ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਸਫ਼ਲਤਾ ਦੀ ਕੁੰਜੀ – ਚੰਗਾ ਲਿਖਣ ਤੇ ਬੋਲਣ ਦੀ ਕਲਾ

Posted On January - 3 - 2017

ਬੀ ਐਸ ਰਤਨ

(ਦੂਜੀ ਕਿਸ਼ਤ)

10301cd _speabk 1ਚੰਗੀ ਗੱਲਬਾਤ ਕਰਨਾ ਵੀ ਇਕ ਕਲਾ ਹੈ। ਰੋਜ਼ਾਨਾ ਦੀ ਜ਼ਿੰਦਗੀ ਵਿੱਚ ਅਸੀ ਵੱਖ ਵੱਖ ਮੁੱਦਿਆਂ ਉਪਰ ਗੱਲਬਾਤ ਕਰਦੇ ਹਾਂ। ਸਫ਼ਲ ਬੁਲਾਰਾ ਹਮੇਸ਼ਾ ਸਰੋਤਿਆਂ ਲਈ ਆਕਰਸ਼ਕ ਸਾਬਿਤ ਹੁੰਦਾ ਹੈ। ‘ਚੰਗਾ ਲਿਖੋ, ਚੰਗਾ ਬੋਲੋ’ ਪੁਸਤਕ ਵਿੱਚ ਘਰੇਲੂ, ਸਮਾਜਿਕ, ਰਾਜਨੀਤਕ, ਆਰਥਿਕ, ਸੱਭਿਆਚਾਰ ਤੇ ਹੋਰ ਕਈ ਮੁੱਦਿਆਂ ਉਪਰ ਗੱਲਬਾਤ ਕਰਨ ਦਾ ਸਲੀਕਾ ਬਿਆਨ ਕੀਤਾ ਗਿਆ ਹੈ। ਸਿਰਫ਼ ਇਕ ਨੇਤਾ ਵਜੋਂ ਹੀ ਨਹੀਂ ਸਗੋਂ ਸੇਵਾ ਕਾਲ ਦੌਰਾਨ ਜਾਂ ਨਿੱਜੀ ਮਸਲਿਆਂ ਨੂੰ ਹੱਲ ਕਰਨ ਵੇਲੇ ਸਾਨੂੰ ਸਹਿਜ, ਤਰਕਸ਼ੀਲ ਤੇ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਗੱਲਬਾਤ ਦੀ ਮੁਹਾਰਤ ਹਾਸਲ ਹੋਣੀ ਜ਼ਰੂਰੀ ਹੈ।
ਆਮ ਸਰੋਤਿਆਂ ਸਾਹਮਣੇ ਗੱਲਬਾਤ ਕਰਨ ਲਈ ਤੁਹਾਡੇ ਕੋਲ ਵਿਸ਼ਿਆਂ ਦੀ ਵੰਨਗੀ ਹੋਣੀ ਲਾਜ਼ਮੀ ਹੈ। ਤੁਹਾਡੇ ਸੰਪਰਕ ਵਿੱਚ ਆਉਣ ਵਾਲੇ ਲੋਕ ਕਿਸ ਤਰ੍ਹਾਂ ਦੇ ਹਨ ਜਾਂ ਉਨ੍ਹਾਂ ਦਾ ਬੌਧਿਕ ਪੱਧਰ ਕਿਸ ਕਿਸਮ ਦਾ ਹੈ, ਆਦਿ ਤੁਹਾਡੇ ਲਈ ਚੁਣੌਤੀਆਂ ਹਨ। ਤੁਸੀਂ ਭਾਵੇਂ ਗੱਲ ਵਪਾਰ, ਮੌਸਮ, ਰਾਜਨੀਤੀ ਤੇ ਚਲੰਤ ਮਸਲੇ ਆਦਿ ਜਾਂ ਕਿਸੇ ਹੋਰ ਵਿਸ਼ੇ ਉਪਰ ਕਰਨੀ ਹੋਵੇ, ਤੁਹਾਡੇ ਕੋਲ ਲੋੜੀਂਦੀ ਸਮੱਗਰੀ ਹੋਣੀ ਚਾਹੀਦੀ ਹੈ। ਤੁਹਾਡੇ ਗੱਲਬਾਤ ਦੇ ਲਹਿਜ਼ੇ ਅਤੇ ਸਰੀਰਕ ਭਾਸ਼ਾ ਤੋਂ ਸਾਹਮਣੇ ਬੈਠੇ ਸਰੋਤਿਆਂ ਨੂੰ ਭਲੀਭਾਂਤ ਸਮਝ ਆਉਂਦੀ ਹੈ ਕਿ ਤੁਹਾਡੇ ਵਿੱਚ ਕਿੰਨੀ ਕਾਬਲੀਅਤ ਹੈ। ਤੁਸੀ ਆਪਣਾ ਨਜ਼ਰੀਆ, ਦੂਰਦ੍ਰਿਸ਼ਟੀ ਜਾਂ ਗੱਲਬਾਤ ਅਹਿਮੀਅਤ ਦਾ ਸਹੀ ਪ੍ਰਗਟਾਅ ਕਰੋਗੇ ਤਾਂ ਹੀ ਲੋਕ ਤੁਹਾਡੇ ਤੋਂ ਖੁਸ਼ ਅਤੇ ਸੰਤੁਸ਼ਟ ਹੋਣਗੇ। ਇਸ ਲਈ ਜ਼ਰੂਰੀ ਨੁਕਤੇ ਹਨ: ਵਾਰਤਾਲਾਪ ਵਿੱਚ ਦਿਲਚਸਪੀ ਵਿਖਾਓ, ਦੋਸਤਾਨਾ ਵਿਵਹਾਰ ਪੇਸ਼ ਕਰੋ, ਹਸਮੁਖ ਰਹੋ, ਵਿਚਾਰ ਪੇਸ਼ ਕਰਨ ਵਿੱਚ ਲਚਕਦਾਰ ਰਹੋ ਤੇ ਨਿਮਰਤਾ ਨਾਲ ਵਿਚਾਰ ਪੇਸ਼ ਕਰੋ। ਇਸ ਦੇ ਉਲਟ ਨੁਕਸਾਨਾਂ ਦੀ ਲੰਬੀ ਸੂਚੀ ਦਿੱਤੀ ਜਾ ਸਕਦੀ ਹੈ ਪਰ ਗ਼ੈਰ-ਜ਼ਿੰਮੇਵਾਰਾਨਾ ਗੱਲਬਾਤ, ਪੈੱਟ ਸ਼ਬਦਾਂ ਦੀ ਵਰਤੋਂ, ਬੇਲੋੜੇ ਸ਼ਬਦਾਂ ਅਤੇ ਅਖਾਣਾਂ ਦੀ ਵਰਤੋਂ, ਨਾਂਹ-ਵਾਚਕ ਸ਼ਬਦਾਂ ਨੂੰ ਦੁਹਰਾਉਣਾ, ਵਧਾ-ਚੜ੍ਹਾ ਕੇ ਗੱਲ ਕਰਨਾ, ਨਿੱਜੀ ਤਜਰਬੇ ਦੀ ਵਾਰ-ਵਾਰ ਅਤੇ ਲੰਮੀ ਗੱਲ ਕਰਨਾ ਆਦਿ ਅਜਿਹੀਆਂ ਖ਼ਾਮੀਆਂ ਹਨ ਜੋ ਚੰਗੀ ਵਾਰਤਾਲਾਪ ਦੇ ਰੋੜੇ ਸਾਬਿਤ ਹੁੰਦੇ ਹਨ।

ਬੀ.ਐਸ. ਰਤਨ

ਬੀ.ਐਸ. ਰਤਨ

ਚੰਗੀ ਗੱਲਬਾਤ ਵਿਕਸਿਤ ਕਰਨ ਲਈ ਵੀ ਕੁਝ ਨੁਕਤੇ ਹਨ, ਜਿਵੇਂ ਘਰ ਵਿੱਚ ਚੰਗਾ ਬੋਲਣ ਦਾ ਅਭਿਆਸ ਕਰੋ, ਆਪਣੇ ਦੋਸਤਾਂ ਵਿਚਕਾਰ ਬਹਿਸ ਦਾ ਅਨੁਭਵ ਹਾਸਲ ਕਰੋ, ਓਪਰੇ ਲੋਕਾਂ ਨਾਲ ਵਾਰਤਾਲਾਪ ਕਰੋ ਤਾਂ ਜੋ ਤੁਹਾਡੀ ਹਿਚਕਚਾਹਟ ਖਤਮ ਹੋ ਜਾਵੇ। ਕਾਮਯਾਬ ਪ੍ਰਹੁਣਚਾਰੀ ਲਈ ਵੀ ਸੁਖਾਵੀਂ ਤੇ ਖੁਸ਼ਮਿਜ਼ਾਜ ਗੱਲਬਾਤ ਕੰਮ ਆਉਂਦੀ ਹੈ। ਮਹਿਮਾਨਾਂ ਵਿੱਚ ਸ਼ਾਮਲ ਵਿਅਕਤੀਆਂ ਦੀ ਆਸਪ ਵਿੱਚ ਜਾਣ-ਪਛਾਣ ਕਰਵਾਓ ਤੇ ਬੱਚਿਆਂ ਦੇ ਮਾਪਿਆਂ ਪ੍ਰਤੀ ਜਾਣਕਾਰੀ ਦੇ ਕੇ ਉਨ੍ਹਾਂ ਨੂੰ ਸੁਖਾਵਾਂ ਮਹਿਸੂਸ ਕਰਵਾਓ। ਕਿਸੇ ਵੀ ਹਸਤੀ ਨੂੰ ਮਿਲਣ ਦਾ ਮੌਕਾ ਮਿਲੇ ਤਾਂ ਉਸ ਦੀ ਕਲਾ ਜਾਂ ਹੁਨਰ ਦਾ ਜ਼ਿਕਰ ਕਰੋ। ਬੋਲਣ ਦਾ ਮੋਕਾ ਮਿਲੇ ਤਾਂ ਉਨ੍ਹਾਂ ਦੇ ਸ਼ੁਗਲ, ਕਲਾ ਦੇ ਨਮੂਨੇ ਜਾਂ ਹੋਰ ਗੁਣਾਂ ’ਤੇ ਵਿਸਥਾਰਪੂਰਵਕ ਗੱਲ ਕਰੋ। ਮੌਕਿਆਂ ਮੁਤਾਬਕ ਗੱਲਬਾਤ ਕਰਨ ਦੀ ਕਲਾ ਦਾ ਅਭਿਆਸ ਜਾਰੀ ਰੱਖੋ। ਮਿਸਾਲ ਵਜੋਂ ਬੇਵਕਤੀ ਮੌਤ ’ਤੇ ਅਫ਼ਸੋਸ ਪ੍ਰਗਟ ਕਰਨਾ, ਜਨਮ ਦਿਨ ਜਾਂ ਨਵਜੰਮੇ ਬੱਚੇ ਬਾਰੇ ਮੁਬਾਰਕਬਾਦ ਦੇਣਾ, ਇਮਤਹਾਨ ਵਿੱਚੋਂ ਪਾਸ ਜਾਂ ਐਵਾਰਡ ਹਾਸਲ ਕਰਨ ਉਪਰੰਤ ਵਧਾਈ ਦੇਣਾ, ਵਿਆਹ-ਸ਼ਾਦੀ ਮੌਕੇ ਦੋਵੇਂ ਧਿਰਾਂ ਨੂੰ ਮੁਬਾਰਕਬਾਦ ਪੇਸ਼ ਕਰਨਾ ਆਦਿ ਅਜਿਹੇ ਮੌਕੇ ਹਨ, ਜੋ ਢੁਕਵੇਂ ਸ਼ਬਦਾਂ ਦੀ ਵਰਤੋਂ ਨਾਲ ਹੀ ਸਫ਼ਲ ਹੁੰਦੇ ਹਨ। ਸਿਰਫ਼ ਹਾਜ਼ਰ ਹੋਣ ਜਾਂ ਮੂਕ ਦਰਸ਼ਕ ਬਣੇ ਰਹਿਣ ਨਾਲ ਨਹੀਂ ਸਗੋਂ ਆਪਣੀਆਂ ਭਾਵਨਾਵਾਂ ਦਾ ਸਹੀ ਪ੍ਰਗਟਾਵਾ ਕਰਨ ਨਾਲ ਹੀ ਮਿਲਣੀ ਸਫ਼ਲ ਮੰਨੀ ਜਾਂਦੀ ਹੈ।
ਜ਼ਿੰਦਗੀ ਦੇ ਹਰ ਮੁਕਾਮ ’ਤੇ ਅਸੀਂ ਕਿਸੇ ਨਾ ਕਿਸੇ ਕਿਸਮ ਦੀ ਇੰਟਰਵਿਊ ਦਾ ਸਾਹਮਣਾ ਕਰਦੇ ਹਾਂ। ਆਪਣੇ ਸੁਨਹਿਰੀ ਕਰੀਅਰ ਵਾਸਤੇ ਹਰ ਉਮੀਦਵਾਰ ਨੂੰ ਉਚਿਤ ਸਥਾਨ ਹਾਸਲ ਕਰਨ ਲਈ ਆਪਣੀਆਂ ਯੋਗਤਾਵਾਂ ਜਾਂ ਖ਼ੂਬੀਆਂ ਦਾ ਸਫ਼ਲ ਪ੍ਰਦਰਸ਼ਨ ਕਰਨਾ ਪੈਂਦਾ ਹੈ। ਇੰਟਰਵਿਊ ਬੋਰਡ ਨੇ ਥੋੜੇ ਸਮੇਂ ਵਿੱਚ ਉਮੀਦਵਾਰ ਦੀ ਨਿਪੁੰਨਤਾ ਅਤੇ ਆਸਾਮੀ ਪ੍ਰਤੀ ਸਮਰੱਥਾ ਦਾ ਜਾਇਜ਼ਾ ਲੈਣਾ ਹੁੰਦਾ ਹੈ। ਉਮੀਦਵਾਰਾਂ ਦੀ ਵਿਦਿਅਕ ਯੋਗਤਾ, ਸ਼ੁਗਲ, ਪਰਿਵਾਰਕ ਪਿਛੋਕੜ, ਸ਼ਖ਼ਸੀਅਤ ਸਬੰਧੀ ਗੁਣਾਂ ਆਦਿ ਦੀ ਪਿੱਠ ਭੂਮੀ ਸਾਹਮਣੇ ਇੰਟਰਵਿਊ ਬੋਰਡ ਉਮੀਦਵਾਰ ਦਾ ਜ਼ੁਬਾਨੀ ਟੈਸਟ ਲੈਂਦਾ ਹੈ। ਉਮੀਦਵਾਰ ਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਭਰਤੀ ਕਰਨ ਵਾਲੇ ਬੋਰਡ ਦਾ ਉਦੇਸ਼ ਇਮਾਨਦਾਰ, ਫੁਰਤੀਲੇ, ਨਿਪੁੰਨ, ਵਚਨਬੱਧ ਤੇ ਸਾਰਥਕ ਕਾਰਜਸ਼ੈਲੀ ਵਾਲੇ ਉਮੀਦਵਾਰ ਚੁਣਨਾ ਹੀ ਹੁੰਦਾ ਹੈ। ਇਮਾਨਦਾਰ ਹੋਣ ਤੋਂ ਭਾਵ ਸਿਰਫ਼ ਚੋਰੀ ਨਾ ਕਰਨਾ ਜਾਂ ਝੂਠ ਨਾ ਬੋਲਣਾ ਹੀ ਨਹੀਂ ਸਗੋਂ ਇਮਾਨਦਾਰ ਵਿਅਕਤੀ ਸਮੇਂ ਦਾ ਪਾਬੰਦ ਹੁੰਦਾ ਹੈ ਅਤੇ ਦੂਜਿਆਂ ਦੇ ਹਿੱਤਾਂ ਦਾ ਖਿਆਲ ਰੱਖਦਾ ਹੈ। ਉਸ ਅੰਦਰ ਨਿਆਂ ਦੀ ਸੱਚੀ ਭਾਵਨਾ ਅਤੇ ਰੋਜ਼ਾਨਾ ਦੇ ਕੰਮਾਂ ਵਿੱਚ ਨੇਕੀ ਝਲਕਦੀ ਹੈ। ਕੋਈ ਵੀ ਅਦਾਰਾ ਉਮੀਦਵਾਰ ਦੇ ਵਿਵਹਾਰ ਜਾਂ ਨਜ਼ਰੀਏ ਤੋਂ ਹੀ ਪ੍ਰਭਾਵਿਤ ਹੁੰਦਾ ਹੈ। ਛੋਟੀਆਂ-ਛੋਟੀਆਂ ਗੱਲਾਂ ਵਿੱਚ ਵਿਸ਼ਵਾਸਘਾਤ ਕਰਨ ਵਾਲਾ ਜਾਂ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਵਾਲਾ ਵਿਅਕਤੀ ਯੋਗ ਸਥਾਨ ਹਾਸਲ ਕਰਨ ਦੀ ਉਮੀਦ ਨਹੀਂ ਰੱਖ ਸਕਦਾ। ਪਰਿਵਾਰ ਵਾਲੇ ਵਿਅਕਤੀ ਨੂੰ ਵਧੇਰੇ ਜ਼ਿੰਮੇਵਾਰ ਅਤੇ ਲੋੜਵੰਦ ਸਮਝਿਆ ਜਾਂਦਾ ਹੈ। ਇਸ ਲਈ ਕੁਆਰੇ ਨੌਜਵਾਨ ਜਾਂ ਮੁਟਿਆਰ ਨੂੰ ਆਪਣੇ ਚਰਿੱਤਰ, ਦ੍ਰਿਸ਼ਟੀਕੋਣ, ਗੰਭੀਰਤਾ ਤੇ ਦਿਆਨਤਦਾਰੀ ਦਾ ਜ਼ੋਰਦਾਰ ਪ੍ਰਦਰਸ਼ਨ ਕਰਨਾ ਪਵੇਗਾ।
ਇੰਟਰਵਿਊ ਦੌਰਾਨ ਉਮੀਦਵਾਰ ਵੱਲੋਂ ਜ਼ਿੰਦਗੀ ਦੀਆਂ ਸੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਉਪਰ ਪਕੜ ਅਤੇ ਆਪਣਾ ਉਪਯੋਗੀ ਦ੍ਰਿਸ਼ਟੀਕੋਣ ਪੇਸ਼ ਕਰਨ ਦੀ ਜਾਂਚ ਹੋਣੀ ਚਾਹੀਦੀ ਹੈ। ਉਮੀਦਵਾਰ ਨੂੰ ਆਪਣੇ ਟੀਚੇ ਦੀ ਸੋਝੀ ਹੋਣੀ ਜ਼ਰੂਰੀ ਹੈ, ਜਿਸ ਸਬੰਧੀ ਉਸ ਨੂੰ ਸਿਰਫ਼ ਪੈਸੇ ਦਾ ਲਾਲਚ ਨਹੀਂ ਸਗੋਂ ਇਮਾਨਦਾਰੀ ਅਤੇ ਕੁਸ਼ਲਤਾ ਵਾਲੇ ਗੁਣ ਪੇਸ਼ ਕਰਨੇ ਪੈਣਗੇ। ਉਮੀਦਵਾਰ ਦੇ ਬੇਜੋੜ ਨੈਤਿਕ ਅਤੇ ਇਖ਼ਲਾਕੀ ਗੁਣ, ਕਾਲਪਨਿਕ ਸਮਰੱਥਾ, ਵਿਸ਼ਲੇਸ਼ਣਕਾਰੀ ਕਲਾ ਤੇ ਨੇਤਾ ਵਾਲੀਆਂ ਖ਼ੂਬੀਆਂ ਆਦਿ ਦਾ ਡੂੰਘਾ ਵਿਸ਼ਲੇਸ਼ਣ ਹੁੰਦਾ ਹੈ। ਇਸ ਸਬੰਧ ਵਿੱਚ ਕੁਝ ਗੁਰ ਦੱਸੇ ਜਾ ਸਕਦੇ ਹਨ ਜੋ ਉਮੀਦਵਾਰ ਨੂੰ ਸਫ਼ਲਤਾ ਹਾਸਲ ਕਰਨ ਵਾਸਤੇ ਸਹਾਈ ਹੋਣ। ਉਮੀਦਵਾਰ ਨੂੰ ਆਪਣੀ ਬਾਹਰੀ ਦਿੱਖ, ਵਿਵਹਾਰ ਦੀ ਪੇਸ਼ਕਾਰੀ, ਪਹਿਰਾਵੇ ਦੀ ਸਫ਼ਾਈ ਤੇ ਸਲੀਕਾ ਅਤੇ ਪ੍ਰਭਾਵਸ਼ਾਲੀ ਸਰੀਰਕ ਭਾਸ਼ਾ ਦੀ ਨੁਮਾਇਸ਼ ਕਰਨੀ ਪਵੇਗੀ। ਬੋਲਚਾਲ ਤੇ ਚੰਗੇ ਲਹਿਜ਼ੇ ਦੀ ਨਿਮਰਤਾ ਨਾਲ ਪੇਸ਼ਕਾਰੀ ਨਾਲ ਹੀ ਉਮੀਦਵਾਰ ਇੰਟਰਵਿਊ ਬੋਰਡ ਦਾ ਵਿਸ਼ਵਾਸ ਜਿੱਤ ਸਕਦਾ ਹੈ। ਕਈ ਨਾਂਹ-ਵਾਚਕ ਪ੍ਰਗਟਾਅ ਜਾਂ ਆਮ ਵਰਤਿਆ ਜਾਣ ਵਾਲਾ ਤਕੀਆ-ਕਲਾਮ ਜਿਵੇਂ ਕਿ ‘ਹਾਏ ਰੱਬਾ’, ‘ਕੋਈ ਗੱਲ ਨਹੀਂ’, ‘ਇਹ ਤਾਂ ਐਵੇਂ ਹੀ ਹੁੰਦਾ ਹੈ’ ਆਦਿ ਉਮੀਦਵਾਰ ਦਾ ਨੁਕਸਾਨ ਕਰ ਸਕਦੇ ਹਨ। ਆਪਣੇ ਵਾਲਾਂ ਨਾਲ ਛੇੜਛਾੜ ਕਰਨਾ, ਪੈਰ ਹਿਲਾਉਣਾ, ਹੱਥ ਮਲਣਾ, ਕੰਨਾਂ ਵਿੱਚ ਖਾਰਸ਼ ਕਰਨਾ ਜਾਂ ਕਮਰੇ ਦੀ ਘੜੀ ਆਦਿ ਉਪਰ ਟਿਕਟਿਕੀ ਲਗਾਈ ਰੱਖਣਾ ਨਾਂਹ ਵਾਚਕ ਗੁਣ ਹਨ। ਉਮੀਦਵਾਰ ਦਾ ਚੰਗਾ ਸਰੋਤਾ ਹੋਣਾ ਵੀ ਜ਼ਰੂਰੀ ਹੈ, ਜਿਸ ਨਾਲ ਉਹ ਬੋਰਡ ਮੈਂਬਰਾਂ ਦੇ ਵਿਚਾਰ ਸਮਝ ਸਕਦਾ ਹੈ। ਉਮੀਦਵਾਰ ਨੂੰ ਆਪਣੀ ਆਵਾਜ਼ ਟੈਸਟ ਕਰਕੇ ਜਾਂਚ ਲੈਣੀ ਚਾਹੀਦੀ ਹੈ ਅਤੇ ਖ਼ਾਮੀਆਂ ਹੋਣ ਤਾਂ ਸੁਧਾਰ ਕਰ ਲੈਣਾ ਚਾਹੀਦਾ ਹੈ। ਨਿਮਰਤਾ ਨਾਲ ਵਿਚਾਰਾਂ ਦੀ ਸਪੱਸ਼ਟਤਾ ਅਤੇ ਸੰਖੇਪਤਾ ਹੋਣਾ ਵੀ ਜ਼ਰੂਰੀ ਹੈ। ਇੰਟਰਵਿਊ ਦੌਰਾਨ ਉਮੀਦਵਾਰ ਨੂੰ ਸਹਿਜ, ਚੇਤਨ, ਅਡੋਲ ਤੇ ਵਿਸ਼ਵਾਸ ਭਰਪੂਰ ਪੇਸ਼ ਆਉਣਾ ਚਾਹੀਦਾ ਹੈ।
‘ਪਬਲਿਕ ਸਪੀਕਿੰਗ’ ਇੱਕ ਅਨੋਖੀ ਕਲਾ ਹੈ, ਜਿਸ ਨੂੰ ਧਾਰਨ ਲਈ ਇਸ ਪੁਸਤਕ ਵਿੱਚ ਵਿਲੱਖਣ ਨੁਕਤੇ ਹਨ। ਭਾਸ਼ਣ ਦੇਣ ਤੋਂ ਪਹਿਲਾਂ ਕਿਸੇ ਕਿਸਮ ਦਾ ਡਰ ਛੱਡ ਦੇਣਾ ਚਾਹੀਦਾ ਹੈ। ਤੁਹਾਡੀ ਤਕਰੀਰ ਸਰੋਤਿਆਂ ਨੂੰ ਪਸੰਦ ਆਉਣੀ ਚਾਹੀਦੀ ਹੈ ਭਾਵ ਸਾਹਮਣੇ ਬੈਠੇ ਸਰੋਤਿਆਂ ਦੀ ਪਸੰਦ ਅਤੇ ਪੱਧਰ ਮੁਤਾਬਕ ਹੀ ਵਿਸ਼ੇ ਦੀ ਪੇਸ਼ਕਾਰੀ ਜ਼ਰੂਰੀ ਹੈ। ਜਿਹੜੇ ਵਿਸ਼ੇ ’ਤੇ ਬੋਲਣਾ ਹੋਵੇ, ਉਸ ਬਾਰੇ ਵੱਖ ਵੱਖ ਨੁਕਤੇ ਕ੍ਰਮਵਾਰ ਪ੍ਰਗਟਾਏ ਜਾਣ। ਤੁਹਾਡੇ ਵਿਚਾਰ ਸਰੋਤਿਆਂ ਦੇ ਦਿਲ-ਦਿਮਾਗ ’ਤੇ ਛਾ ਜਾਣੇ ਚਾਹੀਦੇ ਹਨ। ਤੁਹਾਨੂੰ ਸਰੋਤਿਆਂ ਦੀ ਸਵੀਕ੍ਰਿਤੀ ਜਾਂ ਨਿਰਾਸ਼ਾ ਦਾ ਪਤਾ ਚੱਲਣਾ ਚਾਹੀਦਾ ਹੈ ਤਾਂ ਜੋ ਤੁਸੀ ਆਪਣੇ ਭਾਸ਼ਣ ਵਿੱਚ ਬਦਲਾਅ ਕਰ ਸਕੋ। ਭਾਸ਼ਣ ਕਲਾ ਜਾਂ ਇਸ ਦੀ ਕਾਮਯਾਬੀ ਵਾਸਤੇ ਵਿਸ਼ੇ ਦੀ ਚੋਣ ਅਹਿਮ ਭੂਮਿਕਾ ਅਦਾ ਕਰਦੀ ਹੈ। ਅਜਿਹਾ ਵਿਸ਼ਾ ਚੁਣਿਆ ਜਾਵੇ, ਜਿਸ ਵਿੱਚ ਤੁਹਾਡੀ ਪੂਰੀ ਮੁਹਾਰਤ ਹੋਵੇ। ਭਾਸ਼ਨ ਦੀ ਸਫ਼ਲਤਾ ਇਸ ਗੱਲ ਵਿੱਚ ਹੈ ਕਿ ਤੁਸੀਂ ਸਰੋਤਿਆਂ ਦੀ ਅਗਵਾਈ ਕਰ ਸਕੋ। ਉਨ੍ਹਾਂ ਦਾ ਮਨੋਰੰਜਨ ਵੀ ਕਰ ਸਕੋ ਤੇ ਉਨ੍ਹਾਂ ’ਤੇ ਅਮਿੱਟ ਪ੍ਰਭਾਵ ਵੀ ਛੱਡ ਸਕੋ। ਤੁਹਾਡਾ ਭਾਸ਼ਣ ਸਰੋਤਿਆਂ ਨੂੰ ਯਕੀਨ ਦਿਵਾ ਦੇਵੇ ਕਿ ਤੁਹਾਡੇ ਵਿਚਾਰ ਸਲਾਹੁਣਯੋਗ ਤੇ ਅਪਨਾਉਣਯੋਗ ਹਨ। ਸਫ਼ਲ ਬੁਲਾਰਾ ਹਮੇਸ਼ਾ ਆਪਣੀ ਚੇਤਨਤਾ ਕਾਇਮ ਰੱਖਦਾ ਹੈ, ਸਰੋਤਿਆਂ ਨਾਲ ਅਟੁੱਟ ਰਾਬਤਾ ਰੱਖਦਾ ਹੈ ਤੇ ਆਪਣੇ ਭਾਸ਼ਨ ਵਿੱਚ ਪੂਰੀ ਤਾਕਤ ਝੋਕ ਦਿੰਦਾ ਹੈ। ਕਿਸੇ ਦੀ ਨਕਲ ਕਰਨ ਨਾਲੋਂ ਆਪਣੀ ਆਵਾਜ਼ ਬੁਲੰਦ ਰੱਖਣੀ ਚਾਹੀਦੀ ਹੈ। ਕਾਮਯਾਬ ਭਾਸ਼ਨ ਲਈ ਆਪਣੀ ਆਵਾਜ਼ ਦੀ ਪੇਸ਼ਕਾਰੀ ਵਾਰ ਵਾਰ ਚੈੱਕ ਕਰਕੇ ਦਰੁਸਤ ਕਰ ਲੈਣੀ ਚਾਹੀਦੀ ਹੈ। ‘ਵਧੀਆ ਲਿਖੋ, ਵਧੀਆ ਬੋਲੋ’ ਨਾਮ ਦੀ ਇਹ ਪੁਸਤਕ ਸਿਰਫ਼ ਨੈਤਿਕ, ਇਖ਼ਲਾਕੀ ਤੇ ਸਮਾਜਿਕ ਪੱਧਰ ’ਤੇ ਹੀ ਅੱਵਲ ਨਹੀਂ, ਸਗੋਂ ਸਵੈ-ਵਿਕਾਸ ਦੇ ਗੁਣਾਂ ਦੀ ਨਿਸ਼ਾਨਦੇਹੀ ਕਰਨ ਅਤੇ ਸ਼ਖ਼ਸੀਅਤ ਨਿਖਾਰਨ ਵਾਸਤੇ ਵੀ ਚਾਨਣ ਮੁਨਾਰਾ ਸਾਬਿਤ ਹੁੰਦੀ ਹੈ।

(ਸਮਾਪਤ)

ਸੰਪਰਕ: 94179-0002


Comments Off on ਸਫ਼ਲਤਾ ਦੀ ਕੁੰਜੀ – ਚੰਗਾ ਲਿਖਣ ਤੇ ਬੋਲਣ ਦੀ ਕਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.