹੋ ਰਹਿੰਦੇ ਹਾਂ।
ਸੰਪੂਰਣਤਾ ਦਾ ਪ੍ਰਤੀਕ ਹੋਣ ਵਾਲੀ ਗੱਲ ਤੋਂ ਇਲਾਵਾ ਮੈਨੂੰ ਲੱਗਦਾ ਹੈ ਕਿ ਵਿਰਾਟ ਕੋਹਲੀ ਨੂੰ ਇਸ ਕਰ ਕੇ ਵੀ ਸਲਾਮ ਕਰਨਾ ਬਣਦਾ ਹੈ ਕਿ ਉਹ ਸੋਸ਼ਲ ਮੀਡੀਆ ’ਤੇ ਛਾਈ ਰਹੀ ਕਰੂਪਤਾ ਦੇ ਵਿਰੁੱਧ ਡਟਿਆ। ਉਹ ਆਪਣੀ ਦੋਸਤ ਅਨੂਸ਼ਕਾ ਸ਼ਰਮਾ ਦੇ ਹੱਕ ਵਿੱਚ ਨਿੱਤਰਿਆ ਜਿਸ ਨੂੰ ਬਿਨਾਂ ਵਜ੍ਹਾ ਹੀ ਵਿਵਾਦ ਵਿੱਚ ਘੜੀਸਿਆ ਗਿਆ। ਟਵਿੱਟਰ ਰਾਹੀਂ ਮਾਰਖੋਰੀ ਕਰਨ ਵਾਲਿਆਂ ਨੂੰ ਆਖ਼ਿਰ ਕਿਸੇ ਨੇ ਤਾਂ ਕਹਿਣਾ ਹੀ ਸੀ ਕਿ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਉ। ਸੋ, ਇਹ ਕੰਮ ਵਿਰਾਟ ਨੇ ਕੀਤਾ।
ਸਮਾਜ ਦੇ ਤੌਰ ’ਤੇ ਅਸੀਂ ਅੱਜ ਆਪਣੇ-ਆਪ ਨੂੰ ਇੱਕ ਅਜੀਬ ਦੋਰਾਹੇ ’ਤੇ ਖੜ੍ਹੇ ਮਹਿਸੂਸ ਕਰ ਰਹੇ ਹਾਂ। ਅਸੀਂ ਬੜਬੋਲੇਪਣ ਅਤੇ ਬਦਤਮੀਜ਼ੀ ਦੇ ਵਿਚਕਾਰ ਫਸੇ ਹੋਏ ਹਾਂ। ਸਲੀਕੇ ਅਤੇ ਸ਼ਿਸ਼ਟਾਚਾਰ ਨੂੰ ਹੁਣ ਤਿਆਗਣਯੋਗ ਗੁਣ ਸਮਝਿਆ ਜਾਣ ਲੱਗਾ ਹੈ। ਪਰ ਜੰਗ ਅਜੇ ਮੁੱਕੀ ਨਹੀਂ। ਮਸਲਾ ਐਨਾ ਕੁ ਹੈ ਕਿ ਬਦਨੁਮਾ ਤੇ ਜ਼ਹਿਰੀਲੇ ਅਨਸਰ ਬਾਅਦਬ ਲੋਕਾਂ ਨਾਲੋਂ ਵੱਧ ਜ਼ਿੱਦੀ ਤੇ ਵੱਧ ਸ਼ੋਰੀਲੇ ਹਨ। ਇਸੇ ਕਰ ਕੇ ਮੈਨੂੰ ਲੱਗਦਾ ਹੈ ਕਿ ਵਿਰਾਟ ਕੋਹਲੀ ਵੱਲੋਂ ਕਿਰਦਾਰ-ਸ਼ਿਕਨ ਅਨਾਸਰ ਦੇ ਡਟਵੇਂ ਵਿਰੋਧ ਨੂੰ ਲੋਕਾਂ ਦਾ ਖ਼ਾਮੋਸ਼ ਪਰ ਭਰਵਾਂ ਸਮਰਥਨ ਮਿਲਿਆ ਹੈ। ਹੋ ਸਕਦਾ ਹੈ ਇਸ ਸਾਲ ਦੌਰਾਨ ਬਾਸ਼ਊਰ ਲੋਕ ਆਪਣੀਆਂ ਦਿਆਨਤਦਾਰੀ ਵਾਲੀਆਂ ਕਦਰਾਂ-ਕੀਮਤਾਂ ਅਤੇ ਆਵਾਜ਼ ਨੂੰ ਪਛਾਣ ਕੇ ਗੁੰਮਸ਼ੁਦਾ ਜਮਹੂਰੀਅਤ ਨੂੰ ਫਿਰ ਤੋਂ ਹਾਸਲ ਕਰ ਲੈਣ।

ਇਆਨ ਟੈਲਬਟ ਅਣਵੰਡੇ ਪੰਜਾਬ ਦੇ ਨਾਮਵਰ ਇਤਿਹਾਸਕਾਰ ਵਜੋਂ ਜਾਣਿਆ ਜਾਂਦਾ ਹੈ। ਉਸ ਨੇ ਦੇਸ਼-ਵੰਡ ਅਤੇ ਪਾਕਿਸਤਾਨ ਬਾਰੇ ਖੁੱਲ੍ਹ ਕੇ ਲਿਖਿਆ ਹੈ। ਹੁਣ ਉਸ ਨੇ ਪਾਕਿਸਤਾਨ ਦੇ ਇੱਕ ਵਿਦਵਾਨ ਤਾਹਿਰ ਕਾਮਰਾਨ ਨਾਲ ਮਿਲ ਕੇ ਇੱਕ ਬਹੁਤ ਵਧੀਆ ਕਿਤਾਬ ਲਿਖੀ ਹੈ ਜਿਸ ਦਾ ਸਿਰਲੇਖ ਹੈ: ‘‘ਲਾਹੌਰ ਇਨ ਦਿ ਟਾਈਮ ਆਫ਼ ਰਾਜ (ਬਰਤਾਨਵੀ ਰਾਜ ਸਮੇਂ ਦਾ ਲਾਹੌਰ)।
ਟੈਲਬਟ ਦੇ ਲਾਹੌਰ ਵਿੱਚ ਜ਼ਿੰਦਗੀ ਧੜਕਦੀ ਹੈ। ਇਹ ਚਮਚਮ ਕਰਦਾ ਫ਼ੈਸ਼ਨ-ਪ੍ਰਸਤ ਸ਼ਹਿਰ ਹੈ ਜਿਹੜਾ ਆਪਣੇ ਚੌਗਿਰਦੇ ਨਾਲ ਜੁੜਿਆ ਹੋਇਆ ਹੈ। ਇਹ ਸ਼ਹਿਰ ਫਸੀਲਬੰਦ ਹੋਣ ਦੇ ਬਾਵਜੂਦ ਫਸੀਲ ਦੇ ਉੱਪਰੋਂ ਦੀ ਬਾਹਰ ਵੰਨੀਂ ਝਾਕਣ ਦੀ ਤੌਫ਼ੀਕ ਰੱਖਣ ਵਾਲਾ ਸ਼ਹਿਰ ਹੈ। ਟੈਲਬਟ, ਤਾਰੀਖ਼ਸਾਜ਼ ਬਰਤਾਨਵੀ ਸ਼ਾਸਕਾਂ ਦੀ ਇਸ ਧਾਰਨਾ ਨੂੰ ਝੁਠਲਾਉਂਦਾ ਹੈ ਕਿ ਲਾਹੌਰ ਇੱਕ ਆਪਣੇ-ਆਪ ਵਿੱਚ ਸਿਮਟਿਆ ਹੋਇਆ ਸ਼ਹਿਰ ਸੀ ਅਤੇ ਦੱਸਦਾ ਹੈ ਕਿ ਕਿਵੇਂ ਇਹ ‘ਸ਼ਾਹੀ ਵਿਸ਼ਵੀਕਰਨ’ ਦੀਆਂ ਲੋੜਾਂ ਮੁਤਾਬਕ ਆਪਣੇ-ਆਪ ਨੂੰ ਢਾਲ ਲੈਣ ਦੀ ਸਲਾਹੀਅਤ ਰੱਖਦਾ ਸੀ। ਟੈਲਬਟ ਕਹਿੰਦਾ ਹੈ: ‘‘ਵਪਾਰ ਅਤੇ ਲੋਕਾਂ ’ਤੇ ਨਵੇਂ ਖ਼ਿਆਲਾਤ ਦੀ ਆਮਦ ਸਦਕਾ ਲਾਹੌਰ ਬਸਤੀਵਾਦੀ ਯੁੱਗ ਤੋਂ ਸਦੀਆਂ ਪਹਿਲਾਂ ਬਾਹਰੀ ਦੁਨੀਆਂ ਨਾਲ ਜੁੜਿਆ ਹੋਇਆ ਸੀ”। ਲਾਹੌਰ ਕਦੇ ਵੀ ਪਿਛਾਂਹ-ਖਿੱਚੂ ਸ਼ਹਿਰ ਨਹੀਂ ਰਿਹਾ ਸਗੋਂ ਇਸ ਦਾ ਤਾਂ ‘‘ਨਿਰੰਤਰ ਪਾਰ-ਖੇਤਰੀ ਅਤੇ ਪਾਰ-ਰਾਸ਼ਟਰੀ ਜਗਤ ਨਾਲ ਸ਼ੁਰੂ ਤੋਂ ਜੁੜੇ ਰਹਿਣ ਦਾ ਇਤਿਹਾਸ ਰਿਹਾ ਹੈ।” ਲਾਹੌਰ ਵਿੱਚ ਰੁਡਯਾਰਡ ਕਿਪਲਿੰਗ ਦੀ ਕਿਤਾਬ ‘‘ਸਿਟੀ ਆਫ਼ ਦਿ ਡ੍ਰੈਡਫੁਲ ਨਾਈਟ’’ (ਭਿਆਨਕ ਰਾਤ ਵਾਲ਼ਾ ਸ਼ਹਿਰ) ਵਿਚਲੇ ਸ਼ਹਿਰ ਨਾਲ ਕੁੱਝ ਵੀ ਨਹੀਂ ਮਿਲਦਾ। ਇਹ ਤਾਂ ਬਲਕਿ ਉਨ੍ਹਾਂ ‘‘ਕਿੱਤਾਵਰ, ਸਿਆਸੀ ਅਤੇ ਸੱਭਿਆਚਾਰਕ ਸਬੰਧਾਂ ਦਾ ਸ਼ਹਿਰ ਸੀ ਜਿਹੜੇ ਪੂਰੇ ਉੱਤਰੀ ਭਾਰਤ ਵਿੱਚ ਫੈਲੇ ਹੋਏ ਸਨ।
ਸਾਲ 1857 ਦੇ ਗ਼ਦਰ ਨੂੰ ਬਰਤਾਨਵੀ ਸਾਮਰਾਜ ਵੱਲੋਂ ਬੁਰੀ ਤਰ੍ਹਾਂ ਕੁਚਲ ਦਿੱਤੇ ਜਾਣ ਬਾਅਦ ਦਿੱਲੀ ਆਪਣਾ ਸ਼ਾਹੀ ਰੁਤਬਾ ਗੁਆ ਬੈਠੀ ਸੀ। ਨਤੀਜੇ ਵਜੋਂ ਹੁਨਰ ਅਤੇ ਵਪਾਰ ਸੌਖਿਆਂ ਹੀ ਦਿੱਲੀ ਤੋਂ ਲਾਹੌਰ ਆ ਗਏ। ਲਾਹੌਰ ਨੇ ਵੀ ਨਵੇਂ ਲੋਕਾਂ ਅਤੇ ਨਵੇਂ ਖ਼ਿਆਲਾਤ ਦਾ ਭਰਵਾਂ ਸਵਾਗਤ ਕੀਤਾ। ਟੈਲਬਟ ਨੇ ਬ੍ਰਿਟਿਸ਼ ਰਾਜ ਦੀ ਆਖ਼ਰੀ ਸਦੀ ਦੌਰਾਨ ਲਾਹੌਰ ਦੀ ਕਾਇਆਪਲਟ ਬਾਰੇ ਬੜੇ ਦਿਲਕਸ਼ ਅੰਦਾਜ਼ ਵਿੱਚ ਲਿਖਿਆ ਹੈ।
ਕਿਤਾਬ ਵਿੱਚ ਸ਼ਹਿਰ ਦੀ ਬਦਲੀ ਨੁਹਾਰ ਅਤੇ ਪਸਾਰ ਬਾਰੇ ਖ਼ੂਬ ਖੁੱਲ੍ਹ ਕੇ ਰੌਸ਼ਨੀ ਪਾਈ ਹੈ। ਬਰਤਾਨਵੀ ਰਾਜ ਦੇ ਅੰਤਮ ਛੇ ਦਹਾਕਿਆਂ ਦੌਰਾਨ ਲਾਹੌਰ ਦੀ ਵੱਸੋਂ ਵਧ ਕੇ ਚੌਗੁਣੀ ਹੋ ਗਈ। ਆਬਾਦੀ ਵਿੱਚ ਇਹ ਅੰਮ੍ਰਿਤਸਰ ਨੂੰ ਮਾਤ ਦੇ ਗਿਆ। ਰੇਲਵੇ ਸਟੇਸ਼ਨ, ਜੀ.ਪੀ.ਓ., ਹਾਈਕੋਰਟ ਅਤੇ ਹੋਰ ਸਾਮਰਾਜੀ ਇਮਾਰਤਾਂ ਨੇ ਨਾ ਸਿਰਫ਼ ਭੂਗੋਲਿਕ ਤੌਰ ’ਤੇ ਲਾਹੌਰ ਦੀ ਨੁਹਾਰ ਬਦਲੀ ਬਲਕਿ ਨਵੇਂ ਨਜ਼ਰੀਆਤ ਤੇ ਖ਼ਿਆਲਾਤ ਅਤੇ ਨਿਰਮਾਣ ਤੇ ਖਪਤ ਦੇ ਨਵੇਂ ਮਿਆਰਾਂ ਤੇ ਨਮੂਨਿਆਂ ਤੋਂ ਵੀ ਇਸ ਸ਼ਹਿਰ ਨੂੰ ਰੂ-ਬ-ਰੂ ਕਰਾਇਆ।
ਲਾਹੌਰ ਨੂੰ ਇੱਕ ਨਵੀਂ ਖ਼ੁਸ਼ਹਾਲੀ ਅਤੇ ਨਵੇਂ ਦ੍ਰਿਸ਼ਟੀਕੋਣਾਂ ਦਾ ਅਨੁਭਵ ਹੋਇਆ। ਅਨਾਰਕਲੀ ਬਾਜ਼ਾਰ ਅਤੇ ਮਾਲ ਰੋਡ ਉੱਤੇ ਨਵੀਆਂ ਨਵੀਆਂ ਪਰਚੂਨ ਦੀਆਂ ਦੁਕਾਨਾਂ ਅਤੇ ਕਰਿਆਨੇ ਦੇ ਸਟੋਰ ਖੁੱਲ੍ਹ ਗਏ। ਅਰੋੜੇ, ਖੱਤਰੀ, ਅਗਰਵਾਲ ਅਤੇ ਹੋਰ ਬਾਣੀਏ ਅੰਦਰੂਨੀ ਸ਼ਹਿਰ ’ਚੋਂ ਨਿਕਲਣ ਵਾਲੇ ਪਹਿਲੇ ਧਨਾਢ ਲੋਕ ਸਨ। ਇੱਕ ਜਗ੍ਹਾ ਟੈਲਬਟ ਦੱਸਦਾ ਹੈ ਕਿ ਇੱਕ ਸਮੇਂ ਲਾਹੌਰ ਵਿੱਚ ਵੀਹ ਬੈਂਕਾਂ ਦੇ ਦਫ਼ਤਰ ਅਤੇ ਬਾਕੀ ਭਾਰਤੀ ਸ਼ਹਿਰਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਆਰਥਿਕ ਅਦਾਰੇ ਸਨ। ਉਹ ਦੱਸਦਾ ਹੈ ਕਿ ‘14, ਦਿ ਮਾਲ’ ਪਤੇ ਵਾਲੀ ਸਨਲਾਈਟ ਬਿਲਡਿੰਗ ਵਿੱਚ ਨਿਊ ਬੈਂਕ ਆਫ਼ ਇੰਡੀਆ ਹੋਇਆ ਕਰਦੀ ਸੀ ਜਿਸ ਵਿੱਚ ਇੱਕ ਲੇਡੀ ਅਸਿਸਟੈਂਟ ਦੀ ਡਿਊਟੀ ਉਚੇਚਾ ਪਰਦਾਨਸ਼ੀਨ ਗਾਹਕਾਂ ਨੂੰ ਭੁਗਤਾਉਣ ਦੀ ਹੁੰਦੀ ਸੀ।
ਹਿੰਦੂ ਉੱਦਮੀ ਉਦੋਂ ਪ੍ਰਯੋਗਵਾਦੀ ਰਉਂ ਵਿੱਚ ਸਨ। ਲਾਲਾ ਲਾਜਪਤ ਰਾਏ ਅਤੇ ਲਾਲਾ ਹਰਕਿਸ਼ਨ ਲਾਲ ਨੇ ਮਿਲ ਕੇ ਪੰਜਾਬ ਨੈਸ਼ਨਲ ਬੈਂਕ ਅਤੇ ਬੀਮਾ ਕੰਪਨੀਆਂ ਦਾ ਮੁੱਢ ਬੰਨ੍ਹਿਆ। 1931 ਦੇ ਮੰਦੇ ਦੌਰਾਨ ਉਸ ਦੇ ਕਾਰੋਬਾਰ ਵਿੱਚ ਗਿਰਾਵਟ ਆਉਣ ਤੋਂ ਪਹਿਲਾਂ ਲਾਲਾ ਹਰਕਿਸ਼ਨ ਲਾਲ ਸ਼ਹਿਰ ਦੀ ਸਿਰਕੱਢ ਹਸਤੀ ਸੀ। ਸ਼ਹਿਰ ਵਿੱਚ ਕਾਰ ਖ਼ਰੀਦਣ ਵਾਲਾ ਉਹ ਪਹਿਲਾ ਬੰਦਾ ਸੀ ਅਤੇ ਰੇਸਾਂ ਦੇਖਣ ਉਹ ਲੈਫ਼ਟੀਨੈਂਟ ਗਵਰਨਰ ਦੀ ਸਵਾਰੀ ਦੇ ਬਰਾਬਰ ਦੀ ਊਠ-ਗੱਡੀ ਵਿੱਚ ਜਾਇਆ ਕਰਦਾ ਸੀ।
ਹੋਰਨਾਂ ਵਿਸ਼ਿਆਂ ਤੋਂ ਇਲਾਵਾ ਟੈਲਬਟ ਉੱਥੋਂ ਦੇ ਦਰਵਾਜ਼ਿਆਂ (ਭੱਟੀ ਗੇਟ, ਸ਼ਾਹ ਆਲਮੀ ਗੇਟ, ਮੋਚੀ ਗੇਟ), ਮੁਹੱਲਿਆਂ (ਹਵੇਲੀ ਮੀਆਂ ਖ਼ਾਨ), ਫ਼ਾਲੈਟੀ ਹੋਟਲ (ਜਿੱਥੇ ਫਰਾਂਸੀਸੀ, ਇਤਾਲਵੀ ਅਤੇ ਜਰਮਨ ਬੋਲੀ ਜਾਂਦੀ ਸੀ), ਮੁਸ਼ਾਇਰਿਆਂ, ਸ਼ਾਇਰਾਂ (ਮੁਹੰਮਦ ਹੁਸੈਨ ਆਜ਼ਾਦ, ਅਲਤਾਫ਼ ਹੁਸੈਨ ਹਾਲੀ), ਅਖਾੜਿਆਂ ’ਤੇ ਉਨ੍ਹਾਂ ਦੇ ਸਰਪ੍ਰਸਤਾਂ, ਖ਼ਲੀਫ਼ਿਆਂ, ਉਸਤਾਦਾਂ, ਅਤੇ ਭਲਵਾਨਾਂ (ਗਾਮਾ ਪਹਿਲਵਾਨ, ਬੂਟਾ ਪਹਿਲਵਾਨ ਵਗ਼ੈਰਾ ਕਿਉਂਕਿ ਲਾਹੌਰ ਉਹਨੀਂ ਦਿਨੀਂ ਪੰਜਾਬ ਦੀ ਭਲਵਾਨੀ ਦਾ ਗੜ੍ਹ ਸੀ), ਕ੍ਰਿਕਟਰਾਂ (ਲਾਲਾ ਅਮਰ ਨਾਥ, ਜਹਾਂਗੀਰ ਖ਼ਾਨ) ਅਤੇ ਕ੍ਰਿਕਟੀ ਰਕਾਬਤਾਂ ਦੀ ਬਾਤ ਵੀ ਪਾਉਂਦਾ ਹੈ। (ਜਿਵੇਂ ਸਾਲ 1944-45 ਦੇ ਫ਼ਾਈਨਲ ਵਿੱਚ ਮੁਸਲਮਾਨਾਂ ਅਤੇ ਹਿੰਦੂਆਂ ਦਰਮਿਆਨ ਹੋਏ ਮੈਚ ਨੂੰ ਦੋ ਲੱਖ ਤੋਂ ਜ਼ਿਆਦਾ ਲੋਕਾਂ ਦੇ ਇਕੱਠ ਨੇ ਦੇਖਿਆ)। ਇਸ ਦੇ ਨਾਲ ਹੀ ਉਹ ਲਾਹੌਰ ਦੇ ਪਾਰ-ਰਾਸ਼ਟਰੀ ਇਨਕਲਾਬੀ ਤਾਣੇਪੇਟੇ, ਸ਼ਹੀਦਾਂ ਅਤੇ ਇਨਕਲਾਬੀਆਂ (ਭਗਤ ਸਿੰਘ, ਊਧਮ ਸਿੰਘ, ਮਦਨ ਲਾਲ ਢੀਂਗਰਾ) ਦੀਆਂ ਗੱਲਾਂ ਵੀ ਦੱਸਦਾ ਹੈ।
ਕੁੱਲ ਮਿਲਾ ਕੇ ਇਹ ਕਿਤਾਬ ਬਹੁਤ ਹੀ ਦਿਲਚਸਪ ਹੈ। ਪਰ ਭਾਰਤੀ ਪਾਠਕ ਨੂੰ ਇਹ ਇੱਕ ਗੁੰਮਸ਼ੁਦਾ ਜਹਾਨ ਦੇ ਹੇਰਵੇ ਨਾਲ ਜ਼ਰਾ ਉਦਾਸ ਵੀ ਕਰ ਜਾਂਦੀ ਹੈ।

ਖੀਰ ਵਿੱਚ ਆਸ ਕਰਦਾ ਹਾਂ ਕਿ ਟ੍ਰਿਬਿਊਨ ਸਮੂਹ ਦੇ ਪਾਠਕਾਂ, ਸਨੇਹੀਆਂ ਅਤੇ ਸਰਪ੍ਰਸਤਾਂ ਨਾਲ ਮੇਰੀ ਇਹ ਗੁਫ਼ਤਗੂ ਇਉਂ ਹੀ ਜਾਰੀ ਰਹੇਗੀ। ਮੈਂ ਬੜਾ ਧੰਨਵਾਦੀ ਹਾਂ ਕਿ ਬਹੁਤ ਸਾਰੇ ਪਾਠਕ ਇਸ ਕਾਲਮ ਸਬੰਧੀ ਆਪਣੇ ਤਾਸੁਰਾਤ ਬਾਰੇ ਮੈਨੂੰ ਆਗਾਹ ਕਰਨ ਦੀ ਖੇਚਲ਼ ਕਰਦੇ ਰਹਿੰਦੇ ਹਨ। ਮੇਰੇ ਵਿਚਾਰਾਂ ਨਾਲ ਅਸਹਿਮਤੀ ਅਤੇ ਆਲੋਚਨਾ ਦਾ ਹਮੇਸ਼ਾ ਸਵਾਗਤ ਰਹੇਗਾ। ਪੁਰਾਣੀਆਂ ਅਤੇ ਨਵੀਆਂ ਦੁਸ਼ਵਾਰੀਆਂ ਦਾ ਸਾਹਮਣਾ ਆਪਾਂ ਮਿਲਜੁਲ ਕੇ ਹੀ ਕਰਨਾ ਹੈ, ਬਿਲਕੁਲ ਉਵੇਂ ਜਿਵੇਂ ਆਪਾਂ ਰਲ਼ ਕੇ ਕੌਫ਼ੀ ਪੀਂਦੇ ਹਾਂ। ਕਿਉਂ ਨਾ ਹੋਰ ਕੌਫ਼ੀ ਹੋ ਜਾਏ?

ਈਮੇਲ: kaffeeklatsch@tribuneindia.com


Comments Off on ਵਚਨਬੱਧਤਾ ਨਿਭਾਉਣ ਦਾ ਵੇਲ਼ਾ…
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.