ਪੰਥ ਵਿਰੋਧੀ ਤਾਕਤਾਂ ਨੇ ਘਟਾਈ ਦਿੱਲੀ ਗੁਰਦੁਆਰਾ ਚੋਣਾਂ ਦੀ ਵੋਟ ਫ਼ੀਸਦ: ਮਾਨ !    ਪਾਵਰਕੌਮ ਵੱਲੋਂ ਕੱਟਿਆ ਟੈਂਕੀ ਦਾ ਕੁਨੈਕਸ਼ਨ ਪਿੰਡ ਵਾਸੀਆਂ ਨੇ ਜੋੜਿਆ !    ਟਰੰਪ ਭਲਕੇ ਕਰੇਗਾ ਨਵੇਂ ਆਵਾਸ ਹੁਕਮ ’ਤੇ ਹਸਤਾਖ਼ਰ !    ਬਸਪਾ ’ਚ ਸ਼ਾਮਲ ਹੋਣ ਵਾਲਾ ਯੂਪੀ ਦਾ ਮੰਤਰੀ ਬਰਤਰਫ਼ !    ਪੰਜਾਬ ਵਿੱਚ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਅੱਜ ਤੋਂ !    ਗੁਰਮਿਹਰ ਦੇ ਹੱਕ ਵਿੱਚ ਸਮਾਜਿਕ ਸ਼ਖ਼ਸੀਅਤਾਂ ਦੀ ਬਣਨ ਲੱਗੀ ਲਹਿਰ !    ਮਹਿੰਦੀ ਭਰਾਵਾਂ ਖ਼ਿਲਾਫ਼ ਕੇਸ ’ਚ ਗਵਾਹਾਂ ਦੇ ਬਿਆਨ ਦਰਜ !    ਰੁਲਦਾ ਸਿੰਘ ਕਤਲ ਕੇਸ ’ਚ ਗੋਲਡੀ ਨੇ ਪੇਸ਼ੀ ਭੁਗਤੀ !    ਪੜ੍ਹਾਈ ਦੇ ਨਾਲ ਵਿਦਿਆਰਥੀਆਂ ਲਈ ਅਕਾਦਮਿਕ ਸਰਗਰਮੀਆਂ ਵੀ ਜ਼ਰੂਰੀ: ਉੱਭਾ !    ਧਰਮ, ਸਿਆਸਤ ਤੇ ਸੁਆਰਥ !    

ਸਰਕਾਰੀ ਪਾਰਕ ਦੀ ਕੰਧ ਤੋੜ ਕੇ ਅਕਾਲੀਆਂ ਨੇ ਬਣਾਈ ਪਾਰਕਿੰਗ

Posted On January - 11 - 2017

ਰੱਖੜਾ ਦੇ ਚੋਣ ਦਫ਼ਤਰ ਦੇ ਉਦਘਾਟਨ ਮੌਕੇ ਚੋਣ ਜ਼ਾਬਤੇ ਦੀ ਉਲੰਘਣਾ; ਮਾਮਲੇ ਦੀ ਜਾਂਚ ਕੀਤੀ ਜਾਵੇਗੀ: ਅਮਰੇਸ਼ਵਰ ਸਿੰਘ

ਕੰਧ ਤੋੜ ਕੇ ਪਾਰਕ ਵਿੱਚ ਪਾਰਕਿੰਗ ਲਈ ਬਣਾਇਆ ਗਿਆ ਰਸਤਾ।

ਕੰਧ ਤੋੜ ਕੇ ਪਾਰਕ ਵਿੱਚ ਪਾਰਕਿੰਗ ਲਈ ਬਣਾਇਆ ਗਿਆ ਰਸਤਾ।

ਅਸ਼ਵਨੀ ਗਰਗ
ਸਮਾਣਾ, 11 ਜਨਵਰੀ
ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬੇਸ਼ੱਕ ਚੋਣ ਜਾਬਤਾ ਲੱਗ ਚੁੱਕਾ ਹੈ ਪਰ ਕੁਝ ਉਮੀਦਵਾਰ ਸੱਤਾ ਦੇ ਨਸ਼ੇ ਵਿੱਚ ਹਾਲੇ ਵੀ ਚੋਣ ਜਾਬਤੇ ਨੂੰ ਟਿੱਚ ਹੀ ਜਾਣ ਰਹੇ ਹਨ।
ਅਜਿਹਾ ਹੀ ਇੱਕ ਮਾਮਲਾ ਸਮਾਣਾ ਵਿੱਚ ਅਕਾਲੀ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦੇ ਦਫ਼ਤਰ ਦੇ ਉਦਘਾਟਨ ਮੌਕੇ ਵੇਖਣ ਨੂੰ ਮਿਲਿਆ ਜਦੋਂ ਅਕਾਲੀ ਦਲ ਦੇ ਵਰਕਰਾਂ ਨੇ ਦਫ਼ਤਰ ਵਿੱਚ ਆਉਣ ਵਾਲੇ ਲੋਕਾਂ ਲਈ ਗੱਡੀਆਂ ਪਾਰਕ ਕਰਨ ਲਈ ਨਗਰ ਕੌਂਸਲ ਵੱਲੋਂ ਬਣਾਏ ਜਾ ਰਹੇ ਪਾਰਕ ਦੀ ਦੀਵਾਰ ਤੋੜ ਕੇ ਉਸਨੂੰ ਆਪਣੀ ਪਾਰਕਿੰਗ ਬਣਾ ਲਿਆ।
ਜਾਣਕਾਰੀ ਅਨੁਸਾਰ ਤਹਿਸੀਲ ਰੋਡ ’ਤੇ ਪਿਛਲੇ ਸਮੇਂ ਦੌਰਾਨ ਨਗਰ ਕੌਂਸਲ ਵੱਲੋਂ 2 ਕਰੋੜ ਰੁਪਏ ਦੀ ਲਾਗਤ ਨਾਲ ਪਾਰਕ ਦਾ ਨਿਰਮਾਣ ਸ਼ੁਰੂ ਕਰਵਾਇਆ ਗਿਆ ਸੀ ਤੇ ਖੁਦ ਕੈਬਨਿਟ ਮੰਤਰੀ ਅਤੇ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਹੀ ਇਸ ਦਾ ਨੀਂਹ ਪੱਥਰ ਰੱਖਿਆ ਸੀ ਪਰ ਅੱਜ ਅਕਾਲੀ ਦਲ ਵੱਲੋਂ ਆਪਣੇ ਚੋਣ ਦਫ਼ਤਰ ਦੇ ਉਦਘਾਟਨ ਮੌਕੇ ਗੱਡੀਆਂ ਦੀ ਪਾਰਕਿੰਗ ਲਈ ਸਰਕਾਰੀ ਪਾਰਕ ਦੀ ਦੀਵਾਰ ਤੋੜ  ਦਿੱਤੀ ਗਈ ਤੇ ਪਾਰਕ ਨੂੰ ਆਪਣੀ ਪਾਰਕਿੰਗ ਬਣਾ ਲਿਆ ਗਿਆ।
ਜਦੋਂ ਸ਼ਹਿਰ ਦੇ ਚੋਣ ਅਧਿਕਾਰੀ ਕਮ ਐਸਡੀਐਮ ਅਮਰੇਸ਼ਵਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਸੀ ਪਰ ਹੁਣੇ ਉਹ ਆਪਣੀ ਟੀਮ ਭੇਜ ਕੇ ਜਾਂਚ ਕਰਵਾਉਣਗੇ     ਤੇ ਜੇਕਰ ਅਕਾਲੀ ਦਲ ਵੱਲੋਂ   ਅਜਿਹਾ ਕੀਤਾ ਪਾਇਆ ਗਿਆ ਤਾਂ ਸਬੰਧਤ ਉਮੀਦਵਾਰ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ਕਾਂਗਰਸ ਦਾ ਚੋਣ ਮੈਨੀਫੈਸਟੋ ਝੂਠ ਦਾ ਪੁਲੰਦਾ: ਰੱਖੜਾ
ਇਸ ਦੌਰਾਨ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸਮਾਣਾ ਤੋਂ ਉਮੀਦਵਾਰ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਅੱਜ ਸਮਾਣਾ ਵਿੱਚ ਆਪਣੇ ਸ਼ਹਿਰੀ ਤੇ ਪੇਂਡੂ ਦੋ ਚੋਣ ਦਫ਼ਤਰਾਂ ਦਾ ਉਦਘਾਟਨ ਕੀਤਾ। ਇਸ ਮੌਕੇ ਸ੍ਰੀ ਰੱਖੜਾ ਨੇ ਕਿਹਾ ਕਿ ਪਿਛਲੇ ਦਸ ਸਾਲਾਂ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਭਾਜਪਾ ਦੀ ਸਰਕਾਰ ਵੱਲੋਂ ਕਰਵਾਏ ਗਏ ਪੰਜਾਬ ਦੇ ਵਿਕਾਸ ਤੇ ਸਮਾਣਾ ਹਲਕੇ ਦੇ ਉਨ੍ਹਾਂ ਵੱਲੋਂ ਕਰਵਾਏ ਵਿਕਾਸ ਦੇ ਆਧਾਰ ’ਤੇ ਉਹ ਇਸ ਵਾਰ ਵੀ ਵੱਡੀ ਜਿੱਤ ਪ੍ਰਾਪਤ ਕਰਨਗੇ। ਉਨ੍ਹਾਂ ਕਾਂਗਰਸ ਵੱਲੋਂ ਜਾਰੀ ਚੋਣ ਮੈਨੀਫੈਸਟੋ ਨੂੰ ਝੂਠ ਦਾ ਪੁਲਿੰਦਾ ਕਰਾਰ ਦਿੰਦਿਆਂ ਕਿਹਾ ਕਿ ਦੇਸ਼ ਦੇ ਸਭ ਤੋਂ ਵੱਡੇ ਘੁਟਾਲਿਆਂ ਵਿੱਚ ਘਿਰੀ ਰਹਿਣ ਵਾਲੀ ਸਰਕਾਰ ਜਿਹੜੀ ਪਿਛਲੇ 50 ਸਾਲਾਂ ਦੇ ਰਾਜ ਦੌਰਾਨ ਪੰਜਾਬ ਦੇ ਦੇਸ਼ ਦੇ ਲੋਕਾਂ ਲਈ ਕੁਝ ਨਹੀਂ ਕਰ ਸਕੀ, ਉਹ ਹੁਣ ਵੀ ਲੋਕਾਂ ਨੂੰ ਸਿਵਾਏ ਲਾਰਿਆਂ ਤੋਂ ਕੁਝ ਨਹੀਂ ਦੇਵੇਗੀ। ਇਸ ਦੌਰਾਨ ਜਿੱਥੇ ਨਗਰ ਕੌਂਸਲ ਵੱਲੋਂ ਦਫ਼ਤਰਾਂ ਅੱਗੇ ਸੜਕ ’ਤੇ ਪਾਣੀ ਦਾ ਛਿੜਕਾ ਕਰਵਾਇਆ ਗਿਆ, ਉੱਥੇ ਦਫ਼ਤਰ ਅੱਗੇ ਜ਼ਿਆਦਾ ਇਕੱਠ ਹੋਣ ਕਾਰਨ ਕਰੀਬ ਦੋ ਘੰਟੇ ਸੜਕ ਜਾਮ ਹੋਣ ਕਾਰਨ ਟ੍ਰੈਫ਼ਿਕ ਨੂੰ ਦੂਜੇ ਪਾਸੇ ਡਾਇਵਰਟ ਕਰਨ ਪਿਆ, ਜਿਸ ਕਾਰਨ ਦੋ ਘੰਟੇ ਜਾਮ ਵਰਗੇ ਹਾਲਾਤ ਬਣੇ ਰਹੇ।

ਗੱਡੀ ਵਿੱਚ ਪਿਆ ਜਿੰਮ ਦਾ ਸਾਮਾਨ।

ਗੱਡੀ ਵਿੱਚ ਪਿਆ ਜਿੰਮ ਦਾ ਸਾਮਾਨ।

ਚੋਣ ਅਫ਼ਸਰ ਵੱਲੋਂ ਮਲਟੀ ਸਟੇਸ਼ਨ ਜਿੰਮ ਕਿੱਟ ਜ਼ਬਤ

ਹਰਜੀਤ ਸਿੰਘ
ਖਨੌਰੀ, 11 ਜਨਵਰੀ
ਚੋਣ ਜ਼ਾਬਤੇ ਸਬੰਧੀ ਬਣਾਈ ਟੀਮ ਦੇ ਇੰਚਾਰਜ ਮਾਸਟਰ ਜੁਗਰਾਜ ਸਿੰਘ ਨੇ ਆਪਣੀ ਟੀਮ ਸਮੇਤ ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ ਅਨਦਾਣਾ ਬਲਾਕ ਵਿੱਚ ਪੈਂਦੇ ਪਿੰਡ ਨਵਾਂਗਾਓਂ ‘ਚੋਂ ਇੱਕ ਮਲਟੀ ਸਟੇਸ਼ਨ ਜਿੰਮ ਕਿੱਟ ਜ਼ਬਤ ਕੀਤੀ ਹੈ। ਇਸ ਮੌਕੇ ਪੁੱਜੇ ਯੂਥ ਕਾਂਗਰਸ ਦੇ ਸਾਬਕਾ ਲੋਕ ਸਭਾ ਪ੍ਰਧਾਨ ਗੁਰਤੇਜ ਸਿੰਘ ਤੇਜੀ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਅਕਾਲੀ ਆਗੂ ਵੱਲੋਂ ਆਦਰਸ਼ ਚੋਣ ਜ਼ਾਬਤਾ ਲੱਗੇ ਹੋਣ ਦੇ ਬਾਵਜੂਦ ਪਿੰਡਾਂ ਵਿੱਚ ਸਪੋਰਟਸ ਜਿੰਮ ਕਿੱਟਾਂ ਵੰਡੀਆਂ ਜਾ ਰਹੀਆਂ ਹਨ। ਉਨ੍ਹਾਂ ਤੁਰੰਤ ਐਸ.ਐਸ.ਟੀ. ਟੀਮ ਨੂੰ ਸੂਚਿਤ ਕੀਤਾ ਜਿਸ ’ਤੇ ਟੀਮ ਦੇ ਇੰਚਾਰਜ ਜੁਗਰਾਜ ਸਿੰਘ ਅਤੇ ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਆਪਣੀ ਟੀਮ ਸਮੇਤ ਮੌਕੇ ’ਤੇ ਪੁੱਜੇ ਅਤੇ ਗੱਡੀ  ‘ਚੋਂ ਇੱਕ ਮਲਟੀ ਜਿੰਮ ਕਿੱਟ ਦਾ ਸਾਮਾਨ ਬਰਾਮਦ ਕੀਤਾ। ਟੀਮ ਦੇ ਇੰਚਾਰਜ ਜੁਗਰਾਜ ਸਿੰਘ ਨੇ ਦੱਸਿਆ ਕਿ ਇਹ ਜਿੰਮ ਦਾ ਸਾਮਾਨ ਜਲੰਧਰ ਤੋਂ ਆਇਆ ਹੈ। ਇਸ ਸਬੰਧੀ ਡਰਾਈਵਰ ਕੋਈ ਠੋਸ ਜਾਣਕਾਰੀ ਨਹੀਂ ਦੇ ਸਕਿਆ ਕਿ ਸਾਮਾਨ ਕਿੱਥੇ ਜਾਣਾ ਸੀ। ਉਨ੍ਹਾਂ ਕਾਰਵਾਈ ਕਰ ਕੇ ਸਾਰਾ ਸਾਮਾਨ ਸੀਲ ਕਰ ਕੇ ਐਸ.ਡੀ.ਐਮ. ਮੂਨਕ ਨੂੰ ਭੇਜ ਦਿੱਤਾ ਹੈ। ਉਨ੍ਹਾਂ ਮੌਕੇ ’ਤੇ ਇੱਕ ਜਿੰਮ ਕਿੱਟ ਬਰਾਮਦ ਕੀਤੀ ਹੈ। ਦੂਜੀ ਕਿੱਟ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਵੱਲੋਂ ਕੋਈ ਠੋਸ ਜਵਾਬ ਨਹੀਂ ਦਿੱਤਾ ਗਿਆ ਕਿ ਜਿੰਮ ਕਿੱਟ ਕਿੱਥੇ ਹੈ।

ਤੱਥਾਂ ਦੇ ਆਧਾਰ ’ਤੇ ਕਾਰਵਾਈ ਕਰਾਂਗੇ: ਐਸਡੀਐਮ
ਐਸ.ਡੀ.ਐਮ. ਮੂਨਕ ਬਿਕਰਮ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਉਨ੍ਹਾਂ ਦੋ ਜਿੰਮ ਕਿੱਟਾਂ ਆਪਣੀ ਕਸਟਡੀ ਵਿੱਚ ਲਈਆਂ ਹਨ ਜਿਸ ਸਬੰਧੀ ਦਸਤਾਵੇਜ਼ਾਂ ਤੋਂ ਸਾਫ਼ ਨਹੀਂ ਹੋ ਰਿਹਾ ਕਿ ਇਹ ਕਿੱਥੇ ਜਾਣੀਆਂ ਸਨ। ਇਸ ਬਾਰੇ ਜਾਂਚ ਕਰਨ ’ਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸੇ ਤਹਿਤ ਕਾਰਵਾਈ ਕੀਤੀ ਜਾਵੇਗੀ।


Comments Off on ਸਰਕਾਰੀ ਪਾਰਕ ਦੀ ਕੰਧ ਤੋੜ ਕੇ ਅਕਾਲੀਆਂ ਨੇ ਬਣਾਈ ਪਾਰਕਿੰਗ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.