ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਵਾਅਦਿਆਂ ਤੇ ਮੁੱਦਿਆਂ ਵਿਚਕਾਰ ਲਟਕਿਆ ਪੰਜਾਬ

Posted On January - 9 - 2017

ਬੁੱਧ ਸਿੰਘ ਨੀਲੋਂ
10901CD _VAADEਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਵਾਲੀ ਸਦੀਆਂ ਪੁਰਾਣੀ ਕਹਾਵਤ ਅਜੇ ਵੀ ਢੁੱਕਵੀਂ ਹੈ। ਇਸ ਸਮੇਂ ਪੰਜਾਬ ਦੇ ਵਿੱਚ ਠੰਢ ਜ਼ੋਰਾਂ ਉੱਤੇ ਹੈ ਤੇ ਸਿਆਸਤ ਵਿੱਚ ਜੇਠ ਹਾੜ ਦੀਆਂ ਧੁੱਪਾਂ ਵਰਗੀ ਤਪਸ਼ ਹੈ। ਸਾਰੀਆਂ ਸਿਆਸੀ ਪਾਰਟੀਆਂ ਸੱਤਾ ਉੱਤੇ ਕਾਬਜ਼ ਹੋਣ ਲਈ ‘ਜੋੜ ਤੋੜ’ ਕਰ ਰਹੀਆਂ ਹਨ। ਇਹ ਵਾਅਦਿਆਂ ਨਾਲ ਲੋਕਾਂ ਦੇ ਢਿੱਡ ਭਰ ਰਹੀਆਂ ਹਨ। ਲੋਕਾਂ ਦੇ ਮਸਲਿਆਂ ਨੂੰ ਵਿਸਾਰ ਕੇ ਵਾਅਦਿਆਂ ਦੇ ਰੂਪ ਵਿੱਚ ਸਬਜ਼ਬਾਗ ਦਿਖਾਏ ਜਾ ਰਹੇ ਹਨ। ਪੰਜਾਬ ਦੇ ਅਸਲ ਮੁੱਦਿਆਂ ਵੱਲ ਧਿਆਨ ਦੇਣ ਦੀ ਬਜਾਏ ਅਜਿਹੀ ਰਾਜਨੀਤੀ ਕੀਤੀ ਜਾ ਰਹੀ ਹੈ ਜਿਹੜੀ ਪਿਛਲੇ 70 ਵਰ੍ਹਿਆਂ ਤੋਂ ਹੁੰਦੀ ਆ ਰਹੀ ਹੈ। ਪੰਜਾਬ ਦੇ ਲੋਕਾਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਮੁੱਦਿਆਂ ਨੂੰ ਚੋਣ ਰੈਲੀਆਂ ਵਿੱਚ ਜ਼ੋਰ ਸ਼ੋਰ ਨਾਲ ਚੁੱਕਿਆ ਜਾਂਦਾ ਹੈ, ਪਰ ਆਪਣੇ ਚੋਣ ਮੈਨੀਫੈਸਟੋ ਵਿੱਚ ਇਨ੍ਹਾਂ ਨੂੰ ਪੂਰੇ ਕਰਨ ਲਈ ਅਜਿਹੀਆਂ ਚੋਰ ਮੋਰੀਆਂ ਰੱਖੀਆਂ ਜਾਂਦੀਆਂ ਹਨ ਜਿਹੜੀਆਂ ਸੱਤਾ ’ਚ ਆਉਣ ਤੋਂ ਬਾਅਦ ਗਧੇ ਦੇ ਸਿੰਙਾਂ ਵਾਂਗ ਉੱਡ ਜਾਂਦੀਆਂ ਹਨ। ਲੋਕ ਹਰ ਵਾਰ ਆਪਣੇ ਆਪ ਨੂੰ ਲੁੱਟੇ ਹੋਏ ਮਹਿਸੂਸ ਕਰਦੇ ਹਨ। ਸਿਆਸੀ ਪੰਡਿਤ ਹਰ ਵਾਰ ਵਿਧਾਨ ਸਭਾ ਚੋਣਾਂ ਬਾਰੇ ਵੱਖ ਵੱਖ ਤਰ੍ਹਾਂ ਦੇ ਅੰਕੜੇ ਦੇ ਕੇ ਰਾਜਨੀਤੀ ਵਿੱਚ ਸ਼ਾਮਿਲ ਸਿਆਸਤਦਾਨਾਂ ਨੂੰ ਹਲੂਣਨ ਦਾ ਯਤਨ ਕਰਦੇ ਹਨ, ਪਰ ਹਰ ਵਾਰ ‘ਸਰਪੰਚਾਂ ਦਾ ਕਿਹਾ  ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ’ ਵਾਲੀ ਹਾਲਤ ਹੁੰਦੀ ਹੈ।
ਪੰਜਾਬ ਵਿੱਚ ਹਰ ਪਾਸੇ ਲੋਕ ਆਪਣੀਆਂ ਬੁਨਿਆਦੀ ਸਮੱਸਿਆਵਾਂ ਨੂੰ ਲੈ ਕੇ ਸੰਘਰਸ਼ ਦੇ ਰਸਤੇ ਤੁਰੇ ਹੋਏ ਹਨ। ਸੱਤਾਧਾਰੀ ਪਾਰਟੀ ਲੋਕਾਂ ਨੂੰ ਪਤਿਆਉਣ ਲਈ ਨਿੱਤ ਨਵੀਆਂ ਯੋਜਨਾਵਾਂ ਐਲਾਨਦੀ ਰਹੀ ਹੈ, ਪਰ ਪੰਜਾਬ ਦੀਆਂ ਜੁਝਾਰੂ ਧਿਰਾਂ ਸਰਕਾਰ ਦੀਆਂ ਇਨ੍ਹਾਂ ਨਵੀਆਂ ਯੋਜਨਾਵਾਂ ਦਾ ਚੌਰਾਹੇ ਵਿੱਚ ਨਿੱਤ ਭਾਂਡਾ ਭੰਨ ਰਹੀਆਂ ਹਨ।
ਇਸ ਸਮੇਂ ਪੰਜਾਬ ਦੇ ਅਹਿਮ ਮੁੱਦਿਆਂ ਵਿੱਚ ਖੇਤੀਬਾੜੀ, ਉਦਯੋਗ, ਬੇਰੁਜ਼ਗਾਰੀ, ਪ੍ਰਦੂਸ਼ਣ, ਸਿਹਤ, ਸਿੱਖਿਆ, ਨਸ਼ਾ, ਗੈਂਗਸਟਰ, ਭੂ-ਮਾਫੀਆ, ਡਰੱਗ ਮਾਫੀਆ, ਸ਼ਰਾਬ ਮਾਫੀਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਪੰਜਾਬ ਵਿੱਚ ਵਧ ਰਿਹਾ ਜੰਗਲ ਰਾਜ ਆਦਿ ਸ਼ੁਮਾਰ ਹਨ। ਇਨ੍ਹਾਂ ਮਸਲਿਆਂ ਨੂੰ ਕਿਸੇ ਵੀ ਪੱਧਰ ’ਤੇ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਪੰਜਾਬ ਵਿੱਚ ਹੁਣ ਤਕ ਬਣੀਆਂ ਸਰਕਾਰਾਂ ਨੇ ਲੋਕਾਂ ਨਾਲ ਸਿਰਫ਼ ਵਾਅਦੇ ਹੀ ਕੀਤੇ ਹਨ, ਉਨ੍ਹਾਂ ਨੂੰ ਨਿਭਾਇਆ ਨਹੀਂ। ਦੇਸ਼ ਦੀ ਵੰਡ ਤੋਂ ਲੈ ਕੇ ਹੁਣ ਤਕ ਪੰਜਾਬ ਵਿੱਚ ਕਾਂਗਰਸ ਤੇ ਅਕਾਲੀ ਸੱਤਾ ਦਾ ਸੁਖ ਮਾਣਦੇ ਰਹੇ ਹਨ। ਇਨ੍ਹਾਂ ਪਾਰਟੀਆਂ ਦੇ ਆਗੂਆਂ ਦੇ ਕਾਰੋਬਾਰਾਂ ਵਿੱਚ ਤਾਂ ਨਿਰੰਤਰ ਵਾਧਾ ਹੁੰਦਾ ਰਿਹਾ ਹੈ, ਪਰ ਪੰਜਾਬ ਦਾ ਆਮ ਨਾਗਰਿਕ ਦਿਨੋਂ-ਦਿਨ ਗਰਕ ਹੁੰਦਾ ਜਾ ਰਿਹਾ ਹੈ। ਇਸ ਕਰਕੇ ਪੰਜਾਬ ਵਿੱਚ ਕੋਈ ਅਜਿਹਾ ਜਨ ਅੰਦੋਲਨ ਵੀ ਉੱਭਰ ਕੇ ਸਾਹਮਣੇ ਨਹੀਂ ਆਇਆ ਜੋ ਸੱਤਾਧਾਰੀ ਧਿਰਾਂ ਨੂੰ ਆਪਣੇ ਵਾਅਦੇ ਪੂਰੇ ਕਰਨ ਲਈ ਪ੍ਰੇਰਦਾ ਹੋਵੇ। ਸਿਆਸੀ ਪਾਰਟੀਆਂ ਦੇ ਬਹੁਤ ਸਾਰੇ ਮੁੱਦੇ ਸਾਂਝੇ ਹੀ ਹਨ। ਇਹ ਮੁੱਦੇ ਉਹ ਸੱਤਾ ਤੋਂ ਬਾਹਰ ਰਹਿ ਕੇ ਹੀ ਉਭਾਰਦੇ ਹਨ, ਪਰ ਜਦੋਂ ਸੱਤਾ ਵਿੱਚ ਆਉਂਦੇ ਹਨ ਤਾਂ ਇਨ੍ਹਾਂ ਨੂੰ ਭੁੱਲ ਜਾਂਦੇ ਹਨ। ਇਹ ਸਿਲਸਿਲਾ ਕਈ ਵਰ੍ਹਿਆਂ ਤੋਂ ਜਿਉਂ ਦੀ ਤਿਉਂ ਜਾਰੀ ਹੈ।
ਪੰਜਾਬ ਦੇ ਅਹਿਮ ਮੁੱਦਿਆਂ ਬਾਰੇ ਸਾਰਥਿਕ ਪਹੁੰਚ ਨੂੰ ਸਿਆਸੀ ਧਿਰਾਂ ਵੱਲੋਂ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਸੁਪਨੇ ਦਿਖਾਉਣ ਵਾਲੀਆਂ ਪਾਰਟੀਆਂ ਦੇ ਆਗੂ ਵਿਰੋਧੀ ਧਿਰ ’ਚ ਬੈਠਦਿਆਂ ਹੀ ਆਪਣੀ ਸੁਰ ਬਦਲ ਲੈਂਦੇ ਹਨ। ਪੰਜਾਬ ਨੂੰ ਭਾਸ਼ਾ ਦੇ ਆਧਾਰ ’ਤੇ ਚਾਰ ਖਿੱਤਿਆਂ ਮਾਝਾ, ਮਾਲਵਾ, ਦੁਆਬਾ ਤੇ ਪੁਆਧ ਵਿੱਚ ਵੰਡਿਆ ਹੋਇਆ ਹੈ। ਇਨ੍ਹਾਂ ਸਾਰਿਆਂ ਖਿੱਤਿਆਂ ਦੀਆਂ ਆਪੋ ਆਪਣੀਆਂ ਸਮੱਸਿਆਵਾਂ ਹਨ, ਪਰ ਪੂਰੇ ਪੰਜਾਬ ਦੇ ਸਾਂਝੇ ਮੁੱਦੇ ਇੱਕੋ ਜਿਹੇ ਹਨ। ਦੁਆਬਾ ਖੇਤਰ ਵਿੱਚ ਸਿੰਚਾਈ ਲਈ ਕੰਡੀ ਨਹਿਰ ਦੀ ਉਸਾਰੀ ਹੋਣ ਦੇ ਬਾਵਜੂਦ ਇਸ ਖੇਤਰ ਨੂੰ ਅਜੇ ਤਕ ਪਾਣੀ ਨਹੀਂ ਮਿਲਿਆ। ਮਾਲਵੇ ਦੀ 84,800 ਹੈਕਟੇਅਰ ਜ਼ਮੀਨ ਸੇਮ ਦੀ ਮਾਰ ਹੇਠ ਹੈ। ਮਾਝੇ ਤੇ ਮਾਲਵੇ ਦੀ 20,000 ਏਕੜ ਜ਼ਮੀਨ ਸਰਹੱਦੀ ਖੇਤਰ ਵਿੱਚ ਆਉਣ ਕਰਕੇ ਫ਼ੌਜ ਦੇ ਕਬਜ਼ੇ ਹੇਠ ਹੈ। 1947 ਤੋਂ 54‘ ਕਿਲੋਮੀਟਰ ਖੇਤਰ ਸੁਰੱਖਿਆ ਬਲਾਂ ਦੇ ਅਧੀਨ ਹੈ। ਹਾਈਕੋਰਟ ਵਿੱਚ ਮਾਲਕੀ ਦੇ ਹੱਕ ਲਈ ਮਾਮਲਾ 1996 ਤੋਂ ਚੱਲ ਰਿਹਾ ਹੈ। ਛੇ ਜ਼ਿਲ੍ਹਿਆਂ ਵਿੱਚ ਵੱਖ ਵੱਖ  ਟ੍ਰਿਬਿਊਨਲ ਬਣਾਉਣ ਲਈ ਕਿਹਾ ਗਿਆ ਹੈ, ਪਰ ਮਾਮਲਾ ਜਿਉਂ ਦਾ ਤਿਉਂ ਹੈ। ਪੁਆਧ ਵਿੱਚ ਬਹੁਤ ਸਾਰੀ ਜ਼ਮੀਨ ਘੱਗਰ ਨਦੀ ਦੀ ਮਾਰ ਹੇਠ ਆਉਣ ਨਾਲ ਇੱਥੇ ਬਰਸਾਤਾਂ ਦੌਰਾਨ ਸਥਿਤੀ ਗੰਭੀਰ ਬਣ ਜਾਂਦੀ ਹੈ।
ਪੰਜਾਬ ਵਿੱਚ ਹਵਾ, ਪਾਣੀ ਤੇ ਭੂਮੀ ਪ੍ਰਦੂਸ਼ਣ ਦਿਨੋਂ-ਦਿਨ ਵਧ ਰਿਹਾ ਹੈ। ਲੁਧਿਆਣਾ ਦੇਸ਼ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸ਼ਾਮਿਲ ਹੋ ਗਿਆ ਹੈ। ਪੰਜਾਬ ਵਿੱਚ 6200 ਸਨਅਤੀ ਕੇਂਦਰ ਨਦੀਆਂ ਤੇ ਧਰਤੀ ਹੇਠਲੇ ਪਾਣੀ ਨੂੰ ਪ੍ਰਦੂਸ਼ਿਤ ਕਰ ਰਹੇ ਹਨ ਜਦੋਂਕਿ ਹਵਾ ਪ੍ਰਦੂਸ਼ਣ ਇਸ ਤੋਂ ਵੱਖ ਹੈ। ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੋਣ ਕਾਰਨ ਪੰਜਾਬ ਵਿੱਚ ਘਾਤਕ ਬਿਮਾਰੀਆਂ ਵਿੱਚ ਵਾਧਾ ਹੋਇਆ ਹੈ। ਮਾਲਵਾ ਜਾਨਲੇਵਾ ਬਿਮਾਰੀਆਂ ਦੀ ਲਪੇਟ ਵਿੱਚ ਬੁਰੀ ਤਰ੍ਹਾਂ ਆ ਗਿਆ ਹੈ। ਲੋਕਾਂ ਨੂੰ ਆਪਣਾ ਇਲਾਜ ਕਰਵਾਉਣ ਲਈ ਨਿੱਜੀ ਹਸਪਤਾਲਾਂ ਵਿੱਚ ਲੁੱਟ ਕਰਵਾਉਣੀ ਪੈ ਰਹੀ ਹੈ। ਸਰਕਾਰੀ ਹਸਪਤਾਲ ਚਿੱਟੇ ਹਾਥੀ ਤੋਂ ਵੱਧ ਨਹੀਂ ਹਨ। ਇਹੋ ਹਾਲ ਸਿੱਖਿਆ ਦਾ ਹੈ। ਪੰਜਾਬ ਵਿੱਚ ਨਿੱਜੀ ਸਿੱਖਿਆ ਅਦਾਰਿਆਂ ਦਾ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬ ਵਿੱਚ ਧੜਾ-ਧੜ ਨਿੱਜੀ ਯੂਨੀਵਰਸਿਟੀਆਂ ਨੂੰ ਮਾਨਤਾ ਦਿੱਤੀ ਜਾ ਰਹੀ ਹੈ ਜਦੋਂਕਿ ਸਰਕਾਰੀ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ  ਵਿੱਚ ਅਧਿਆਪਕ ਨਹੀਂ। ਪ੍ਰਾਇਮਰੀ ਪੱਧਰ ’ਤੇ ਹੀ ਨਹੀਂ ਸਗੋਂ ਉਚੇਰੀ ਸਿੱਖਿਆ ਵਿੱਚ ਵੀ ਨਿਘਾਰ ਆ ਰਿਹਾ ਹੈ। 2,35,000 ਅਧਿਆਪਕਾਂ ਨੇ ਟੈਟ ਦਾ ਪੇਪਰ ਦਿੱਤਾ ਸੀ ਜਿਨ੍ਹਾਂ ਵਿੱਚੋਂ ਸਿਰਫ਼ 1 ਫ਼ੀਸਦੀ ਹੀ ਪਾਸ ਹੋਏ ਸਨ। ਜਦੋਂ ਉਚੇਰੀ ਸਿੱਖਿਆ ਦੇ ਵਿੱਚ ਇਹ ਨਿਘਾਰ ਆ ਰਿਹਾ ਹੈ ਤਾਂ ਪ੍ਰਾਇਮਰੀ ਸਿੱਖਿਆ ਬਾਰੇ ਕੀ ਕਿਹਾ ਜਾ ਸਕਦਾ ਹੈ। ਪਿੰਡਾਂ ਵਿੱਚ ਬਹੁਗਿਣਤੀ ਲੋਕ ਮਜਬੂਰੀਵੱਸ ਨਿੱਜੀ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਨ ਭੇਜਦੇ ਹਨ। ਸਰਕਾਰੀ ਸਕੂਲਾਂ ਵਿੱਚ ਆਰਥਿਕ ਤੌਰ ’ਤੇ ਕਮਜ਼ੋਰ ਲੋਕਾਂ ਦੇ ਬੱਚੇ ਹੀ ਪੜ੍ਹਦੇ ਹਨ, ਪਰ ਇੱਥੇ ਅਧਿਆਪਕਾਂ ਦੀਆਂ ਆਸਾਮੀਆਂ ਖਾਲੀ ਹੋਣ ਕਰਕੇ ਇਨ੍ਹਾਂ ਬੱਚਿਆਂ ਨੂੰ ਪੜ੍ਹਾਉਣ ਲਈ ਕੋਈ ਨਹੀਂ। ਅਧਿਆਪਕ ਜਥੇਬੰਦੀਆਂ ਪਿਛਲੇ ਦਸ ਸਾਲ ਤੋਂ ਸੰਘਰਸ਼ ਕਰ ਰਹੀਆਂ ਹਨ। ਇਨ੍ਹਾਂ ਬੇਰੁਜ਼ਗਾਰਾਂ ਦੇ ਆਤਮਦਾਹ ਕਰਨ ਤਕ ਦੀ ਨੌਬਤ ਆ ਗਈ ਹੈ, ਪਰ ਹਾਈਕੋਰਟ ਦੀ ਝਿੜਕ ਦੇ ਬਾਵਜੂਦ ਸਰਕਾਰ ਦੇ ਕੰਨ ’ਤੇ ਜੂੰ ਨਹੀਂ ਸਰਕੀ। ਪੰਜਾਬ ਨਸ਼ਿਆਂ ਦੀ ਦਲਦਲ ਵਿੱਚ ਫਸ ਗਿਆ ਹੈ। ਇੱਥੇ ਨਸ਼ਿਆਂ ਦਾ 7500 ਕਰੋੜ ਦਾ ਕਾਰੋਬਾਰ ਹੁੰਦਾ ਹੈ। ਆਮਦਨ ਦੇ ਮਾਮਲੇ ਵਿੱਚ ਪੰਜਾਬ 16ਵੇਂ ਨੰਬਰ ’ਤੇ ਪੁੱਜ ਗਿਆ ਹੈ। ਬੇਰੁਜ਼ਗਾਰਾਂ ਦੀ ਗਿਣਤੀ 3,65,000 ਤਕ ਪੁੱਜ ਗਈ ਹੈ। ਇਸ ਸਮੇਂ ਪੰਜਾਬ ਵਿੱਚ 22,000 ਸਨਅਤੀ ਇਕਾਈਆਂ ਬੰਦ ਹੋ ਗਈਆਂ ਹਨ ਜਾਂ ਫਿਰ ਹੋਰਨਾਂ ਸੂਬਿਆਂ ਵੱਲ ਤੁਰ ਗਈਆਂ। ਇਹ ਉਦਯੋਗਿਕ ਇਕਾਈਆਂ ਬੰਦ ਹੋਣ ਨਾਲ ਲੱਖਾਂ ਮਜ਼ਦੂਰ ਪ੍ਰਭਾਵਿਤ ਹੋਏ। ਪੰਜਾਬ ਦੇ ਇਨ੍ਹਾਂ ਕਾਰਖਾਨਿਆਂ ਵਿੱਚੋਂ 60 ਫ਼ੀਸਦੀ ਮਜ਼ਦੂਰ ਘਰਾਂ ਨੂੰ ਪਰਤ ਗਏ। ਰਹਿੰਦੀ ਕਸਰ ਨੋਟਬੰਦੀ ਨੇ ਪੂਰੀ ਕਰ ਦਿੱਤੀ ਹੈ।
ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਵੋਟਰਾਂ ਨੂੰ ਭਰਮਾਉਣ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਉਲੀਕੀਆਂ ਹਨ। ਸਾਰੀਆਂ ਸਿਆਸੀ ਪਾਰਟੀਆਂ ਵੋਟਰਾਂ ਨੂੰ ਸਿਰਫ਼ ਵਾਅਦੇ ਹੀ ਵੰਡ ਰਹੀਆਂ ਹਨ ਜਦੋਂਕਿ ਪੰਜਾਬ ਦੀਆਂ ਬੁਨਿਆਦੀ ਸਮੱਸਿਆਵਾਂ ਤੇ ਮੁੱਦਿਆਂ ਵਿਚਕਾਰ ਲੋਕ ਲਟਕ ਗਏ ਹਨ। ਪੰਜਾਬ ਦੇ ਲੋਕਾਂ ਦੀ ਬਾਂਹ ਕੌਣ ਫੜੇਗਾ? ਪੰਜਾਬ ਦੇ ਲੋਕਾਂ ਲਈ ਵਿਧਾਨ ਸਭਾ ਚੋਣਾਂ ਅਹਿਮ ਹਨ। ਹੁਣ ਪੰਜਾਬ ਦੇ ਸੂਝਵਾਨ ਵੋਟਰਾਂ ਨੇ ਆਪਣਾ ਭਵਿੱਖ ਉਸ ਪਾਰਟੀ ਦੇ ਹੱਥ ਦੇਣਾ ਹੈ ਜਿਹੜੀ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਪ੍ਰਤੀ ਉਨ੍ਹਾਂ ਨੂੰ ਸੁਹਿਰਦ ਲੱਗੇਗੀ।


Comments Off on ਵਾਅਦਿਆਂ ਤੇ ਮੁੱਦਿਆਂ ਵਿਚਕਾਰ ਲਟਕਿਆ ਪੰਜਾਬ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.