ਬਾਬਰੀ ਮਸਜਿਦ ਕੇਸ: ਚਸ਼ਮਦੀਦ ਗਵਾਹ ਦੀ ਮੌਤ !    ਅਮਰੀਕਾ: ਸਿੱਖ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ !    ਮੁਕਾਬਲੇ ਵਾਲੀਆਂ ਥਾਵਾਂ ’ਤੇ ਆ ਕੇ ‘ਖ਼ੁਦਕੁਸ਼ੀ’ ਨਾ ਕਰਨ ਨੌਜਵਾਨ: ਵੈਦ !    ਬੰਗਲਾਦੇਸ਼: ਖ਼ੁਦਕੁਸ਼ ਹਮਲੇ ’ਚ ਪਰਿਵਾਰ ਦੇ 8 ਜੀਅ ਮਰੇ !    ਭੇਤਭਰੀ ਹਾਲਤ ਵਿੱਚ ਚੱਲੀ ਗੋਲੀ; ਮੁਲਾਜ਼ਮ ਜ਼ਖਮੀ !    ਬਦਨੌਰ ਵੱਲੋਂ ਸੈਨਿਕ ਬੋਰਡ ਨਾਲ ਮੀਟਿੰਗ !    ਯੂਨੀਵਰਸਿਟੀਆਂ ਦੀ ਭੂਮਿਕਾ ਨੂੰ ਪੁਨਰ ਪ੍ਰਭਾਸ਼ਿਤ ਕਰਨ ਦੀ ਲੋੜ: ਅਪੂਰਵਾਨੰਦ !    ਧੋਖਾਧੜੀ ਕਰਨ ਵਾਲੇ ਬਿਲਡਰਾਂ ਦੀ ਗ੍ਰਿਫ਼ਤਾਰੀ ਲਈ ਲੋਕਾਂ ਤੋਂ ਮੰਗਿਆ ਸਹਿਯੋਗ !    ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿੱਚ ਕਸੂਤੇ ਘਿਰੇ ਕੌਂਸਲ ਅਧਿਕਾਰੀ !    ਬੱਚਿਆਂ ਦੇ ਰਿਪੋਰਟ ਕਾਰਡ ਨਾ ਦੇਣ ਕਾਰਨ ਸਕੂਲ ਅੱਗੇ ਧਰਨਾ !    

ਸਵਾਮੀ ਵਿਵੇਕਾਨੰਦ ਦੇ ਸੁਪਨੇ ਤੇ ਸਮੇਂ ਦੀ ਹਕੀਕਤ

Posted On January - 11 - 2017

ਬਲਵਿੰਦਰ ਸਿੰਘ ਬਾਘਾ

11101cd _youthਭਾਰਤ ਵਿੱਚ 12 ਜਨਵਰੀ ਦਾ ਦਿਨ ‘ਕੌਮੀ ਨੌਜਵਾਨ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਭਾਰਤ ਦੇ ਮਹਾਨ ਕ੍ਰਾਂਤੀਕਾਰੀ ਸਵਾਮੀ ਵਿਵੇਕਾਨੰਦ ਦੇ ਜਨਮ ਦਿਵਸ ਨੂੰ ਸਮਰਪਿਤ ਹੈ। ਸਵਾਮੀ ਵਿਵੇਕਾਨੰਦ ਦਾ ਅਸਲੀ ਨਾਮ ਨਰੇਂਦਰ ਨਾਥ ਦੱਤਾ ਸੀ। ਉਨ੍ਹਾਂ ਦਾ ਜਨਮ ਪਿਤਾ ਵਿਸ਼ਵਨਾਥ ਦੱਤਾ ਅਤੇ ਮਾਤਾ ਭੁਵਨੇਸ਼ਵਰੀ ਦੇਵੀ ਦੇ ਘਰ ਕਲਕੱਤਾ ਵਿੱਚ ਇੱਕ ਬੰਗਾਲੀ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਕਲਕੱਤਾ ਹਾਈ ਕੋਰਟ ਵਿੱਚ ਅਟਾਰਨੀ ਸਨ ਤੇ ਦਾਦਾ ਦੁਰਗਾਚਰਨ ਦੱਤਾ ਸੰਸਕ੍ਰਿਤ ਅਤੇ ਪਰਸੀਅਨ ਦੇ ਸਕਾਲਰ ਸਨ ਜੋ 25 ਸਾਲ ਦੀ ਉਮਰ ਵਿੱਚ ਭਿਕਸ਼ੂ ਬਣ ਗਏ।  ਪਿਤਾ ਦੀ ਤਰਕਮਈ ਸੋਚ ਅਤੇ ਮਾਤਾ ਦੇ ਅਧਿਆਤਮਕ ਸੁਭਾਅ ਨੇ ਨਰੇਂਦਰ ਨਾਥ ਦੀ ਸ਼ਖ਼ਸੀਅਤ ਘੜਨ ਵਿੱਚ ਮਦਦ ਕੀਤੀ। ਉਨ੍ਹਾਂ ਨੇ ਆਪਣੀ ਸਾਰੀ ਉਮਰ ਲੋਕਾਂ ਨੂੰ ਜਾਗਰੂਕ ਕਰਨ ਅਤੇ ਨੌਜਵਾਨ ਸ਼ਕਤੀ ਨੂੰ ਉਸਾਰੂ ਬਣਾ ਕੇ ਦੁਨੀਆਂ ਦੇ ਭਲੇ ਵਿੱਚ ਲਗਾ ਦਿੱਤੀ। ਇਸੇ ਕਰਕੇ ਇਸ ਮਹਾਨ ਕ੍ਰਾਂਤੀਕਾਰੀ ਨੂੰ ਭਾਰਤ ਵਿੱਚ ਹੀ ਨਹੀਂ, ਸਗੋਂ ਦੁਨੀਆਂ ਭਰ ਵਿੱਚ ਜਾਣਿਆ ਜਾਂਦਾ ਹੈ।
ਸਵਾਮੀ ਵਿਵੇਕਾਨੰਦ ਦਾ ਮੰਨਣਾ ਸੀ ਕਿ ਕਿਸੇ ਪਰਿਵਾਰ, ਸਮਾਜ ਜਾਂ ਦੇਸ਼ ਦੀ ਕਿਸਮਤ ਨੌਜਵਾਨ ਸ਼ਕਤੀ ਹੀ ਬਦਲ ਸਕਦੀ ਹੈ। ਇਸ ਲਈ ਅੱਜ ਦੇ ਦਿਨ ਨੌਜਵਾਨਾਂ ਦੀ ਗੱਲ ਕਰਨੀ ਸੁਭਾਵਿਕ ਹੈ। ਜੇਕਰ ਭਾਰਤ ਨੂੰ ਨੌਜਵਾਨਾਂ ਦਾ ਦੇਸ਼ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਨੌਜਵਾਨਾਂ ਵਿੱਚ ਨਵੇਂ ਤਜਰਬੇ ਕਰਨ ਦੀ ਜਗਿਆਸਾ, ਹਿੰਮਤ ਤੇ ਸਮਰੱਥਾ ਹੁੰਦੀ ਹੈ। ਇਸ ਉਮਰੇ ਜੋਸ਼ ਅਤੇ ਉਮੰਗ ਠਾਠਾਂ ਮਾਰਦੇ ਹਨ ਪਰ ਇੰਨੀ ਨੌਜਵਾਨ ਸ਼ਕਤੀ ਹੋਣ ਦੇ ਬਾਵਜੂਦ ਵੀ ਭਾਰਤ ਵਿਕਸਤ ਦੇਸ਼ਾਂ ਦੀ ਕਤਾਰ ਵਿੱਚ ਖੜ੍ਹਾ ਨਹੀਂ ਹੋ ਸਕਿਆ। ਇਸ ਦਾ ਇੱਕੋ ਕਾਰਨ ਹੈ ਕਿ ਅਜੇ ਤੱਕ ਯੁਵਾ ਸ਼ਕਤੀ ਨੂੰ ਦੇਸ਼ ਨਿਰਮਾਣ ਲਈ ਵਰਤਿਆ ਨਹੀਂ ਗਿਆ। ਨੌਜਵਾਨ ਸ਼ਕਤੀ ਨੂੰ ਸਹੀ ਰਾਹੇ ਨਹੀਂ ਪਾਇਆ ਗਿਆ। ਇਹੀ ਕਾਰਨ ਹੈ ਕਿ ਨੌਜਵਾਨਾਂ ਨੂੰ ਬੇਚੈਨੀ, ਦੁਬਿਧਾ, ਨਿਰਾਸ਼ਾ ਤੇ ਵਰਤਮਾਨ ਪ੍ਰਤੀ ਰੋਹ ਨੇ ਘੇਰਿਆ ਹੋਇਆ ਹੈ। ਨੌਜਵਾਨਾਂ ਨੂੰ ਜੀਵਨ ਇੱਕ ਸੁਨਹਿਰੀ ਮੌਕਾ ਨਹੀਂ, ਬਲਕਿ ਬੋਝ ਮਹਿਸੂਸ ਹੋਣ ਲੱਗ ਪਿਆ ਹੈ। ਨੌਜਵਾਨ ਭਾਰਤੀ ਸੱਭਿਅਤਾ ਅਤੇ ਰੀਤੀ-ਰਿਵਾਜਾਂ ਤੋਂ ਮੁੱਖ ਮੋੜਨ ਲੱਗ ਪਏ ਹਨ। ਅਸਲ ਵਿੱਚ ਉਨ੍ਹਾਂ ਨੂੰ ਭਾਰਤ ਦੇ ਸਮਾਜਿਕ, ਸੱਭਿਆਚਾਰਕ, ਨੈਤਿਕ ਤੇ ਅਧਿਆਤਮਕ ਮੁੱਲਾਂ ਤੋਂ ਕਦੇ ਸਹੀ ਰੂਪ ਵਿੱਚ ਜਾਣੂੰ ਹੀ ਨਹੀਂ ਕਰਵਾਇਆ ਗਿਆ। ਉਸ ਨੂੰ ਆਪਣੇ ਅੰਦਰਲੀ ਸ਼ਕਤੀ ਨੂੰ ਪਛਾਣਨ ਦਾ ਵੱਲ ਨਹੀਂ ਸਿਖਾਇਆ ਗਿਆ। ਸਵਾਮੀ ਵਿਵੇਕਾਨੰਦ ਨੇ ਇਸ ਦਿਸ਼ਾ ਵਿੱਚ ਕਦਮ ਵਧਾਏ ਸਨ ਪਰ ਉਨ੍ਹਾਂ ਦਾ ਸੁਪਨਾ ਪੂਰੀ ਤਰ੍ਹਾਂ ਸਾਕਾਰ ਨਹੀਂ ਹੋ ਸਕਿਆ। ਅੱਜ ਦੀ ਨੌਜਵਾਨ ਪੀੜ੍ਹੀ ਵਿੱਚ ਦੇਸ਼ ਪ੍ਰਤੀ ਪਿਆਰ, ਸਮਰਪਣ ਤੇ ਜ਼ਿੰਮੇਵਾਰੀ ਵਾਲੀ ਭਾਵਨਾ ਪੇਤਲੀ ਹੁੰਦੀ ਜਾ ਰਹੀ ਹੈ। ਬੇਰੁਜ਼ਗਾਰੀ, ਗ਼ਰੀਬੀ, ਨਸ਼ਿਆਂ ਤੇ ਫਿਲਮੀ ਗਲੈਮਰ ਨੇ ਯੁਵਾ ਸ਼ਕਤੀ ਨੂੰ ਖੁੰਢਾ ਕਰ ਦਿੱਤਾ ਹੈ। ਅੱਜ ਦਾ ਨੌਜਵਾਨ ਸਿਰਫ਼ ਆਪਣੇ ਕਰੀਅਰ ਪ੍ਰਤੀ ਫ਼ਿਕਰਮੰਦ ਹੈ। ਢੇਰ ਸਾਰੀਆਂ ਡਿਗਰੀਆਂ ਇੱਕਠੀਆਂ ਕਰਕੇ ਵੀ ਰੁਜ਼ਗਾਰ ਮਿਲਣ ਦੀ ਗਾਰੰਟੀ ਨਹੀਂ। ਨੌਜਵਾਨਾਂ ਦੀ ਊਰਜਾ ਦਾ ਪ੍ਰਵਾਹ ਸਿਰਫ਼ ਰੁਜ਼ਗਾਰ ਪ੍ਰਾਪਤੀ ਤੱਕ ਸਿਮਟ ਕੇ ਰਹਿ ਗਿਆ ਹੈ। ਇਹੀ ਕਾਰਨ ਹੈ ਕਿ ਉਹ ਸਮਾਜਿਕ, ਰਾਜਨੀਤਿਕ ਤੇ ਨੈਤਿਕ ਸਰੋਕਾਰਾਂ ਤੋਂ ਸੱਖਣੇ ਹੁੰਦੇ ਜਾ ਰਹੇ ਹਨ। ਨੌਜਵਾਨ ਸਮਾਜ ਅਤੇ ਦੇਸ਼ ਵਿੱਚ ਵਾਪਰ ਰਹੇ ਵਰਤਾਰਿਆਂ ਨੂੰ ਅੱਖੋਂ-ਪਰੋਖੇ ਕਰ     ਰਹੇ ਹਨ। ਇਸ ਕਾਰਨ ਉਨ੍ਹਾਂ ਦੀ  ਸਿਰਜਣ ਸ਼ਕਤੀ ਘਟਦੀ ਜਾ ਰਹੀ ਹੈ ਅਤੇ ਉਨ੍ਹਾਂ ਅੰਦਰ ਸੰਜੀਦਗੀ, ਕਲਾ, ਸੁਹਜ ਤੇ ਸਿਰਜਣਾ ਵਰਗੇ ਗੁਣ ਲੋਪ ਹੁੰਦੇ ਜਾ ਰਹੇ ਹਨ।
ਪੰਜਾਬ ਦੀ ਗੱਲ ਕਰੀਏ ਤਾਂ ਇੱਥੋਂ ਦੇ ਗੱਭਰੂ ਹੁਣ ਛੈਲ-ਛਬੀਲੇ ਨਹੀਂ ਰਹੇ। ਪਦਾਰਥਵਾਦ ਦੇ ਵਧਦਾ ਪ੍ਰਭਾਵ ਤੇ ਖ਼ਪਤ ਸੱਭਿਆਚਾਰ ਨੇ ਪੰਜਾਬ ਦੇ ਨੌਜਵਾਨਾਂ ਦਾ ਅਕਸ ਬਦਲ ਦਿੱਤਾ ਹੈ ਤੇ ਰਹਿੰਦੀ ਕਸਰ ਨਸ਼ਿਆਂ ਅਤੇ ਗਲੈਮਰ ਦੀ ਚਕਾਚੌਂਧ ਨੇ ਕੱਢ ਦਿੱਤੀ ਹੈ। ਅੱਜ ਪੰਜਾਬ ਦੇ ਜਵਾਨਾਂ ਦੇ ਨਾ ਉਹ ਜੁੱਸੇ ਰਹੇ ਅਤੇ ਨਾ ਉਹ ਨਿੱਗਰ ਸੋਚ। ਇਸੇ ਲਈ ਮਾਪਿਆਂ ਦਾ ਨੌਜਵਾਨਾਂ ਪ੍ਰਤੀ ਫ਼ਿਕਰ ਘਟਣ ਦੀ ਬਜਾਏ ਵਧਦਾ ਜਾ ਰਿਹਾ ਹੈ। ਪੰਜਾਬੀ ਨੌਜਵਾਨ ਸਿਰਫ਼ ਹੁਸਨ-ਇਸ਼ਕ ਅਤੇ ਝਗੜੇ ਦੇ ਗੀਤ ਗਾਉਣ ਅਤੇ ਸੁਣਨ ਨੂੰ ਪੰਜਾਬੀ ਸੱਭਿਆਚਾਰ ਸਮਝ ਬੈਠੇ ਹਨ। ਜ਼ਿੰਦਗੀ ਦੇ ਯਥਾਰਥ ਤੋਂ ਕੋਹਾਂ ਦੂਰ ਸਿਰਫ਼ ਸੁਪਨਿਆਂ ਦੇ ਸੰਸਾਰ ਨੂੰ ਜੀਵਨ ਸਮਝਣ ਦੀ ਭੁੱਲ ਕਰ ਰਹੇ ਹਨ। ਹੱਥੀਂ ਕੰਮ ਕਰਨ ਦੀ ਭਾਵਨਾ ਦਾ ਖਤਮ ਹੋਣਾ, ਫੋਕੀ ਟੌਹਰ ਅਤੇ ਦਿਖਾਵੇ ਦਾ ਭਾਰੂ ਹੋਣਾ, ਗ਼ੈਰ-ਜ਼ਿੰਮੇਵਾਰਾਨਾ ਵਿਵਹਾਰ, ਸਲੀਕੇ ਅਤੇ ਸਦਾਚਾਰ ਦੀ ਅਣਹੋਂਦ, ਸਵੈ-ਕੇਂਦਰਿਤ ਐਸ਼ੋ-ਆਰਾਮ ਦਾ ਜੀਵਨ ਪਸੰਦ ਕਰਨਾ ਆਦਿ ਅਜਿਹੇ ਪ੍ਰਚੱਲਿਤ ਵਰਤਾਰੇ ਹਨ, ਜਿਨ੍ਹਾਂ ਕਾਰਨ ਭਵਿੱਖ ਪ੍ਰਤੀ ਚਿੰਤਾ ਉਪਜਣੀ ਸੁਭਾਵਿਕ ਹੈ। ਅਸਲ ਵਿੱਚ ਅੱਜ ਨੌਜਵਾਨਾਂ ਕੋਲ ਰਾਜਨੀਤਿਕ, ਸਮਾਜਿਕ ਤੇ ਅਧਿਆਤਮਕ ਤੌਰ ’ਤੇ ਕੋਈ ਰੋਲ ਮਾਡਲ ਨਹੀਂ ਹੈ। ਇਸ ਤੋਂ ਇਲਾਵਾ ਸੱਤਾ ਤੇ ਸਥਾਪਿਤ ਤਾਕਤਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਦੀ ਜੁਗਲਬੰਦੀ ਨੌਜਵਾਨਾਂ ਦੀ ਸੋਚ ਅਤੇ ਚਿੰਤਨ ਨੂੰ ਖੁੰਢਾ ਕਰਨ ਦਾ ਹਰ ਹੀਲਾ ਵਰਤ ਰਹੀਆਂ ਹਨ, ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਕਿਤੇ ਨੌਜਵਾਨ ਸ਼ਕਤੀ  ਸਥਾਪਤੀ ਲਈ ਕਿਧਰੇ ਖ਼ਤਰਾ  ਨਾ ਬਣ ਜਾਣ। ਇਸੇ ਲਈ ਉਹ ਨੌਜਵਾਨਾਂ ਨੂੰ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਸੁਪਨਿਆਂ ਦੇ ਸਬਜ਼ਬਾਗ਼ ਵਿੱਚ ਉਲਝਾਈ ਰੱਖਦੀਆਂ ਹਨ। ਭਾਰਤ ਦੀ ਆਜ਼ਾਦੀ ਸਮੇਂ ਨੌਜਵਾਨਾਂ ਨੂੰ ਆਜ਼ਾਦੀ ਦੀ ਲੜਾਈ ਲੜਨ ਅਤੇ ਰਾਜਨੀਤੀ ਵਿੱਚ ਹਿੱਸਾ ਲੈਣ ਲਈ ਲਈ ਇੱਥੋਂ ਦੇ ਰਾਜਨੀਤਿਕ ਨੇਤਾਵਾਂ ਦੁਆਰਾ ਉਕਸਾਇਆ ਜਾਂਦਾ ਰਿਹਾ ਪਰ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਨੌਜਾਵਾਨਾਂ ਨੂੰ ਕਿਹਾ ਗਿਆ ਕਿ ਉਹ ਰਾਜਨੀਤੀ ਅਤੇ ਦੇਸ਼ ਨਿਰਮਾਣ ਦੇ ਹੋਰ ਕੰਮਾਂ ਵਿੱਚ ਹਿੱਸਾ ਨਾ ਲੈਣ ਸਗੋਂ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਆਪਣੀ ਪੜ੍ਹਾਈ ਨਾਲ ਮਤਲਬ ਰੱਖਣ। ਅੱਜ ਵੀ ਭਾਰਤ ਵਿੱਚ ਨੌਜਵਾਨਾਂ ਦਾ ਸਰਗਰਮ ਰਾਜਨੀਤੀ ਵਿੱਚ ਆਉਣਾ ਵਰਜਿਤ ਸਮਝਿਆ ਜਾਂਦਾ ਹੈ ਅਤੇ ਦੇਸ਼ ਦੀ ਵਾਗਡੋਰ ਜ਼ਿਆਦਾਤਰ ਵਡੇਰਿਆਂ ਦੇ ਹੱਥ ਵਿੱਚ ਹੈ। ਇਸ ਦਾ ਮਤਲਬ ਇਹ ਨਹੀਂ ਕਿ ਵੱਡੀ ਉਮਰ ਦੇ ਲੋਕਾਂ ਨੂੰ ਦੇਸ਼  ਨਹੀਂ ਚਲਾਉਣਾ ਚਾਹੀਦਾ ਸਗੋਂ ਨੌਜਵਾਨਾਂ ਨੂੰ ਵੀ ਦੇਸ਼ ਨਿਰਮਾਣ ਵਿੱਚ ਭਾਗੀਦਾਰ ਬਣਾਉਣਾ ਚਾਹੀਦਾ ਹੈ। ਜਿੱਥੇ ਕਿਤੇ ਨੌਜਵਾਨਾਂ ਨੂੰ ਅਗਵਾਈ ਦੀ ਲੋੜ ਹੋਵੇ, ਉਥੇ ਬਜ਼ੁਰਗ, ਮਾਹਿਰ ਤੇ ਪ੍ਰਤਿਭਾਵਾਨ ਲੋਕ ਆਪਣੇ ਤਜਰਬਿਆਂ ਅਤੇ ਅਨੁਭਵਾਂ ਰਾਹੀਂ ਉਨ੍ਹਾਂ ਨੂੰ ਅਗਵਾਈ ਦੇਣ।
ਸਵਾਮੀ ਵਿਵੇਕਾਨੰਦ ਨੇ ਕਿਹਾ ਸੀ ‘ਉੱਠੋ, ਜਾਗੋ ਅਤੇ ਉਦੋਂ ਤੱਕ ਨਾ ਰੁਕੋ ਜਦੋਂ ਤੱਕ ਮੰਜ਼ਿਲ ’ਤੇ ਨਾ ਪਹੁੰਚ ਜਾਵੋ’। ਅੱਜ ਨੌਜਵਾਨਾਂ ਨੂੰ ਆਪਣੀ ਅੰਦਰੂਨੀ ਸ਼ਕਤੀ ਨੂੰ ਜਾਣ ਕੇ ਸਹੀ ਦਿਸ਼ਾ ਅਪਣਾਉਣ ਦੀ ਲੋੜ ਹੈ। ਆਪਣੀ ਚੇਤਨਾ ਨੂੰ ਖੁੰਢਾ ਕਰਨ ਵਾਲੇ ਵਰਤਾਰਿਆਂ ਨੂੰ ਪਛਾਣ ਕੇ ਨਵੀਂ ਅਤੇ ਨਿੱਗਰ ਸੋਚ ਵਿਕਸਤ ਕਰਨ ਦੀ ਲੋੜ ਹੈ। ਨੌਜਵਾਨਾਂ ਨੂੰ ਕਲਾ, ਸਾਹਿਤ, ਵਿਗਿਆਨ, ਦਰਸ਼ਨ ਤੇ ਚਿੰਤਨ ਦੀ ਸਹੀ ਸਮਝ ਰਾਹੀਂ ਆਪਣੀ ਸੋਚ ਨੂੰ ਖ਼ੁਦ ਵਿਕਸਤ ਕਰਨਾ ਚਾਹੀਦਾ ਹੈ। ਵੇਲਾ  ਵਿਹਾ ਚੁੱਕੀਆਂ ਦੰਭੀ ਕੀਮਤਾਂ ਅਤੇ ਨਿਰਾਰਥਕ ਮੁੱਲਾਂ ਨੂੰ ਤਿਲਾਂਜਲੀ ਦੇ ਕੇ ਵਿਗਿਆਨਕ ਅਤੇ ਤਰਕਮਈ ਚਿੰਤਨ ਦੀ ਆਦਤ ਵਿਕਸਿਤ ਕਰਨ ਵੱਲ ਰੁਚੀ ਰੱਖਣੀ ਚਾਹੀਦਾੀ ਹੈ। ਆਲਸ ਅਤੇ ਨਿਰਾਸ਼ਾ ਦਾ ਤਿਆਗ ਕਰਕੇ ਜ਼ਿੰਦਗੀ ਨੂੰ ਜਿਉਣ ਦਾ ਉਤਸ਼ਾਹ ਪੈਦਾ ਕਰਨ ਦੀ ਲੋੜ ਹੈ। ਕਰਮ ਅਤੇ ਕਲਿਆਣ ਦੇ ਸਿਧਾਂਤ ਨੂੰ ਅਮਲ ਵਿੱਚ ਲਿਆ ਕੇ ਆਪਣੀ ਊਰਜਾ ਅਤੇ ਸ਼ਕਤੀ ਨੂੰ  ਪਰਿਵਾਰ, ਸਮਾਜ ਤੇ ਦੇਸ਼ ਦੇ ਵਿਕਾਸ ਵਿੱਚ ਲਗਾਉਣ ਦੀ ਲੋੜ ਹੈ। ਇਸ ਨਾਲ ਹੀ ਅਸੀਂ ਸਵਾਮੀ ਵਿਵੇਕਾਨੰਦ ਵੱਲੋਂ  ਦੱਸੇ ਬੌਧਿਕ ਅਤੇ ਨੈਤਿਕ ਮੁੱਲਾਂ ਨਾਲ ਲਿਬਰੇਜ਼ ਹੋ ਕੇ ਆਰਥਿਕ ਤੌਰ ’ਤੇ ਵਿਕਸਤ ਭਾਰਤ ਦਾ ਸੁਪਨਾ ਸਾਕਾਰ ਕਰ ਸਕਦੇ ਹਾਂ।

ਸੰਪਰਕ: 94636-26920


Comments Off on ਸਵਾਮੀ ਵਿਵੇਕਾਨੰਦ ਦੇ ਸੁਪਨੇ ਤੇ ਸਮੇਂ ਦੀ ਹਕੀਕਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.