ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਸਾਹਿਤ ਅਕਾਦਮੀ ਇਨਾਮ ਜੇਤੂ ਨਾਟਕ ‘ਮੱਸਿਆ ਦੀ ਰਾਤ’

Posted On January - 7 - 2017

10701CD _HARJODH SINGHਡਾ. ਹਰਜੋਧ ਸਿੰਘ *

ਸਵਰਾਜਬੀਰ ਪੰਜਾਬੀ ਸਾਹਿਤ ਜਗਤ ਦੇ ਕਵਿਤਾ ਅਤੇ ਨਾਟਕ ਖੇਤਰ ਵਿਚ ਮੁੱਲਵਾਨ ਹਸਤਾਖ਼ਰ ਹੋਣ ਤੋਂ ਇਲਾਵਾ ਇੱਕ ਪ੍ਰਬੁੱਧ ਕਾਲਮਨਵੀਸ] ਕੁਸ਼ਲ ਪ੍ਰਬੰਧਕੀ ਅਫ਼ਸਰ ਅਤੇ ਪੰਜਾਬੀ ਸਭਿਆਚਾਰ ਦੀ ਪ੍ਰਤੀਨਿਧਤਾ ਕਰਦਾ ਫ਼ਕੀਰੀ ਮਿਜ਼ਾਜ ਵਾਲਾ ਪੰਜਾਬੀ ਮਨੁੱਖ ਵੀ ਹੈ। ਸਵਰਾਜਬੀਰ ਦਾ ਅਕਸ ਇੱਕ ਮਿਹਨਤੀ ਅਤੇ ਈਮਾਨਦਾਰ ਪੁਲੀਸ ਅਫ਼ਸਰ ਹੋਣ ਤੋਂ ਇਲਾਵਾ ਸਾਹਿਤਕ ਖੇਤਰ ਵਿੱਚ ਇੱਕ ਪ੍ਰਬੁੱਧ ਚਿੰਤਕ ਵਾਲਾ ਉਭਰਦਾ ਹੈ। ਸਵਰਾਜਬੀਰ ਪੰਜਾਬੀ ਕਾਵਿ ਜਗਤ ਵਿੱਚ ‘ਆਪਣੀ ਆਪਣੀ ਰਾਤ’ (1985) ਅਤੇ ਪੰਜਾਬੀ ਨਾਟ-ਸੰਸਾਰ ਵਿੱਚ ‘ਧਰਮ ਗੁਰੂ’ (1999) ਰਾਹੀਂ ਆਪਣੀ ਸ਼ਖ਼ਸੀਅਤ ਦੀ ਵਿਲੱਖਣਤਾ ਦੇ ਦਰਸ਼ਨ ਕਰਵਾਉਂਦਾ ਹੈ। ਧਰਮ ਗੁਰੂ ਤੋਂ ਇਲਾਵਾ ਉਸ ਨੇ ਕ੍ਰਿਸ਼ਨ, ਮੇਦਨੀ, ਸ਼ਾਇਰੀ, ਕੱਲਰ, ਮੱਸਿਆ ਦੀ ਰਾਤ, ਤਸਵੀਰਾਂ, ਹੱਕ ਆਦਿ ਨਾਟਕਾਂ ਦੀ ਸਿਰਜਨਾ ਨਾਲ ਪੰਜਾਬੀ ਸਾਹਿਤ ਜਗਤ ਦੀ ਝੋਲੀ ਭਰੀ ਹੈ। ਇਨ੍ਹਾਂ ਤੋਂ ਇਲਾਵਾ ਉਸ ਦੇ ਅਗਨੀ ਕੁੰਡ, ਲਾਰੇ ਉਰਫ਼ ਜਨ ਦਾ ਮੀਤ, ਯਾਤਰਾ, ਹੀਰਾ ਮੰਡੀ, ਕੱਚੀ ਗੜ੍ਹੀ, ਤੇਰੀ ਧਰਤੀ ਤੇਰੇ ਲੋਕ ਅਣਪ੍ਰਕਾਸ਼ਿਤ ਨਾਟਕ ਹਨ। ਇਨ੍ਹਾਂ ਸਾਹਿਤਕ ਕਿਰਤਾਂ ਦਾ ਕੇਂਦਰੀ ਬਿੰਦੂ ‘ਸੰਘਰਸ਼’ ਹੈ। ਇਹ ਸੰਘਰਸ਼ ਮਾਨਸਿਕ, ਸਮਾਜਕ, ਆਰਥਿਕ, ਸਭਿਆਚਾਰਕ ਆਦਿ ਕਿਸੇ ਰੂਪ ਵਿੱਚ ਹੋ ਸਕਦਾ ਹੈ। ਉਸ ਦੇ ਨਾਟਕ ਇਤਿਹਾਸ-ਮਿਥਿਹਾਸ ਦੀ ਧਰਾਤਲ ’ਤੇ ਖੜ੍ਹ ਕੇ ਵਰਤਮਾਨ ਵਿਸ਼ਿਆਂ ਨਾਲ ਸੰਵਾਦ ਦੀ ਉਲੰਘਣਾ ਕਰਨ ਲਈ ਯਤਨਸ਼ੀਲ ਹਨ। ਪਿਤਰਕੀ ਮੁੱਲ ਪ੍ਰਬੰਧ ਦੀਆਂ ਸੀਮਾਵਾਂ ਯਥਾਰਥ ਅਤੇ ਇੱਛਤ ਯਥਾਰਥ ਦਾ ਸੰਘਰਸ਼ ਹੀ ਸਵਰਾਜਬੀਰ ਦੀਆਂ ਸਾਹਿਤਕ ਕਿਰਤਾਂ ਦਾ ਹਾਸਲ ਹੋ ਨਿਬੜਦਾ ਹੈ। ਉਹ ‘ਸੰਘਰਸ਼’ ਨੂੰ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਸਮਝਦਾ ਹੈ। ਉਸ ਦਾ ਮੰਨਣਾ ਹੈ ਕਿ ਲੋਕਾਂ ਨੂੰ ਸੰਘਰਸ਼ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਸੰਘਰਸ਼ ਪੰਜਾਬੀ ਸਭਿਆਚਾਰ ਦਾ ਪ੍ਰੇਰਕ ਚਿੰਨ੍ਹ ਹੈ।
ਉਸ ਦੇ ਜ਼ਿਆਦਾਤਰ ਨਾਟਕ ਇਤਿਹਾਸ, ਮਿਥਿਹਾਸ ਅਤੇ ਕਾਲਪਨਿਕਤਾ ਦਾ ਰਲਿਆ ਮਿਲਿਆ ਬਿਰਤਾਂਤਕ ਵੇਰਵਾ ਹੁੰਦੇ ਹਨ। ਇਸ ਤੋਂ ਇਲਾਵਾ ਉਸ ਦੇ ਨਾਟਕਾਂ ਵਿੱਚ ਕਾਵਿਕ-ਅੰਸ਼, ਲੋਕਧਾਰਾਈ ਵੇਰਵੇ ਜਿਵੇਂ ਲੋਕ-ਬੋਲੀਆਂ, ਸ਼ਬਦਾਵਲੀ, ਲੋਕਧਾਰਾਈ ਪ੍ਰਤੀਕ ਅਤੇ ਲੋਕ ਵਸਤੂ ਸਮੱਗਰੀ ਆਦਿ ਦੀ ਵਰਤੋਂ ਕੀਤੀ ਗਈ ਹੁੰਦੀ ਜੋ ਕਿ ਉਸ ਦੇ ਵਿਸ਼ਾਲ ਗਿਆਨ ਦੀ ਸ਼ਾਹਦੀ ਹੀ ਨਹੀਂ ਭਰਦੀ ਸਗੋਂ ਨਾਟ-ਵਸਤੂ ਨੂੰ ਅੱਗੇ ਤੋਰਨ ਦੇ ਨਾਲ-ਨਾਲ ਭਾਵੁਕ ਸਥਿਤੀਆਂ ਦੀ ਸਿਰਜਣਾ ਵੀ ਕਰਦੀ ਹੈ।
10701CD _HARJODH SINGH 2ਸਵਰਾਜਬੀਰ ਦਾ ਸਾਹਿਤ ਅਕਾਦਮੀ ਇਨਾਮ ਜੇਤੂ ਨਾਟਕ ‘ਮੱਸਿਆ ਦੀ ਰਾਤ’ ਸਾਡੇ ਸਮਾਜ ਦੀ ਪੀੜ੍ਹੀਆਂ ਤੋਂ ਚੱਲੀ ਆ ਰਹੀ ਅਤੇ ਅਜੋਕੇ ਸਮੇਂ ਵਿੱਚ ਵਿਕਰਾਲਤਾ ਦਾ ਰੂਪ ਧਾਰ ਚੁੱਕੀ ਪੁੱਤਰ ਪ੍ਰਾਪਤੀ ਦੀ ਲਾਲਸਾ ਨੂੰ ਕੇਂਦਰ ਬਿੰਦੂ ਵਿਚ ਰੱਖਦਾ ਹੈ। ਇਸ ਨਾਟਕ ਵਿਚ ਸਵਰਾਜਬੀਰ ਨੇ ਔਰਤ ਦੀ ਤਰਸਯੋਗ ਸਥਿਤੀ ਨੂੰ ਆਧਾਰ ਬਣਾਇਆ ਹੈ, ਜਿਸ ਨੂੰ ਪਿਛਲੀਆਂ ਕਈ ਸਦੀਆਂ ਤੋਂ ਸਮਾਜਕ ਸੰਰਚਨਾ ਦੀ ਜਟਿਲ ਪ੍ਰਕਿਰਿਆ ਵਿਚੋਂ ਲੰਘਣਾ ਪੈਂਦਾ ਹੈ। ਇਹ ਨਾਟਕ ਚੰਨੋ ਨਾਂ ਦੇ ਪਾਤਰ ਨੂੰ ਕੇਂਦਰ ਵਿੱਚ ਰਖਦਾ ਹੈ। ਚੰਨੋ ਅਖੌਤੀ ਸਮਾਜਕ ਵਿਧੀ ਵਿਧਾਨ ਅਨੁਸਾਰ ਪੁੱਤਰ ਪ੍ਰਾਪਤੀ ਦੀ ਲਾਲਸਾ ਰਖਦੀ ਹੈ। ਚੰਨੋ ਦਾ ਪਾਤਰ ਪੰਜਾਬੀ ਸਮਾਜ ਦੀ ਮਾਨਸਿਕ ਤੌਰ ’ਤੇ ਪ੍ਰਤੀਨਿਧਤਾ ਕਰਦਾ ਅਜਿਹਾ ਪਾਤਰ ਹੈ, ਜਿਸ ਵਿੱਚ ਔਰਤ ਦੁਆਰਾ ਪੁੱਤਰ ਦੇ ਜੰਮਣ ’ਤੇ ਹੀ ਉਸ ਦੀ ਸਮਾਜ ਵਿੱਚ ਸਵੀਕ੍ਰਿਤੀ ਹੁੰਦੀ ਹੈ। ਚੰਨੋ ਦੀ ਅਜਿਹੀ ਹਾਲਤ ਇੱਕ ਪੀੜ੍ਹੀ ਦੀ ਨਹੀਂ ਸਗੋਂ ਇਹ ਸਦੀਆਂ ਤੋਂ ਤੁਰਿਆ ਆ ਰਿਹਾ ਵਰਤਾਰਾ ਹੈ, ਜਿਸ ਦਾ ਪ੍ਰਗਟਾਵਾ ਨਾਟਕ ਵਿੱਚ ਚੰਨੋ ਦੀ ਸੱਸ ਆਪਣੇ ਸ਼ਬਦਾਂ ਵਿੱਚ ਕਰਦੀ ਹੈ। ਅਜਿਹੇ ਸਮੇਂ ਵਿੱਚ ਔਰਤ ਦੀ ਸੋਚ ਤਾਰਕਿਕ ਪਹੁੰਚ ਅਪਣਾਉਣ ਦੀ ਥਾਂ ਜਾਦੂ-ਟੂਣੇ ਅਤੇ ਵਹਿਮਾਂ-ਭਰਮਾਂ ਵਿੱਚ ਗ੍ਰਸਤ ਹੋ ਜਾਂਦੀ ਹੈ। ਅਜਿਹੇ ਸਮਾਜਕ ਨੇਮਾਂ/ਪਰਪੰਚਾਂ ਵਿਚੋਂ ਲੰਘਦੀ ਚੰਨੋ ਕਿਸੇ ਮਰਦ ਬੱਚੇ ਦੀ ਬਲੀ ਦਿੰਦੀ ਹੈ ਅਤੇ ਆਪ ਉਸ ਦੇ ਖੂਨ ਨਾਲ ਨਹਾਉਂਦੀ ਹੈ। ਨਾਟਕ ਦੇ ਅੰਤ ਵਿੱਚ ਮਾਨਸਿਕ ਉਲਝਣਾਂ ਦੀ ਸ਼ਿਕਾਰ ਹੋਈ ਤਣਾਓਗ੍ਰਸਤ ਹੋ ਜਾਂਦੀ ਹੈ।
ਭਾਰਤੀ ਸਮਾਜ ਵਿੱਚ ਯੋਗਮਤ, ਮਨੂੰ ਸਮ੍ਰਿਤੀ ਅਤੇ ਬ੍ਰਾਹਮਣਵਾਦ ਨੇ ਨਾਰੀ ਦੇਹ ਨੂੰ ਹਾਸ਼ੀਆਗਤ ਕਰ ਦਿੱਤਾ। ਇਨ੍ਹਾਂ ਨੇ ਅਤੇ ਮਰਦ ਪ੍ਰਧਾਨ ਸਮਾਜ ਦੁਆਰਾ ਨਿਰਮਿਤ ਸਮਾਜਕ ਸੰਸਥਾਵਾਂ ਨੇ ਪਿਤਰਕੀ ਸਿਸਟਮ ਨੂੰ ਪਹਿਲ ਦਿੱਤੀ ਅਤੇ ਨਾਰੀ ਦੇਹ ਨੂੰ ਦਬਾਉਣ ਦਾ ਕਾਰਜ ਕੀਤਾ। ਭਾਰਤੀ ਸਮਾਜ ਵਿੱਚ ਪੁੱਤਰ ਦੀ ਲਾਲਸਾ ਨੇ ਔਰਤ ਦੀਆਂ ਸ਼ਕਤੀਆਂ ਨੂੰ ਮਹੱਤਵਹੀਣ ਕਰ ਦਿੱਤਾ ਹੈ। ਘਰ ਵਿੱਚ ਪੁੱਤਰ ਨਾ ਹੋਣ ਦੀ ਸੂਰਤ ਵਿਚ ਔਰਤ ਨੂੰ ਚੇਤਨ ਅਤੇ ਅਵਚੇਤਨ ਤੌਰ ’ਤੇ ਦੋਸ਼ੀ ਠਹਿਰਾ ਦਿੱਤਾ ਜਾਂਦਾ ਹੈ। ਜਿਵੇਂ ਕਿ ‘ਮੱਸਿਆ ਦੀ ਰਾਤ’ ਨਾਟਕ ਦੀ ਮੁੱਖ ਪਾਤਰ ਚੰਨੋ। ਪੁੱਤਰ ਨਾ ਹੋਣ ਦੀ ਸੂਰਤ ਵਿਚ ਚੰਨੋ ਲਈ ਸਮਾਜ ਵਿਚ ਕੋਈ ਥਾਂ ਨਹੀਂ ਹੈ। ਉਸ ਨੂੰ ਆਪਣੀ ਲਾਲਸਾ ਮਿਟਾਉਣ ਲਈ ਬਲੀ ਦੇ ਰਸਤੇ ਵਿੱਚੋਂ ਲੰਘਣਾ ਪੈਂਦਾ ਹੈ। ਇਸ ਕਰਕੇ ਉਹ ਮਰਦ ਬੱਚੇ ਦੀ ਬਲੀ ਦਿੰਦੀ ਹੈ। ਇੱਥੇ ਚੰਨੋ ਸ਼ਾਇਰੀ ਨਾਟਕ ਦੀ ਪੀਰੋ ਪ੍ਰੇਮਣ ਦੀ ਤਰ੍ਹਾਂ ਜਾਗੀਰਦਾਰੀ ਅਤੇ ਪਿਤਰਕੀ ਸੰਰਚਨਾਵਾਂ ਦੁਆਰਾ ਨਿਰਮਿਤ ਇਸ ਧਾਰਨਾ ਦਾ ਵਿਰੋਧ ਨਹੀਂ ਕਰਦੀ, ਜਿਸ ਵਿੱਚ ਨਾਰੀ ਨੂੰ ਕਿਵੇਂ ਪੁੱਤਰ ਪੈਦਾ ਕਰਨ ਵਾਲੀ ਏਜੰਸੀ, ਉਪਭੋਗ ਦੀ ਕਿਰਿਆ ਨਾਲ ਜੋੜਿਆ ਜਾਂਦਾ ਰਿਹਾ ਹੈ। ਚੰਨੋ ਨਾ ਹੀ ਨਾਰੀ ਦੇਹ ਬਾਰੇ ਇਸ ਰੇਖਕੀ ਅਤੇ ਇਕਾਂਗੀ ਸਮਝ ਨੂੰ ਮਿਟਾਉਂਦੀ ਹੈ ਅਤੇ ਨਾ ਹੀ ਉਹ ਆਪਣੀ (ਔਰਤ ਦੀ) ਬਹੁ-ਪੱਖੀ ਸਮਰੱਥਾ ਨੂੰ ਪ੍ਰਗਟਾਉਣ ਦਾ ਕੋਈ ਵਿਸ਼ੇਸ਼ ਉਪਰਾਲਾ ਕਰਦੀ ਹੈ ਕਿਉਂਕਿ ਚੰਨੋ ਦੀਆਂ ਮਾਨਸਿਕਤਾ ਉੱਪਰ ਪਿਤਰਕੀ ਸੰਸਥਾਵਾਂ ਦੁਆਰਾ ਨਿਰਮਿਤ ਇਹ ਧਾਰਨਾ ਹਾਵੀ ਹੋ ਚੁੱਕੀ ਹੈ ਕਿ ਔਰਤ ਕੇਵਲ ਮਰਦ ਦੀ ਹਉਮੈ ਦੀ ਪੂਰਤੀ ਹਿੱਤ ਕੇਵਲ ਭੋਗਣਯੋਗ ਵਸਤੂ ਅਤੇ ਮਰਦ ਦੀ ਕੁੱਲ ਨੂੰ ਅੱਗੇ ਤੋਰਨ ਵਾਲੀ ਇੱਕ ਏਜੰਸੀ ਹੈ। ਚੰਨੋ ਦੀ ਪ੍ਰਕਿਰਤਕ ਸ਼ਕਤੀਆਂ ਲਿੰਗ ਕੇਂਦਰਿਤ ਪ੍ਰਬੰਧ ਹੇਠਾਂ ਦੱਬ ਕੇ ਰਹਿ ਜਾਂਦੀਆਂ ਹਨ।

*ਮੁਖੀ ਪੰਜਾਬੀ ਸਾਹਿਤ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸੰਪਰਕ: 94172-00022


Comments Off on ਸਾਹਿਤ ਅਕਾਦਮੀ ਇਨਾਮ ਜੇਤੂ ਨਾਟਕ ‘ਮੱਸਿਆ ਦੀ ਰਾਤ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.