ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਵੱਡੀ ਚੁਣੌਤੀ ਹੈ ਸਿੱਖਿਆ ਪ੍ਰਣਾਲੀ ਵਿੱਚ ਪਾਰਦਰਸ਼ਤਾ

Posted On January - 5 - 2017

ਨਵਜੋਤ ਸਿੰਘ

ਵੱਡੀ ਚੁਣੌਤੀ ਹੈ ਸਿੱਖਿਆ ਪ੍ਰਣਾਲੀ ਵਿੱਚ ਪਾਰਦਰਸ਼ਤਾ

ਵੱਡੀ ਚੁਣੌਤੀ ਹੈ ਸਿੱਖਿਆ ਪ੍ਰਣਾਲੀ ਵਿੱਚ ਪਾਰਦਰਸ਼ਤਾ

ਦੇਸ਼ ਭਰ ਦੀਆਂ ਸਿੱਖਿਆ ਸੰਸਥਾਵਾਂ, ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਜਿੱਥੋਂ ਤਕ ਦਾਖ਼ਲਿਆਂ ਦਾ ਸਵਾਲ ਹੈ ਇਹ ਪ੍ਰਕਿਰਿਆ ਲਗਪਗ ਪਾਰਦਰਸ਼ੀ ਬਣ ਚੁੱਕੀ ਹੈ। ਸੂਚਨਾ ਅਧਿਕਾਰ ਕਾਨੂੰਨ ਆਉਣ ਤੋਂ ਬਾਅਦ ਘੱਟੋ-ਘੱਟ ਸਰਕਾਰੀ ਅਦਾਰਿਆਂ ਵਿੱਚ ਕੁੱਲ ਦਾਖ਼ਲੇ ਨਿਰੋਲ ਮੈਰਿਟ ਦੇ ਆਧਾਰ ’ਤੇ ਹੁੰਦੇ ਹਨ। ਅਜਿਹਾ ਨਾ ਕਰਨਾ ਪ੍ਰਿੰਸੀਪਲ ਜਾਂ ਦਾਖ਼ਲਾ ਕਮੇਟੀ ਨੂੰ ਕੋਰਟਾਂ ਦੇ ਚੱਕਰ ਲਗਾਉਣ ਲਈ ਮਜਬੂਰ ਕਰ ਸਕਦਾ ਹੈ। ਪਿੱਛੇ ਜਿਹੇ ਇੱਕ ਸੈਮੀਨਾਰ ਵਿੱਚ ਪੰਜਾਬ ਦੇ ਸੂਚਨਾ ਅਧਿਕਾਰ ਕਮਿਸ਼ਨਰ ਨੇ ‘ਪਾਰਦਰਸ਼ਤਾ ਨੂੰ ਸੁਚੱਜੇ ਪ੍ਰਸ਼ਾਸਨ ਦੀ ਕੁੰਜੀ’ ਦੱਸਿਆ। ਇਸ ਦੌਰਾਨ ਉਨ੍ਹਾਂ ਦਿੱਲੀ ਯੂਨੀਵਰਸਿਟੀ ਦੀ ਉਦਾਹਰਣ ਦੇ ਕੇ ਦੱਸਿਆ ਕਿ ਜਿੱਥੇ ਸਾਰਾ ਕੰਮ ਆਨ-ਲਾਈਨ ਹੋਣ ਕਰਕੇ ਸਾਰੀ ਜਾਣਕਾਰੀ ਇੰਟਰਨੈੱਟ ਉੱਪਰ ਉਪਲਬਧ ਹੈ, ਜੋ ਕੋਈ ਵੀ ਚਾਹੇ ਉਹ ਲੋੜੀਂਦੀ ਜਾਣਕਾਰੀ ਦੇਖ ਸਕਦਾ ਹੈ। ਨਤੀਜੇ ਵੱਜੋਂ ਉੱਥੇ ਸੂਚਨਾ ਲੈਣ ਲਈ ਅਰਜ਼ੀ ਦੇਣ ਦੀ ਲੋੜ ਨਹੀਂ ਪੈਂਦੀ।
ਪਰ ਸਾਡੀ ਸਿੱਖਿਆ ਪ੍ਰਣਾਲੀ ਵਿੱਚ ਕਿਸੇ ਸੰਸਥਾ ਵਿੱਚ ਦਾਖ਼ਲਾ ਲੈਣਾ ਹੀ ਸਭ ਕੁਝ ਨਹੀਂ। ਸਿੱਖਿਆ ਨਾਲ ਜੁੜੇ ਕਈ ਹੋਰ ਸਵਾਲ ਵੀ ਹਨ ਜੋ ਸਾਡੇ ਆਮ ਨਾਗਰਿਕਾਂ ਤੋਂ ਲੈ ਕੇ ਸਰਕਾਰਾਂ ਤਕ ਦਾ ਧਿਆਨ ਮੰਗਦੇ ਹਨ।
ਦਾਖ਼ਲਿਆਂ ਤੋਂ ਬਾਅਦ ਪੜ੍ਹਾਈ ਦਾ ਦੌਰ ਸ਼ੁਰੂ ਹੁੰਦਾ ਹੈ। ਵਿਸ਼ਵ ਭਰ ਵਿੱਚ ਭਿੰਨਤਾਵਾਂ ਲਈ ਮਸ਼ਹੂਰ ਸਾਡੇ ਦੇਸ਼ ਦੇ ਵਿੱਦਿਅਕ ਅਦਾਰਿਆਂ ਵਿੱਚ ਵੀ ਅਨੇਕਾਂ ਭਿੰਨਤਾਵਾਂ ਮਿਲਦੀਆਂ ਹਨ। ਇਸ ਵਿੱਚ ਇੱਕ ਪਾਸੇ ਚੰਗੀ ਤਨਖ਼ਾਹ ਪ੍ਰਾਪਤ ਕਰਨ ਵਾਲੇ ਅਧਿਆਪਕ ਹਨ ਅਤੇ ਦੂਜੇ ਪਾਸੇ ਅੱਧੀ ਤੋਂ ਘੱਟ ਤਨਖ਼ਾਹ ਲੈਣ ਵਾਲੇ। ਜੇ ਕਿਤੇ ਉੱਚ ਡਿਗਰੀਆਂ ਪ੍ਰਾਪਤ ਕਾਬਲ ਅਧਿਆਪਕ ਹਨ, ਉੱਥੇ ਨਾਲ ਹੀ ਲੱਖਾਂ ਅਧਿਆਪਕ ਬਣਨ ਲਈ ਲੋੜੀਂਦੀ ਮੁੱਢਲੀ ਯੋਗਤਾ ਤੋਂ ਸੱਖਣੇ ਅਧਿਆਪਕ ਵੀ ਹਨ। ਕੁਝ ਅਦਾਰੇ ਆਧੁਨਿਕ ਯੁੱਗ ਦੀਆਂ ਪੂਰੀਆਂ ਸੁੱਖ ਸੁਵਿਧਾਵਾਂ ਨਾਲ ਲੈਸ ਹਨ ਪਰ ਦੂਜੇ ਪਾਸੇ ਮੁਕਾਬਲੇ ਵਿੱਚ ਮੁੱਢਲੀਆਂ ਲੋੜਾਂ ਤੋਂ ਹੀਣ ਵਿਦਿਅਕ ਅਦਾਰਿਆਂ ਦੀ ਗਿਣਤੀ ਵੀ ਲੱਖਾਂ ਵਿੱਚ ਹੈ। ਇਸ ਤਨਖ਼ਾਹ, ਯੋਗਤਾ ਅਤੇ ਸੁਵਿਧਾਵਾਂ ਦੇ ਵਖਰੇਵੇਂ ਦੇ ਵਾਤਾਵਰਣ ਵਿੱਚ ਪੜ੍ਹਨ ਵਾਲੇ ਸਾਰੇ ਵਿਦਿਆਰਥੀ ਸਾਲ ਦੇ ਅੰਤ ਵਿੱਚ ਇੱਕੋ ਸਿਲੇਬਸ ਪੜ੍ਹ ਕੇ ਸਾਲ ਭਰ ਦੀ ਪੜ੍ਹਾਈ ਦੌਰਾਨ ਹਾਸਲ ਕੀਤੇ ਗਿਆਨ ਦੇ ਮੁਲਾਂਕਣ ਲਈ ਤਿਆਰ ਹੁੰਦੇ ਹਨ।
ਮੁਲਾਂਕਣ ਪ੍ਰਕਿਰਿਆ ਵਿੱਚ ਸਭ ਤੋਂ ਪਹਿਲੀ ਅਹਿਮ ਭੂਮਿਕਾ ਪੇਪਰ ਸੈਟਰ ਤੋਂ ਸ਼ੁਰੂ ਹੁੰਦੀ ਹੈ। ਉਹ ਅਧਿਆਪਕ ਜਿਸ ਨੇ ਸਾਧਾਰਨ ਵਿਦਿਆਰਥੀਆਂ ਦੇ ਨਾਲ ਨਾਲ ਔਸਤ, ਹੇਠਾਂ ਅਤੇ ਉੱਪਰ ਵਾਲੇ ਵਿਦਿਆਰਥੀਆਂ ਨੂੰ ਧਿਆਨ ਵਿੱਚ ਰੱਖ ਕੇ ਪ੍ਰਸ਼ਨ ਪੱਤਰ ਵਿੱਚ ਸਵਾਲਾਂ ਦਾ ਸੰਤੁਲਨ ਇਸ ਪ੍ਰਕਾਰ ਬਿਠਾਉਣਾ ਹੁੰਦਾ ਹੈ ਕਿ ਸਾਰਾ ਸਾਲ ਮਿਹਨਤ ਨਾਲ ਚੰਗੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੇ ਨਤੀਜੇ ਇਸ ਫ਼ਰਕ ਨੂੰ ਵਿਖਾ ਸਕਣ। ਜਿੱਥੇ ਪ੍ਰਸ਼ਨ-ਪੱਤਰਾਂ ਵਿੱਚ ਇੱਕ-ਦੋ ਸਵਾਲ ਅਜਿਹੇ ਵੀ ਹੋ ਸਕਦੇ ਹਨ ਜੋ ਅਧਿਆਪਕਾਂ ਲਈ ਵੀ ਚੁਣੌਤੀ ਹੋਣ ਅਤੇ ਨਾਲ ਹੀ ਕੁਝ ਸਵਾਲ ਜੋ ਔਸਤ ਵਿਦਿਆਰਥੀ ਦੇ ਪਾਸ ਹੋਣ ਲਈ ਸਹਾਇਕ ਵੀ ਹੋਣ। ਇਸ ਦਾ ਕਾਰਨ ਹੈ ਕਿ ਸਾਡੇ ਦੇਸ਼ ਦੇ ਅਨੇਕਾਂ ਵਿਦਿਅਕ ਅਦਾਰੇ ਪੜ੍ਹਾਈ ਲਈ ਲੋੜੀਂਦੇ ਸਾਧਨਾਂ ਦੇ ਨਾਲ ਨਾਲ ਅਧਿਆਪਕਾਂ ਤੋਂ ਵੀ ਸੱਖਣੇ ਹਨ। ਲੱਖਾਂ ਹੀ ਵਿਦਿਆਰਥੀ ਇਮਤਿਹਾਨ ਦੀ ਸਫ਼ਲਤਾ ਲਈ ਅਕਸਰ ਖ਼ੁਦ ਦੀ ਮਿਹਨਤ, ਪ੍ਰਾਈਵੇਟ ਟਿਊਸ਼ਨ ਜਾਂ ਮਾਪਿਆਂ ਅਤੇ ਹੋਰ ਪਰਿਵਾਰਕ ਮੈਂਬਰਾਂ ਦੀ ਮਦਦ ਉੱਤੇ ਨਿਰਭਰ ਕਰਦੇ ਹਨ।
ਪ੍ਰਸ਼ਨ ਪੁੱਛਣਾ ਵੀ ਇੱਕ ਕਲਾ ਹੈ। ਸਾਡੇ ਪੇਪਰ ਸੈਟਰ ਨੂੰ ਗੁਣਵੱਤਾ ਵਧਾਉਣ ਲਈ ਸੁਝਾਅ ਦੇਣ ਦਾ ਕੋਈ ਤਰੀਕਾ ਵਿਕਸਿਤ ਕਰਨਾ ਚਾਹੀਦਾ ਹੈ ਜਿਸ ਵਿੱਚ ਵਿਸ਼ਾ ਮਾਹਿਰ, ਚੋਣਵੇਂ ਅਧਿਆਪਕ ਅਤੇ ਵਿਦਿਆਰਥੀ ਆਪਣੀ ਰਾਇ ਦੇਣ। ਇਸ ਨਾਲ ਭਵਿੱਖ ਵਿੱਚ ਉੱਚ ਦਰਜੇ ਦੇ ਸੰਤੁਲਿਤ ਪ੍ਰਸ਼ਨ ਪੱਤਰ ਵਿਦਿਆਰਥੀਆਂ ਦੇ ਗਿਆਨ ਦਾ ਮੁਲਾਂਕਣ ਕਰਨਗੇ। ਅਗਲੀ ਗੱਲ ਸਾਰੇ ਸਾਲ ਦੀ ਮਿਹਨਤ ਦਾ ਮੁੱਲ ਇੱਕ ਤਿੰਨ ਘੰਟੇ ਦੀ ਪ੍ਰੀਖਿਆ ਨਾਲ ਹੋਣਾ ਹੁੰਦਾ ਹੈ। ਇਹ ਸਮੂਹ ਵਿਦਿਆਰਥੀ ਵਰਗ, ਪਰ ਖ਼ਾਸ ਕਰਕੇ ਸਾਰਾ ਸਾਲ ਦਿਨ ਰਾਤ ਮਿਹਨਤ ਕਰਨ ਵਾਲੇ ਵਿਦਿਆਰਥੀਆਂ ਲਈ ਬਹੁਤ ਮਾਇਨੇ ਰੱਖਦਾ ਹੈ। ਇੱਥੇ ਉਸ ਨਿਗਰਾਨ ਅਮਲੇ ਦੀ ਭੂਮਿਕਾ ਸ਼ੁਰੂ ਹੁੰਦੀ ਹੈ, ਜਿਨ੍ਹਾਂ ਦੀ ਤਿੰਨ ਘੰਟੇ ਲਈ ਇੱਕ ਕਮਰੇ ਵਿੱਚ ਕੁਝ ਵਿਦਿਆਰਥੀਆਂ ਦੀ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਹੁੰਦੀ ਹੈ। ਇੱਥੇ ਨਿਗਰਾਨ ਅਮਲੇ ਦਾ ਜ਼ਿੰਮੇਵਾਰੀ ਤੋਂ ਥੋੜ੍ਹਾ ਵੀ ਭਟਕਣਾ ਮਿਹਨਤੀ ਵਿਦਿਆਰਥੀਆਂ ਦੀ ਮਿਹਨਤ ’ਤੇ ਪਾਣੀ ਫੇਰ ਸਕਦਾ ਹੈ। ਪ੍ਰੀਖਿਆ ਵਿੱਚ ਵਿਦਿਆਰਥੀਆਂ ਵੱਲੋਂ ਉੱਤਰ ਲਿਖਣ ਲਈ ਗ਼ੈਰ-ਵਾਜਬ ਤਰੀਕਿਆਂ ਦੀ ਵਰਤੋਂ ਅਹਿਮ ਮੁੱਦਾ ਹੈ। ਇਸ ਨੂੰ ਰੋਕਣ ਲਈ ਪ੍ਰੀਖਿਆ ਕੇਂਦਰਾਂ ਵਿੱਚ ਵਿਦਿਆਰਥੀਆਂ ਜਾਂ ਨਿਗਰਾਨ ਅਮਲੇ ਨੂੰ ਸੰਸਥਾ ਬਦਲ ਕੇ ਤੈਨਾਤ ਕਰਨਾ ਸ਼ਾਇਦ ਅਜਿਹੀ ਸੋਚ ਦਾ ਨਤੀਜਾ ਹੈ। ਨਕਲ ਇੱਕ ਗੁੰਝਲਦਾਰ ਸਮੱਸਿਆ ਹੈ। ਇਸ ਲਈ ਕਿਸੇ ਇੱਕ ਧਿਰ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਇਸ ਸਬੰਧੀ ਤਕਨਾਲੋਜੀ ਜ਼ਰੂਰ ਮਦਦ ਕਰ ਸਕਦੀ ਹੈ। ਪ੍ਰੀਖਿਆ ਕੇਂਦਰ ਦੇ ਹਰ ਕਮਰੇ ਵਿੱਚ ਕੈਮਰਾ ਲਗਾਉਣ ਨਾਲ ਪ੍ਰੀਖਿਆ ਦੌਰਾਨ ਕੀਤੀਆਂ ਗੜਬੜੀਆਂ ਦਾ ਪਤਾ ਲਗਾਇਆ ਜਾ ਸਕਦਾ ਹੈ।
ਅਗਲਾ ਪਹਿਲੂ ਅਧਿਆਪਕਾਂ ਅਤੇ ਉਨ੍ਹਾਂ ਅਧਿਕਾਰੀਆਂ ਨਾਲ ਸਬੰਧਿਤ ਹੈ ਜਿਨ੍ਹਾਂ ਦੀ ਜ਼ਿੰਮੇਵਾਰੀ ਪ੍ਰੀਖਿਆ ਦੀਆਂ ਉੱਤਰ ਕਾਪੀਆਂ ਦੇ ਮੁਲਾਂਕਣ ਦੀ ਹੁੰਦੀ ਹੈ। ਇੱਥੇ ਵੀ ਸਵਾਲ ਮੁਲਾਂਕਣ ਲਈ ਚੁਣੇ ਅਧਿਆਪਕ ਦੀ ਯੋਗਤਾ ਅਤੇ ਤਜਰਬੇ ਤੋਂ ਵੀ ਉੱਪਰ ਉਸ ਦੀ ਕਿੱਤੇ ਪ੍ਰਤੀ ਵਚਨਬੱਧਤਾ ਦਾ ਹੈ। ਇੱਕ ਅਧਿਆਪਕ ਦਿਨ ਵਿੱਚ ਕਿੰਨੇ ਪੇਪਰ ਚੈੱਕ ਕਰ ਸਕਦਾ ਹੈ ਜਾਂ ਅਸਲ ਵਿੱਚ ਕਰਦਾ ਹੈ? ਸਹੀ ਮੁਲਾਂਕਣ ਲਈ ਪਹਿਲਾਂ ਉੱਤਰ ਪੜ੍ਹਨੇ ਜ਼ਰੂਰੀ ਹਨ। ਮੁਲਾਂਕਣ ਦੇ ਕੰਮ ਵਿੱਚ ਪਾਰਦਰਸ਼ਤਾ ਪ੍ਰੀਖਿਆਰਥੀ ਵੱਲੋਂ ਆਪਣੀ ਜਾਂ ਕਿਸੇ ਹੋਰ ਵਿਦਿਆਰਥੀ ਦੀ ਪ੍ਰੀਖਿਅਕ ਦੇ ਮੁਲਾਂਕਣ ਤੋਂ ਬਾਅਦ ਉੱਤਰ ਕਾਪੀ ਵੇਖਣ ਦੇ ਅਧਿਕਾਰ ਮਿਲਣ ਨਾਲ ਸੰਭਣ ਹੋ ਸਕਦੀ ਹੈ। ਕੋਈ ਸਮਾਂ ਸੀ ਜਦੋਂ ਪਹਿਲੇ ਦਰਜੇ ਵਿੱਚ ਪਾਸ ਹੋਣ ਵਾਲਾ ਕੋਈ ਵਿਰਲਾ ਵਿਦਿਆਰਥੀ ਹੁੰਦਾ ਸੀ। ਪਰ ਹੁਣ ਹਾਲਾਤ ਇਹ ਹਨ ਕਿ ਕਈ ਥਾਵਾਂ ’ਤੇ ਸਕੂਲਾਂ ਵਿੱਚ ਅੱਧੀ ਤੋਂ ਵੱਧ ਕਲਾਸ ਪਹਿਲਾ ਦਰਜਾ ਪ੍ਰਾਪਤ ਕਰ ਰਹੀ ਹੈ। ਇੱਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਵਿਦਿਆਰਥੀ ਇੰਨੇ ਹੁਸ਼ਿਆਰ ਹੋ ਗਏ ਹਨ ਜਾਂ ਸਾਡੇ ਅਧਿਆਪਕ ਪਹਿਲਾਂ ਦੇ ਮੁਕਾਬਲੇ ਅਧਿਆਪਨ ਉਤਮ ਦਰਜੇ ਦਾ ਕਰ ਰਹੇ ਹਨ ਜਾਂ ਗੱਲ ਕੁਝ ਹੋਰ ਹੀ ਹੈ। ਸਾਲ ਦਰ ਸਾਲ ਹਰ ਵਿਦਿਅਕ ਸੰਸਥਾ ਲਈ ਕੱਟ ਆਫ ਮੈਰਿਟ ਵਧਦੀ ਜਾ ਰਹੀ ਹੈ।
ਪਿੱਛੇ ਜਿਹੇ ਨਵੀਂ ਦਿੱਲੀ ਦੀ ਇੱਕ ਨਾਮੀ ਸੰਸਥਾ ਵਿੱਚ ਕਿਸੇ ਇੱਕ ਸ਼ਹਿਰ ਦੇ ਇੱਕ ਸਕੂਲ ਦੀ ਕਲਾਸ ਦੇ ਲਗਪਗ ਅੱਧੇ ਵਿਦਿਆਰਥੀਆਂ ਦਾ ਦਾਖ਼ਲਾ ਹੋਣਾ ਸਥਿਤੀ ਨੂੰ ਸਾਧਾਰਨ ਨਹੀਂ ਦਸਦਾ। ਦੂਜੇ ਪਾਸੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਵੀ ਨਾਮੀ ਸੰਸਥਾਵਾਂ ਵਿੱਚ ਦਾਖ਼ਲਾ ਲੈਣ ਤੋਂ ਵਾਂਝੇ ਰਹਿ ਰਹੇ ਹਨ। ਅਜਿਹਾ ਵਰਤਾਰਾ ਰੋਕਣ ਲਈ ਸਾਨੂੰ ਸਿੱਖਿਆ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਲਿਆਉਣੀ ਪਵੇਗੀ।
ਮੋਬਾਈਲ: 94178-21783


Comments Off on ਵੱਡੀ ਚੁਣੌਤੀ ਹੈ ਸਿੱਖਿਆ ਪ੍ਰਣਾਲੀ ਵਿੱਚ ਪਾਰਦਰਸ਼ਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.